“ਉਂਝ ਭਾਰਤ ਵਿੱਚ ਸਭ ਠੀਕ-ਠਾਕ ਕਦੇ ਵੀ ਨਹੀਂ ਰਿਹਾ। ਸਿਆਣਾ ਅਤੇ ਪੜ੍ਹਿਆ ਲਿਖਿਆ ਮਨੁੱਖ ਧਰਤੀ ਉੱਪਰ ...”
(13 ਨਵੰਬਰ 2023)
ਇਸ ਸਮੇਂ ਪਾਠਕ: 265.
ਅਸੀਂ ਆਪਣੀ ਉਮਰ ਦੇ ਸਾਢੇ ਸੱਤਾਂ ਦਹਾਕਿਆਂ ਵਿੱਚ ਨਾ ਕਦੇ ਪੜ੍ਹਿਆ, ਨਾ ਸੁਣਿਆ ਹੈ, ਜਿਸ ਲਹਿਜ਼ੇ ਵਿੱਚ ਸੁਪਰੀਮ ਕੋਰਟ ਦੇ ਵੱਡੇ ਜੱਜ ਨੇ ਵਾਤਾਵਰਣ ਨੂੰ ਚੰਗਾ ਬਣਾਉਣ ਲਈ ਆਪਣਾ ਇੱਕ ਸਾਲ ਪੂਰਾ ਕਰਨ ਤੋਂ ਬਾਅਦ ਕਦਮ ਚੁੱਕਿਆ ਹੈ। ਸਿਖਰਲੀ ਅਦਾਲਤ ਨੇ ਸਿਖਰਲਾ ਹੁਕਮ ਦਿੱਤਾ ਹੈ ਕਿ ਅਗਰ ਸਾਡਾ ਬੁਲਡੋਜ਼ਰ ਚੱਲ ਪਿਆ ਜਾਂ ਅਸੀਂ ਚਲਾ ਦਿੱਤਾ ਤਾਂ ਸਭ ਹੈਰਾਨ ਵੀ ਹੋ ਜਾਣਗੇ ਅਤੇ ਪ੍ਰੇਸ਼ਾਨ ਵੀ। ਨਿਰਪੱਖ ਰਿਪੋਰਟਾਂ ਮੁਤਾਬਕ ਸੰਬੰਧਤ ਸਰਕਾਰਾਂ ਨੇ ਉਸ ਤਨਦੇਹੀ ਨਾਲ ਕੰਮ ਨਹੀਂ ਕੀਤਾ, ਜਿਸ ਤਰ੍ਹਾਂ ਉਨ੍ਹਾਂ ਨੂੰ ਕਰਨਾ ਅਤੇ ਕਰਾਉਣਾ ਚਾਹੀਦਾ ਸੀ। ਸੁਪਰੀਮ ਕੋਰਟ ਦੇ ਪਹਿਲੇ ਹੁਕਮਾਂ ’ਤੇ ਨਾ ਸਰਕਾਰ ਨੇ ਸਖ਼ਤੀ ਵਰਤਾਈ ਨਾ ਹੀ ਕਿਸਾਨਾਂ ਸਮੇਤ ਧੂੰਆਂ ਕੱਢਣ ਵਾਲੀਆਂ ਮੋਟਰ ਗੱਡੀਆਂ, ਕਾਰਖਾਨਿਆਂ, ਇੱਟਾਂ ਪਕਾਉਣ ਵਾਲੇ ਭੱਠਿਆਂ ਅਤੇ ਨਾ ਹੀ ਘਰੇਲੂ ਖਪਤਕਾਰਾਂ ਨੇ ਆਪਣੀ ਕਿਸੇ ਜ਼ਿੰਮੇਵਾਰੀ ਦਾ ਸਬੂਤ ਦਿੱਤਾ। ਆਮ ਕਰਕੇ ਦਿੱਲੀ ਦੇ ਆਲੇ-ਦੁਆਲੇ ਫੈਲੇ ਸੂਬਿਆਂ ਦੇ ਕਿਸਾਨਾਂ ਨੂੰ ਹੀ ਇੱਕ ਵੱਡਾ ਕਾਰਨ ਸਮਝ ਲਿਆ। ਝੋਨੇ ਅਤੇ ਕਣਕ ਦੀ ਵੱਧ ਪੈਦਾਵਾਰ ਕਰਨ ਵਾਲਾ ਸੂਬਾ ਪੰਜਾਬ ਹੀ ਵੱਧ ਜ਼ਿੰਮੇਵਾਰ ਸਮਝ ਲਿਆ ਗਿਆ। ਸੁਪਰੀਮ ਕੋਰਟ ਨੇ ਜਿਵੇਂ ਸੰਬੰਧਤ ਸੂਬੇ ਵਿੱਚ ਸੰਬੰਧਤ ਜ਼ਿਲ੍ਹੇ ਦੇ ਸੰਬੰਧਤ ਥਾਣੇ ਦੇ ਇੰਚਾਰਜ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਗੱਲ ਕੀਤੀ ਹੈ, ਹੁਣ ਲਗਦਾ ਹੈ ਕਿ ਜਲਦੀ ਅਤੇ ਚੰਗੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਕਿਸਾਨਾਂ ਸਮੇਤ ਸਭ ਧੂੰਆਂ ਫੈਲਾਉਣ ਵਾਲੀਆਂ ਧਿਰਾਂ ਨੂੰ ਜਦੋਂ ਜ਼ਿੰਮੇਵਾਰ ਠਹਿਰਾ ਕੇ ਕਾਰਵਾਈ ਕੀਤੀ ਜਾਵੇਗੀ ਤਾਂ ਫਿਰ ਜਿੱਥੇ ਚੰਦ ਦਿਸਣੋਂ ਹਟ ਚੁੱਕਾ ਹੈ, ਉੱਥੇ ਤਾਰੇ ਵੀ ਦਿਸਣੇ ਸ਼ੁਰੂ ਹੋ ਜਾਣਗੇ।
ਹੁਣ ਅਸੀਂ ਉਨ੍ਹਾਂ ਸਭ ਧਿਰਾਂ ’ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ ਜੋ ਪ੍ਰਦੂਸ਼ਣ ਫੈਲਾਉਣ ਵਿੱਚ ਹਿੱਸੇਦਾਰ ਬਣੀਆਂ ਹੋਈਆਂ ਹਨ। ਪ੍ਰਦੂਸ਼ਣ ਫੈਲਾਉਣ ਵਾਲੇ ਪਰਿਵਾਰ ਵਿੱਚੋਂ ਸਭ ਤੋਂ ਵੱਡਾ ਭਾਈ ਹੈ ਕਾਰਖਾਨੇਦਾਰ। ਕਾਰਖਾਨੇ ਕੁੱਲ ਪ੍ਰਦੂਸ਼ਣ ਦਾ 51% ਪ੍ਰਦੂਸ਼ਣ ਫੈਲਾਉਣ ਵਿੱਚ ਹਿੱਸੇਦਾਰ ਹਨ। ਪ੍ਰਦੂਸ਼ਣ ਫੈਲਾਉਣ ਵਿੱਚ ਦੂਜਾ ਨੰਬਰ ਆਉਂਦਾ ਹੈ, ਵਾਹਨਾਂ ਵਿੱਚੋਂ ਨਿਕਲੇ ਧੂੰਏਂ ਦਾ, ਜਿਸ ਵਿੱਚ ਸਭ ਤਰ੍ਹਾਂ ਦੇ ਛੋਟੇ ਵੱਡੇ ਵਾਹਨ ਹਿੱਸਾ ਪਾਉਂਦੇ ਹਨ। ਇਨ੍ਹਾਂ ਦਾ ਕੁੱਲ ਹਿੱਸਾ ਬਣਦਾ ਹੈ 25%, ਇਸੇ ਤਰ੍ਹਾਂ ਤੀਜੇ ਨੰਬਰ ’ਤੇ ਘਰੇਲੂ ਖਪਤਕਾਰਾਂ ਦਾ, ਜਿਨ੍ਹਾਂ ਦਾ ਕੁੱਲ ਹਿੱਸਾ ਬਣਦਾ ਹੈ 11%, ਚੌਥਾ ਨੰਬਰ ਉਸ ਦਾ ਆਉਂਦਾ ਹੈ ਜਿਸਦਾ ਰੌਲਾ ਸਭ ਤੋਂ ਵੱਧ ਪੈਂਦਾ ਹੈ, ਉਹ ਹੈ ਖੇਤੀਬਾੜੀ ਸੈਕਟਰ, ਜੋ ਸਿਰਫ਼ ਪ੍ਰਦੂਸ਼ਣ ਫੈਲਾਉਣ ਵਿੱਚ 8% ਹੀ ਹਿੱਸਾ ਪਾਉਂਦਾ ਹੈ। ਪਰ ਪਾਉਂਦਾ ਹੈ ਕਣਕ ਅਤੇ ਝੋਨੇ ਮੌਕੇ। ਫਿਰ ਤਕਰੀਬਨ ਸਾਰਾ ਸਾਲ ਖਾਮੋਸ਼ ਰਹਿੰਦਾ ਹੈ। ਇਸ ਤੋਂ ਇਲਾਵਾ ਹੋਰ ਕਾਰਨ ਵੀ ਹੋ ਸਕਦੇ ਹਨ, ਜਿਨ੍ਹਾਂ ਨੂੰ ਅਸੀਂ ਸਭ ਤੋਂ ਛੋਟਾ ਮੰਨ ਕੇ ਹੋਰ ਕਾਰਨਾਂ ਵਿੱਚ ਪਾ ਸਕਦੇ ਹਾਂ ਜੋ ਹਿੱਸਾ ਤਕਰੀਬਨ 4% ਬਣਦਾ ਹੈ।
ਅਗਰ ਇਨ੍ਹਾਂ ਸਭ ਉਪਰੋਕਤ ਪ੍ਰਦੂਸ਼ਣ ਫੈਲਾਉਣ ਵਾਲਿਆਂ ਉੱਪਰ ਬਾਜ਼ ਅੱਖ ਸਰਕਾਰ ਦੁਆਰਾ ਰੱਖੀ ਜਾਵੇ, ਬਣਦੀ, ਲਾਜ਼ਮੀ ਮਦਦ ਵੇਲੇ ਸਿਰ ਕੀਤੀ ਜਾਵੇ, ਮਿੱਲਾਂ, ਭੱਠਿਆਂ ਵਾਹਨਾਂ ਦੀ ਮੁਰੰਮਤ ਵੇਲੇ ਸਿਰ ਕੀਤੀ ਜਾਣੀ ਯਕੀਨੀ ਬਣਾਈ ਜਾਵੇ ਤਾਂ ਫਿਰ ਸਮੁੱਚੀ ਪਬਲਿਕ ਸਾਫ਼ ਸੁਥਰੇ ਵਾਤਾਵਰਣ ਵਿੱਚ ਸਾਹ ਲੈ ਸਕਦੀ ਹੈ। ਫਿਰ ਨਾ ਬਿਮਾਰੀਆਂ ਫੈਲਣਗੀਆਂ, ਨਾ ਸਕੂਲ ਬੰਦ ਕਰਨੇ ਪੈਣਗੇ, ਨਾ ਕੰਸਟ੍ਰਕਸ਼ਨ ਦੇ ਕੰਮ ਬੰਦ ਹੋਣਗੇ। ਫਿਰ ਨਾ ਬਦੇਸ਼ ਗਏ ਸੱਜਣਾਂ ਨੂੰ ਆਉਣ, ਨਾ ਆਉਣ ਬਾਰੇ ਟੈਲੀਫੋਨ ਖੜਕਾਉਣੇ ਪੈਣਗੇ। ਅੰਨਦਾਤਾ ਨੂੰ ਸਬਸਿਡੀ ਸਮੇਤ ਐੱਮ ਐੱਸ ਪੀ ਯਕੀਨੀ ਬਣਾਈ ਜਾਵੇ। ਫਿਰ ਸਭ ਪੰਜਾਬੀ ਚੰਗਾ-ਚੰਗਾ ਮਹਿਸੂਸ ਕਰਨਗੇ।
ਇਹ ਅਲੱਗ ਗੱਲ ਹੈ ਅਜੇ ਸੁਪਰੀਮ ਕੋਰਟ ਦਾ ਧਿਆਨ ਸਿਰਫ਼ ਪ੍ਰਦੂਸ਼ਣ ਵੱਲ ਹੀ ਗਿਆ ਹੈ। ਉਹ ਇਸ ਕਰਕੇ ਕਿ ਵੱਧ ਪ੍ਰਦੂਸ਼ਣ ਸਾਡੀ ਸਮੁੱਚੀ ਜ਼ਿੰਦਗੀ, ਸਰੀਰ ਨਾਲ ਖਿਲਵਾੜ ਕਰਦਾ ਰਹਿੰਦਾ ਹੈ। ਉਂਝ ਭਾਰਤ ਵਿੱਚ ਸਭ ਠੀਕ-ਠਾਕ ਕਦੇ ਵੀ ਨਹੀਂ ਰਿਹਾ। ਸਿਆਣਾ ਅਤੇ ਪੜ੍ਹਿਆ ਲਿਖਿਆ ਮਨੁੱਖ ਧਰਤੀ ਉੱਪਰ ਤੁਰਦਾ ਫਿਰਦਾ ਰੱਬ ਡਾਕਟਰ ਨੂੰ ਸਮਝਦਾ ਹੈ। ਇਸੇ ਤਰ੍ਹਾਂ ਹਸਪਤਾਲਾਂ ਨੂੰ ਰੱਬ ਦੇ ਘਰ ਦਾ ਦਰਜਾ ਦਿੱਤਾ ਜਾਂਦਾ ਹੈ। ਪਰ ਇਸ ਪੇਸ਼ੇ ਵਿੱਚ ਵੀ ਸਮੁੱਚੇ ਡਾਕਟਰ ਉਹ ਕੁਝ ਨਹੀਂ ਕਰ ਵਿਖਾਉਂਦੇ, ਜਿਸ ਲਈ ਉਹ ਨਿਯੁਕਤ ਕੀਤੇ ਗਏ ਹੁੰਦੇ ਹਨ। ਆਪਣੇ ਪੇਸ਼ੇ ਵਿੱਚ ਬਹੁਤ ਵੱਡੀਆਂ-ਵੱਡੀਆਂ ਲਾਪ੍ਰਵਾਹੀਆਂ ਕਰ ਜਾਂਦੇ ਹਨ, ਜਿਸਦਾ ਨੁਕਸਾਨ ਸੰਬੰਧਤ ਮਰੀਜ਼ ਨੂੰ ਸਾਰੀ ਉਮਰ ਅਪਾਹਜ ਰਹਿ ਕੇ ਉਠਾਉਣਾ ਪੈਂਦਾ ਹੈ। ਖੱਬੀ ਅੱਖ ਦੀ ਜਗ੍ਹਾ ਸੱਜੀ ਅੱਖ ਦਾ ਅਪ੍ਰੇਸ਼ਨ ਕਰ ਦਿੱਤਾ ਜਾਂਦਾ। ਖੱਬੇ ਦੀ ਬਜਾਏ ਸੱਜੇ ਗੋਡੇ ਦਾ ਅਪ੍ਰੇਸ਼ਨ ਕਰ ਦਿੱਤਾ ਜਾਂਦਾ ਹੈ। ਰੋਜ਼ਾਨਾ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਕੋਈ ਗੌਰਮਿੰਟ ਦੀ ਨੌਕਰੀ ਦੀ ਭਾਲ ਵਿੱਚ ਦੁਚਿੱਤੀ ਵਿੱਚ ਘੁੰਮ ਰਿਹਾ ਹੈ, ਕੋਈ ਪੈਸਾ ਕਮਾ ਕੇ ਪ੍ਰਾਈਵੇਟ ਹਸਪਤਾਲ ਖੋਲ੍ਹਣ ਬਾਰੇ ਦੁਚਿੱਤੀ ਵਿੱਚ ਹੈ। ਅਜਿਹੀਆਂ ਅਨੇਕ ਦੁਚਿੱਤੀਆਂ ਕਰਕੇ ਉਹ ਜਾਣੇ-ਅਣਜਾਣੇ ਗਲਤ ਕੰਮ ਕਰ ਜਾਂਦੇ ਹਨ, ਜਿਨ੍ਹਾਂ ਦੀ ਸਜ਼ਾ ਮਰੀਜ਼ਾਂ ਨੂੰ ਸਾਰੀ ਉਮਰ ਭੁਗਤਣੀ ਪੈਂਦੀ ਹੈ।
ਪਿੱਛੇ ਜਿਹੇ ਭਾਰਤ ਵਿੱਚ ਡਾਕਟਰੀ ਪੇਸ਼ੇ ਦੇ ਪਰਦੇ ਫੋਲਦਾ ਸੱਚ ਪਾਰਲੀਮੈਂਟ ਵਿੱਚ ਇੱਕ ਰਿਪੋਰਟ ਰਾਹੀਂ ਸਾਹਮਣੇ ਆਇਆ ਹੈ, ਜਿਸ ਨੂੰ ਪੜ੍ਹ ਕੇ, ਸਮਝ ਕੇ ਮਨੁੱਖ ਇੱਕ ਵਾਰ ਤਾਂ ਹਿੱਲ ਜਾਂਦਾ ਹੈ। ਰਿਪੋਰਟ ਅਨੁਸਾਰ ਹਸਪਤਾਲਾਂ ਵਿੱਚ ਅੱਜ ਦੇ ਦਿਨ 45% ਬੇਲੋੜੀ ਸਰਜਰੀ ਕੀਤੀ ਜਾਂਦੀ ਹੈ। 55% ਬੇਲੋੜੀ ਦਿਲ ਦੀ ਸਰਜਰੀ ਕਰ ਦਿੱਤੀ ਜਾਂਦੀ ਹੈ। 48% ਯੂ ਟੀ ਬੇਲੋੜੀ ਸਰਜਰੀ ਕਰ ਦਿੱਤੀ ਜਾਂਦੀ ਹੈ। 47% ਕੈਂਸਰ ਦੀ ਬੇਲੋੜੀ ਸਰਜਰੀ ਕਰ ਦਿੱਤੀ ਜਾਂਦੀ ਹੈ। 48% ਗੋਡਿਆਂ ਦੀ ਬੇਲੋੜੀ ਸਰਜਰੀ ਕਰ ਦਿੱਤੀ ਜਾਂਦੀ ਹੈ। 45% ਸੀ. ਸੈਕਸ਼ਨ ਬੇਲੋੜੀ ਸਰਜਰੀ ਕਰ ਦਿੱਤੀ ਜਾਂਦੀ ਹੈ। ਜੇ ਸਾਡੀ ਅਜ਼ਾਦੀ ਦੇ ਪੰਝੱਤਰ ਸਾਲ ਬਾਅਦ ਵੀ ਸਾਡੇ ਨਾਲ ਅਜਿਹਾ ਹੋ ਰਿਹਾ ਹੈ ਤਾਂ ਆਮ ਜਨਤਾ ਦਾ ਕੀ ਬਣੇਗਾ? ਅੰਧ-ਭਗਤ ਤਾਂ ਮੋਦੀ-ਮੋਦੀ ਦੇ ਜਾਪ ਨਾਲ ਠੀਕ ਹੋ ਜਾਂਦੇ ਹਨ। ਅਗਰ ਫਿਰ ਵੀ ਕੋਈ ਕਸਰ ਰਹਿ ਜਾਵੇ ਤਾਂ ਗੋਦੀ ਮੀਡੀਏ ਦੀ ਕੰਨਾਂ ਵਿੱਚ ਪਈ ਅਵਾਜ਼ ਠੀਕ ਕਰ ਦਿੰਦੀ ਹੈ। ਫਿਰ ਵੀ ਠੀਕ ਨਾ ਹੋਣ ਤਾਂ ਥਾਲੀਆਂ ਤੇ ਤਾੜੀਆਂ ਵਜਾ ਕੇ ਠੀਕ ਕਰ ਲੈਂਦੇ ਹਨ।
ਪਰ ਆਮ ਜਨਤਾ ਅਜ਼ਾਦੀ ਦੇ ਪੰਝੱਤਰ ਸਾਲ ਬਾਅਦ ਕੀ ਕਰੇ? 2024 ਤੋਂ ਪਹਿਲਾਂ 2023 ਵਿੱਚ ਪੰਜ ਰਾਜਾਂ ਵਿੱਚ ਚੋਣਾਂ ਹੋਣ ਕਰਕੇ ਅੱਜ ਸਮੇਂ ਦੀ ਬੜੀ ਮਹੱਤਤਾ ਹੈ। ਮੋਦੀ ਨੂੰ ਸਮਝਣ ਦੀ ਲੋੜ ਹੈ। ਜੋ ਜ਼ਿੰਦਗੀ ਦੇ ਪਹਿਲੇ ਸਾਲਾਂ ਵਿੱਚ ਜੰਗਲਾਂ ਵਿੱਚ ਘੁੰਮਣ ਦੀ ਗੱਲ ਕਰਦਾ ਹੈ, ਆਪ ਆਪਣੀ ਇੱਕ ਇੰਟਰਵਿਊ ਵਿੱਚ ਦਸਵੀਂ ਤਕ ਪੜ੍ਹਾਈ ਦੱਸਦਾ ਹੈ। ਰੇਲਵੇ ਸਟੇਸ਼ਨ ’ਤੇ ਚਾਹ ਬਣਾਉਂਦੇ, ਵੇਚਦੇ ਨੂੰ ਕਿਸੇ ਨਹੀਂ ਦੇਖਿਆ। ਕੋਈ ਅਜਿਹਾ ਅੱਜ ਤਕ ਸਾਹਮਣੇ ਨਹੀਂ ਆਇਆ, ਜਿਸ ਨੇ ਜਨਾਬ ਤੋਂ ਚਾਹ ਪੀਤੀ ਹੋਵੇ। ਜਦੋਂ ਗਰੈਜੂਏਟ ਅਤੇ ਪੋਸਟ ਗਰੈਜੂਏਟ ਡਿਗਰੀਆਂ ਦੀ ਗੱਲ ਚਲਦੀ ਹੈ ਤਾਂ ਕੋਈ ਸਹਿਪਾਠੀ ਸਾਹਮਣੇ ਨਹੀਂ ਆਉਂਦਾ। ਡਿਗਰੀਆਂ ਕੰਪਿਊਟਰ ਨਾਲ ਤਿਆਰ ਹਨ। ਜਦੋਂ ਕਿ ਉਸ ਸਮੇਂ ਅਜੇ ਕੰਪਿਊਟਰ ਨਹੀਂ ਸੀ ਆਇਆ। ਆਰ ਟੀ ਆਈ ਪਾਉਣ ’ਤੇ ਡਿਗਰੀ ਨਹੀਂ ਮਿਲਦੀ, ਉਲਟਾ ਮੰਗਣ ਵਾਲਿਆਂ ਨੂੰ ਧਮਕਾਇਆ ਜਾਂਦਾ ਹੈ। ਫਿਰ ਵੀ ਅੰਧ-ਭਗਤਾਂ ਦੀ ਬਹੁ-ਗਿਣਤੀ ਹੋਣ ਕਰਕੇ ਜੋ ਸ਼ਬਦ ਮੂੰਹੋਂ ਕੱਢਿਆ ਜਾਂਦਾ ਹੈ, ਉਹੀ ਪਬਲਿਕ ਵਿੱਚ ਪ੍ਰਚਾਰਿਆ ਜਾਂਦਾ ਹੈ। ਹੁਣੇ ਜਿਹੇ ਬਿਆਨ ਛਪਿਆ ਹੈ ਕਿ ਮੈਂ ਜਾਣ ਤੋਂ ਪਹਿਲਾਂ ਭਾਰਤ ਦੀ ਇਕਾਨਮੀ ਤੀਜੇ ਨੰਬਰ ’ਤੇ ਲਿਆ ਕੇ ਖੜ੍ਹੀ ਕਰਾਂਗਾ। ਕਿਵੇਂ? ਇਹ ਪੁੱਛਣ ਵਾਲਾ ਕੋਈ ਨਹੀਂ। ਪੁੱਛੋਗੇ ਤਾਂ ਈ ਡੀ ਤੁਹਾਡਾ ਘਰ ਲੱਭਣ ਤੁਰ ਪਵੇਗੀ। ਪਰ ਇਸ ਸਭ ਕਾਸੇ ਦਾ ਤੋੜ ਹੈ, ਤੁਹਾਡਾ ਏਕਾ। ਇਹ ਤੁਸੀਂ ਅਜ਼ਮਾ ਕੇ ਦੇਖਣਾ ਚਾਹੁੰਦੇ ਹੋ ਕਿ ਨਹੀਂ। ਇਸ ਲਈ ਕੀ ਤੁਸੀਂ ਆਪਣੇ ਮੱਤ-ਭੇਦਾਂ ਨੂੰ ਭੁਲਾਉਣ ਲਈ ਤਿਆਰ ਹੋ? ਕੀ ਤੁਸੀਂ ਇਕੱਠੇ ਹੋ ਕੇ ਚੋਣਾਂ ਸਮੇਂ ਇੱਕ ਕਮਾਨ ਹੇਠ ਕੰਮ ਕਰਨ ਨੂੰ ਤਿਆਰ ਹੋ? ਅਜਿਹੀ ਕੁਰਬਾਨੀ ਬਦਲੇ ਤੁਸੀਂ ਆਪਣੇ ਹੱਕ ਨੂੰ ਘੱਟ-ਵੱਧ ਕਰਨ ਲਈ ਤਿਆਗ ਦੀ ਭਾਵਨਾ ਰੱਖਦੇ ਹੋ? “ਮੈਂ ਨਾ ਮਾਨੂੰ” ਦੀ ਰਟ ਛੱਡਣ ਲਈ ਤਿਆਰ ਹੋ? ਕੀ ਚੋਣ ਜੰਗ ਦੌਰਾਨ ਤੁਸੀਂ “ਰੋਟੀ, ਕੱਪੜਾ ਔਰ ਮਕਾਨ” ਭਾਵ ਰਿਹਾਇਸ਼ ਦੇ ਪ੍ਰਬੰਧ ਵਿੱਚ ਬਣਦਾ ਹਿੱਸਾ ਪਾਉਣ ਲਈ ਤਿਆਰ ਹੋ? ਅਗਰ ਤੁਹਾਡਾ ਉੱਤਰ ਹਾਂ, ਬਾਬਾ ਹਾਂ, ਹੈ ਤਾਂ ਯਾਦ ਰੱਖੋ ਤੁਹਾਡੀ ਕਾਮਯਾਬੀ ਨੂੰ ਤੁਹਾਡੇ ਤੋਂ ਖੋਹਣ ਵਾਲਾ ਅਜੇ ਪੈਦਾ ਨਹੀਂ ਹੋਇਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4474)
(ਸਰੋਕਾਰ ਨਾਲ ਸੰਪਰਕ ਲਈ: (