“ਅਟਲ ਬਿਹਾਰ ਵਾਜਪਾਈ ਤਕ ਅਸੀਂ ਫਲਸਤੀਨੀਆਂ ਨਾਲ ਖੜ੍ਹੇ ਰਹੇ। ਉਸ ਸਮੇਂ ਸਾਡੀ ਵਿਦੇਸ਼ ਪਾਲਿਸੀ ...”
(6 ਨਵੰਬਰ 2023)
ਇਸ ਵਿੱਚ ਕੋਈ ਸ਼ੰਕਾ ਨਹੀਂ ਕਿ ਜਿਸ ਦੇਸ਼ ਦੇ ਅਸੀਂ ਵਾਸੀ ਹਾਂ, ਉਹ ਇੱਕ ਮਹਾਨ ਦੇਸ਼ ਹੈ। ਅਬਾਦੀ ਪੱਖੋਂ, ਭਿੰਨ-ਭਿੰਨ ਜਾਤੀਆਂ ਦੇ ਸਮੁੱਚੇ ਇਕੱਠ ਵਜੋਂ, ਵੱਖ-ਵੱਖ ਕੁਦਰਤੀ ਸੋਮਿਆਂ ਵਜੋਂ, ਸਮੂਹਿਕ ਏਕਤਾ ਵਜੋਂ, ਜਮਹੂਰੀਅਤ ਢਾਂਚੇ ਵਜੋਂ, ਭਾਵ ਅਜ਼ਾਦੀ ਤੋਂ ਬਾਅਦ ਰਾਜਿਆਂ ਦੀ ਮਾਂ-ਪੇਟੋਂ ਪੈਦਾਇਸ਼ ਖ਼ਤਮ ਹੋਣੀ, ਹੁਣ ਦੇ ਰਾਜੇ ਲੋਕਾਂ ਦੀ ਬਹੁ-ਸੰਮਤੀ ਵਿੱਚੋਂ ਪੈਦਾ ਹੋਣੇ, ਇਹ ਕੋਈ ਛੋਟੀ ਪ੍ਰਾਪਤੀ ਨਹੀਂ। ਪਰ ਫਿਰ ਵੀ ਅਸੀਂ ਸਮਝਦੇ ਹਾਂ ਕਿ ਜਿੰਨੀ ਇਸਦੀ ਮਹਾਨਤਾ ਦੀ ਰਟ ਮੌਜੂਦਾ ਸਮੁੱਚੇ ਦੇਸ਼ ’ਤੇ ਕਾਬਜ਼ ਧਿਰ ਵੱਲੋਂ ਲਾਈ ਜਾ ਰਹੀ ਹੈ, ਉਹ ਵੀ ਅਸਲੋਂ ਸਚਾਈ ਤੋਂ ਦੂਰ ਦੀ ਰਟ ਹੈ। ‘ਸਭ ਕਾ ਸਾਥ, ਸਭ ਕਾ ਵਿਕਾਸ’ ਨਾਅਰਾ ਮੌਜੂਦਾ ਸਰਕਾਰ ਰਾਹੀਂ ਦਿੱਤਾ ਗਿਆ ਸੀ। ਜਦੋਂ ਤੁਸੀਂ ਸੁਣਦੇ ਹੋ, ਪੜ੍ਹਦੇ ਹੋ, ਡੁੰਘਾਈ ਵਿੱਚ ਸੋਚਦੇ ਹੋ ਜਾਂ ਵੱਖ-ਵੱਖ ਸਰੋਤਾਂ ਤੋਂ ਜਨਤਾ ਦੇ ਧਿਆਨ ਹਿਤ ਤੱਥ ਸਮੇਂ ਸਮੇਂ ’ਤੇ ਪ੍ਰਕਾਸ਼ਤ ਕੀਤੇ ਜਾਂਦੇ ਹਨ, ਅਜਿਹੇ ਤੱਥਾਂ ਦੀ ਡੁੰਘਾਈ ਜਾਣਨ ਤੋਂ ਬਾਅਦ ਪਤਾ ਲਗਦਾ ਹੈ ਕਿ ਅਜਿਹੇ ਤੱਥ ਅਸਲੀਅਤ ਤੋਂ ਕਿੰਨੇ ਦੂਰ ਹਨ। ਤੁਸੀਂ ਹੁਣ ਪਿੱਛੇ ਜਿਹੇ ਰਿਜ਼ਰਵੇਸ਼ਨ ਸੰਬੰਧੀ ਪ੍ਰਕਾਸ਼ਤ ਹੋਏ ਅੰਕੜਿਆਂ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡੇ ਪ੍ਰਧਾਨ ਮੰਤਰੀ ਜੀ, ਜੋ ਆਪਣੇ-ਆਪ ਨੂੰ ਓ ਬੀ ਸੀ ਵਿੱਚ ਗਿਣਦੇ ਹੋਏ ਆਖਦੇ ਹਨ ਕਿ 2014 ਦੀਆਂ ਚੋਣਾਂ ਵਿੱਚ ਵਿਰੋਧੀ ਲੋਕ ਮੈਨੂੰ ਇਸ ਕਰਕੇ ਗਾਲ੍ਹੀਆਂ ਦਿੰਦੇ ਸਨ ਕਿ ਮੈਂ ਓ ਬੀ ਸੀ ਕੈਟਾਗਿਰੀ ਵਿੱਚੋਂ ਆਉਂਦਾ ਹਾਂ। ਪਰ ਛਪੇ ਅੰਕੜਿਆਂ ’ਤੇ ਨਿਗ੍ਹਾ ਮਾਰੋ ਤੇ ਜਾਣੋ ਕਿ ਉਹ ਅਸਲੀਅਤ ਵਿੱਚ ਕੀ ਕਰ ਰਹੇ ਹਨ।
ਰਾਜਪਾਲ ਅਤੇ ਉਪ ਰਾਜਪਾਲ ਦੀਆਂ ਕੁੱਲ ਪੋਸਟਾਂ 27 ਹਨ ਤੇ ਬ੍ਰਾਹਮਣਾਂ ਕੋਲ 27 ਵਿੱਚੋਂ 25 ਹਨ ਤੇ ਓ ਬੀ ਸੀ ਪਾਸ ਸਿਰਫ਼ ਦੋ ਹਨ। ਇਸੇ ਤਰ੍ਹਾਂ ਵਿਦੇਸ਼ ਰਾਜਦੂਤਾਂ ਦੀ ਕੁੱਲ ਪੋਸਟਾਂ 140 ਹਨ। ਪਰ ਉਨ੍ਹਾਂ ਸਭਨਾਂ ’ਤੇ 140 ਬ੍ਰਾਹਮਣ ਹੀ ਬਿਰਾਜਮਾਨ ਹਨ। ਐੱਸ ਸੀ, ਐੱਸ ਟੀ ਅਤੇ ਓ ਬੀ ਸੀ=0 (ਜ਼ੀਰੋ) ਹਨ।
ਠੀਕ ਇਸੇ ਤਰ੍ਹਾਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਵਾਇਸ ਚਾਂਸਲਰਾਂ ਦੀਆਂ ਕੁੱਲ ਅਸਾਮੀਆਂ 108 ਹਨ। ਪਰ ਸਭ ਕਾ ਸਾਥ ਅਤੇ ਸਭ ਕਾ ਵਿਕਾਸ ਕਹਿਣ ਵਾਲੇ ਦੇ ਰਾਜ ਵਿੱਚ ਇਨ੍ਹਾਂ ਸਾਰੀਆਂ 108 ਪੋਸਟਾਂ ’ਤੇ ਸਾਡੇ ਪਿਆਰੇ ਪ੍ਰਧਾਨ ਮੰਤਰੀ ਦੇ ਰਾਜ ਵਿੱਚ ਬ੍ਰਾਹਮਣ ਹੀ ਬਿਰਾਜਮਾਨ ਕਰਾ ਦਿੱਤੇ ਹਨ। ਫਿਰ ਪ੍ਰਧਾਨ ਮੰਤਰੀ ਜੀ ਅੰਧ-ਭਗਤਾਂ ਦੀ ਹਮਦਰਦੀ ਬਟੋਰਨ ਲਈ ਫਰਮਾਉਂਦੇ ਹਨ ਕਿ ਵਿਰੋਧੀ ਮੈਨੂੰ ਗਾਲੀਆਂ ਦੇ ਰਹੇ ਹਨ। ਪਾਠਕ ਦੱਸਣ ਕਿ ਅਜਿਹੇ ਕਰਮ ’ਤੇ ਸ਼ਾਬਾਸ਼ ਕਿਸ ਗੱਲ ’ਤੇ ਵਿਰੋਧੀ ਦੇਣ? ਵਿਰੋਧੀਆਂ ਲਈ ਸ਼ਾਬਾਸ਼ ਦੇਣ ਲਈ ਜਨਾਬ ਨੇ ਛੱਡਿਆ ਕੀ ਹੈ? ਇਹ ਤਾਂ ਅਸੀਂ ਆਪਣੇ ਪਾਠਕਾਂ ਨੂੰ ਅਜੇ ਨਮੂਨਾ ਹੀ ਦਿਖਾਇਆ ਹੈ। ਸਭ ਜਾਣਦੇ ਹਨ ਕਿ ਅਸਲੀਅਤ ਵਿੱਚ ਚਪੜਾਸੀ ਦੀ ਨੌਕਰੀ ਲਈ ਪੀ ਐੱਚ ਡੀ ਤਕ ਦੇ ਨੌਜਵਾਨ ਕਤਾਰਾਂ ਵਿੱਚ ਖੜ੍ਹੇ ਹੁੰਦੇ ਹਨ। ਅਜਿਹੀ ਨੌਕਰੀ ਨਾ ਮਿਲਣ ’ਤੇ ਉਹ ਖੇਤਾਂ ਵਿੱਚ ਝੋਨਾ ਲਾਉਣ ਅਤੇ ਬਾਕੀ ਕੰਮ ਲਈ ਦਿਹਾੜੀ ਕਰਦੇ ਹਨ ਜਾਂ ਫਿਰ ਰਿਕਸ਼ਾ ਆਦਿ ਚਲਾ ਕੇ ਆਪਣਾ ਢਿੱਡ ਭਰਦੇ ਹਨ। ਪਰ ਇਹ ਵੀ ਸੱਚ ਹੈ ਜੁਰਮਾਂ ਵਿੱਚ ਜੇਲ੍ਹਾਂ ਕੱਟ ਚੁੱਕੇ ਕੇਂਦਰੀ ਸਰਕਾਰ ਵਿੱਚ ਕੈਬਨਿਟ ਮੰਤਰੀ ਤਕ ਪਹੁੰਚ ਚੁੱਕੇ ਹਨ। ਅਜਿਹਾ ਕਾਰਨਾਮਾ ਕਿਸੇ ਮਹਾਨ ਦੇਸ਼ ਵਿੱਚ, ਮਹਾਨ ਮਨੁੱਖ, ਮਹਾਨ ਅਹੁਦੇ ’ਤੇ ਹੁੰਦਿਆਂ ਹੀ ਕਰ ਜਾਂ ਕਰਵਾ ਸਕਦਾ ਹੈ।
ਅਜ਼ਾਦੀ ਦੇ 75-76 ਸਾਲ ਬਾਅਦ ਵੀ ਦੇਸ਼ ਦੀ ਪੂਰੀ ਅਬਾਦੀ ਨੂੰ ਉਹ ਸਹੂਲਤਾਂ ਨਹੀਂ ਮਿਲ ਸਕੀਆਂ, ਜਿਨ੍ਹਾਂ ਦੀ ਉਹ ਹੱਕਦਾਰ ਸੀ, ਅਤੇ ਹੱਕਦਾਰ ਹੈ। ਅੱਜ ਆਪਣਾ ਹੱਕ ਲੈਣ ਲਈ ਲਿਆਕਤ ਤੋਂ ਵੱਧ ਤੁਹਾਡੇ ਲਈ ਅੰਧ-ਭਗਤ ਹੋਣਾ ਜ਼ਰੂਰੀ ਹੈ। ਫਿਰ ਜਦੋਂ ਤੁਸੀਂ ਸਹੀ ਅਰਥਾਂ ਵਿੱਚ ਅੰਧ-ਭਗਤ ਦਾ ਦਰਜਾ ਪ੍ਰਾਪਤ ਕਰ ਲਵੋਗੇ, ਤੁਹਾਨੂੰ ਆਪਣੇ ਬਾਰੇ ਸੋਚਣ ਦੀ ਕੋਈ ਲੋੜ ਨਹੀਂ। ਫਿਰ ਨਾ ਭੁੱਖ ਸਤਾਉਂਦੀ ਹੈ ਨਾ ਪਿਆਸ। ਜਦੋਂ ਤੁਸੀਂ ਗਊ-ਮੂਤਰ ਪੀਣ ਤਕ ਅੱਪੜ ਜਾਵੋਗੇ ਤਾਂ ਤੁਸੀਂ ਬਿਮਾਰੀ ਆਦਿ ਤੋਂ ਵੀ ਮੁਕਤੀ ਪ੍ਰਾਪਤ ਕਰ ਲਵੋਗੇ। ਫਿਰ ਤੁਹਾਨੂੰ ਕੰਮ ਕਰਨ ਦੀ ਬਜਾਏ ਤਾੜੀ ਹੀ ਮਾਰਨੀ ਪਿਆ ਕਰੇਗੀ। ਫਿਰ ਤੁਹਾਨੂੰ ਮਹਿੰਗਾਈ, ਮਾਰ ਕੁਟਾਈ ਜਾਂ ਸਮਾਜ ਦੀ ਵਿਗੜਦੀ ਹਾਲਤ ਮਹਿਸੂਸ ਨਹੀਂ ਹੋਵੇਗੀ। ਤੁਸੀਂ ਆਪਣੇ-ਆਪ ਨੂੰ ਸੰਪੂਰਨ ਮਨੁੱਖ ਸਮਝਣ ਲੱਗੋਗੇ। ਹੋਰ ਗਿਆਨ ਪ੍ਰਾਪਤੀ ਲਈ ਤੁਹਾਨੂੰ ਆਪਣਾ ਸਮਾਂ ਕੱਢ ਕੇ ਗੋਦੀ ਮੀਡੀਏ ਅੱਗੇ ਘੰਟਾ-ਦੋ ਘੰਟੇ ਹਾਜ਼ਰੀ ਦੇਣੀ ਹੋਵੇਗੀ। ਫਿਰ ਤੁਹਾਡੇ ਵਿੱਚ ਪਾਕਿ ਵਰਗੇ ਦੇਸ਼ ਨੂੰ ਅੱਗੇ ਅੱਗੇ ਭਜਾਉਣ ਦਾ ਹੌਸਲਾ ਆ ਜਾਵੇਗਾ। ਗੋਦੀ ਮੀਡੀਆ ਤੁਹਾਨੂੰ ਇਹ ਦੱਸਣ ਅਤੇ ਸਮਝਾਉਣ ਵਿੱਚ ਵੀ ਕਾਮਯਾਬ ਹੋਵੇਗਾ ਕਿ ਤੁਸੀਂ ਭੁੱਲ ਕੇ ਵੀ ਚੀਨ ਵਰਗੇ ਨਾਸਤਿਕ ਦੇਸ਼ ਨਾਲ ਪੰਗਾ ਨਾ ਲਿਓ। ਜਦੋਂ ਤੁਸੀਂ ਇਹ ਸਭ ਜਾਣ ਜਾਵੋਗੇ ਤਾਂ ਤੁਸੀਂ ਆਪਣੇ-ਆਪ ਨੂੰ ਹੋਰ ਸੁਰੱਖਿਅਤ ਮਹਿਸੂਸ ਕਰੋਗੇ। ਅਗਰ ਤੁਹਾਨੂੰ ਮੇਰੀਆਂ ਉਪਰੋਕਤ ਗੱਲਾਂ ’ਤੇ ਯਕੀਨ ਨਾ ਹੋਵੇ ਤਾਂ ਜ਼ਰਾ ਪਿੱਛੇ ਝਾਤੀ ਮਾਰ ਕੇ ਦੇਖ ਲੈਣਾ।
ਕੁਝ ਮਹੀਨੇ ਪਹਿਲਾਂ ਰੂਸ ਅਤੇ ਯੂਕਰੇਨ ਦੀ ਜੰਗ ਲੱਗੀ ਸੀ। ਸਾਡੇ ਕੁਝ ਵਿਦਿਆਰਥੀ ਉੱਥੇ ਡਾਕਟਰੀ ਦਾ ਕੋਰਸ ਕਰਦੇ ਫਸ ਗਏ ਸਨ। ਉਨ੍ਹਾਂ ਨੂੰ ਵਾਪਸ ਸੁਰੱਖਿਅਤ ਲਿਆਉਣ ਲਈ ਸਾਡੀ ਸਾਰੀ ਹਮਦਰਦੀ ਯੂਕਰੇਨ ਨਾਲ ਸੀ। ਵਿਦਿਆਰਥੀ ਸੁਰੱਖਿਅਤ ਘਰੀਂ ਪਹੁੰਚ ਗਏ। ਸਾਡੀ ਪਹੁੰਚ ਵੀ ਬਦਲੀ। ਦੋਹਾਂ ਦੇਸ਼ਾਂ ਨੂੰ ਸਮਝਾਉਣ, ਯੁੱਧ ਰੋਕਣ ਲਈ ਸਾਡਾ ਨਾਂਅ ਵੀ ਦੁਨੀਆ ਵਿੱਚ ਪ੍ਰਚਾਰਿਆ ਗਿਆ। ਕਈਆਂ ਤਾਂ ਸਾਨੂੰ ਵੱਧ ਸਿਆਣੇ ਹੋਣ ਦਾ ਭਰਮ ਪਾਲਿਆ, ਬੱਸ ਅੱਜ-ਕੱਲ੍ਹ, ਅਸੀਂ ਕੋਈ ਹੱਲ ਕੱਢ ਕੇ ਲੜਾਈ ਖ਼ਤਮ ਕਰਵਾਂ ਦਿਆਂਗੇ। ਪਰ ਸਮਾਂ ਬੀਤਣ ਦੇ ਨਾਲ ਕੁਝ ਨਾ ਹੋਇਆ। ਫਿਰ ਯੂ ਐੱਨ ਓ ਨੇ ਇਸ ਸੰਬੰਧੀ ਸਰਗਰਮੀ ਦਿਖਾਈ। ਵੋਟਾਂ ਸਮੇਂ ਅਸੀਂ ਆਪਣਿਆਂ ਨੂੰ ਨਿਰਪੱਖ ਰਹਿਣ ਦੀ ਹਦਾਇਤ ਕੀਤੀ। ਕਿਉਂਕਿ ਅਸੀਂ ਇਹ ਫੈਸਲਾ ਨਹੀਂ ਕਰ ਸਕੇ ਕਿ ਕਸੂਰਵਾਰ ਕੌਣ ਹੈ? ਜੰਗ ਰੁਕਣੀ ਚਾਹੀਦੀ ਹੈ ਕਿ ਨਹੀਂ? ਦੋਹਾਂ ਦੇਸ਼ਾਂ ਵਿੱਚੋਂ ਮਾੜੇ ਕਿਰਦਾਰ ਵਾਲਾ ਕੌਣ ਹੈ? ਯੂ ਐੱਨ ਓ ਵੱਡੇ ਵੱਡੇ ਅਜ਼ਾਦ ਦੇਸ਼ਾਂ ਦਾ ਇੱਕ ਅਜਿਹਾ ਸਮੂਹ ਹੈ ਜੋ ਸਭ ਤੋਂ ਵੱਡੀ ਪੰਚਾਇਤ ਹੋਣ ਕਰਕੇ ਵੀ ਕੋਈ ਦੋ ਟੁੱਕ ਫੈਸਲਾ ਨਹੀਂ ਲੈ ਸਕਦੀ। ਵੀਟੋ ਕਰਨ ਵਾਲੀਆਂ ਤਾਕਤਾਂ ਉਸ ਨੂੰ ਇਕਦਮ ਨਿਹੱਥਾ ਕਰ ਦਿੰਦੀਆਂ ਹਨ।
ਜਦੋਂ ਇਹ ਪਰਚਾ ਪਾਠਕਾਂ ਦੇ ਹੱਥਾਂ ਵਿੱਚ ਹੋਵੇਗਾ ਤਾਂ ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਲੜਾਈ ਲੱਗੀ ਨੂੰ ਤਕਰੀਬਨ ਮਹੀਨਾ ਹੋ ਚੁੱਕਿਆ ਹੋਵੇਗਾ। ਇਸ ਵਿੱਚ ਤਕਰੀਬਨ ਸੰਬੰਧਤ ਸੰਸਾਰ ਦੋ ਹਿੱਸਿਆਂ ਵਿੱਚ ਵੰਡਿਆ ਜਾ ਚੁੱਕਾ ਹੈ। ਇਜ਼ਰਾਈਲ ਵਿੱਚ ਜਿਊ ਕੌਮ ਦੀ ਅਬਾਦੀ ਜ਼ਿਆਦਾ ਹੋਣ ਕਰਕੇ ਅਮਰੀਕਾ ਪੱਖੀ ਸਭ ਲਾਣਾ ਇਜ਼ਰਾਈਲ ਨਾਲ ਹੈ। ਤਕਰੀਬਨ ਸਭ ਅਰਬ ਦੇਸ਼ ਫਲਸਤੀਨ ਨਾਲ ਖੜ੍ਹੇ ਹਨ। ਭਾਰਤ ਮੁਤਾਬਕ ਉਸ ਨੇ ਜੀ-20 ਸੰਮੇਲਨ ਵਿੱਚ ਆਪਣਾ ਕੱਦ ਹੋਰ ਉੱਚਾ ਕੀਤਾ ਹੈ। ਵਿਸ਼ਵ ਗੁਰੂ ਬਣਨ ਦੀ ਡੀਂਗਾਂ ਮਾਰੀਆਂ ਜਾ ਰਹੀਆਂ ਹਨ। ਸੰਸਾਰ ਦੀ ਸਭ ਤੋਂ ਵੱਡੀ ਪੰਜਵੀਂ ਤਾਕਤ ਬਣਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਜ਼ਬਾਨੀ ਅਸੀਂ ਇਜ਼ਰਾਈਲ ਪਿੱਛੇ ਖੜ੍ਹੇ ਹਾਂ, ਉਹ ਵੀ ਅਮਰੀਕਾ ਕਰਕੇ। ਪਰ ਅਮਲ ਵਿੱਚ ਦਵਾ-ਦਾਰੂ ਤੇ ਭੋਜਨ ਆਦਿ ਅਸੀਂ ਫਲਸਤੀਨ ਨੂੰ ਭੇਜ ਰਹੇ ਹਾਂ। ਇਸ ਜੰਗ ਦੇ ਦੌਰਾਨ ਵੀ ਜੰਗਬੰਦੀ ’ਤੇ ਵੋਟਾਂ ਪਈਆਂ ਪਰ ਉਸ ਮੌਕੇ ਵੀ ਸਾਡਾ ਮਹਾਨ ਦੇਸ਼ ਇਹ ਫੈਸਲਾ ਨਹੀਂ ਕਰ ਸਕਿਆ ਕਿ ਸਾਨੂੰ ਕਿਸ ਦੀ ਮਦਦ ਕਰਨੀ ਚਾਹੀਦੀ ਹੈ? ਕੌਣ ਠੀਕ ਹੈ, ਕੌਣ ਗਲਤ? ਲੋਕਾਂ ਨੂੰ ਕੌਣ ਮਾਰ ਰਿਹਾ ਹੈ, ਜਿਨ੍ਹਾਂ ਵਿੱਚ ਬੱਚੇ, ਬੁੱਢੇ ਅਤੇ ਗਰਭਵਤੀ ਔਰਤਾਂ ਹਨ? ਅਬਾਦੀ ਉੱਤੇ ਬੰਬਾਰੀ ਕੌਣ ਕਰ ਰਿਹਾ ਹੈ? ਜਦੋਂ ਕਿ ਅੱਜ ਤੋਂ ਪਹਿਲਾਂ ਭਾਰਤ ਦੇਸ਼ ਪੂਰੇ ਦਾ ਪੂਰਾ ਫਲਸਤੀਨ ਨਾਲ ਖੜ੍ਹਾ ਸੀ। ਇੱਥੋਂ ਤਕ ਕਿ ਅਟਲ ਬਿਹਾਰ ਵਾਜਪਾਈ ਤਕ ਅਸੀਂ ਫਲਸਤੀਨੀਆਂ ਨਾਲ ਖੜ੍ਹੇ ਰਹੇ। ਉਸ ਸਮੇਂ ਸਾਡੀ ਵਿਦੇਸ਼ ਪਾਲਿਸੀ ਦੀ ਕਰਾਮਾਤ ਹੀ ਸੀ, 1971 ਵਿੱਚ ਜਦੋਂ ਅਸੀਂ ਨਾਲ ਹੋ ਕੇ ਬੰਗਲਾਦੇਸ਼ ਅਜ਼ਾਦ ਕਰਾਇਆ, ਉਦੋਂ ਅਮਰੀਕਾ ਆਪਣਾ ਸੱਤਵਾਂ ਸਮੰਦਰੀ ਬੇੜਾ ਲੈ ਕੇ ਜਦੋਂ ਹਿੰਦੋਸਤਾਨ ਵੱਲ ਵਧ ਰਿਹਾ ਸੀ ਤਾਂ ਰੂਸ ਦੀ ਇੱਕੋ ਘੁਰਕੀ ਨਾਲ ਕਿ ਮੈਂ ਵੀ ਆ ਰਿਹਾਂ, ਤਦ ਅਮਰੀਕਾ ਬੇੜਾ ਮੱਛੀਆਂ ਫੜਨ ਦਾ ਬਹਾਨਾ ਬਣਾ ਕੇ ਰੁਕ ਗਿਆ ਸੀ। ਅੱਜ ਦੇ ਦਿਨ ਅਸੀਂ ਸਪਸ਼ਟ ਨਹੀਂ ਹਾਂ ਕਿ ਅਸੀਂ ਕਿਸ ਨਾਲ, ਹਾਂ ਤੇ ਕਿਉਂ ਹਾਂ। ਇਸ ਕਰਕੇ ਸਾਡੀ ਵਿਦੇਸ਼ ਪਾਲਿਸੀ ਚਿਰੜ-ਘੁੱਗ ਕਹਾਉਂਦੀ ਹੈ। ਪਾਕਿਸਤਾਨ ਨੂੰ ਅਸੀਂ ਜਦੋਂ ਅੱਖ ਵਿਖਾਉਂਦੇ ਹਾਂ, ਚੀਨ ਮਸਲੇ ’ਤੇ ਉਹੀ ਅੱਖ ਨੀਵੀਂ ਹੋ ਜਾਂਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4453)
(ਸਰੋਕਾਰ ਨਾਲ ਸੰਪਰਕ ਲਈ: (