“ਹੁਣ ਆਖਣ ਵਾਲੇ ਤਾਂ ਇਹ ਵੀ ਆਖ ਰਹੇ ਹਨ ਕਿ ਅਗਰ ਸਕੂਲਾਂ, ਕਾਲਜਾਂ ...”
(28 ਫਰਵਰੀ 2021)
(ਸ਼ਬਦ: 1020)
ਸਿਆਣੇ ਆਖਦੇ ਹਨ ਕਿ ਮਨੁੱਖ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ, ਉਹ ਜੋ ਆਖਦਾ ਹੈ, ਉਹ ਸੱਚ ਨਹੀਂ ਹੁੰਦਾ, ਸਗੋਂ ਜੋ ਉਹ ਕਰਦਾ ਹੈ ਜਾਂ ਕਰ ਵਿਖਾਉਂਦਾ ਹੈ ਉਹੀ ਉਸ ਦਾ ਸੱਚ ਹੁੰਦਾ ਹੈ। ਸੱਚ ਮੰਨਣਾ ਵੀ ਉਸ ਨੂੰ ਹੀ ਚਾਹੀਦਾ ਹੈ।
ਲਗਭਗ 2014 ਦੀ ਗੱਲ ਹੈ ਕਿ ਉਸ ਵੇਲੇ ਦੇ ਮੱਧ ਪ੍ਰਦੇਸ਼ ਦੇ ਸਿੱਖਿਆ ਮੰਤਰੀ ਨੇ ਭਾਵੁਕ ਹੋ ਕੇ ਇੱਕ ਐਲਾਨ ਕਰ ਦਿੱਤਾ ਕਿ ਸ੍ਰੀ ਨਰਿੰਦਰ ਮੋਦੀ ਜੋ ਪ੍ਰਧਾਨ ਮੰਤਰੀ ਹਨ, ਉਨ੍ਹਾਂ ਦੀ ਜੀਵਨੀ ਸਕੂਲਾਂ ਦੇ ਪਾਠ ਕ੍ਰਮਾਂ ਵਿੱਚ ਲਗਣੀ ਚਾਹੀਦੀ ਹੈ ਤਾਂ ਕਿ ਭਾਰਤ ਦਾ ਵਿਦਿਆਰਥੀ ਅਤੇ ਨੌਜਵਾਨ ਪੜ੍ਹ ਕੇ ਪ੍ਰਧਾਨ ਮੰਤਰੀ ਜੀ ਦੇ ਸੰਘਰਸ਼ਮਈ ਜੀਵਨ ਤੋਂ ਜਾਣੂ ਹੋਵੇ ਅਤੇ ਦੇਸ਼ ਦੀ ਤਰੱਕੀ ਵਿੱਚ ਵਧ ਚੜ੍ਹ ਕੇ ਹਿੱਸਾ ਪਾਵੇ। ਲਗਦਾ ਹੈ ਉਦੋਂ ਦਾ ਸਿੱਖਿਆ ਮੰਤਰੀ ਅੰਧ ਭਗਤਾਂ ਵਿੱਚੋਂ ਮੋਹਰਲੀਆਂ ਕਤਾਰਾਂ ਦਾ ਭਗਤ ਹੋਵੇਗਾ, ਪਰ ਜਿਉਂ ਹੀ ਅਜਿਹੀ ਖ਼ਬਰ ਵਾਇਰਲ ਹੋ ਕੇ ਮੋਦੀ ਜੀ ਤਕ ਪਹੁੰਚੀ ਤਾਂ ਉਨ੍ਹਾਂ ਮਨ੍ਹਾ ਕਰ ਦਿੱਤਾ ਅਤੇ ਕਿਹਾ, ਅਜਿਹਾ ਸ਼ੋਭਦਾ ਨਹੀਂ। ਜਦ ਹੋਰ ਅਨੇਕਾਂ ਮਹਾਂ-ਪੁਰਸ਼ ਦੀਆਂ ਜੀਵਨੀਆਂ ਦੀਆਂ ਸਿੱਖਿਆਵਾਂ ਮੌਜੂਦ ਹਨ, ਉਨ੍ਹਾਂ ਨੂੰ ਹੀ ਜਗ੍ਹਾ ਮਿਲਣੀ ਚਾਹੀਦੀ ਹੈ।
ਪਿਛਲੇ ਸਮੇਂ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕ ਪ੍ਰਿਅਤਾ ਦਾ ਉਭਾਰ ਦੇਖ ਕੇ ਇੱਕ ਹੋਰ ਅੰਧ ਭਗਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਦਰ ਬਣਾਉਣ ਦਾ ਐਲਾਨ ਕਰ ਦਿੱਤਾ। ਜਗ੍ਹਾ ਅਤੇ ਪੈਸੇ ਦਾ ਪ੍ਰਬੰਧ ਕਰ ਲਿਆ। ਜਦ ਇਸਦੀ ਚਰਚਾ ਛਿੜੀ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਤਕ ਪਹੁੰਚੀ ਤਾਂ ਉਨ੍ਹਾਂ ਮੰਦਰ ਬਣਾਉਣ ਵਾਲੇ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। ਜਦ ਇਹ ਸਭ ਕੁਝ ਵੀ ਵਾਇਰਲ ਹੋ ਕੇ ਆਮ ਜਨਤਾ ਵਿੱਚ ਪਹੁੰਚਿਆ ਤਾਂ ਪ੍ਰਧਾਨ ਮੰਤਰੀ ਜੀ ਦੇ ਇਸ ਇਨਕਾਰ ਸਦਕਾ ਉਨ੍ਹਾਂ ਦਾ ਕੱਦ ਜਨਤਾ ਵਿੱਚ ਹੋਰ ਵਧਿਆ। ਲੋਕਾਂ ਸੋਚਣਾ ਅਤੇ ਆਖਣਾ ਸ਼ੁਰੂ ਕਰ ਦਿੱਤਾ ਕਿ ਦੇਖੋ ਕਾਂਗਰਸ ਵਿੱਚ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਕਿੰਨਾ ਫ਼ਰਕ ਹੈ। ਦੇਸ਼ ਦੀਆਂ ਜਾਇਦਾਦਾਂ ਅਤੇ ਸੰਪਤੀਆਂ ਨੂੰ ਬੀ ਜੇ ਪੀ ਵਾਲੇ ਕਾਂਗਰਸ ਅਤੇ ਬੀ ਐੱਸ ਪੀ ਵਾਂਗ ਪਿਆਰ ਨਹੀਂ ਕਰਦੇ। ਕਿਉਂਕਿ ਪਿਛਲੇ ਸਮੇਂ ਬੀ ਐੱਸ ਪੀ ਦੀ ਭੈਣ ਮਾਇਆਵਤੀ ਨੇ ਆਪਣੇ ਜਿਊਂਦੇ ਜੀ ਆਪਣੇ ਬੁੱਤ ਬਣਾ ਲਏ ਸਨ, ਜਿਨ੍ਹਾਂ ’ਤੇ ਕਰੋੜਾਂ ਰੁਪਇਆ ਜਨਤਾ ਦਾ ਖਰਚ ਕੀਤਾ ਸੀ। ਮੰਦਰ ਬਾਰੇ ਪ੍ਰਧਾਨ ਮੰਤਰੀ ਨੇ ਨਾਂਹ ਕਰਕੇ ਕਾਫ਼ੀ ਵਾਹ-ਵਾਹ ਖੱਟੀ ਸੀ।
ਅਜੇ ਤਕ ਉਪਰੋਕਤ ਘਟਨਾਵਾਂ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਜਨਤਾ ਦੇ ਚੇਤੇ ਵਿੱਚ ਇਹ ਉਵੇਂ ਹੀ ਤਾਜ਼ਾ-ਤਾਜ਼ਾ ਪਈਆਂ ਸਨ ਕਿ ਅਚਾਨਕ ਇਕਦਮ ਅਜਿਹੀ ਖ਼ਬਰ ਅੱਗ ਵਾਂਗ ਫੈਲੀ, ਜਿਸ ਬਾਰੇ ਘੁੰਡ ਚੁਕਾਈ ਤੋਂ ਪਹਿਲਾਂ ਕਿਸੇ ਤਰ੍ਹਾਂ ਦੇ ਮੀਡੀਏ ਨੂੰ ਭਿਣਕ ਨਹੀਂ ਲੱਗਣ ਦਿੱਤੀ। ਅਜਿਹਾ ਕਿਉਂ ਕੀਤਾ ਗਿਆ, ਇਹ ਅਜੇ ਸਮੇਂ ਦੀ ਕੁੱਖ ਵਿੱਚ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਫ਼ ਹੋਵੇਗਾ। ਖ਼ਬਰਾਂ ਦੇ ਹੈਡਿੰਗ ਸਨ, “ਮੋਦੀ ਦੇ ਨਾਂਅ ’ਤੇ ਦੁਨੀਆਂ ਦਾ ਸਭ ਤੋਂ ਵੱਡਾ ‘ਕ੍ਰਿਕਟ ਸਟੇਡੀਅਮ’, ਸਰਦਾਰ ਪਟੇਲ ਨਹੀਂ, ਹੁਣ ਮੋਦੀ ਸਟੇਡੀਅਮ ਆਦਿ ਆਦਿ।
ਉਪਰੋਕਤ ਸਰਦਾਰ ਪਟੇਲ ਸਟੇਡੀਅਮ ਦਾ ਨਾਂਅ ਬੁੱਧਵਾਰ ਤੋਂ ਨਰਿੰਦਰ ਮੋਦੀ ਸਟੇਡੀਅਮ ਹੋ ਗਿਆ ਹੈ, ਜਿਸਦਾ ਬਕਾਇਦਾ ਭੂਮੀ ਪੂਜਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਕਰਾਇਆ ਗਿਆ। ਇਹ ਸਟੇਡੀਅਮ ਤਕਰੀਬਨ 63 ਏਕੜ ਵਿੱਚ ਫੈਲਿਆ ਹੋਇਆ ਹੈ। ਇਸ ਵਿੱਚ ਇੱਕੋ ਸਮੇਂ ਇੱਕ ਲੱਖ ਬੱਤੀ ਹਜ਼ਾਰ ਦਰਸ਼ਕ ਬੈਠ ਕੇ ਮੈਚ ਦਾ ਅਨੰਦ ਉਠਾ ਸਕਦੇ ਹਨ। ਯਾਦ ਰੱਖੋ ਇਹ ਉਹੀ ਜਗ੍ਹਾ ਹੈ ਜਿੱਥੇ ਮੋਦੀ ਜੀ ਨੇ ਕੋਰੋਨਾ ਦੀ ਪ੍ਰਵਾਹ ਨਾ ਕਰਦੇ ਹੋਏ ਉਸ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਕਰੋੜਾਂ ਰੁਪਏ ਕਰਚ ਕੇ ਸਵਾਗਤ ਕੀਤਾ ਸੀ। ਜਦ ਇਸ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ ਉਸ ਵਕਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਡ ਮੰਤਰੀ ਕਿਰਨ ਰੀਜਿਜੂ ਵੀ ਮੌਜੂਦ ਸਨ। ਇਸ ਸਟੇਡੀਅਮ ਬਣਨ ਤੋਂ ਪਹਿਲਾ ਮੈਲਬੋਰਨ ਕ੍ਰਿਕਟ ਗ੍ਰਾਊਂਡ ਸਭ ਤੋਂ ਵੱਡਾ ਸਟੇਡੀਅਮ ਸੀ ਜਿਸ ਦੀ ਸਮਰੱਥਾ ਨੱਬੇ ਹਜ਼ਾਰ ਸੀ।
ਹੁਣ ਅਗਲਾ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਸਭ ਕੁਝ ਪ੍ਰਧਾਨ ਮੰਤਰੀ ਦੀ ਸਹਿਮਤੀ ਨਾਲ ਹੋਇਆ? ਕੀ ਇਹ ਇੱਕ ਕੈਬਨਿਟ ਫੈਸਲੇ ਮੁਤਾਬਕ ਕੀਤਾ ਗਿਆ? ਜੇ ਇਹ ਸਭ ਕੁਝ ਪ੍ਰਧਾਨ ਮੰਤਰੀ ਜੀ ਦੀ ਸਹਿਮਤੀ ਨਾਲ ਹੋਇਆ ਹੈ ਅਤੇ ਇਸਦੀ ਬਕਾਇਦਾ ਪ੍ਰਵਾਨਗੀ ਲਈ ਗਈ ਤਾਂ ਕੀ ਸੋਚਿਆ ਜਾਵੇ ਕਿ ਅਚਾਨਕ ਪ੍ਰਧਾਨ ਮੰਤਰੀ ਜੀ ਦਾ ਹਿਰਦੇ ਪਰਿਵਰਤਨ ਹੋ ਗਿਆ? ਉਹਨਾਂ ਆਪਣੀ ਪ੍ਰਵਾਨਗੀ ਕਿਵੇਂ ਅਤੇ ਕਿਉਂ ਦਿੱਤੀ?
ਇੱਕ ਗਰੀਬ ਪਰਿਵਾਰ ਦਾ ਬੇਟਾ, ਜੋ ਬਚਪਨ ਵਿੱਚ ਰੇਲਵੇ ਸਟੇਸ਼ਨਾਂ ’ਤੇ ਚਾਹ ਵੇਚ ਕੇ ਗੁਜ਼ਾਰਾ ਕਰਦਾ ਰਿਹਾ ਹੋਵੇ, ਜਿਸ ਨੇ ਆਪਣੇ ਵਿਆਹ ਤੋਂ ਛੇਤੀ ਮਗਰੋਂ ਗ੍ਰਹਿਸਤ ਤਿਆਗ ਪਹਾੜਾਂ, ਜੰਗਲਾ ਨਾਲ ਆਪਣਾ ਮੋਹ ਪਾ ਲਿਆ, ਜਤੀ-ਸਤੀ ਬਣ ਗਿਆ। ਜੋ ਇਸ ਘਟਨਾ ਤੋਂ ਪਹਿਲਾਂ ਪਾਠ ਪੁਸਤਕਾਂ ਵਿੱਚ ਛਪਣ ਤੋਂ ਸਖਤੀ ਨਾਲ ਮਨਾਹੀ ਕਰ ਚੁੱਕਾ ਹੋਵੇ। ਜੋ ਸ਼ਰਧਾਲੂਆਂ ਵੱਲੋਂ ਮੰਦਰ ਬਣਾ ਕਿ ਉੱਥੇ ਆਪਣੀ ਮੂਰਤੀ ਦੀ ਸਥਾਪਨਾ ਤੋਂ ਇਨਕਾਰ ਕਰ ਕੇ ਜਨਤਾ ਦੀ ਵਾਹ-ਵਾਹ ਖੱਟ ਚੁੱਕਾ ਹੋਵੇ, ਅਚਾਨਕ ਉਪਰੋਕਤ ਸਭ ਕੁਝ ਵਰਤ ਜਾਵੇ। ਇਹ ਸਭ ਅਚੰਭੇ ਵਾਲੀ ਗੱਲ ਹੈ। ਉਂਜ ਵੀ ਪ੍ਰਧਾਨ ਮੰਤਰੀ ਦੇਸ਼ ਦਾ ਮੁਖੀ ਹੋਣ ਕਰਕੇ ਦੇਸ਼ ਦਾ ਮਾਲਕ ਹੁੰਦਾ ਹੈ। ਕੀ ਪ੍ਰਧਾਨ ਮੰਤਰੀ ਜਾਂ ਉਨ੍ਹਾਂ ਦੀ ਜੁੰਡਲੀ ਨੂੰ ਕ੍ਰਿਕਟ ਦੇ ਸਾਬਕਾ ਖਿਡਾਰੀਆਂ ਵਿੱਚੋਂ ਅਜਿਹਾ ਕੋਈ ਖਿਡਾਰੀ ਨਹੀਂ ਦਿਸਿਆ, ਜਿਸ ਨੇ ਵਰਲਡ ਕੱਪ ਜਿੱਤ ਕੇ ਆਪਣੇ ਦੇਸ਼ ਦਾ ਨਾਂਅ ਉੱਚ ਕੀਤਾ ਹੋਵੇ ਅਤੇ ਇਹ ਸਟੇਡੀਅਮ ਉਸ ਦੇ ਨਾਂਅ ਤੇ ਰੱਖ ਕੇ ਆਉਣ ਵਾਲੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦਾ? ਜਿਵੇਂ ਆਮ ਜਨਤਾ ਨੂੰ ਅਜੇ ਤਕ ਇਹ ਪਤਾ ਨਹੀਂ ਲਗਾ ਕਿ ਅਮਿਤ ਸ਼ਾਹ ਜੀ ਦੇ ਬੇਟੇ ਨੂੰ ਕਿਸ ਖਾਸ ਕਾਬਲੀਅਤ ਕਰਕੇ ਕ੍ਰਿਕਟ ਕਮੇਟੀ ਵਿੱਚ ਅਹਿਮ ਅਹੁਦਾ ਦਿੱਤਾ ਹੈ ਉਵੇਂ ਹੀ ਹੁਣ ਜਨਤਾ ਨੂੰ ਇਹ ਸਮਝ ਨਹੀਂ ਆਉਣੀ ਕਿ ਕਿਹੜੀ ਖਾਸੀਅਤ ਕਰਕੇ ਅਮਿਤ ਸ਼ਾਹ ਐਂਡ ਕੰਪਨੀ ਨੇ ਪ੍ਰਧਾਨ ਮੰਤਰੀ ਨੂੰ ਸਰਦਾਰ ਪਟੇਲ ਦੇ ਬਰਾਬਰ ਦਰਜਾ ਦਿੱਤਾ ਹੈ? ਖੈਰ ਕੁਝ ਵੀ ਹੋਵੇ ਇਹ ਸਭ ਆਮ ਜਨਤਾ ਦੇ ਸੰਘੋਂ ਨਹੀਂ ਉੱਤਰ ਰਿਹਾ।
ਹੁਣ ਆਖਣ ਵਾਲੇ ਤਾਂ ਇਹ ਵੀ ਆਖ ਰਹੇ ਹਨ ਕਿ ਅਗਰ ਸਕੂਲਾਂ, ਕਾਲਜਾਂ ਆਦਿ ਦੇ ਕੋਰਸਾਂ ਵਿੱਚ ਸ੍ਰੀ ਨਰਿੰਦਰ ਮੋਦੀ ਜੀ ਦੀ ਜੀਵਨੀ ਛਪ ਵੀ ਜਾਂਦੀ ਤਾਂ ਉਸ ਵਾਰੇ ਕਾਫ਼ੀ ਘਚੋਲਾ ਪੈਣਾ ਸੀ, ਕਿਉਂਕਿ ਅੱਜ ਤਕ ਉਹ ਇਨਸਾਨ ਵੀ ਪ੍ਰਗਟ ਨਹੀਂ ਹੋਏ ਜੋ ਇਹ ਆਖ ਸਕਣ ਕਿ ਅਸੀਂ ਪ੍ਰਧਾਨ ਮੰਤਰੀ ਜੀ ਤੋਂ ਚਾਹ ਪੀਂਦੇ ਰਹੇ ਜਾਂ ਇਨ੍ਹਾਂ ਨੂੰ ਚਾਹ ਬਣਾਉਂਦਿਆਂ ਅਤੇ ਬਰਤਣ ਸਾਫ਼ ਕਰਦਿਆਂ ਦੇਖਿਆ ਹੋਵੇ। ਇਹੋ ਹੀ ਹਾਲ ਇਨ੍ਹਾਂ ਦੀ ਪੜ੍ਹਾਈ ਬਾਰੇ ਹੈ। ਕੋਈ ਜਮਾਤੀ ਸਾਹਮਣੇ ਨਹੀਂ ਆਉਂਦਾ। ਪਾਸ ਕੀਤੇ ਇਮਤਿਹਾਨਾਂ ਅਤੇ ਡਿਗਰੀਆਂ ਬਾਰੇ ਕਾਫ਼ੀ ਰੌਲਾ ਹੈ। ਸਮੇਂ-ਸਮੇਂ ਇਸ ਬਾਰੇ ਕਾਫ਼ੀ ਰੌਲਾ ਪੈਂਦਾ ਰਹਿੰਦਾ ਹੈ। ਉਂਜ ਵੀ ਪ੍ਰਧਾਨ ਮੰਤਰੀ ਜੀ ਨੇ ਇੱਕ ਇੰਟਰਵਿਊ ਵਿੱਚ ਮੰਨਿਆ ਹੋਇਆ ਹੈ ਕਿ ਉਹ ਸਿਰਫ਼ ਮੈਟ੍ਰਿਕ ਤਕ ਪੜ੍ਹਿਆ ਹੈ।
ਖੈਰ, ਅਜਿਹੀਆਂ ਟਿੱਪਣੀਆਂ ਸਾਡਾ ਅੱਜ ਦਾ ਵਿਸ਼ਾ ਨਹੀਂ। ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਜੁੰਡਲੀ ਨੂੰ ਅਜਿਹੀ ਸਸਤੀ ਸ਼ੋਹਰਤ ਤੋਂ ਬਚਣਾ ਚਾਹੀਦਾ ਸੀ। ਅਗਰ ਇਸ ਸਟੇਡੀਅਮ ਨੂੰ ਸਰਦਾਰ ਪਟੇਲ ਤੋਂ ਅਲੱਗ ਕਰਕੇ ਦੇਖਣਾ ਹੀ ਸੀ ਤਾਂ ਫਿਰ ਕਿਸੇ ਯੋਗ ਸ਼ਖਸੀਅਤ ਦੀ ਭਾਲ ਜ਼ਰੂਰੀ ਸੀ, ਤਾਂ ਕਿ ਬੇਲੋੜੀਆਂ ਟਿੱਪਣੀਆਂ ਤੋਂ ਬਚਿਆ ਜਾ ਸਕਦਾ। ਅਜਿਹਾ ਕਰਕੇ ਤੁਸੀਂ ਰਾਹੁਲ ਗਾਂਧੀ ਦੇ ਉਸ ਅਖਾਣ ’ਤੇ ਸਹੀ ਪਾ ਦਿੱਤੀ ਹੈ ਕਿ ਸਰਕਾਰ ਦਾ ਮਿਸ਼ਨ ਹੈ, ‘ਹਮ ਦੋ, ਹਮਾਰੇ ਦੋ, ਬਾਕੀ ਸਭ ਹੋਰ।’
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2613)
(ਸਰੋਕਾਰ ਨਾਲ ਸੰਪਰਕ ਲਈ: