“ਅੱਜ ਜਿਨ੍ਹਾਂ ਸੂਬਿਆਂ ਵਿੱਚੋਂ ਚੋਣਾਂ ਰਲ ਕੇ ਨਾ ਲੜਨ ਦੀਆਂ ਖ਼ਬਰਾਂ ਨੂੰ ਗੋਦੀ ਮੀਡੀਆ ਉਛਾਲ ਰਿਹਾ ਹੈ, ਟਿਕਟਾਂ ...”
(25 ਦਸੰਬਰ 2023)
ਇਸ ਸਮੇਂ ਪਾਠਕ: 255.
ਭਾਜਪਾ ਭਾਵੇਂ ਤਿੰਨਾਂ ਰਾਜਾਂ ਵਿੱਚੋਂ ਨੌਂ ਹਜ਼ਾਰ ਵੋਟਾਂ ਕਾਂਗਰਸ ਤੋਂ ਘੱਟ ਲੈ ਕੇ ਥਾਪੀਆਂ ਮਾਰ ਰਹੀ ਹੋਵੇ, ਦੂਜੇ ਦੋਂਹ ਸੂਬਿਆਂ ਵਿੱਚ ਨਲਾਇਕ ਬੱਚੇ ਵਾਂਗ ਪਛੜਨ ਤੋਂ ਬਾਅਦ ਅੱਜ ਦੇ ਦਿਨ ਅੰਦਰੋਂ ਪੂਰੀ ਤਰ੍ਹਾਂ ਵੀਹ ਸੌ ਚੌਵੀ ਵਾਸਤੇ ਘਬਰਾਈ ਹੋਈ ਲਗਦੀ ਹੈ। ਪਿਛਲੀਆਂ ਗੈਰ ਭਾਜਪਾ ਸਰਕਾਰਾਂ ਨੂੰ ਨਿੰਦਣ ਵਾਲੀ ਭਾਜਪਾ ਦੇ ਰਾਜ ਦੌਰਾਨ ਹੀ ਦੋ ਵਾਰ ਵੱਖੋ-ਵੱਖ ਕਿਸਮ ਦੇ ਹਮਲੇ ਹੋਏ, ਜਿਨ੍ਹਾਂ ਭਾਜਪਾ ਸਰਕਾਰਾਂ ਦੇ ਪ੍ਰਬੰਧਾਂ ਦੀਆਂ ਧੱਜੀਆਂ ਉਖੇੜ ਕੇ ਰੱਖ ਦਿੱਤੀਆਂ ਹਨ। ਵਿਰੋਧੀਆਂ ਸਣੇ ਸਭ ਦੇਸ਼ ਵਾਸੀ ਜਾਣਦੇ ਹਨ ਕਿ ਅਜੋਕਾ ਪਾਰਲੀਮੈਂਟ ਸੈਸ਼ਨ ਅਖੀਰੀ ਸੈਸ਼ਨ ਇਸ ਸਾਲ ਦਾ ਹੈ। ਪਰ ਭਾਜਪਾ ਦੀਆਂ ਹਰਕਤਾਂ ਦੱਸਦੀਆਂ ਹਨ, ਜਿਵੇਂ ਉਹ ਆਪਣੇ ਲਈ ਅਖੀਰੀ ਸਮਝਦੀ ਹੋਵੇ। ਤੇਰਾਂ ਦਸੰਬਰ ਦੀ ਘਟਨਾ ਤੋਂ ਬਾਅਦ, ਜਿਸ ਵਿੱਚ ਕੋਈ ਜਾਨੀ ਨੁਕਸਾਨ ਨਾ ਹੋਇਆ, ਨਾ ਹੀ ਦੋਸ਼ੀਆਂ ਕੋਲੋਂ ਕੋਈ ਅਜਿਹਾ ਹਥਿਆਰ ਮਿਲਿਆ, ਜਿਸ ਨਾਲ ਨੁਕਸਾਨ ਕੀਤਾ ਜਾ ਸਕਦਾ ਹੋਵੇ, ਕਿੰਨੇ ਅਸਚਰਜ ਦੀ ਗੱਲ ਹੈ ਕਿ ਪਾਰਲੀਮੈਂਟ ਜਿਸ ’ਤੇ ਹੁਣ ਵਾਲਾ ਅਟੈਕ ਹੋਇਆ, ਉਹ ਪਾਰਲੀਮੈਂਟ ਦੀ ਨਵੀਂ ਇਮਾਰਤ ਵਿਰੋਧੀਆਂ ਦੀ ਸਹਿਮਤੀ ਤੋਂ ਬਗੈਰ ਜ਼ਿਦ ਵਿੱਚ ਮੋਦੀ ਸਾਹਿਬ ਨੇ ਤਿਆਰ ਕਰਵਾਈ ਹੋਈ ਹੈ। ਇਹ ਮੋਦੀ ਮੁਤਾਬਕ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇੰਨੀ ਸਿਕਿਉਰਿਟੀ ਕਿ ਚਿੜੀ ਵੀ ਪਰ ਨਾ ਮਾਰ ਸਕਦੀ ਹੋਵੇ। ਪਰ ਮੋਦੀ ਜੀ ਦੀ ਜਾਤੀ ਸੰਬੰਧੀ ਨਵੀਂ ਪਰਿਭਾਸ਼ਾ ਮੁਤਾਬਕ ਚਾਰ ਜਾਤੀਆਂ ਵਿੱਚੋਂ ਤਿੰਨ ਜਾਤੀਆਂ ਨੇ ਬੇਰੁਜ਼ਗਾਰੀ ਦੀ ਹਾਲਤ ਵਿੱਚ ਸੰਸਦ ਅੰਦਰ ਅਤੇ ਬਾਹਰ ਉਹ ਕਰ ਦਿਖਾਇਆ, ਜਿਸ ਨੂੰ ਭਾਜਪਾ ਸੋਚ ਵੀ ਨਹੀਂ ਸੀ ਸਕਦੀ। ਉਹ ਵੀ ਉਸ ਤਾਰੀਖ ਨੂੰ, ਜਿਸ ਦਿਨ ਉਹ ਪਹਿਲੀ ਘਟਨਾ ਦੀ ਯਾਦ ਬਾਈ ਸਾਲ ਬਾਅਦ ਤਾਜ਼ਾ ਕਰਕੇ ਹਟੇ ਹੀ ਸਨ। ਫਿਰ ਅਗਲੀ ਗੱਲ ਵੱਲ ਧਿਆਨ ਦਿਓ, ਜੋ ਦੋਸ਼ੀ ਪਕੜੇ ਗਏ ਹਨ, ਉਹ ਸਭ ਭਾਜਪਾ ਦੇ ਇੱਕ ਮੈਂਬਰ ਤੋਂ ਪਾਸ ਮਿਲਣ ’ਤੇ ਅੰਦਰੂਨੀ ਅਤੇ ਬਾਹਰੀ ਕਾਰਾ ਕਰ ਸਕੇ। ਹੋਰ ਸਿਤਮ ਦੀ ਗੱਲ ਦੇਖੋ ਕਿ ਵੱਖ-ਵੱਖ ਵਿਰੋਧੀ ਪਾਰਟੀਆਂ ਵੱਲੋਂ ਜਾਂ ਇਕੱਠੀ ਮੰਗ ’ਤੇ ਦੇਸ਼ ਦੇ ਗ੍ਰਹਿ ਮੰਤਰੀ ਸਿਰਫ਼ ਇੱਕ ਬਿਆਨ ਦੇਣ ਸਦਨ ਵਿੱਚ ਨਹੀਂ ਆਏ ਸਗੋਂ ਇਸਦੇ ਉਲਟ ਪਾਸ ਦੇਣ ਵਾਲੇ ਭਾਜਪਾ ਪਾਰਲੀਮੈਂਟ ਮੈਂਬਰ ਨੂੰ ਬਚਾਉਣ ਦੀ ਖਾਤਰ ਇੱਕ ਸੌ ਛਿਆਲੀ ਦੋਹਾਂ ਸਦਨਾਂ ਦੇ ਮੈਂਬਰਾਂ ਨੂੰ ਤੜੀ ਪਾਰ ਦੀ ਹਦਾਇਤ ’ਤੇ ਦੋਹਾਂ ਸਦਨਾਂ ਦੇ ਸਪੀਕਰਾਂ ਨੇ ਸਭ ਨੂੰ ਸੰਸਦ ਵਿੱਚੋਂ ਤੜੀ ਪਾਰ ਕਰ ਦਿੱਤਾ। ਜਾਣੀ ਇੱਕ ਨੂੰ ਬਚਾਉਣ ਲਈ ਬਾਰਾਂ ਦਰਜਨ ਤੋਂ ਉੱਪਰ ਮੈਂਬਰਾਂ ਨੂੰ ਸਸਪੈਂਡ ਕਰਕੇ ਰਾਜ ਕਰਦੀ ਭਾਜਪਾ ਨੇ ਆਪਣੀ ਹੈਂਕੜ ਦਾ ਸਬੂਤ ਪੇਸ਼ ਕਰ ਦਿੱਤਾ।
ਭਾਜਪਾ ਦਾ ਇਹ ਕਾਰਾ ਭਾਜਪਾ ਨੂੰ ਲੋਕਤੰਤਰੀ ਲੀਹਾਂ ਪਾੜ ਕੇ ਡਿਕਟੇਟਰਸ਼ਿੱਪ ਲੀਹਾਂ ’ਤੇ ਲਿਜਾ ਰਿਹਾ ਹੈ। ਅੱਗੇ ਦੇਖੋ, ਲੋਕਾਂ ਦਾ ਇਸ ਵਿਸ਼ੇ ਤੋਂ ਧਿਆਨ ਹਟਾਉਣ ਲਈ ਭਾਜਪਾ ਉਲਟਾ ਵਿਰੋਧੀਆਂ ਨੂੰ ਭੰਡ ਰਹੀ ਹੈ, ਕਦੇ ਇੰਡੀਆ ਗੱਠਜੋੜ ਬਾਰੇ ਫਜ਼ੂਲ ਦੀਆਂ ਅਫ਼ਵਾਹਾਂ ਉਡਾ ਰਹੀ ਹੈ। ਇਵੇਂ ਲੱਗ ਰਿਹਾ ਜਿਵੇਂ ਗੋਦੀ ਮੀਡੀਏ ਨੂੰ ਹੋਰ ਕੋਈ ਕੰਮ ਹੀ ਨਾ ਹੋਵੇ। ਇਸ ਗੱਲ ਦੀ ਲਗਾਤਾਰ ਦੁਹਾਈ ਪਾ ਰਹੇ ਹਨ ਕਿ ਇੰਡੀਆ ਗੱਠਜੋੜ ਦਾ ਸੰਯੋਜਕ ਕੌਣ ਹੋਵੇਗਾ? ਪ੍ਰਧਾਨ ਮੰਤਰੀ ਕੌਣ ਬਣੇਗਾ? ਟਿਕਟ ਵੰਡ ਪਾਰਟੀਆਂ ਵਿੱਚ ਕਿਵੇਂ ਹੋਵੇਗੀ? ਇੰਨੇ ਘੱਟ ਸਮੇਂ ਵਿੱਚ ਉਹ ਤਿਆਰੀ ਕਿਵੇਂ ਕਰਨਗੇ? ਇੰਡੀਆ ਗੱਠਜੋੜ ਦੀ ਚੌਥੀ ਮੀਟਿੰਗ ਵਿੱਚ ਕੌਣ, ਕਿਵੇਂ ਬੋਲਿਆ? ਇਹ ਗੋਦੀ ਮੀਡੀਆ ਅਤੇ ਭਾਜਪਾ ਲੀਡਰ ਇਵੇਂ ਬੋਲ ਰਹੇ ਹਨ ਜਿਵੇਂ ਇਹ ਸਭ ਕੁਝ ਉਨ੍ਹਾਂ ਨੂੰ ਪੁੱਛ ਕੇ ਹੀ ਕਰਨਾ ਹੋਵੇ। ਕਮਲਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਜੇ ਤੁਸੀਂ ਪੰਜਾਂ ਰਾਜਾਂ ਦੀਆਂ ਚੋਣਾਂ ਬਿਨਾਂ ਮੁੱਖ ਮੰਤਰੀਆਂ ਦੇ ਨਾਮ ਘੋਸ਼ਿਤ ਕੀਤੇ ਲੜ ਸਕਦੇ ਹੋ ਤਾਂ ਫਿਰ ਇੰਡੀਆ ਗੱਠਜੋੜ ਲਈ ਚਿਹਰਾ ਘੋਸ਼ਤ ਕਰਨਾ ਕਿਉਂ ਜ਼ਰੂਰੀ ਸਮਝਦੇ ਹੋ। ਐੱਨ ਡੀ ਏ ਵਾਲੇ ਇੱਕ ਗੱਲ ਨੋਟ ਕਰ ਲੈਣ ਕਿ ਇੰਡੀਆ ਗੱਠਜੋੜ ਜੋ ਵੀ ਪ੍ਰਧਾਨ ਮੰਤਰੀ ਦਾ ਨਾਮ ਅੱਗੇ ਕਰੇਗਾ ਉਹ ਘੱਟੋ-ਘੱਟ ਮੋਹਰਲੀ ਕਤਾਰ ਦਾ ਲੀਡਰ ਹੋਵੇਗਾ ਨਾ ਕਿ ਤੁਹਾਡੇ ਵਾਂਗ ਸੂਬਿਆਂ ਦੇ ਮੁੱਖ ਮੰਤਰੀ ਤੀਜੀ-ਚੌਥੀ ਕਤਾਰ ਦੇ ਕਰਿੰਦੇ ਹੋਣਗੇ। ਹਮੇਸ਼ਾ ਹੀ ਜਦੋਂ ਭਾਜਪਾ ਜਿੱਤੀ ਹੈ, ਉਸ ਵਕਤ ਵਿਰੋਧੀਆਂ ਦੀ ਕੁੱਲ ਵੋਟ ਨਾਲੋਂ ਕਿਤੇ ਘੱਟ ਵੋਟ ਭਾਜਪਾ ਦੀ ਝੋਲੀ ਪਈ ਹੈ। ਅਸਲ ਵਿਰੋਧੀਆਂ ਦਾ ਇਕੱਠ ਉਨ੍ਹਾਂ ਨੂੰ ਸੁਖਾਉਂਦਾ ਨਹੀਂ।
ਪਿੱਛੇ ਜਿਹੇ ਹੋਈਆਂ ਪੰਜ ਸੂਬਿਆਂ ਦੀਆਂ ਚੋਣਾਂ ਨੇ ਬੜੇ ਸਬਕ ਦਿੱਤੇ ਹਨ। ਜਿਵੇਂ ਜਿਨ੍ਹਾਂ ਇੰਡੀਆ ਗੱਠਜੋੜ ਨੂੰ ਮਹੱਤਤਾ ਨਾ ਦੇ ਕੇ ਆਪਣੇ ਅਲੱਗ ਲੰਗੋਟੇ ਕੱਸੇ ਸਨ, ਉਨ੍ਹਾਂ ਦੀ ਵੋਟ ਫੀਸਦੀ ਨੇ ਉਨ੍ਹਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ। ਉਹ ਤਕਰੀਬਨ ਸਭ ਸਬਕ ਸਮੇਤ ਆਪਣੇ ਇੰਡੀਆ ਗੱਠਜੋੜ ਦਾ ਭਾਗ ਬਣ ਗਏ ਹਨ। ਇੰਡੀਆ ਗੱਠਜੋੜ ਦੀ ਚੌਥੀ ਮੀਟਿੰਗ ਨੇ ਇਹ ਸਭ ਸਾਬਤ ਕਰ ਦਿੱਤਾ ਹੈ। ਬਾਕੀ ਰਹਿੰਦੀ ਕਸਰ ਪਾਰਲੀਮੈਂਟ ਦੇ ਮੈਂਬਰਾਂ ਦੀ ਬਰਖਾਸਤੀ ਨੇ ਕੱਢ ਦਿੱਤੀ। ਬਰਖਾਸਤੀ ਨੇ ਸਭ ਪਾਰਟੀਆਂ ਨੂੰ ਇੱਕ ਪਲੇਟਫਾਰਮ ’ਤੇ ਇਕੱਠਾ ਕਰ ਦਿੱਤਾ ਹੈ। ਇਸ ਐਕਸ਼ਨ ਨਾਲ ਇੰਡੀਆ ਗੱਠਜੋੜ ਦੇ ਭਾਈਵਾਲਾਂ ਨੂੰ ਇਕੱਠੇ ਹੋ ਕੇ ਲੜਨ ਦੀ ਹੋਰ ਸਮਝ ਆ ਗਈ ਹੈ। ਇਸ ਏਕਤਾ ਦੇ ਪ੍ਰਦਰਸ਼ਨ ਨੇ ਬਾਈ ਤਾਰੀਖ ਨੂੰ ਆਪਣੀ ਏਕਤਾ ਦਾ ਫਿਰ ਸਬੂਤ ਦੇ ਦਿੱਤਾ ਹੈ।
ਅੱਜ ਜਿਨ੍ਹਾਂ ਸੂਬਿਆਂ ਵਿੱਚੋਂ ਚੋਣਾਂ ਰਲ ਕੇ ਨਾ ਲੜਨ ਦੀਆਂ ਖ਼ਬਰਾਂ ਨੂੰ ਗੋਦੀ ਮੀਡੀਆ ਉਛਾਲ ਰਿਹਾ ਹੈ, ਟਿਕਟਾਂ ਦੀ ਸਮੁੱਚੀ ਵੰਡ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਸਭ ਕੁਝ ਦਾ ਸ਼ੀਸ਼ਾ ਦਿਖਾ ਦੇਵੇਗੀ। ਨੀਝ ਨਾਲ ਤੱਕਣ ਵਾਲਿਆਂ ਨੇ ਨੋਟ ਕੀਤਾ ਹੋਵੇਗਾ ਕਿ ਜਿਵੇਂ ਗੰਨੇ ਦੇ ਰਸ ਦੀ ਪੱਤ ਹਰ ਉਬਾਲੇ ਤੋਂ ਬਾਅਦ ਨਿਖਾਰ ਵੱਲ ਜਾਂਦੀ ਹੈ, ਉਵੇਂ ਹੀ ਇੰਡੀਆ ਗੱਠਜੋੜ ਦੀ ਮਜ਼ਬੂਤੀ ਹਰ ਮੀਟਿੰਗ ਤੋਂ ਬਾਅਦ ਦਿਖਾਈ ਦਿੰਦੀ ਹੈ। ਚੌਥੀ ਮੀਟਿੰਗ ਵਿੱਚ ਉਹ ਨਹੀਂ ਜਾਵੇਗਾ, ਫਲਾਨੀ ਪਾਰਟੀ ਦੂਰ ਰਹੇਗੀ, ਇੰਡੀਆ-ਗੱਠਜੋੜ ਦੇ ਮੱਤਭੇਦ ਹੋਰ ਡੂੰਘੇ ਹੋਏ, ਅਜਿਹੀਆਂ ਅਫ਼ਵਾਹਾਂ ਚੌਥੀ ਮੀਟਿੰਗ ਦੀ ਹਾਜ਼ਰੀ ਨੇ ਗਾਇਬ ਕਰ ਦਿੱਤੀਆਂ ਹਨ। ਇੰਡੀਆ ਗੱਠਜੋੜ ਦੇ ਹਿਮਾਇਤੀਆਂ ਨੂੰ ਅੱਗੋਂ ਤੋਂ ਅਫ਼ਵਾਹਾਂ ਨੂੰ ਅਣਸੁਣੀਆਂ ਕਰਕੇ ਆਪਣੀਆਂ ਪਾਰਟੀਆਂ ਦੇ ਮਤਭੇਦਾਂ ਤੋਂ ਉੱਪਰ ਉੱਠ ਕੇ ਦਿਨ-ਰਾਤ ਗੱਠਜੋੜ ਦੀ ਕਾਮਯਾਬੀ ਲਈ ਇੱਕ ਕਰ ਦੇਣਾ ਚਾਹੀਦਾ ਹੈ। ਇਹੀ ਸਮੇਂ ਦੀ ਮੰਗ ਹੈ ਅਤੇ ਇਹੀ ਸਾਡੀ ਡਿਊਟੀ ਬਣਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4570)
(ਸਰੋਕਾਰ ਨਾਲ ਸੰਪਰਕ ਲਈ: (