“ਅਗਰ ਅਜੇ ਵੀ ਸਾਰੀਆਂ ਪਾਰਟੀਆਂ ਦੇ ਜਮਹੂਰੀਅਤ ਪਸੰਦ ਲੋਕ ਆਪਸੀ ਮਤਭੇਦ ਭੁਲਾ ਕੇ ਇਕੱਠੇ ਨਾ ਹੋਏ ਤਾਂ ...”
(21 ਜੂਨ 2023)
ਵਿਸ਼ਵ ਗੁਰੂ ਅਤੇ ਉਸ ਦੇ ਅੰਧ-ਭਗਤਾਂ ਨੂੰ ਛੱਡ ਕੇ ਬਾਕੀ ਜਨਤਾ ਕਿਵੇਂ ਭੋਲੀ ਹੈ, ਉਹ ਉਸ ਕਾਂਗਰਸੀ ਗਰੀਬ ਮਹਾਨ ਨੇਤਾ ਬਾਰੇ ਸੋਚਦੇ-ਸੋਚਦੇ ਅੱਜ ਦੇ ਭਾਰਤੀ ਕੁਸ਼ਤੀ ਮਹਾਂ ਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਮੱਥੇ ਤੋਂ ਤਿਲਕਧਾਰੀ ਸੰਸਦ ਮੈਂਬਰ ਬ੍ਰਿਜ ਭੂਸ਼ਣ ਸਿੰਘ ਬਾਰੇ ਸੋਚਣ ਲੱਗ ਪੈਂਦੇ ਹਨ ਕਿ ਅਗਰ ਉਹ ਕਾਂਗਰਸੀ ਨੇਤਾ ਨਾ ਰੇਲ ਗੱਡੀ ਚਲਾਉਂਦਾ ਸੀ, ਨਾ ਟਿਕਟਾਂ ਕੱਟਦਾ ਸੀ, ਨਾ ਹੀ ਕਿਸੇ ਕਿਸਮ ਦਾ ਰੇਲਵੇ ਮਕੈਨਿਕ ਸੀ, ਸਿਰਫ਼ ਕਾਗਜ਼ਾਂ ਵਿੱਚ ਹੀ ਉਹ ਰੇਲਵੇ ਮਹਿਕਮੇ ਦਾ ਇੰਚਾਰਜ ਸੀ। ਅਚਾਨਕ ਐਕਸੀਡੈਂਟ ਹੋ ਜਾਂਦਾ ਹੈ, ਉਹ ਇੱਕ ਮਿੰਟ ਦਾ ਵੀ ਇੰਤਜ਼ਾਰ ਕੀਤੇ ਬਗੈਰ ਆਪਣਾ ਅਸਤੀਫ਼ਾ ਦੇ ਦਿੰਦਾ ਹੈ, ਸਭ ਰੋਕਦੇ ਹਨ, ਟੋਕਦੇ ਹਨ ਪਰ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਹੋਇਆ ਮੁੜ ਇਸ ’ਤੇ ਗੌਰ ਕਰਨ ਨੂੰ ਤਿਆਰ ਨਹੀਂ ਹੁੰਦਾ। ਇਸਦੀ ਜਨਤਾ ਅੱਜ ਤਕ ਉਦਾਹਰਣ ਦਿੰਦੀ ਹੈ।
ਮੌਜੂਦਾ ਸਮੇਂ ਤਰ੍ਹਾਂ-ਤਰ੍ਹਾਂ ਦੇ ਤਗਮੇ ਜੇਤੂ ਭਾਰਤ ਦੀਆਂ ਉਹ ਭਲਵਾਨ ਬੇਟੀਆਂ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨੇ ਆਪਣੇ ਪਾਸ ਬੁਲਾ ਕੇ ਵੱਖ-ਵੱਖ ਸਮਿਆਂ ’ਤੇ ਸਨਮਾਨਤ ਕੀਤਾ, ਭਾਰਤ ਦੀਆਂ ਬੇਟੀਆਂ ਆਖਿਆ। “ਬੇਟੀ ਬਚਾਓ, ਬੇਟੀ ਪੜ੍ਹਾਓ” ਦਾ ਨਾਅਰਾ ਉੱਚਾ ਕੀਤਾ। ਪਰ ਜਦੋਂ ਪਰਖ ਦਾ ਸਮਾਂ ਆਇਆ ‘ਮਨ ਕੀ ਬਾਤ’ ਕਰਨ ਵਾਲਾ ਵੀ ਗੂੰਗਾ ਹੋ ਗਿਆ। ਗੂੰਗਾ ਵੀ ਅਜਿਹਾ ਹੋਇਆ, ਜਿਵੇਂ ਕੁਝ ਦਿਸਦਾ ਨਾ ਹੋਵੇ। ਹਫ਼ਤਿਆਂ ਬੱਧੀ ਨੀਲੇ ਅਕਾਸ਼ ਥੱਲੇ ਰਹਿਣਾ, ਸੌਣਾ, ਪੁਲਿਸ ਰਾਹੀਂ ਘਸੀਟਿਆਂ ਜਾਣਾ, ਇੱਥੋਂ ਤਕ ਕਿ ਉਨ੍ਹਾਂ ਦੇ ਹੰਝੂ ਵੀ ਇਸ ਬੇਔਲਾਦ ਵਿਸ਼ਵ ਗੁਰੂ ਨੂੰ ਪਿਘਲਾ ਨਾ ਸਕੇ।
ਅੱਜ ਤਕ ਅਣਗਿਣਤ ਜਥੇਬੰਦੀਆਂ, ਸਿਆਸੀ ਪਾਰਟੀਆਂ, ਵਿਸ਼ਵ ਪ੍ਰਸਿੱਧ ਖਿਡਾਰੀਆਂ, ਫਿਲਮੀ ਹਸਤੀਆਂ, ਧਾਰਮਕ ਗੁਰੂਆਂ, ਵਿਦਿਆਰਥੀ ਜਥੇਬੰਦੀਆਂ, ਇੱਥੋਂ ਤਕ ਭਾਜਪਾ ਅੰਦਰੋਂ ਵੀ ਅਵਾਜ਼ ਉੱਠਣੀ ਸ਼ੁਰੂ ਹੋ ਗਈ। ਖਾਪ ਪੰਚਾਇਤਾਂ ਖੱਲ੍ਹ ਕੇ ਦੇਸ਼ ਦੀਆਂ ਬੇਟੀਆਂ ਦੇ ਹੱਕ ਵਿੱਚ ਸਾਹਮਣੇ ਆ ਗਈਆਂ ਹਨ। ਮੌਜੂਦਾ ਸਰਕਾਰ ਇਸ ਦੋਸ਼ੀ ਦੀ ਕਿੰਨੀ ਪਿੱਠ ਠੋਕ ਰਹੀ ਹੈ, ਜਾਣੋ, ਸੁਪਰੀਮ ਕੋਰਟ ਦੇ ਹੁਕਮ ’ਤੇ ਪਰਚਾ ਦਰਜਾ ਹੋਇਆ। ਗ੍ਰਿਫ਼ਤਾਰੀ ਸਰਕਾਰ ਨੇ ਕਰਨੀ ਸੀ, ਨਹੀਂ ਹੋਈ। ਸਮਝ ਨਹੀਂ ਆਉਂਦੀ, 164 ਸੀ ਆਰ ਪੀ ਸੀ ਦੀ ਧਾਰਾ ਹੇਠ ਜੱਜ ਸਾਹਮਣੇ ਫਰਿਆਦੀ ਦੇ ਬਿਆਨ ਕਲਮਬੱਧ ਹੋਏ ਹਨ, ਪਰ ਉਸ ਨੂੰ ਫੜਨ ਜਾਂ ਹੱਥ ਪਾਉਣ ਦੀ ਗੱਲ ਅਜੇ ਤਕ ਨਹੀਂ ਹੋਈ। ਕੀ ਬਾਕੀ ਗਰੀਬ ਜਨਤਾ ਨਾਲ ਵੀ ਅਜਿਹਾ ਹੀ ਹੁੰਦਾ? ਸ਼ਾਇਦ ਇਸੇ ਕਰਕੇ ਹੀ ਇਹ ਪ੍ਰਚਲਤ ਹੈ ਕਿ ਸਭ ਤੋਂ ਵੱਡਾ ਝੂਠ ਇਹ ਹੈ ਕਿ “ਕਾਨੂੰਨ ਸਾਹਮਣੇ ਸਭ ਭਾਰਤੀ ਇੱਕ ਹਨ।” ਤੁਸੀਂ ਟੀ ਵੀ ਅਤੇ ਅਖ਼ਬਾਰਾਂ ਵਿੱਚ ਸੁਣਦੇ ਅਤੇ ਪੜ੍ਹਦੇ ਹੋਵੋਗੇ ਕਿ ਦੋਸ਼ੀ ਦੀਆਂ ਹਰਕਤਾਂ ਤੋਂ ਅਜਿਹਾ ਲਗਦਾ ਹੈ ਜਿਵੇਂ ਖਿਡਾਰਨਾਂ ਬੇਟੀਆਂ ਦੋਸ਼ੀ ਹੋਣ। ਜਾਅਲੀ ਇਕੱਠ ਕਰਕੇ ਉਸ ਦਾ ਗੱਲ ਫੁੱਲਾਂ ਦੇ ਹਾਰਾਂ ਨਾਲ ਅੰਧ-ਭਗਤਾਂ ਵੱਲੋਂ ਭਰ ਦਿੱਤਾ ਜਾਂਦਾ ਹੈ। ਪੁਲਿਸ ਅੱਗੇ ਪੇਸ਼ ਹੋਣ ਦੀ ਬਜਾਏ ਉਹ ਆਪਣੇ ਆਪ ਨੂੰ ਫ਼ਾਂਸੀ ਲਾਉਣ ਦੀ ਝੂਠੀ ਗੱਲ ਕਰਕੇ ਆਮ ਜਨਤਾ ਨੂੰ ਗੁਮਰਾਹ ਕਰ ਰਿਹਾ ਹੈ। ਇਹ ਡਰਾਮਾ ਰਲ ਕੇ ਸਿਰਫ਼ ਵੋਟਾਂ ਦੀ ਖਾਤਰ ਹੋ ਰਿਹਾ ਹੈ।
ਨਵੀਂ ਸੰਸਦ ਦੇ ਉਦਘਾਟਨ ਸਮੇਂ ਮੋਦੀ ਵੱਲੋਂ ਇੱਕ ਖਾਸ ਨੇਤਾ ਦਾ ਦਿਨ ਚੁਣਿਆ ਗਿਆ। ਵਿਰੋਧੀਆਂ ਵੱਲੋਂ ਬਾਈਕਾਟ, ਰਾਸ਼ਟਰਪਤੀ ਸਮੇਤ ਕਈ ਸ਼ਖਸੀਅਤਾਂ ਨੂੰ ਨਾ ਬੁਲਾਉਣਾ, ਉਦਘਾਟਨ ਇਸ ਤਰ੍ਹਾਂ ਕਰਨਾ ਜਿਵੇਂ ਪੱਲਿਓਂ ਖ਼ਰਚ ਕੀਤਾ ਹੋਵੇ, ਸੰਸਦ ਭਵਨ ਨੂੰ ਜਮਹੂਰੀਅਤ ਦਾ ਮੰਦਰ ਦੱਸਣ ਵਾਲਾ ਆਪ ਆਪਣੇ ਵਿਹਾਰ ਤੋਂ ਹਿਟਲਰ ਤੋਂ ਘੱਟ ਨਾ ਲਗਦਾ ਹੋਵੇ।
ਉਪਰੋਕਤ ਗੱਲਾਂ ਅਜੇ ਸ਼ੁਰੂਆਤੀ ਹਨ। ਅਗਰ ਅਜੇ ਵੀ ਸਾਰੀਆਂ ਪਾਰਟੀਆਂ ਦੇ ਜਮਹੂਰੀਅਤ ਪਸੰਦ ਲੋਕ ਆਪਸੀ ਮਤਭੇਦ ਭੁਲਾ ਕੇ ਇਕੱਠੇ ਨਾ ਹੋਏ ਤਾਂ ਬਹੁਤ ਦੇਰ ਹੋ ਕੀ ਹੋਵੇਗੀ।
ਜਾਣਨ ਦੀ ਕੋਸ਼ਿਸ਼ ਕਰੋ ਕਿ ਗੋਦੀ ਮੀਡੀਆ ਦਾ ਇੰਨਾ ਫਾਲਤੂ ਦਾ ਰੌਲਾ ਕਿ ਸੁਣ ਕੇ ਲਗਦਾ ਕਿ ਸਮੁੱਚੇ ਭਾਰਤ ਵਿੱਚ ਭਾਜਪਾ ਦਾ ਰਾਜ ਹੋਵੇ। ਜਿਵੇਂ ਇਕੱਲੀ ਭਾਜਪਾ ਸਿਰਫ਼ ਚਾਰ ਰਾਜਾਂ ਵਿੱਚ ਹੈ, ਉਸੇ ਤਰ੍ਹਾਂ ਕਾਂਗਰਸ ਵੀ ਚਾਰ ਸੂਬਿਆਂ ਵਿੱਚ ਹੈ। ਕਰਨਾਟਕਾ ਵਿੱਚ ਪ੍ਰਧਾਨ ਮੰਤਰੀ ਵੱਲੋਂ ਦਰਜਨਾਂ ਰੈਲੀਆਂ ਕਰਨ ਤੋਂ ਬਾਅਦ ਨਤੀਜੇ ਸਭ ਦੇ ਸਾਹਮਣੇ ਹਨ। ਇਕੱਠੇ ਹੋ ਕੇ ਹੋਰ ਸੂਬੇ ਕਰਨਾਟਕਾ ਬਣਾਏ ਜਾ ਸਕਦੇ ਹਨ।
ਜਨਤਾ ਵਿੱਚ ਇਹ ਪ੍ਰਚਾਰ ਤੇਜ਼ ਕਰਨਾ ਹੋਵੇਗਾ ਕਿ ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਰਿਟਾਇਰ ਹੋਣ ਤੋਂ ਬਾਅਦ ਸਿਆਸੀ ਅਹੁਦਿਆਂ ’ਤੇ ਫਿੱਟ ਕਰਨਾ ਬੰਦ ਹੋਣਾ ਚਾਹੀਦਾ ਹੈ। ਜੋ ਮੌਜੂਦਾ ਸਰਕਾਰ ਗਲਤ ਕਰ ਰਹੀ, ਉਹ ਸਭ ਬੰਦ ਹੋਣਾ ਚਾਹੀਦਾ। ਆਪੋ ਆਪਣੀ ਜਗ੍ਹਾ ਸਭ ਜਾਗੋ। ਸਰਕਾਰਾਂ ਨੂੰ ਸਵਾਲ ਕਰੋ। ਬੁੱਧੀਮਾਨ ਅਖ਼ਬਾਰਾਂ ਵਿੱਚ ਲਿਖਣ, ਮੌਕਾ ਮਿਲਣ ’ਤੇ ਟੈਲੀਵਿਜ਼ਨ, ਰੇਡੀਓ ਸਟੇਸ਼ਨਾਂ ’ਤੇ ਬੋਲ ਕੇ ਆਪੋ-ਆਪਣੇ ਤਰੀਕੇ ਨਾਲ ਲੋਕਾਂ ਨੂੰ ਜਾਗਰਤ ਕਰੋ।
ਅਸੀਂ ਲੋਕ ਕੁਝ ਸਮਾਂ ਬੀਤਣ ਬਾਅਦ ਚੁੱਪ ਹੋ ਜਾਂਦੇ ਹਾਂ ਅਤੇ ਭੁੱਲ-ਭੁਲਾ ਜਾਂਦੇ ਹਾਂ। ਭਾਜਪਾ ਅਤੇ ਉਸ ਦੀਆਂ ਹਮਖਿਆਲ ਪਾਰਟੀਆਂ ਜਮਹੂਰੀਅਤ ਸਿਸਟਮ ਨੂੰ ਅਤੇ ਸੰਵਿਧਾਨ ਨੂੰ ਸੋਧ ਕੇ ਨਿਚੋੜ ਸੁੱਟਣਾ ਚਾਹੁੰਦੀਆਂ ਹਨ। ਤੁਹਾਨੂੰ ਯਾਦ ਹੋਵੇਗਾ, ਅਜੇ ਬਹੁਤਾ ਚਿਰ ਨਹੀਂ ਹੋਇਆ, ਇਸ ਵਕਤ ਅਹੁਦੇ ਤੋਂ ਹਟਾਏ ਗਏ ਮਿਸਟਰ ਰਿਜਿਜੂ ਜੋ ਗ੍ਰਹਿ ਵਿਭਾਗ ਨਾਲ ਸੰਬੰਧ ਰੱਖਦੇ ਸਨ, ਨੇ ਕਲੇਜੀਅਮ ਪ੍ਰਣਾਲੀ ਵਿੱਚ ਸਰਕਾਰ ਲਈ ਇੱਕ ਸੀਟ ਦੀ ਮੰਗ ਕਰਕੇ ਨਵੀਂ ਬਹਿਸ ਛੇੜ ਕੇ ਸੰਵਿਧਾਨ ਨੂੰ ਕਮਜ਼ੋਰ ਜਾਂ ਖ਼ਤਮ ਕਰਨ ਦੀ ਗੱਲ ਤੋਰੀ ਤਾਂ ਕਿ ਉਹ ਮੌਜੂਦਾ ਸੰਵਿਧਾਨ ਨੂੰ ਓਵਰਹਾਲ ਕਰ ਸਕਣ।
ਮੌਜੂਦਾ ਸੰਵਿਧਾਨ ਵਿੱਚ 105 ਤੋਂ ਜ਼ਿਆਦਾ ਸੋਧਾਂ ਹੋ ਚੁੱਕੀਆਂ ਹਨ। ਬਾਕੀ ਸੋਧਾਂ ਕਰਨ ਲਈ ਵੱਖ-ਵੱਖ ਸਮੇਂ ਆਰਡੀਨੈਂਸ ਜਾਰੀ ਹੋ ਰਹੇ ਹਨ, ਜਿਨ੍ਹਾਂ ਨੂੰ ਬਾਅਦ ਵਿੱਚ ਸੋਧਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਅਜੋਕੀ ਸਰਕਾਰ ਜਿੰਨਾ ਧੂਆਂਧਾਰ ਪ੍ਰਚਾਰ ਕਰ ਰਹੀ, ਧਰਾਤਲ ’ਤੇ ਉਹ ਕੁਝ ਦਿਸ ਨਹੀਂ ਰਿਹਾ। ਹੱਤਿਆਵਾਂ, ਖੋਹਾਂ, ਬਲਾਤਕਾਰ, ਭੀੜ ਹੱਤਿਆਵਾਂ, ਫਿਰੌਤੀਆਂ, ਗੈਂਗਸਟਰਾਂ ਦਾ ਰੌਲਾ ਅਤੇ ਮਹਿੰਗਾਈ ਉਵੇਂ ਦੇ ਉਵੇਂ ਹਨ। ਬਣਾਉਣ ਵੱਲ ਘੱਟ ਅਤੇ ਵੇਚਣ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਸਰਕਾਰੀ ਸੰਸਥਾਵਾਂ ਦੀ ਥਾਂ ਨਿੱਜੀਕਰਨ ਨੂੰ ਪਹਿਲ ਦਿੱਤੀ ਜਾ ਰਹੀ। ਵਧੀਆ ਇਸ ਕਰਕੇ ਵੇਚਿਆ ਜਾ ਰਿਹਾ, ਕਿਉਂਕਿ ਉਹ ਮੁਨਾਫ਼ੇਯੋਗ ਹੈ, ਘਾਟੇ ਵਾਲੀਆਂ ਸੰਸਥਾਵਾਂ ਇਸ ਕਰਕੇ ਵੇਚੀਆਂ ਜਾ ਰਹੀਆਂ ਹਨ ਕਿ ਉਨ੍ਹਾਂ ਤੋਂ ਕੋਈ ਮੁਨਾਫ਼ਾ ਨਹੀਂ ਹੋ ਰਿਹਾ।
ਜਿਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਮਨਸੂਬੇ ਘੜੇ ਜਾ ਰਹੇ ਹਨ, ਉਸ ਦੇ ਵਾਸੀ ਪੂਰਾ ਕੰਟਰੋਲ ਨਾ ਹੋਣ ਕਰਕੇ ਇਸ ਨਿਘਾਰ ਨੂੰ ਪਹੁੰਚ ਚੁੱਕੇ ਹਨ ਕਿ ਕਰਨਾਟਕ ਸੂਬੇ ਦੀ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਲਾਸ਼ਾਂ ਨਾਲ ਸੰਬੰਧਤ ਰਾਸ਼ਟਰ ਬਣਾਉਣ ਨੂੰ, ਸਖ਼ਤ ਸਜ਼ਾ ਦੇਣ ਲਈ ਅਪਰਾਧ ਦੀ ਸ਼੍ਰੇਣੀ ਵਿੱਚ ਲਿਆਵੇ। ਇਹ ਨਿਘਾਰ ਦਾ ਸਿਖਰ ਹੈ। ਜਦੋਂ ਵਹਿਸ਼ੀ ਮਨੁੱਖ ਲਾਸ਼ ਨਾਲ ਵੀ ਸੰਬੰਧ ਬਣਾਉਣ ਤੋਂ ਗੁਰੇਜ਼ ਨਹੀਂ ਕਰਦਾ।
ਮੁਸੀਬਤਾਂ ਵਿੱਚ ਘਿਰੀਆਂ ਧੀਆਂ ਦੇ ਹੱਕ ਵਿੱਚ ਸੰਘਰਸ਼ ਇੰਨਾ ਪ੍ਰਚੰਡ ਹੋ ਚੁੱਕਾ ਕਿ ਆਉਣ ਵਾਲੇ ਦਿਨਾਂ ਵਿੱਚ ਹਿਮਾਇਤੀਆਂ ਦਾ ਸਮੂਹ ਰਾਸ਼ਟਰਪਤੀ ਜੀ ਤਕ ਮਿਲਣ ਜਾ ਰਿਹਾ ਹੈ। ਸਭ ਆਪੋ ਆਪਣਾ ਨਿੱਜ ਭੁਲਾ ਕੇ ਧੀਆਂ ਦਾ ਸਾਥ ਦਿਓ। ਇਸ ਵਿੱਚ ਅਸੀਂ ਦੇਰੀ ਕਰਾਂਗੇ ਤਾਂ ਪਛਤਾਉਂਦੇ ਰਹਿ ਜਾਵਾਂਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4044)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)