“ਸਮੇਂ-ਸਮੇਂ ਵੱਖ-ਵੱਖ ਸਰਕਾਰਾਂ ਦਾ ਇਨ੍ਹਾਂ ਪ੍ਰਤੀ ਨਜ਼ਰੀਆ ਬਦਲਦਾ ਰਿਹਾ, ਜਿਸ ਨੇ ਇਨ੍ਹਾਂ ਦੇ ਮਤਭੇਦਾਂ ਨੂੰ ...”
(1 ਅਗਸਤ 2023)
ਜਿਸ ਮਨੀਪੁਰ ਸੂਬੇ ਦੀ ਅੱਜਕੱਲ੍ਹ ਭਾਰਤ ਤੋਂ ਇਲਾਵਾ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਨਿੰਦਿਆ ਚਰਚਾ ਹੋ ਰਹੀ ਹੈ, ਇਸ ਸੂਬੇ ਦਾ 1949 ਵਿੱਚ ਭਾਰਤੀ ਸੰਘ ਵਿੱਚ ਰਲੇਵਾਂ ਹੋਇਆ ਸੀ। ਉਸ ਸਮੇਂ ਹਿੰਦੂਆਂ ਨਾਲ ਸੰਬੰਧਤ ਮੈਤੇਈ ਭਾਈਚਾਰਾ ਜੋ ਬਹੁਗਿਣਤੀ ਸੀ, ਉੱਥੇ ਵਸਿਆ ਹੋਇਆ ਸੀ ਅਤੇ ਦੂਸਰਾ ਭਾਈਚਾਰਾ ‘ਕੁੱਕੀ ਨਾਗਾ’ ਜਨਜਾਤੀ ਭਾਈਚਾਰਾ ਸੀ ਜੋ ਮੁੱਖ ਤੌਰ ’ਤੇ ਈਸਾਈ ਸੀ ਅਤੇ ਹੈ। ਪਹਿਲੇ ਸਮਿਆਂ ਵਿੱਚ ਦੋਵੇਂ ਫਿਰਕੇ ਮਿਲ ਕੇ ਰਹਿੰਦੇ ਸਨ ਪਰ ਮੌਕੇ ਦੀਆਂ ਹਕੂਮਤਾਂ ਨੇ ਵੱਖ-ਵੱਖ ਮੁੱਦਿਆਂ ’ਤੇ ਇਨ੍ਹਾਂ ਵਿੱਚਕਾਰ ਮੱਤਭੇਦ ਸ਼ੁਰੂ ਕਰ ਦਿੱਤੇ। ਸਮੇਂ-ਸਮੇਂ ਵੱਖ-ਵੱਖ ਸਰਕਾਰਾਂ ਦਾ ਇਨ੍ਹਾਂ ਪ੍ਰਤੀ ਨਜ਼ਰੀਆ ਬਦਲਦਾ ਰਿਹਾ, ਜਿਸ ਨੇ ਇਨ੍ਹਾਂ ਦੇ ਮਤਭੇਦਾਂ ਨੂੰ ਹੋਰ ਬੜ੍ਹਾਵਾ ਦਿੱਤਾ। ਅਮਨ-ਕਾਨੂੰਨ ਨੂੰ ਕੰਟਰੋਲ ਰੱਖਣਾ ਮੌਕੇ ਦੀਆਂ ਸਰਕਾਰਾਂ ਦਾ ਫ਼ਰਜ਼ ਬਣਦਾ ਹੈ, ਜਿਸ ਨੂੰ ਮੌਕੇ ਦੀ ਸਰਕਾਰ ਨੇ ਠੀਕ ਤਰ੍ਹਾਂ ਨਾਲ ਨਾ ਸੰਭਾਲਿਆ। ਇਸ ਕਰਕੇ ਅੱਜ ਸਾਡੇ ਦੇਸ਼ ਨੂੰ ਸੰਸਾਰ ਭਰ ਦੇ ਦੇਸ਼ਾਂ ਵਿੱਚ ਸ਼ਰਮਸਾਰ ਹੋਣਾ ਪੈ ਰਿਹਾ ਹੈ, ਜਿਸਦੀਆਂ ਸਫ਼ਾਈਆਂ ਪੇਸ਼ ਕੀਤੀਆਂ ਜਾ ਰਹੀਆਂ ਹਨ।
ਅੱਜ ਤਕ ਤਕਰੀਬਨ ਤਿੰਨ ਮਹੀਨੇ ਹੋ ਚੱਲੇ ਹਨ। ਅਜੇ ਦੋ ਤਿੰਨ ਦਿਨ ਪਹਿਲਾਂ ਮਹੀਨਿਆਂ ਤੋਂ ਬੰਦ ਪਿਆ ਇੰਟਰਨੈੱਟ ਕੁਝ ਹੱਦ ਤਕ ਮੁੜ ਚਾਲੂ ਕੀਤਾ ਗਿਆ ਹੈ।
ਪਿਛਲੇ ਲੰਬੇ ਸਮੇਂ ਤੋਂ ਸਮੁੱਚਾ ਮਨੀਪੁਰ ਸੜ ਰਿਹਾ ਹੈ। ਕਤਲ, ਲੁੱਟਾਂ-ਖੋਹਾਂ, ਮਾਰ-ਕੁਟਾਈਆਂ ਆਮ ਹੋ ਰਹੀਆਂ ਹਨ। ਔਰਤਾਂ ਸ਼ਰੇਆਮ ਰੇਪ ਦਾ ਸ਼ਿਕਾਰ ਹੋ ਰਹੀਆਂ ਹਨ, ਸਾਰੇ ਤਰ੍ਹਾਂ ਦੇ ਅੱਤਿਆਚਾਰ ਦਾ ਆਮ ਰੌਲਾ ਹੈ। ਪਰ ਮੁੱਖ ਮੰਤਰੀ, ਜਿਹੜਾ ਰਾਜ ਕਰਦੀ ਭਾਜਪਾ ਦਾ ਲਾਡਲਾ ਬਣਿਆ ਹੋਇਆ ਹੈ, ਉਹ ਨਾ ਕੰਟਰੋਲ ਕਰ ਰਿਹਾ ਹੈ ਅਤੇ ਨਾ ਹੀ ਲਾਂਭੇ ਹੋ ਰਿਹਾ ਹੈ। ਭਾਜਪਾ ਪਾਰਟੀ ਤੋਂ ਬਗੈਰ ਕਿਹੜੀ ਪਾਰਟੀ ਹੈ ਜਿਸ ਨੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਮੰਗ ਨਾ ਕੀਤੀ ਹੋਵੇ। ਸੁਪਰੀਮ ਕੋਰਟ ਨੇ ਦਖ਼ਲ ਦੇਣ ਤੋਂ ਮਨਾਹੀ ਕੀਤੀ ਹੈ ਪਰ ਲਾਅ ਐਂਡ ਆਰਡਰ ਨੂੰ ਬਹਾਲ ਕਰਨ ਨੂੰ ਕਿਹਾ ਹੈ।
ਜਿਵੇਂ ਗੁੰਡਿਆਂ ਨੇ ਦੋਂਹ ਔਰਤਾਂ ਨੂੰ ਨੰਗਾ ਕਰਕੇ ਘੁਮਾਇਆ ਹੈ, ਉਸ ਨੇ ਮਨੀਪੁਰ ਨੂੰ ਭਾਰਤ ਅਤੇ ਸੰਸਾਰ ਵਿੱਚ ਸ਼ਰਮਸਾਰ ਕੀਤਾ ਹੈ। ਪਰ ਸਾਰੇ ਗੁੰਡੇ ਅਜੇ ਵੀ ਪਕੜੇ ਨਹੀਂ ਗਏ। ਇਨ੍ਹਾਂ ਗੁੰਡਿਆਂ ਲਈ ਆਮ ਜਨਤਾ ਫਾਂਸੀ ਦੀ ਮੰਗ ਕਰ ਰਹੀ ਹੈ। “ਜਿਸ ਤਨ ਲਾਗੇ ਸੋ ਤਨ ਜਾਵੇ” ਮੁਤਾਬਕ ਕਈ ਵਾਰ ਤਾਂ ਉਨ੍ਹਾਂ ਦੋਸ਼ੀ ਭੇੜੀਆਂ ਲਈ ਫਾਂਸੀ ਦੀ ਸਜ਼ਾ ਵੀ ਘੱਟ ਲਗਦੀ ਹੈ।
ਸੰਸਾਰ ਦੇ ਬਹੁਤ ਦੇਸ਼ਾਂ ਵਿੱਚ ਸਮੇਤ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਦਰੋਪਤੀਆਂ ਦਾ ਚੀਰਹਰਨ ਹੁੰਦਾ ਰਹਿੰਦਾ ਹੈ ਪਰ ਦੇ ਮਨੀਪੁਰ ਸੂਬੇ ਦੇ ਅੱਤਿਆਚਾਰ ਨੇ ਸੁਰਖੀਆਂ ਮੱਲੀਆਂ ਹਨ। ਇਹ ਆਪਣੇ ਆਪ ਵਿੱਚ ਇਹ ਮਹਾਨ ਮਿਸਾਲ ਹੈ। ਅਸੀਂ ਸਾਰੇ ਰੋਜ਼ਾਨਾ ਦੇਖ ਰਹੇ ਹਾਂ ਕਿ ਸਿਵਾਏ ਸੂਬੇ ਦੇ ਅਤੇ ਕੇਂਦਰ ਵਿੱਚ ਰਾਜ ਕਰਦੀਆਂ ਪਾਰਟੀਆਂ ਦੇ, ਬਾਕੀ ਸਭ ਛੋਟੀਆਂ-ਵੱਡੀਆਂ ਪਾਰਟੀਆਂ ਨੇ ਮਨੀਪੁਰ ਵਿੱਚ ਹੋਏ ਔਰਤਾਂ ਦੇ ਨਿਰਾਦਰ ਅਤੇ ਅੱਤਿਆਚਾਰ ਦੇ ਵਿਰੋਧ ਵਿੱਚ ਆਪਣਾ ਬਣਦਾ ਹਿੱਸਾ ਪਾ ਰਹੀਆਂ ਹਨ।
ਜਿਨ੍ਹਾਂ ਦੋਂਹ ਔਰਤਾਂ ਦਾ ਨਿਰਾਦਰ ਕੀਤਾ ਗਿਆ, ਉਨ੍ਹਾਂ ਵਿੱਚੋਂ ਇੱਕ ਔਰਤ ਦੇ ਸਾਬਕਾ ਫੌਜੀ ਸੂਬੇਦਾਰ ਦੀ ਦਰਦਭਰੀ ਅਵਾਜ਼ ਵੱਲ ਧਿਆਨ ਦਿਉ। ਤੁਸੀਂ ਸੁਣਦੇ ਹੀ ਧੁਰ ਅੰਦਰ ਤਕ ਹਿੱਲ ਜਾਉਗੇ। “ਮੈਂ ਸਾਬਕਾ ਸੂਬੇਦਾਰ ਆਪਣੀ ਸਰਵਿਸ ਦੌਰਾਨ ਕਾਰਗਿਲ ਜੰਗ ਦੌਰਾਨ ਦੇਸ਼ ਦੀ ਇੱਜ਼ਤ ਬਚਾਉਣ ਵਿੱਚ ਕਾਮਯਾਬ ਰਿਹਾ, ਪਰ ਰਿਟਾਇਰਡ ਹੋਣ ਤੋਂ ਬਾਅਦ ਮੈਂ ਆਪਣੀ ਘਰਵਾਲੀ ਦੀ ਇੱਜ਼ਤ ਨਹੀਂ ਬਚਾ ਸਕਿਆ।” ਆਖ਼ਰੀ ਦਮ ਤਕ ਮੈਨੂੰ ਇਸ ਗੱਲ ਦਾ ਪਛਤਾਵਾ ਰਹੇਗਾ। ਪਰ ਸਾਡੇ ਰਾਜਾ ਚਾਹੇ ਉਹ ਸੂਬੇ ਦਾ ਹੋਵੇ, ਚਾਹੇ ਦੇਸ਼ ਦਾ ਹੋਵੇ, ਦੋਵੇਂ ਅਮਲ ਵਿੱਚ ਅੰਨ੍ਹੇ ਨਿਕਲੇ, ਜਿਨ੍ਹਾਂ ਦੇ ਹੁੰਦਿਆਂ ਮਨੀਪੁਰ ਦੀਆਂ ਦਰੋਪਤੀਆਂ ਦਾ ਚੀਰਹਰਨ ਹੋਇਆ ਪਰ ਇਨ੍ਹਾਂ ਦੋਵਾਂ ਨੂੰ ਨਾ ਸੁਣਾਈ ਦਿੱਤਾ, ਨਾ ਹੀ ਦਿਖਾਈ ਦਿੱਤਾ, ਜਿਸ ਕਰਕੇ ਹੁਣ ਦਰੋਪਤੀ ਜੋ ਹਸਤਿਨਾਪੁਰ ਛੱਡ ਤੁਰਦੀ ਤੁਰਦੀ ਮਨੀਪੁਰ ਪਹੁੰਚੀ ਸੀ, ਹੁਣ ਵਾਪਸ ਮੁੜਨ ਦੀ ਤਿਆਰੀ ਵਿੱਚ ਹੋਵੇਗੀ, ਜਦੋਂ ਉਹ ਜਾਣ ਚੁੱਕੀ ਹੈ ਕਿ ਇੱਥੇ ਦਾ ਰਾਜਾ ਅੰਨ੍ਹਾ ਵੀ ਹੈ, ਬੋਲਾ ਵੀ ਹੈ ਅਤੇ ਗੂੰਗਾ ਵੀ ਹੈ।
ਹੁਣ ਤਕ ਸਭ ਜਾਣ ਚੁੱਕੇ ਹਨ ਕਿ ਵਿਸ਼ਵ ਅਖੌਤੀ ਗੁਰੂ ਨੂੰ ਮਨੀਪੁਰ ਘਟਨਾ ਬਾਰੇ ਬਿਆਨ ਦੇਣ ਲਈ ਦੰਦਲ ਕਿਉਂ ਪਈ ਹੋਈ ਹੈ। ਦੋ ਜਾਤੀਆਂ ਦੀ ਵਿੱਚ ਆਪਸੀ ਨਫ਼ਰਤ ਦੱਸ ਕੇ 2024 ਦੀ ਤਿਆਰੀ ਵਿੱਚ ਇਹ ਸਭ ਕੁਝ ਹੋ ਰਿਹਾ ਹੈ। ਤੁਸੀਂ ਸੰਯੋਗ ਦੇਖੋ, ਜਦੋਂ ਹੋਮ ਮਨਿਸਟਰ ਅਮਿਤ ਸ਼ਾਹ ਨੇ ਮਨੀਪੁਰ ਦਾ ਦੌਰਾ ਕੀਤਾ, ਉਵੇਂ ਉਵੇਂ ਹੀ ਹਰ ਤਰ੍ਹਾਂ ਦੇ ਹਮਲੇ ਤੇਜ਼ ਹੁੰਦੇ ਗਏ। ਅੱਗ ਹੋਰ ਭੜਕਦੀ ਰਹੀ। ਅੱਜਕੱਲ੍ਹ ਗੋਦੀ ਮੀਡੀਆ ਮਨੀਪੁਰ ਅੱਗ ਬੁਝਾਉਣ ਦੀ ਬਜਾਏ ਪਾਕਿਸਤਾਨੋਂ ਆਈ ਔਰਤ ਅਤੇ ਪਾਕਿਸਤਾਨ ਗਈ ਭਾਰਤੀ ਔਰਤ ਦੀਆਂ ਨਕਲੀ ਕਹਾਣੀਆਂ ਇਸ ਤਰ੍ਹਾਂ ਪੇਸ਼ ਕਰ ਰਿਹਾ ਹੈ, ਜਿਵੇਂ ਪਾਕਿਸਤਾਨ ਤੋਂ ਆਈ ਬੱਚਿਆਂ ਦੀ ਮਾਂ ਆਪਣੇ ਨਾਲ ਸਾਰੀ ਆਈ ਐੱਸ ਆਈ ਨਾਲ ਲੈ ਆਈ ਹੋਵੇ ਅਤੇ ਭਾਰਤ ਵਿੱਚੋਂ ਗਈ ਵਿਆਹੀ ਔਰਤ ਭਾਰਤ ਦੇ ਸਾਰੇ ਭੇਤਾਂ ਦੀ ਪੰਡ ਨਾਲ ਲੈ ਗਈ ਹੋਵੇ।
ਅਸਲ ਵਿੱਚ ਮਨੀਪੁਰ ਦੇ ਮੌਜੂਦਾ ਸੰਕਟ ਨੂੰ ਦੋ ਜਾਤੀਆਂ ਦਾ ਸੰਘਰਸ਼ ਬਣਾਇਆ ਜਾ ਰਿਹਾ, ਜਦੋਂ ਕਿ ਇਹ ਸੱਚ ਨਹੀਂ। ਸੱਚ ਇਹ ਹੈ ਕਿ ਕਸ਼ਮੀਰ ਤੋਂ ਬਾਅਦ ਖਣਿਜ ਪਦਾਰਥਾਂ ਨਾਲ ਭਰਪੂਰ ਮਨੀਪੁਰ ਸੂਬਾ ਹੈ, ਜਿਸ ’ਤੇ ਆਦਿਵਾਸੀ ਆਪਣਾ ਹੱਕ ਸਮਝਦੇ ਹਨ। ਇਸ ਕਰਕੇ ਉਨ੍ਹਾਂ ਖਣਿਜ ਪਾਦਰਥਾਂ ਦੀ ਰਾਖੀ ਜਨ-ਜਾਤੀਆਂ ਕਰ ਰਹੀਆਂ ਹਨ, ਖਾਸ ਕਰ ਕੁੱਕੀ ਜਾਤੀ, ਜਿਹੜੀ ਜ਼ਿਆਦਾ ਪਹਾੜੀ ਇਲਾਕੇ ਵੱਲ ਹੈ। ਜਿਵੇਂ ਸਭ ਜਾਣਦੇ ਹਨ ਕਿ ਇਸ ਵੇਲੇ ਭਾਰਤ ਵਿੱਚ ਦੋ ਖਣਿਜ ਪਦਾਰਥ ਵੇਚਣ ਵਾਲੇ ਅਤੇ ਦੋ ਖਰੀਦਣ ਵਾਲੇ ਮੌਜੂਦ ਹਨ। ਦੋ ਵੇਚਣ ਵਾਲੇ ਉਨ੍ਹਾਂ ਖਣਿਜ ਪਦਾਰਥਾਂ ਨੂੰ ਹਥਿਆਉਣ ਲਈ ਜਾਣਬੁੱਝ ਕੇ ਸਭ ਕੁਝ ਕਰਵਾ ਰਹੇ ਹਨ। ਗੁੰਡਿਆਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਜਾ ਰਹੀ ਹੈ ਤਾਂ ਕਿ ਮਨੀਪੁਰ ਦਾ ਅਸਲੀ ਖ਼ਜ਼ਾਨਾ ਹਥਿਆ ਕੇ ਦੋਂਹ ਖਰੀਦਣ ਵਾਲਿਆਂ ਦੇ ਹਵਾਲੇ ਕੀਤਾ ਜਾ ਸਕੇ। ਆਉਣ ਵਾਲੇ ਸਮੇਂ ਵਿੱਚ ਆਪਣਿਆਂ ਨੂੰ ਹੋਰ ਭਰਮਾਉਣ ਲਈ ਜਲਦੀ ਹੀ ਤੁਸੀਂ ‘ਮਨੀਪੁਰ ਫਾਈਲ’ ਵੀ ਮਾਰਕਿਟ ਵਿੱਚ ਵੇਖੋਗੇ, ਜਿਸ ਵਿੱਚ ਇਹ ਲੋਕ ਆਪਣੇ ਕਾਰਿਆਂ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਨਗੇ। ਦਰੋਪਤੀਆਂ ਪਹਿਲਾਂ ਵਾਂਗ ਹੀ ਆਪਣੇ ਆਪ ਨੂੰ ਕੋਸਦੀਆਂ ਰਹਿਣਗੀਆਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4124)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)