“ਬਹੁਤੇ ਇਲਾਕਿਆਂ ਵਿੱਚ ਜਿੱਤ-ਹਾਰ ਦਾ ਤਵਾਜ਼ਨ ਇਨ੍ਹਾਂ ਬਾਬਿਆਂ ਦੇ ਹੱਥ ਹੁੰਦਾ ਹੈ ...”
(21 ਮਾਰਚ 2021)
(ਸ਼ਬਦ: 1060)
ਬੱਚਾ (ਲੜਕਾ ਜਾਂ ਲੜਕੀ) ਆਪਣੇ ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਆਪਣੇ ਮਾਪਿਆਂ, ਬਾਕੀ ਪਰਿਵਾਰਕ ਮੈਬਰਾਂ ਅਤੇ ਆਂਢੀ-ਗੁਆਂਢੀ, ਜੋ ਉਸ ਦੇ ਪਰਿਵਾਰ ਨਾਲ ਮਿਲਦੇ-ਜੁਲਦੇ ਰਹਿੰਦੇ ਹਨ, ਉਨ੍ਹਾਂ ਦੀ ਪਹਿਚਾਣ ਕਰਨੀ ਸ਼ੁਰੂ ਕਰ ਦਿੰਦਾ ਹੈ। ਫਿਰ ਉਨ੍ਹਾਂ ਦੀਆਂ ਹਰ ਤਰ੍ਹਾਂ ਦੀਆਂ ਹਰਕਤਾਂ ਨੂੰ ਨੋਟ ਕਰਨਾ ਸ਼ੁਰੂ ਦਿੰਦਾ ਹੈ। ਬਾਅਦ ਵਿੱਚ ਅਮਲ ਕਰਨਾ ਵੀ ਸ਼ੁਰੂ ਕਰ ਦਿੰਦਾ ਹੈ।
ਅਜਿਹੀ ਛੋਟੀ ਉਮਰ ਵਿੱਚ ਉਸ ਨੂੰ ਧਾਰਮਿਕ ਗਿਆਨ ਨਾਂਹ ਦੇ ਬਰਾਬਰ ਹੁੰਦਾ ਹੈ। ਫਿਰ ਉਹ ਇਸ ਬਾਰੇ ਆਪਣੇ ਪਰਿਵਾਰ ਤੋਂ ਅਜਿਹੀ ਸਿੱਖਿਆ ਪ੍ਰਾਪਤ ਕਰਦਾ ਹੈ, ਜਿੱਥੇ ਉਸ ਦੇ ਪਰਿਵਾਰ ਦੇ ਮੈਂਬਰ ਉਸ ਨੂੰ ‘ਜੈ ਸੀਆ ਰਾਮ, ਜੈ ਸ੍ਰੀਰਾਮ, ਜੈ ਹਨੂੰਮਾਨ, ਵਹਿਗੁਰੂ ਸਤਨਾਮ ਜਾਂ ਅੱਲਾ ਹੂ ਅਕਬਰ’ ਕਹਿਣਾ ਸਿਖਾਉਂਦੇ ਹਨ। ਕੋਈ ਵੀ ਧਰਮ ਕਿਸੇ ਬਾਬਤ ਇੱਥੋਂ ਤਕ ਕਿ ਦੂਜੇ ਧਰਮਾਂ ਤਕ ਨਫ਼ਰਤ ਕਰਨੀ ਨਹੀਂ ਸਿਖਾਉਂਦਾ। ਸਭ ਧਰਮ ਆਪਸੀ ਪ੍ਰੇਮ-ਭਾਵ ਅਤੇ ਰਲ-ਮਿਲ ਕੇ ਰਹਿਣਾ ਸਿਖਾਉਂਦੇ ਹਨ। ਹਰ ਮਾਂ-ਬਾਪ ਦਾ ਇਹੀ ਜ਼ੋਰ ਲੱਗਾ ਹੁੰਦਾ ਹੈ ਕਿ ਮੇਰਾ ਬੱਚਾ ਵਧੀਆ ਇਨਸਾਨ ਬਣੇ ਅਤੇ ਅਜਿਹੀ ਕੋਈ ਹਰਕਤ ਨਾ ਕਰੇ, ਜਿਸ ਨਾਲ ਪਰਿਵਾਰ ਦੇ ਪੱਲੇ ਨਮੋਸ਼ੀ ਪਵੇ।
ਫਿਰ ਜਦ ਬੱਚਾ ਸਕੂਲੇ ਜਾਂਦਾ ਹੈ, ਉੱਥੇ ਵੀ ਉਸ ਨੂੰ ਚੰਗਾ ਬਣਾਉਣ ਜਾਂ ਚੰਗਾ ਤਰਾਸ਼ਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਕ ਅਧਿਆਪਕ ਆਪਣੀ ਡਿਊਟੀ ਪੂਰੀ ਕਰਦਾ ਹੋਇਆ ਬੱਚੇ ਨੂੰ ਚੰਗਾ ਗਿਆਨ ਵੰਡਦਾ ਹੋਇਆ ਸੱਚ ਬੋਲਣ ਅਤੇ ਆਪਣੇ ਤੋਂ ਛੋਟਿਆਂ ਨਾਲ ਪਿਆਰ ਅਤੇ ਵੱਡਿਆਂ ਦਾ ਸਤਿਕਾਰ ਕਰਨਾ ਸਿਖਾਉਂਦਾ ਹੈ। ਸੱਚ ਬੋਲਣ ਲਈ ਪ੍ਰੇਰਦਾ ਹੈ। ਜਦ ਬੱਚਾ ਘਰ ਵਾਸਤੇ ਦਿੱਤਾ ਕੰਮ ਨਾ ਕਰਨ ਦੀ ਸੂਰਤ ਵਿੱਚ ‘ਮੇਰੀ ਕਾਪੀ ਘਰ ਰਹਿ ਗਈ ਹੈ, ਤਾਂ ਉਸ ਦਾ ਸੱਚ-ਝੂਠ ਚੈੱਕ ਕਰਨ ਲਈ ਅਧਿਆਪਕ ਉਸ ਨੂੰ ਘਰੋਂ ਕਾਪੀ ਲਿਆਉਣ ਲਈ ਆਖਦਾ ਹੈ। ਹੋ ਸਕਦਾ ਕਿਸੇ ਕਿਸੇ ਟੀਚਰ ਵਿੱਚ ਬੁਰਾਈਆਂ ਵੀ ਹੋਣ, ਪਰ ਉਹ ਆਪਣੀਆਂ ਬੁਰਾਈਆਂ ਦਾ ਅਸਰ ਆਪਣੇ ਸਕੂਲੀ ਬੱਚਿਆਂ ’ਤੇ ਪੈਣ ਨਹੀਂ ਦਿੰਦਾ।
ਸਕੂਲਾਂ ਦੀ ਪੜ੍ਹਾਈ ਮੁਕਾਉਣ ਤੋਂ ਬਾਅਦ ਕਾਲਜ ਦੇ ਅਧਿਆਪਕ ਉਨ੍ਹਾਂ ਨੂੰ ਆਪਣੇ ਵਿੱਤ ਮੁਤਾਬਕ ਸਿੱਖਿਆ ਦੇ ਕੇ ਚੰਗੇ ਸ਼ਹਿਰੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਕਾਲਜ ਪੜ੍ਹਾਈ ਦੌਰਾਨ ਉਹ ਆਪਣੇ ਅਧਿਆਪਕਾਂ ਤੋਂ ਇਲਾਵਾ ਕਿਤਾਬਾਂ ਤੋਂ ਬਹੁਤ ਕੁਝ ਸਿੱਖਣਾ ਸ਼ੁਰੂ ਕਰ ਦਿੰਦੇ ਹਨ, ਕਿਉਂਕਿ ਕਿਤਾਬ ਅਜਿਹੀ ਮਿੱਤਰ ਹੈ, ਜਿਸ ਨੂੰ ਤੁਸੀਂ ਜਦੋਂ ਖੋਲ੍ਹੋ, ਉਹ ਤੁਹਾਡੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ। ਜਿਸ ਤਰ੍ਹਾਂ ਦਾ ਸਾਹਿਤ ਪੜ੍ਹਦੇ ਹੋ, ਉਸ ਤਰ੍ਹਾਂ ਦਾ ਹੀ ਗਿਆਨ ਪ੍ਰਾਪਤ ਕਰਦੇ ਹੋ।
ਅਜਿਹੇ ਸਭ ਕਾਸੇ ਦੇ ਬਾਵਜੂਦ ਪਿਛਲੇ ਦਿਨਾਂ ਤੋਂ ਜਿਹੜੀਆਂ ਬੀਤੀਆਂ-ਅਣਹੋਣੀਆਂ ਘਟਨਾਵਾਂ ਨੇ ਸਾਡਾ ਧਿਆਨ ਖਿੱਚਿਆ ਹੈ, ਉਨ੍ਹਾਂ ਸਭ ਘਟਨਾਵਾਂ ਨੇ ਆਮ ਨਾਗਰਿਕਾਂ ਦੇ ਮਨਾਂ ’ਤੇ ਵੱਧ, ਘੱਟ ਅਸਰ ਜ਼ਰੂਰ ਪਾਇਆ। ਉਹ ਘਟਨਾਵਾਂ ਹਨ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ-ਜਨਾਹ, ਜਿਹੜਾ ਉਨ੍ਹਾਂ ਨਾਲ ਆਪਣਿਆਂ ਨੇ ਜਾਂ ਆਪਣੇ ਵਰਗਿਆਂ ਨੇ ਕੀਤਾ ਹੈ, ਜਿਸ ਨੂੰ ਤੁਸੀਂ ਦੇਖ-ਸੁਣ ਕੇ ਅਤੇ ਪੜ੍ਹ ਕੇ ਸੁੰਨ ਹੋ ਜਾਂਦੇ ਹੋ। ਵੰਨਗੀ ਦੇਖੋ; ਲੁਧਿਆਣੇ ਵਿੱਚ ਪਿਛਲੇ ਮਹੀਨੇ, ਯਾਨੀ 12 ਫਰਵਰੀ ਨੂੰ ਇੱਕ 13 ਸਾਲ ਦੇ ਲੜਕੇ ਨੇ ਆਪਣੀ ਸੱਤ ਸਾਲ ਦੀ ਭੈਣ ਨਾਲ ਜਬਰ-ਜ਼ਨਾਹ ਕੀਤਾ, ਲੜਕਾ ਹੁਣ ਜੇਲ ਵਿੱਚ ਹੈ। ਇਸੇ ਤਰ੍ਹਾਂ ਇਸ ਮਹੀਨੇ ਦੇ ਪਹਿਲੇ ਹਫਤੇ ਇੱਕ 12 ਸਾਲਾ ਨਾਬਾਲਗ ਲੜਕਾ ਇੱਕ ਛੇ ਸਾਲ ਦੀ ਬੱਚੀ ਦੀ ਹੱਤਿਆ ਕਰਕੇ ਜੇਲ ਵਿੱਚ ਪਹੁੰਚ ਗਿਆ ਹੈ। ਇਸੇ ਤਰ੍ਹਾਂ ਇੱਕ ਹੋਰ ਭਰਾ ਦੀ ਕਰਤੂਤ ਵੱਲ ਧਿਆਨ ਦਿਓ। ਜੀਂਦ ਪਿੰਡ, ਜੋ ਹਰਿਆਣਾ ਵਿੱਚ ਪੈਂਦਾ ਹੈ, ਦੇ ਇੱਕ 14 ਸਾਲਾ ਭਰਾ ਨੇ ਆਪਣੀ 12 ਸਾਲਾ ਭੈਣ ਨਾਲ ਜਬਰ-ਜ਼ਨਾਹ ਕਰਕੇ ਗਰਭਵਤੀ ਕਰ ਦਿੱਤਾ, ਜੋ ਹੁਣ ਫੜਿਆ ਜਾ ਚੁੱਕਾ ਹੈ ਅਤੇ ਜੇਲ ਦੀ ਹਵਾ ਖਾ ਰਿਹਾ ਹੈ। ਸੈਂਕੜੇ ਘਟਨਾਵਾਂ ਵਿੱਚੋਂ ਨਬਾਲਗਾਂ ਵੱਲੋਂ ਕੀਤੀਆਂ ਕਾਲੀਆਂ ਕਰਤੂਤਾਂ ਦੀਆਂ ਕੁਝ ਵੰਨਗੀਆਂ ਦਾ ਹਵਾਲਾ ਦਿੱਤਾ ਹੈ। ਕਈ ਨਬਾਲਗ ਬੱਚੀਆਂ ਦੀਆਂ ਬਾਲਗ ਵੀ ਇੱਜ਼ਤਾਂ ਲੁੱਟ ਰਹੇ ਹਨ, ਜਿਨ੍ਹਾਂ ਵਿੱਚ ਬਾਲੜੀਆਂ ਦੇ ਪਿਓ-ਚਾਚਾ-ਮਾਮਾ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਸ਼ਾਮਲ ਹੁੰਦੇ ਹਨ। ਅਜਿਹੇ ਵਾਤਾਵਰਣ ਵਿੱਚ ਬਾਲੜੀ ਜਾਵੇ ਤਾਂ ਕਿੱਥੇ ਜਾਵੇ, ਕਿਉਂਕਿ ਅਜਿਹੇ ਰਿਸ਼ਤਿਆਂ ਤੋਂ ਜ਼ਿਆਦਾ ਹੋਰ ਨੇੜੇ ਕਿਹੜਾ ਰਿਸ਼ਤਾ ਹੋ ਸਕਦਾ ਹੈ?
ਹੁਣ ਤੁਸੀਂ ਉਨ੍ਹਾਂ ਅਖੌਤੀ ਸਾਧੂ-ਸੰਤਾਂ, ਮਹਾਂਪੁਰਸ਼ਾਂ, ਬਾਬਿਆਂ, ਡੇਰੇਦਾਰਾਂ, ਕਰਾਮਾਤੀ ਗੁਰੂਆਂ ਵੱਲ ਝਾਤੀ ਮਾਰੋ, ਜਿਨ੍ਹਾਂ ਨੂੰ ਤਕਰੀਬਨ ਸਰਕਾਰੀ ਮਿਹਰਬਾਨੀਆਂ ਮਿਲੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਈਆਂ ਦੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਦੀ ਗਿਣਤੀ ਹੈ। ਜਿਨ੍ਹਾਂ ਦੀ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਐੱਮ ਐੱਲ ਏ, ਮੈਂਬਰ ਪਾਰਲੀਮੈਂਟ, ਮਨਿਸਟਰ, ਇੱਥੋਂ ਤਕ ਕਿ ਪ੍ਰਧਾਨ ਮੰਤਰੀ ਹਾਜ਼ਰੀ ਲਗਵਾਉਂਦੇ ਹਨ। ਅਜਿਹੇ ਕਲਯੁਗੀ ਬਾਬੇ ਸਰੇਆਮ ਆਪਣੀ ਧੌਂਸ ਜਮਾਉਂਦੇ ਹਨ, ਆਪਣੇ ਆਪ ਨੂੰ ਰੱਬ ਜਾਂ ਰੱਬ ਦਾ ਬੰਦਾ ਅਖਵਾਉਂਦੇ ਹਨ। ਅਜਿਹੇ ਬਨਾਉਟੀ ਬਾਬਿਆਂ ਦਾ ਜਦ ਕੋਈ ਕਾਰਾ ਬਾਹਰ ਆਉਣ ’ਤੇ ਪੜਤਾਲ ਹੋਈ ਹੈ ਤਾਂ ਸਭ ਅਖੀਰ ਵਿੱਚ ਜੇਲਾਂ ਵਿੱਚ ਗਏ। ਕੋਈ 10 ਸਾਲ, ਕੋਈ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਅਜਿਹੇ ਕਲਯੁਗੀ ਜੇਲਾਂ ਵਿੱਚ ਬੈਠੇ ਬਾਬਿਆਂ ਦੀ ਗਿਣਤੀ ਦਰਜਨਾਂ ਵਿੱਚ ਹੈ। ਜੋ ਬਾਹਰ ਹਨ, ਉਹ ਇਸ ਕਰਕੇ ਹਨ, ਕਿਉਂਕਿ ਅਜੇ ਤਕ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਨਹੀਂ ਹੋਈ। ਜਿਸ ਸ਼ਿਕਾਇਤ ਦਿਨ ਹੋ ਗਈ, ਉਸ ਦਿਨ ਤੋਂ ਬਾਅਦ ਉਹ ਵੀ ਆਪਣੇ ਭਰਾਵਾਂ ਵਿੱਚ ਸ਼ਾਮਲ ਹੋ ਜਾਣਗੇ। ਮੌਜੂਦਾ ਜਾਂ ਸੰਬੰਧਤ ਸਰਕਾਰਾਂ ਇਸ ਕਰਕੇ ਰਹਿੰਦੇ ਬਾਬਿਆਂ ਨੂੰ ਵੋਟ ਬੈਂਕ ਕਰਕੇ ਹੱਥ ਨਹੀਂ ਪਾਉਂਦੀਆਂ, ਕਿਉਂਕਿ ਬਹੁਤੇ ਇਲਾਕਿਆਂ ਵਿੱਚ ਜਿੱਤ-ਹਾਰ ਦਾ ਤਵਾਜ਼ਨ ਇਨ੍ਹਾਂ ਬਾਬਿਆਂ ਦੇ ਹੱਥ ਹੁੰਦਾ ਹੈ। ਅਜਿਹਾ ਨਾ ਹੋਵੇ ਜਾਂ ਘੱਟੋ-ਘੱਟ ਹੋਵੇ ਉਸ ਵਾਸਤੇ ਕਾਨੂੰਨ ਤਾਂ ਬਹੁਤ ਹਨ, ਪਰ ਕੁਝ ਢਿੱਲਾਂ ਹੋਣ ਕਰਕੇ ਅਪਰਾਧਾਂ ਨੂੰ ਬਰੇਕਾਂ ਨਹੀਂ ਲੱਗ ਰਹੀਆਂ। ਜਿਨ੍ਹਾਂ ਬਾਰੇ ਚਰਚਾ ਕਰਨੀ ਬਣਦੀ ਹੈ। ਜਿਵੇਂ, ਬਾਲਗ ਹੋਣ ਦੀ ਉਮਰ ਘੱਟ ਕੀਤੀ ਜਾਵੇ, ਕਿਉਂਕਿ ਨਾਬਾਲਗ ਨੂੰ ਸਖ਼ਤ ਸਜ਼ਾ ਜਿਵੇਂ ਫ਼ਾਂਸੀ ਜਾਂ ਉਮਰ ਕੈਦ ਨਹੀਂ ਦਿੱਤੀ ਜਾ ਸਕਦੀ, ਜਿਵੇਂ ਕਿ 2012 ਵਿੱਚ ਵਾਪਰੇ ਦਿੱਲੀ ਦੇ ਜਬਰ-ਜ਼ਨਾਹ ਕੇਸ ਵਿੱਚ ਹੋਇਆ, ਜਿਸ ਵਿੱਚ ਇੱਕ ਨਾਬਾਲਗ ਨੇ ਪੀੜਤਾ ਨਾਲ ਸਭ ਤੋਂ ਵੱਧ ਦਰਿੰਦਗੀ ਕੀਤੀ, ਪਰ ਅਪਰਾਧੀ ਨਾਬਾਲਗ ਹੋਣ ਕਰਕੇ ਮੌਤ ਦੀ ਸਜ਼ਾ ਤੋਂ ਬਚ ਨਿਕਲਿਆ। ਬਾਕੀਆਂ ਨੂੰ ਮੌਤ ਦੀ ਸਜ਼ਾ ਹੋਈ। ਇਸ ਕਰਕੇ ਮੰਗ ਉੱਠ ਰਹੀ ਹੈ ਕਿ ਬਾਲਗ ਹੋਣ ਦੀ ਉਮਰ 18 ਸਾਲ ਤੋਂ ਘਟਾ ਕੇ 15-16 ਸਾਲ ਦੀ ਕਰਨੀ ਚਾਹੀਦੀ ਹੈ।
ਅਗਲਾ ਸੁਝਾਅ ਹੈ ਕਿ ‘ਸਪੀਡੀ ਟਰਾਇਲ’ ਭਾਵ ਦੋਸ਼ੀ ’ਤੇ ਮੁਕੱਦਮਾ ਚਲਾ ਕੇ ਘੱਟੋ-ਘੱਟ ਸਮੇਂ ਵਿੱਚ ਦੋਸ਼ੀ ਜਾਂ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ। ਕਈ ਕੇਸਾਂ ਵਿੱਚ ਕਈ ਜੱਜ ਸਾਹਿਬਾਨਾਂ ਨੇ ਇੱਕ ਮਹੀਨੇ ਵਿੱਚ ਹੀ ਸਜ਼ਾਵਾਂ ਸੁਣਾ ਦਿੱਤੀਆਂ ਹਨ। ਅਜਿਹੇ ਕੇਸਾਂ ਵਿੱਚ ਯਕੀਨੀ ਬਣਾਇਆ ਜਾਵੇ ਕਿ ਕੇਸ ਮਿੱਥੇ ਸਮੇਂ ਵਿੱਚ ਨਿਪਟਾਇਆ ਜਾਵੇ। ਇਸ ਤਰ੍ਹਾਂ ਕਰਨ ਨਾਲ ਵੀ ਅਪਰਾਧਾਂ ਦੀ ਰਫ਼ਤਾਰ ਘਟੇਗੀ।
ਸੰਵਿਧਾਨ ਮੁਤਾਬਕ ਹਰ ਕਾਨੂੰਨ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਅਤੇ ਰੱਖਣਾ ਹਰ ਨਾਗਰਿਕ ਲਈ ਜ਼ਰੂਰੀ ਹੈ। ਇਸ ਬਾਰੇ ਅਸੀਂ ਇਹ ਕਹਾਂਗੇ ਕਿ ਅਜਿਹੇ ਕਾਨੂੰਨਾਂ ਬਾਰੇ ਸਰਕਾਰ ਆਪਣੇ ਸਾਧਨਾਂ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਕਰੇ। ਅਜਿਹਾ ਪ੍ਰਚਾਰ ਸਕੂਲਾਂ-ਕਾਲਜਾਂ ਰਾਹੀਂ, ਅਖ਼ਬਾਰਾਂ, ਰੇਡੀਓ ਸਟੇਸ਼ਨਾਂ ਅਤੇ ਟੈਲੀਵੀਜ਼ਨਾਂ ਰਾਹੀਂ ਹੋਣਾ ਚਾਹੀਦਾ ਹੈ, ਜਿਸ ਨਾਲ ਮਾੜੀ ਬਿਰਤੀ ਰੱਖਣ ਵਾਲਿਆਂ ਵਿੱਚ ਖੌਫ਼ ਪੈਦਾ ਹੋਵੇ। ਅਜਿਹੀ ਸਥਿਤੀ ਵਿੱਚ ਸਕੂਲਾਂ, ਕਾਲਜਾਂ ਦੇ ਕੋਰਸਾਂ ਵਿੱਚ ਅਜਿਹੀ ਸਿੱਖਿਆ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਬਾਲਗਾਂ ਦੇ ਕੇਸਾਂ ਵਿੱਚ ਵੀ ਵੱਧ ਤੋਂ ਵੱਧ ਨਮੂਨੇ ਵਾਲੀ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਉਨ੍ਹਾਂ ਲਈ ਵੀ ਸਪੀਡੀ ਟਰਾਇਲ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਸਰਕਾਰਾਂ ਨੂੰ ਆਪਣੇ ਸਾਧਨਾਂ ਰਾਹੀਂ ਸਾਧੂਆਂ, ਸੰਤਾਂ, ਮਹੰਤਾਂ ਦੇ ਡੇਰਿਆਂ ਆਦਿ ’ਤੇ ਨਿਗਰਾਨੀ ਰੱਖਣੀ ਚਾਹੀਦੀ ਹੈ ਤਾਂ ਕਿ ‘ਧਰਮ ਓਹਲੇ ਕੁਕਰਮ’ ਵਧ-ਫੁੱਲ ਨਾ ਸਕੇ। ਜੇਕਰ ਬੀਬੀਆਂ ਅਜਿਹੇ ਡੇਰਿਆਂ ’ਤੇ ਜਾਣ ਤੋਂ ਪ੍ਰਹੇਜ਼ ਕਰਨ ਲੱਗ ਜਾਣ ਤਾਂ ਅੱਧਿਓਂ ਵੱਧ ਡੇਰੇ ਆਪਣੇ-ਆਪ ਖ਼ਤਮ ਹੋ ਜਾਣਗੇ, ਨਾਲ ਹੀ ਕੁਕਰਮਾਂ ਨੂੰ ਵੀ ਨੱਥ ਪੈ ਸਕੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2659)
(ਸਰੋਕਾਰ ਨਾਲ ਸੰਪਰਕ ਲਈ: