“ਆਉਣ ਵਾਲੇ ਦਿਨਾਂ ਵਿੱਚ ਅਗਰ ਰਾਹੁਲ ਗਾਂਧੀ ਅਜਿਹੀ ਰਫਤਾਰ ਨਾਲ ਅੱਗੇ ਵਧ ਕੇ ...”
(7 ਫਰਵਰੀ 2023)
ਇਸ ਸਮੇਂ ਪਾਠਕ: 512.
ਜਿਵੇਂ ਹੀ ਮੋਦੀ ਜੀ ਨੇ ਮੁੱਖ ਮੰਤਰੀ ਤੋਂ ਪ੍ਰਧਾਨ ਮੰਤਰੀ ਦੀ ਕਰਵਟ ਲਈ, ਮੋਦੀ ਜੀ ਨੇ ਹਿਟਲਰ ਦਾ ਸ਼ੁਦਾਈ ਹੋਣ ਕਰਕੇ ਸਭ ਤੋਂ ਪਹਿਲਾਂ ਆਪਣੇ ਗੁਜਰਾਤੀ ਦੋਸਤਾਂ ਸਦਕਾ ਮੀਡੀਆ ਨੂੰ ਗੋਦੀ ਮੀਡੀਆ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ। ਫਿਰ ਕੀ ਸੀ, ਦਿਨ ਨੂੰ ਰਾਤ ਅਤੇ ਰਾਤ ਨੂੰ ਦਿਨ ਕਹਿਣਾ ਸ਼ੁਰੂ ਹੋ ਗਿਆ। ਹੌਲੀ-ਹੌਲੀ ਗੱਲ ਇੱਥੋਂ ਤਕ ਪਹੁੰਚ ਗਈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਪ੍ਰਵਚਨ ਕਿ ਕੰਮ ਇੰਨੀ ਖਾਮੋਸ਼ੀ ਨਾਲ ਕਰੋ ਕਿ ਉਸ ਦੀ ਕਾਮਯਾਬੀ ਦੀ ਗੂੰਜ ਸਭ ਸੁਣਨ, ਪਰ ਹਿਟਲਰ ਚੇਲੇ ਨੇ ਅਜਿਹੇ ਮਾਅਨੇ ਬਦਲ ਕੇ ਝੂਠ ਦੀ ਉਚਾਈ ਇੰਨੀ ਕਰ ਦਿੱਤੀ ਕਿ ਮੋਦੀ ਮੁਤਾਬਕ ਝੂਠ ਅਤੇ ਰੌਲਾ ਇੰਨਾ ਪਾਓ ਕਿ ਕੁਝ ਕਰਨ ਦੀ ਲੋੜ ਹੀ ਨਾ ਰਹੇ। ਤੁਸੀਂ ਬੱਸ ਅਜਿਹੇ ਅੰਧ ਭਗਤ ਪੈਦਾ ਕਰਨੇ ਹਨ ਕਿ ਜੋ ਸ਼ੋਰ ਉਨ੍ਹਾਂ ਨੂੰ ਸੁਣਾਈ ਦੇਵੇ, ਉਹ ਹੀ ਅੰਤਿਮ ਸਚਾਈ ਹੈ।” ਇਵੇਂ ਹੀ 2014 ਤੋਂ ਅੱਜ ਤਕ ਹੋ ਰਿਹਾ ਹੈ, ਜਿਸ ’ਤੇ ਤਾਲੀਆਂ ਅਤੇ ਥਾਲੀਆਂ ਵੱਜ ਰਹੀਆਂ ਹਨ।
ਅੰਧ ਭਗਤਾਂ ਅਤੇ ਗੋਦੀ ਮੀਡੀਏ ਦੇ ਸਹਾਰੇ ਮੌਜੂਦਾ ਸਰਕਾਰ ਅਤੇ ਭਾਜਪਾ ਨੇ ਰਾਹੁਲ ਗਾਂਧੀ ਨੂੰ ਜਨਤਾ ਦੀ ਨਜ਼ਰ ਵਿੱਚ ਪੱਪੂ ਬਣਾ ਦਿੱਤਾ ਅਤੇ ਅੰਧ ਭਗਤਾਂ ਅਤੇ ਗੋਦੀ ਮੀਡੀਏ ਦੇ ਸਹਾਰੇ ਪੱਪੂ ਨੂੰ ਜਨਤਾ ਤੋਂ ਦੂਰ ਰਹਿਣ ਲਈ ਮਜਬੂਰ ਕਰ ਦਿੱਤਾ। ਫਿਰ ਅਚਾਨਕ ਉਸ ਨੂੰ ਕਿਵੇਂ ਅਤੇ ਕਿਨ੍ਹਾਂ ਦੇ ਕਹਿਣ ’ਤੇ ‘ਭਾਰਤ ਜੋੜੋ’ ਯਾਤਰਾ ਦਾ ਫੁਰਨਾ ਫੁਰਿਆ ਕਿ ਇਸ ਯਾਤਰਾ ਦੇ ਸ਼ੁਰੂਆਤ ਤੋਂ ਹੀ ਅਜੋਕੀ ਕੇਂਦਰੀ ਸਰਕਾਰ ਵੱਲੋਂ ਟਿੱਚਰਾਂ ਸ਼ੁਰੂ ਹੋ ਗਈਆਂ। ਉਨ੍ਹਾਂ ਨੂੰ ਇਹ ਆਸ ਹੀ ਨਹੀਂ ਸੀ ਕਿ ਇੰਨੀ ਲੰਬੀ ਪੈਦਲ ਯਾਤਰਾ ਪੂਰੀ ਕੀਤੀ ਜਾ ਸਕੇਗੀ। ਪਰ ਇਸ ‘ਭਾਰਤ ਜੋੜੋ ਯਾਤਰਾ’ ਨੇ ਹੌਲੀ ਹੌਲੀ ਬਹੁਤ ਕੁਝ ਜੋੜ ਦਿੱਤਾ।
ਇਸ ਯਾਤਰਾ ਨੇ ਰਾਹੁਲ ਗਾਂਧੀ ਨੂੰ ਅਜਿਹਾ ਉਭਾਰਿਆ ਕਿ ਉਸ ਦਾ ਕੱਦ-ਕਾਠ ਘੱਟੋ-ਘੱਟ ਮੋਦੀ ਦੇ ਬਰਾਬਰ ਕਰ ਦਿੱਤਾ ਅਤੇ ਇਸ ਯਾਤਰਾ ਨੇ ਕਈ ਕੀਰਤੀਮਾਨ ਵੀ ਸਥਾਪਤ ਕੀਤੇ। ਜਿਵੇਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਸ਼ਮੀਰ ਵਿੱਚ ਸ੍ਰੀਨਗਰ ਦੇ ਲਾਲ ਚੌਕ ਵਿੱਚ ਭਾਰਤੀ ਤਿਰੰਗਾ ਲਹਿਰਾ ਕੇ ਜਿੱਥੇ ਪਹਿਲੇ ਪ੍ਰਧਾਨ ਮੰਤਰੀ ਬਣੇ ਸਨ, ਉੱਥੇ ਹੀ ਰਾਹੁਲ ਗਾਂਧੀ ਨੇ ਆਪਣੀ ਯਾਤਰਾ ਭਾਰਤ ਜੋੜੋ ਦੌਰਾਨ ਸ੍ਰੀਨਗਰ ਦੇ ਲਾਲ ਚੌਕ ਵਿੱਚ ਤਿਰੰਗਾ ਝੰਡਾ ਲਹਿਰਾ ਕੇ ਆਪਣਾ ਨਾਂਅ ਦੂਜੇ ਨੰਬਰ ’ਤੇ ਸਥਾਪਤ ਕੀਤਾ। ਇਸੇ ਤਰ੍ਹਾਂ ਹੀ ਕੰਨਿਆ ਕੁਮਾਰੀ ਤੋਂ ਕਸ਼ਮੀਰ ਤਕ ਇਹ ਯਾਤਰਾ ਕਰਕੇ ਰਾਹੁਲ ਗਾਂਧੀ ਸ਼ੰਕਰਾਚਾਰੀਆ ਤੋਂ ਬਾਅਦ ਯਾਤਰਾ ਕਰਨ ਵਾਲੇ ਦੂਜੇ ਵਿਅਕਤੀ ਹਨ। ਇਸ ਕਰਕੇ ਵੀ ਇਹ ਯਾਤਰਾ ਇਤਿਹਾਸਕ ਹੈ।
ਅਗਲੀ ਅਤੇ ਮਹੱਤਵਪਰਨ ਗੱਲ ਜੋ ਹੈ, ਉਹ ਇਹ ਹੈ ਕਿ ਇਸ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਜੀ ਸਿਰਫ਼ ਇੱਕ ਕਥਨ ਦਾ ਦੁਹਰਾਅ ਕਰਦੇ ਰਹੇ ਕਿ ਮੈਂ “ਨਫ਼ਰਤ ਦੇ ਬਜ਼ਾਰ ਵਿੱਚ ਮੁਹੱਬਤ ਦੀ ਦੁਕਾਨ ਖੋਲ੍ਹਣ ਆਇਆ ਹਾਂ।” ਇਸ ਕਥਨ ਨੇ ਲੋਕਾਂ ਦਾ ਮਨ ਟੁੰਬਿਆ ਹੈ। ਰਾਹੁਲ ਨੇ ਆਪਣੀ ਭਾਰਤ ਜੋੜੋ ਯਾਤਰਾ ਵਿੱਚ ਨਿਰਵਿਘਨ ਕੰਨਿਆ ਕੁਮਾਰੀ ਤੋਂ ਕਸ਼ਮੀਰ ਤਕ 5 ਮਹੀਨੇ ਅਤੇ 12 ਸੂਬਿਆਂ ਵਿੱਚੋਂ ਹੁੰਦੀ ਹੋਈ ਨੇ ਲਗਭਗ 4000 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕੀਤਾ ਅਤੇ ਇਸਦਾ ਅੰਤ ਸ੍ਰੀਨਗਰ ਦੇ ਲਾਲ ਚੌਕ ਵਿੱਚ ਭਾਰਤੀ ਤਿਰੰਗਾ ਲਹਿਰਾ ਕੇ ਕੀਤਾ। ਉਸ ਸਮੇਂ ਮੌਸਮ ਖੁਸ਼ਨੁਮਾ ਸੀ। ਹਲਕੀ-ਫੁਲਕੀ ਬਰਫਬਾਰੀ ਹੋ ਰਹੀ ਸੀ। ਸਭ ਸਾਥ ਨਿਭਾਉਣ ਵਾਲੇ ਸਾਥੀਆਂ ਨੇ ਸਾਥ ਦਿੱਤਾ। ਸਾਥ ਦੇਣ ਵਾਲਿਆਂ ਵਿੱਚ ਸੀ ਪੀ ਆਈ, ਡੀ ਐੱਮ ਕੇ, ਨੈਸ਼ਨਲ ਕਾਨਫਰੰਸ, ਪੀ ਡੀ ਪੀ, ਮੁਫ਼ਤੀ ਵਾਲੀ, ਮੁਸਲਿਮ ਲੀਗ ਅਤੇ ਆਰ ਐੱਸ ਪੀ ਆਦਿ ਸਨ।
‘ਭਾਰਤ ਜੋੜੋ ਯਾਤਰਾ’ ਦੀ ਕਾਮਯਾਬੀ ਨੇ ਵਿਰੋਧੀਆਂ ਨੂੰ ਚਿੰਤਤ ਕਰ ਦਿੱਤਾ ਹੈ। ਉਹ ਇਸ ਬਾਰੇ ਵੱਖ-ਵੱਖ ਗੱਲਾਂ ਕਰ ਰਹੇ ਹਨ। ਕਿੰਨੇ ਹੋਰ ਲੋਕ ਜੁੜੇ ਹੋਣਗੇ? ਸਮੁੱਚੀ ਕਾਂਗਰਸ ਨੂੰ ਜੋੜਨ ਵਿੱਚ ਕਿੰਨੀ ਕਾਮਯਾਬ ਰਹੀ? ਕੀ ਇਸ ਯਾਤਰਾ ਨਾਲ ਭਾਜਪਾ ਵਿਰੋਧੀ ਸਭ ਪਾਰਟੀਆਂ ਇਕਜੁੱਟ ਹੋ ਸਕਣਗੀਆਂ? ਇਹ ਯਾਤਰਾ ਆਉਣ ਵਾਲੇ ਦਿਨਾਂ ਪੌਣੇ ਦਰਜਨ ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ’ਤੇ ਕੀ ਰੰਗ ਦਿਖਾਏਗੀ?
ਇਸ ਭਾਰਤ ਜੋੜੋ ਯਾਤਰਾ ਦੌਰਾਨ ਮਿਸਟਰ ਰਾਹੁਲ ਨੇ ਸਭ ਜਨਤਾ ਦਾ ਰਸਤੇ ਵਿੱਚ ਆਉਣ ਵਾਲੇ ਸਭ ਸੂਬਿਆਂ ਵਿੱਚ ਗਰੀਬੀ, ਮਹਿੰਗਾਈ, ਛੂਤ-ਛਾਤ, ਅਮੀਰੀ-ਗਰੀਬੀ, ਭਾਜਪਾ ਵੱਲੋਂ ਹਿੰਦੂ-ਮੁਸਮਲਾਨ ਬਾਰੇ ਰੱਟਾ, ਵਿੱਦਿਆ, ਸਿਹਤ, ਨੌਕਰੀਆਂ ਭਖਦੇ ਚੀਨੀ ਅਤੇ ਸ੍ਰੀਨਗਰ ਦਾ ਮਸਲਾ, ਨੱਥੂ ਰਾਮ ਗੌਡਸੇ ਅਤੇ ਧਾਰਾ 370 ਬਾਰੇ ਸਾਰੇ ਮਸਲਿਆਂ ਦਾ ਲਗਾਤਾਰ ਜ਼ਿਕਰ ਕਰਦਿਆਂ ਮੌਜੂਦਾ ਭਾਜਪਾ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਕੋਈ ਕੰਜੂਸੀ ਨਹੀਂ ਕੀਤੀ। ਤਕਰੀਬਨ ਆਪਣੀ ਸਾਰੀ ਯਾਤਰਾ ਦੌਰਾਨ ਸਿਰਫ਼ ਟੀ-ਸ਼ਰਟ ਪਹਿਨਦਿਆਂ ਮੋਦੀ ਦੇ ਸੂਟਾਂ ਬੂਟਾਂ ਨੂੰ ਨਕਾਰਾ ਕਰ ਦਿੱਤਾ। ਇੰਨੀ ਠੰਢ ਵਿੱਚ ਇੱਕ ਟੀ-ਸ਼ਰਟ ਵਿੱਚ ਰਹਿਣ ਕਰਕੇ ਭਾਜਪਾ ਨੂੰ ਇਨਕੁਆਰੀ ਕਰਨ ਲਈ ਮਜਬੂਰ ਕਰ ਦਿੱਤਾ। ਪਰ ਅਖੀਰ ਜ਼ਾਤੀ ਹਮਲਾ ਕਰਨ ਵਾਲੀ ਭਾਜਪਾ ਨੂੰ ਇਸ ਮਸਲੇ ਵਿੱਚ ਮੂੰਹ ਦੀ ਖਾਣੀ ਪਈ। ਮਹਾਰਾਸ਼ਟਰ ਵਿੱਚ ਸਾਵਰਕਰ ’ਤੇ ਹਮਲਾ ਕਰਨਾ ਅਤੇ ਮੱਧ ਪ੍ਰਦੇਸ਼ ਵਿੱਚ ਵਣ ਵਾਸੀ ਅਤੇ ਆਦਿਵਾਸੀ ਦੀ ਗੱਲ ਕਰਕੇ ਕਾਂਗਰਸ ਦੇ ਸਟੈਂਡ ਨੂੰ ਹੋਰ ਪੱਕਾ ਕੀਤਾ। ਅੱਜ ਦੇ ਦਿਨ ਰਾਹੁਲ ਗਾਂਧੀ ਵਿੱਚ ਐਨੀ ਸ਼ਕਤੀ ਆ ਚੁੱਕੀ ਹੈ, ਅਗਰ ਉਹ ਚਾਹੇ ਤਾਂ ਜਿਵੇਂ ਉਸ ਨੇ ਧੁਰ ਦੱਖਣ ਤੋਂ ਉੱਤਰ ਤਕ ਯਾਤਰਾ ਸੰਪੂਰਨ ਕੀਤੀ ਹੈ, ਉਸੇ ਤਰ੍ਹਾਂ ਉਹ ਪੂਰਬ ਤੋਂ ਪੱਛਮ ਤਕ ਵੀ ਕਰ ਸਕਦਾ ਹੈ। ਜਿਹੜੀ ਪ੍ਰਸਿੱਧੀ ਮੋਦੀ ਨੇ ਅਥਾਹ ਪੈਸਾ ਖਰਚ ਕੇ ਪਾਈ ਹੈ, ਰਾਹੁਲ ਨੇ ਇਸ ਭਾਰਤ ਜੋੜੋ ਯਾਤਰਾ ਨਾਲ ਪਾ ਲਈ ਹੈ।
ਆਉਣ ਵਾਲੇ ਦਿਨਾਂ ਵਿੱਚ ਅਗਰ ਰਾਹੁਲ ਗਾਂਧੀ ਅਜਿਹੀ ਰਫਤਾਰ ਨਾਲ ਅੱਗੇ ਵਧ ਕੇ ਭਾਜਪਾ ਵਿਰੋਧੀ ਸ਼ਕਤੀਆਂ ਨੂੰ ਇਕਜੁੱਟ ਕਰਨ ਵਿੱਚ ਜੁਟਿਆ ਰਿਹਾ ਤਾਂ ਉਤਸ਼ਾਹੀ ਨਤੀਜੇ ਸਭ ਦੇ ਸਾਹਮਣੇ ਹੋਣਗੇ। ਭਾਜਪਾ ਵਿਰੋਧੀ ਪਾਰਟੀਆਂ ਨੂੰ ਆਪਣੀਆਂ ਜ਼ਿਦਾਂ ਤਿਆਗ ਕੇ ਏਕੇ ਵੱਲ ਵਧਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਕੁਝ ਸੂਬਿਆਂ ਦੀਆਂ ਚੋਣਾਂ ਵਿੱਚ ਅਜਿਹੀ ਬਣੀ ਏਕਤਾ ਕੁਝ ਦਿਖਾ ਸਕੇ। ਅਜਿਹਾ ਵਿਸ਼ਾਲ ਏਕਾ ਹੀ 2024 ਵਿੱਚ ਹੋਣ ਵਾਲੀਆਂ ਪਾਰਲੀਮੈਂਟ ਚੋਣਾਂ ਵਿੱਚ ਮੌਜੂਦਾ ਸਰਕਾਰ ਨੂੰ ਠਿੱਬੀ ਲਾਉਣ ਵਿੱਚ ਕਾਮਯਾਬ ਹੋ ਸਕੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3782)
(ਸਰੋਕਾਰ ਨਾਲ ਸੰਪਰਕ ਲਈ: