“ਜਿਹੜਾ ਪ੍ਰਧਾਨ ਮੰਤਰੀ ਦਿਨ-ਰਾਤ, ... ਸਟਾਰਟ ਅੱਪ – ਇੰਡੀਆ, ਡਿਜੀਟਲ – ਇੰਡੀਆ, ਮੇਕ ਇੰਨ – ਇੰਡੀਆ, ...”
(12 ਸਤੰਬਰ 2023)
ਸੋਸ਼ਲ ਮੀਡੀਏ ’ਤੇ ਇੱਕ ਚੁਟਕਲੇ ਮੁਤਾਬਕ ਇੱਕ ਬਜ਼ੁਰਗ ਅਧਿਆਪਕ ਆਪਣੇ ਸ਼ਗਿਰਦ ਨੂੰ ਪੁੱਛਦਾ ਹੈ ਕਿ ਬੇਟਾ ਅੱਜ ਤੂੰ ਬਹੁਤ ਖੁਸ਼ ਦਿਖਾਈ ਦੇ ਰਿਹਾ ਏ, ਖੁਸ਼ੀ ਦਾ ਕਾਰਨ? ਸ਼ਗਿਰਦ ਝੱਟ ਆਖਦਾ ਹੈ ਕਿ ਸਰ ਜੀ, ਅੱਜ ਮੇਰੀ ਬੱਕਰੀ ਨੇ ਆਂਡਾ ਦਿੱਤਾ ਹੈ। ਇਹ ਸੁਣ ਕੇ ਅਧਿਆਪਕ ਆਖਦਾ ਹੈ ਕਿ ਇਹ ਹੋ ਹੀ ਨਹੀਂ ਸਕਦਾ, ਤੂੰ ਝੂਠ ਬੋਲ ਰਿਹਾ ਏ। ਸ਼ਗਿਰਦ ਆਖਦਾ ਹੈ ਕਿ ਗੁਰੂ ਜੀ, ਮੈਂ ਸੱਚ ਆਖ ਰਿਹਾ ਹਾਂ ਕਿਉਂਕਿ ਮੈਂ ਆਪਣੀ ਕੁਕੜੀ ਦਾ ਨਾਂਅ ਬੱਕਰੀ ਰੱਖਿਆ ਹੋਇਆ ਹੈ। ਮਾਸਟਰ ਜੀ, ਜੇ ਪ੍ਰਧਾਨ ਮੰਤਰੀ ਏਨੀ ਭੁੱਖਮਰੀ, ਇੰਨੀ ਮਹਿੰਗਾਈ, ਇੰਨੀ ਬੇਰੁਜ਼ਗਾਰੀ ਵਿੱਚ, ਇੰਨੇ ਜਾਤੀ ਫਸਾਦਾਂ ਬਾਅਦ ਵੀ ਭਾਰਤ ਦੀ ਅਜੋਕੀ ਬਰਬਾਦੀ ਦਾ ਨਾਂਅ ਵਿਕਾਸ ਰੱਖ ਸਕਦਾ ਹੈ ਤਾਂ ਮੈਂ ਆਪਣੀ ਕੁਕੜੀ ਨੂੰ ਬੱਕਰੀ ਦਾ ਨਾਂਅ ਕਿਉਂ ਨਹੀਂ ਦੇ ਸਕਦਾ? ਤੇ ਫਿਰ ਅਜਿਹੇ ਵਿੱਚ ਮੇਰੀ ਬੱਕਰੀ ਆਂਡਾ ਕਿਉਂ ਨਹੀਂ ਦੇ ਸਕਦੀ? ਅਜਿਹੇ ਹਾਲਾਤ ਵਿੱਚ ਸਿਫ਼ਤੀ ਤਬਦੀਲੀ ਤਾਂ ਨਹੀਂ ਹੋ ਸਕਦੀ, ਮਨਪ੍ਰਚਾਵਾ ਤਾਂ ਹੋ ਸਕਦਾ ਹੈ। ਠੀਕ ਇਸੇ ਤਰ੍ਹਾਂ ਹੁਕਮਰਾਨ ਟੋਲਾ ਵੱਖ-ਵੱਖ ਥਾਵਾਂ, ਸ਼ਹਿਰਾਂ, ਸੂਬਿਆਂ, ਸਟੇਸ਼ਨਾਂ, ਸੜਕਾਂ ਅਤੇ ਇਤਿਹਾਸਕ ਸੰਸਥਾਵਾਂ ਦੇ ਨਾਂਅ ਬਦਲ ਕੇ ਆਪਣੇ ਅੰਧ-ਭਗਤਾਂ ਦਾ ਮਨੋਰੰਜਨ ਕਰ ਰਹੇ ਹਨ। ਜਦ ਕਿ ਨਾਂਅ ਬਦਲਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਸਿਫ਼ਤੀ ਤਬਦੀਲੀ ਨਹੀਂ ਆਉਂਦੀ। ਜਿਵੇਂ ਸੜਕਾਂ ਦਾ ਨਾਮ ਬਦਲਣ ਤੋਂ ਬਾਅਦ ਨਾ ਕਰਾਇਆ ਘਟਦਾ ਹੈ, ਨਾ ਹੀ ਆਪਣੇ ਆਪ ਉਸ ਸੜਕ ਦੇ ਖੱਡੇ ਪੂਰ ਹੁੰਦੇ ਹਨ। ਸਿਰਫ਼ ਭਾਰਤ ਵਾਸੀਆਂ ਅਤੇ ਅੰਧ-ਭਗਤਾਂ ਵਿੱਚ ਲਕੀਰ ਖਿੱਚੀ ਜਾਂਦੀ ਹੈ। ਠੀਕ ਇਸੇ ਤਰ੍ਹਾਂ ਹੀ ਨਾ ਰੇਲਵੇ ਸਟੇਸ਼ਨਾਂ ਦਾ ਨਾਂਅ ਬਦਲਣ ਤੋਂ ਬਾਅਦ ਕੁਝ ਸਿਫ਼ਤੀ ਤਬਦੀਲੀ ਆਉਂਦੀ ਹੈ।
ਇਸ ਵਕਤ ਰਾਜ ਕਰਦੀ ਭਾਜਪਾ ਪਾਰਟੀ ਪਾਰਲੀਮੈਂਟ ਵਿੱਚ ਬਹੁ-ਸੰਮਤੀ ਹੋਣ ਕਰਕੇ ਸਰਕਾਰ ਚਲਾ ਰਹੀ ਹੈ। ਪਰ 2024 ਦੀਆਂ ਚੋਣਾਂ ਵਿੱਚ ਹਾਰਨ ਦੇ ਡਰ ਨੇ ਸਰਕਾਰ ਨੂੰ ਏਨਾ ਭੈਭੀਤ ਕੀਤਾ ਹੋਇਆ ਹੈ ਕਿ ਉਹ ਵਿਰੋਧੀਆਂ ਦੇ ਗੱਠਜੋੜ ਆਈ ਐੱਨ ਡੀ ਆਈ ਏ ਤੋਂ ਡਰ ਕੇ ਸੰਵਿਧਾਨ ਵਿੱਚੋਂ ਆਈ ਐੱਨ ਡੀ ਆਈ ਏ ਸ਼ਬਦ ਜਾਂ ਭਾਰਤ ਨੂੰ ਜੋ ਅੰਗਰੇਜ਼ੀ ਵਿੱਚ ਆਈ ਐੱਨ ਡੀ ਆਈ ਏ ਕਿਹਾ ਜਾਂਦਾ ਹੈ, ਨੂੰ ਸਮਾਪਤ ਕਰਨ ਲਈ ਤਿਆਰ ਬੈਠੀ ਹੈ। ਉਨ੍ਹਾਂ ਰਾਸ਼ਟਰਪਤੀ ਵੱਲੋਂ ਜੋ ਜੀ-20 ਨੂੰ ਸੱਦਾ ਦਿੱਤਾ ਹੈ, ਉਸ ਵਿੱਚ ਪ੍ਰੈਜ਼ੀਡੈਂਟ ਆਫ਼ ਇੰਡੀਆ ਦੀ ਜਗ੍ਹਾ ਪ੍ਰੈਜ਼ੀਡੈਂਟ ਆਫ਼ ਭਾਰਤ ਲਿਖਵਾ ਕਿ ਦੇਸ਼ ਵਿੱਚ ਨਵੀਂ ਬੇਲੋੜੀ ਚਰਚਾ ਛੇੜ ਦਿੱਤੀ ਹੈ ਜੋ ਜਨਤਾ ਦੀ ਮੰਗ ਨਹੀਂ, ਬਲਕਿ ਦੇਸ਼ ਉੱਤੇ ਕਾਬਜ਼ ਲਾਣੇ ਦੀ ਘਬਰਾਹਟ ਦੀ ਨਿਸ਼ਾਨੀ ਹੈ। ਅਗਰ ਆਈ ਐੱਨ ਡੀ ਆਈ ਏ ਅਤੇ ਭਾਰਤ ਜਿਨ੍ਹਾਂ ਦੋਹਾਂ ਸ਼ਬਦਾਂ ਦਾ ਸਾਡੇ ਸੰਵਿਧਾਨ ਵਿੱਚ ਵਾਰ-ਵਾਰ ਜ਼ਿਕਰ ਆਉਂਦਾ ਹੈ, ਰਹਿਣ ਦਿੱਤਾ ਜਾਵੇ ਤਾਂ ਕੋਈ ਅਨਰਥ ਨਹੀਂ ਹੋਵੇਗਾ। ਪਰ ਕਾਬਜ਼ ਧਿਰ ਆਈ ਐੱਨ ਡੀ ਆਈ ਏ ਸ਼ਬਦ ਤੋਂ ਐਨੀ ਸਹਿਮ ਚੁੱਕੀ ਹੈ ਕਿ ਇੰਡੀਆ ਰੂਪੀ ਸ਼ਬਦ ਜਿਵੇਂ ਉਨ੍ਹਾਂ ਨੂੰ ਡਾਇਣ ਦੀ ਤਰ੍ਹਾਂ ਨਿਗਲ ਹੀ ਲਵੇਗਾ।
ਹੁਣ ਸਾਡੇ ਕਈ ਪਾਠਕ ਇਹ ਸੋਚਦੇ ਹੋਣਗੇ ਕਿ ਜੇ ਇੰਡੀਆ ਸ਼ਬਦ ਕੱਟ ਕੇ ਭਾਰਤ ਲਿਖ ਵੀ ਦਿੱਤਾ ਜਾਵੇ ਤਾਂ ਕਿਹੜੀ ਹਨੇਰੀ ਆ ਜਾਵੇਗੀ। ਇਹ ਸੋਧ ਜਿੰਨੀ ਮਾਮੂਲੀ ਜਿਹੀ ਜਾਪਦੀ ਹੈ, ਉੰਨੀ ਹੀ ਡੂੰਘੀ ਵੀ ਹੈ। ਕਾਬਜ਼ ਲਾਣਾ ਆਪਣੀ ਬਹੁ-ਸੰਮਤੀ ਦਾ ਫਾਇਦਾ ਉਠਾ ਕੇ ਹੌਲੀ ਹੌਲੀ ਸੰਵਿਧਾਨ ਦੀ ਮੂਲ ਭਾਵਨਾ ਨੂੰ ਹੱਥ ਪਾਉਣਾ ਚਾਹੁੰਦਾ ਹੈ, ਜਾਗਰੂਕ ਦੇਸ਼ ਵਾਸੀ ਅਜਿਹਾ ਹੋਣ ਨਹੀਂ ਦੇਣਗੇ। ਜਿਹੜੇ ਦੇਸ਼ ਵਾਸੀ ਇਹ ਸੋਚਦੇ ਹਨ ਕਿ ਇੰਡੀਆ ਸ਼ਬਦ ਕੱਟ ਹੋਣ ਨਾਲ ਕੀ ਹੋ ਜਾਵੇਗਾ? ਉਹ ਇਹ ਨਹੀਂ ਜਾਣਦੇ ਕਿ ‘ਭਾਰਤ’ ਨਾਮਕਰਨ ’ਤੇ ਤਕਰੀਬਨ 14-15 ਹਜ਼ਾਰ ਕਰੋੜ ਖ਼ਰਚ ਆਵੇਗਾ। ਇਹ ਅੰਕੜਾ ਉਨ੍ਹਾਂ ਏਜੰਸੀਆਂ ਨੇ ਮੁਹੱਈਆ ਕਰਵਾਇਆ ਹੈ ਜੋ ਸੰਸਾਰ ਦੇ ਵੱਖ-ਵੱਖ ਦੇਸ਼ਾਂ ਦੇ ਨਾਮਕਰਨ ਸਮੇਂ ਸਾਹਮਣੇ ਆਉਂਦਾ ਰਿਹਾ। ਜਦ ਕਿ ਭਾਰਤ ਦਾ 2023 ਵਿੱਚ ਵਿੱਤੀ ਮਾਲੀਆ ਕੁਲੈਕਸ਼ਨ 23 ਲੱਖ 84 ਹਜ਼ਾਰ ਕਰੋੜ ਰੁਪਏ ਹੈ। ਹੁਣ ਪਾਠਕ ਆਪ ਹੀ ਅੰਦਾਜ਼ਾ ਲਾ ਸਕਦੇ ਹਨ ਕਿ ਨਾਂਅ ਦੀ ਬਦਲੀ ਕਿੰਨੇ ਵਿੱਚ ਪਵੇਗੀ। ਅਗਰ ਸਰਕਾਰ ਅਕਲ ਤੋਂ ਕੰਮ ਲੈਂਦੀ ਹੋਈ ਇਹ ਵਿਚਾਰ ਛੱਡ ਦਿੰਦੀ ਹੈ ਤਾਂ ਬੇਲੋੜੇ ਖ਼ਰਚੇ ਤੋਂ ਵੀ ਬਚਿਆ ਜਾ ਸਕਦਾ ਹੈ। ਇਹ ਤਬਦੀਲੀ ਕਰਨ ’ਤੇ ਅਜੋਕਾ ਪ੍ਰਧਾਨ ਮੰਤਰੀ ਸਮੇਤ ਸਰਕਾਰ ਤੁਲਿਆ ਹੋਇਆ ਹੈ, ਜਿਹੜਾ ਪ੍ਰਧਾਨ ਮੰਤਰੀ ਦਿਨ-ਰਾਤ, ਸਵੇਰ-ਸ਼ਾਮ, ਉੱਠਦਾ-ਬਹਿੰਦਾ ਆਪਣੇ ਵੱਖ-ਵੱਖ ਨਾਅਰਿਆਂ ਵਿੱਚ ਇੰਡੀਆ ਸ਼ਬਦ ਦਾ ਗੁਣਗਾਣ ਕਰਦਾ ਰਹਿੰਦਾ ਸੀ, ਤਾਂ ਕਿ ਆਮ ਜਨਤਾ ਨੂੰ ਯਕੀਨ ਹੋ ਜਾਵੇ ਕਿ ਮੈਂ ਵੀ ਡਿਗਰੀ ਹੋਲਡਰ ਹਾਂ। ਜ਼ਰਾ ਉਸ ਦੇ ਅਜਿਹੇ ਨਾਅਰਿਆਂ ’ਤੇ ਨਜ਼ਰ ਮਾਰੋ।
ਪ੍ਰਧਾਨ ਮੰਤਰੀ ਜੀ, ਜਨਤਾ ਤੋਂ ਕਹਾਉਂਦੇ ਹੁੰਦੇ ਸੀ ਕਿ ਕਹੋ:
ਸਟਾਰਟ ਆਪ – ਇੰਡੀਆ,
ਡਿਜੀਟਲ – ਇੰਡੀਆ,
ਮੇਕ ਇੰਨ – ਇੰਡੀਆ,
ਸ਼ਾਈਨਿੰਗ – ਇੰਡੀਆ,
ਖੇਲੋ – ਇੰਡੀਆ,
ਜੀਤੇਗਾ – ਇੰਡੀਆ,
ਪੜ੍ਹੇਗਾ – ਇੰਡੀਆ,
ਬੜ੍ਹੇਗਾ – ਇੰਡੀਆ। ਹੁਣ ਸਮੇਤ ਆਪਣੀ ਪਾਰਟੀ ਦੇ ਉਹ ਇੰਡੀਆ ਦੇ ਪਿੱਛੇ ਪੈ ਗਏ ਹਨ। ਕੀ ਸਮਝੀਏ ਕਿ ਕੀ ਉਦੋਂ, ਜਦੋਂ ਨਾਅਰੇ ਲਗਾਉਂਦਾ ਸੀ, ਉਦੋਂ ਸਾਹਿਬ ਮਾਨਸਿਕ ਰੋਗੀ ਸੀ ਕਿ ਹੁਣ ਹੋ ਗਿਆ ਹੈ। ਅਗਰ ‘ਭਾਰਤ’ ਤੇ ਇੰਡੀਆ ਦੋਵੇਂ ਸ਼ਬਦ ਬਰਕਰਾਰ ਰਹਿਣ ਤਾਂ ਸਮੁੱਚੇ ਦੇਸ਼ ਨੂੰ ਕੀ ਘਾਟਾ ਪੈ ਜਾਵੇਗਾ? ਦਰਅਸਲ ਨਾਂਅ ਵਿੱਚ ਕੁਝ ਨਹੀਂ ਰੱਖਿਆ। ਮੌਜੂਦਾ ਸਰਕਾਰ ਬੇਲੋੜੀਆਂ ਬਹਿਸਾਂ ਛੇੜ ਕੇ ਜਨਤਾ ਦਾ ਧਿਆਨ ਆਪਣੀਆਂ ਨਾਕਾਮੀਆਂ ਤੋਂ ਹਟਾਉਣਾ ਚਾਹੁੰਦੀ ਹੈ। ਇਸ ਬਹਾਨੇ ਉਹ ਪਵਿੱਤਰ ਸੰਵਿਧਾਨ ਨੂੰ ਸੋਧਣ ਦੇ ਨਾਂਅ ’ਤੇ ਹੌਲੀ ਹੌਲੀ ਖ਼ਤਮ ਕਰਕੇ ਡਿਕਟੇਟਰਸ਼ਿੱਪ ਵੱਲ ਵਧਣਾ ਚਾਹੁੰਦੀ ਹੈ। ਦੇਸ਼ ਦੀ ਜਨਤਾ ਨੂੰ ਸੁਚੇਤ ਹੋਣਾ ਹੋਵੇਗਾ।
ਜਿਹੜਾ ਆਈ ਐੱਨ ਡੀ ਆਈ ਏ ਗੱਠਜੋੜ ਬਣਿਆ ਹੈ, ਜੋ ਆਪਣੇ ਮੱਤਭੇਦ ਭੁਲਾ ਕੇ ਅਠਾਈ ਦੇ ਕਰੀਬ ਇਕੱਠੇ ਹੋਏ ਹਨ - ਤੁਸੀਂ ਆਪਣੇ ਖ਼ਿਲਾਰੇ ਬੰਦ ਕਰਕੇ 2024 ਨੂੰ ਟੱਕਰਨ ਲਈ ਤਿਆਰ ਹੋ ਜਾਓ। ਪੰਜਾਬ ਵਿੱਚ ਕੁਝ ਕਾਂਗਰਸੀ ਅਤੇ ਕੁਝ ਆਮ ਆਦਮੀ ਪਾਰਟੀ ਦੇ ਕਾਰਕੁੰਨ ਜੋ ਗੁੱਲ ਖਿਲਾ ਰਹੇ ਹਨ, ਉਨ੍ਹਾਂ ਨੂੰ ਸਮੁੱਚੀ ਵਿਰੋਧੀਆਂ ਦੇ ਫਰੰਟ ਦੀ ਭਾਵਨਾ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਇਹੀ ਸਮੇਂ ਦੀ ਪੁਕਾਰ ਹੈ। ਕਾਰਨ! ਇੱਕ ਹਮੇਸ਼ਾ ਇਕੱਲਾ ਹੀ ਰਹਿੰਦਾ ਹੈ ਅਤੇ ਦੋ ਕਦੇ ਕਦੇ ਗਿਆਰਾਂ ਤੱਕ ਦਾ ਸਫ਼ਰ ਤੈਅ ਕਰ ਲੈਂਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4215)
(ਸਰੋਕਾਰ ਨਾਲ ਸੰਪਰਕ ਲਈ: (