“ਜ਼ਿੰਦਗੀ ਵਿੱਚ, ਖਾਸ ਕਰਕੇ ਔਖ ਜਾਂ ਮੁਸੀਬਤ ਸਮੇਂ ਜਿੱਥੋਂ ਵੀ ਚੰਗਾ ਸਿੱਖਣ ...”
(19 ਅਪਰੈਲ 2020)
ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ 14 ਅਪ੍ਰੈਲ ਨੂੰ ਕੋਰੋਨਾ ਵਾਇਰਸ ਦੇ ਸੰਬੰਧ ਵਿੱਚ ਕੌਮ ਦੇ ਨਾਂਅ ਤੀਜੀ ਵਾਰ ਸੰਦੇਸ਼ ਦਿੱਤਾ। ਇਸ ਵਿੱਚ ਉਨ੍ਹਾਂ ‘ਜਾਨ ਵੀ, ਜਹਾਨ ਵੀ’, ਦੀ ਗੱਲ ਕੀਤੀ। ਇਸ ਵਿੱਚ ਉਨ੍ਹਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਸੰਜਮ ਵਿੱਚ ਰਹਿ ਕੇ ਆਪਣੇ ਆਪ ਨੂੰ ਵੀ ਅਤੇ ਬਾਕੀਆਂ ਨੂੰ ਵੀ ਬਚਾਉਣਾ ਹੈ। ਸੰਦੇਸ਼ ਵਿੱਚ ਕਾਫ਼ੀ ਹਲੀਮੀ ਝਲਕਦੀ ਸੀ। ਲੱਗਦਾ ਸੀ ਕਿ ਜਿਵੇਂ ਉਹ ਇਸ ਸਿੱਟੇ ’ਤੇ ਪਹੁੰਚ ਗਏ ਹੋਣ ਕਿ ਅਜਿਹੀ ਜੰਗ ਸਿਰਫ਼ ਤੇ ਸਿਰਫ਼ ਇਕੱਠਿਆਂ ਹੋ ਕੇ ਹੀ ਜਿੱਤੀ ਜਾ ਸਕਦੀ ਹੈ। ਸੰਦੇਸ਼ ਤੋਂ ਪਹਿਲਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਜੋ ਗੱਲਬਾਤ ਹੋਈ, ਜਿਸ ਵਿੱਚ ਸਭ ਲਾਕ-ਡਾਊਨ ਨੂੰ ਵਧਾਉਣ ਦੇ ਹੱਕ ਵਿੱਚ ਸਨ, ਜਿਸ ਕਰਕੇ ਕਈ ਮੁੱਖ ਮੰਤਰੀਆਂ ਨੇ ਪਹਿਲਾਂ ਹੀ ਲਾਕ-ਡਾਊਨ ਵਧਾਉਣ ਦਾ ਐਲਾਨ ਕਰ ਦਿੱਤਾ।
ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਇਸ ਸਮੇਂ ਜਿੰਨਾ ਦੇਸ਼ ਇੱਕਮੁੱਠ ਹੈ ਅਤੇ ਪ੍ਰਧਾਨ ਮੰਤਰੀ ਨਾਲ ਖੜ੍ਹਾ ਹੈ, ਇਹ ਵਰਤਾਰਾ ਪਹਿਲਾਂ ਨਾਲੋਂ ਕਿਤੇ ਵੱਧ ਹੈ। ਇਸ ਸਮੇਂ ਸਾਰਾ ਦੇਸ਼ ਇਕਮੁੱਠ ਹੈ ਕਿ ਅਸੀਂ ਕੋਰੋਨਾ ’ਤੇ ਜਿੱਤ ਪ੍ਰਾਪਤ ਕਰਨੀ ਹੈ। ਕਿਤੇ-ਕਿਤੇ ਪਹੁੰਚ ਵਿੱਚ ਜਾਂ ਲਾਗੂ ਕਰਨ ਵਿੱਚ ਫ਼ਰਕ ਹੋ ਸਕਦਾ ਹੈ।
ਕੌਮ ਦੇ ਨਾਮ ਸੰਦੇਸ਼ ਵਿੱਚ ਇਹ ਵੀ ਇੱਕ ਹਾਂ-ਪੱਖੀ ਵਰਤਾਰਾ ਸੀ, ਜਿਸ ਕਰਕੇ ਉਹ ਵੱਧ ਆਤਮ-ਵਿਸ਼ਵਾਸ ਵਿੱਚ ਬੋਲੇ। ਪਹਿਲਾਂ ਵਾਂਗ ਉਨ੍ਹਾਂ ਨਾ ਤਾੜੀਆਂ ਤੇ ਥਾਲੀਆਂ ਵਜਾਉਣ ਜਾਂ ਲਾਈਟਾਂ ਬੁਝਾ ਕੇ ਦੀਵੇ ਅਤੇ ਮੋਮਬੱਤੀਆਂ ਨਾਲ ਰੌਸ਼ਨੀ ਕਰਨ ਨੂੰ ਕਿਹਾ, ਜਿਸ ਤੋਂ ਲੋਕਾਂ ਵਿੱਚ ਦੀਵਾਲੀ ਵਰਗਾ ਮਾਹੌਲ ਬਣਾਉਣ ਦਾ ਗਲਤ ਸੰਦੇਸ਼ ਗਿਆ। ਉਸ ਦੌਰਾਨ ਕਈਆਂ ਨੇ ਉਸ ਰਾਤ ਪਟਾਕੇ ਅਤੇ ਆਤਿਸ਼ਬਾਜ਼ੀ ਵੀ ਕੀਤੀ, ਜਿਸ ਦੀ ਬਾਅਦ ਵਿੱਚ ਨਿੰਦਾ ਵੀ ਹੋਈ। ਕਿਉਂਕਿ ਕਿਹੜੀ ਖੁਸ਼ੀ ਵਿੱਚ ਅਜਿਹਾ ਕੀਤਾ ਗਿਆ, ਜਨਤਾ ਸਮਝ ਨਹੀਂ ਸਕੀ।
ਆਪਣੇ ਭਾਸ਼ਣ ਵਿੱਚ ਜਿੱਥੇ ਮੋਦੀ ਜੀ ਨੇ ਮਜ਼ਦੂਰ ਜਮਾਤ ਦੀ ਸਰਾਹਨਾ ਕੀਤੀ ਅਤੇ ਇਨ੍ਹਾਂ ਦੇ ਸਹਿਯੋਗ ਨੂੰ ਦੇਸ਼ ਭਗਤੀ ਤੱਕ ਕਹਿ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਦਰਜਾ ਦਿੱਤਾ, ਉੱਥੇ ਉਨ੍ਹਾਂ ਦੇ ਭੁੱਖੇ ਢਿੱਡਾਂ ਲਈ ਇੱਕ ਸ਼ਬਦ ਵੀ ਨਹੀਂ ਕਿਹਾ, ਨਾ ਹੀ ਕੋਈ ਪਾਲਿਸੀ ਬਣਾਈ, ਜਿਸ ਕਰਕੇ ਦਿਹਾੜੀਦਾਰਾਂ ਦੇ ਹੱਥ ਅਤੇ ਪੇਟ ਖਾਲੀ ਰਹੇ।
ਮਜ਼ਦੂਰ, ਖਾਸ ਕਰਕੇ ਕੱਚੇ ਮਜ਼ਦੂਰ, ਜਿਨ੍ਹਾਂ ਦਾ ਕਿਤੇ ਵੀ ਇੰਦਰਾਜ ਨਹੀਂ, ਜੋ ਦਿਹਾੜੀ ਦਾ ਕੰਮ ਕਰਦੇ ਸਨ, ਦਿਹਾੜੀ ਮਿਲਣ ’ਤੇ ਰਾਸ਼ਨ ਲੈ ਕੇ ਆਪਣਾ ਢਿੱਡ ਭਰਦੇ ਸਨ, ਅੱਜਕੱਲ ਸਾਰਿਆਂ ਪਾਸਿਆਂ ਤੋਂ ਕੰਮ ਖ਼ਤਮ ਹੋਣ ਕਰਕੇ ਉਹ ਬੇਰੁਜ਼ਗਾਰ ਹਨ। ਇੱਕ-ਇੱਕ ਕਮਰੇ ਵਿੱਚ ਅੱਠ-ਅੱਠ, ਦਸ-ਦਸ ਰਹਿੰਦੇ ਹਨ। ਕੋਈ ਸੰਸਥਾ ਖਾਣ ਨੂੰ ਦੇ ਦੇਵੇ ਤਾਂ ਢਿੱਡ ਵਿੱਚ ਪਾ ਲੈਂਦੇ ਹਨ, ਨਹੀਂ ਤਾਂ ਕਈ ਵਾਰ ਭੁੱਖੇ ਢਿੱਡ ਹੀ ਸੌਂ ਜਾਂਦੇ ਹਨ। ਪੈਸੇ ਮੁੱਕੇ ਹੋਣ ਕਰਕੇ ਬਹੁਤੇ ਆਪਣੇ ਕਮਰਿਆਂ ਦਾ ਕਿਰਾਇਆ ਵੀ ਨਹੀਂ ਦੇ ਪਾ ਰਹੇ, ਜਿਸ ਕਰਕੇ ਖੁਦਕੁਸ਼ੀਆਂ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ।
ਇਸ ਸਮੱਸਿਆ ਨੂੰ ਹੱਲ ਕਰਨ ਦੀ ਜਿੱਥੇ ਸੂਬਾ ਸਰਕਾਰਾਂ ਦੀ ਡਿਊਟੀ ਬਣਦੀ ਹੈ, ਉੱਥੇ ਕੇਂਦਰ ਸਰਕਾਰ ਦਾ ਵੀ ਫ਼ਰਜ਼ ਬਣਦਾ ਹੈ ਕਿ ਹਰ ਭੁੱਖੇ ਢਿੱਡ ਲਈ ਟੁੱਕ ਦਾ ਪ੍ਰਬੰਧ ਕੀਤਾ ਜਾਵੇ। ‘ਜਾਨ ਹੈ, ਤਾਂ ਜਹਾਨ ਹੈ’ ਦੇ ਨਾਅਰੇ ਮੁਤਾਬਕ ਅਗਰ ਮਜ਼ਦੂਰ ਜਿਊਂਦਾ ਰਹੇਗਾ ਤਾਂ ਹੀ ਭਾਰਤ ਵਰਸ਼ ਵੀ ਬਚੇਗਾ ਅਤੇ ਤਰੱਕੀ ਕਰੇਗਾ। ਜੋ ਕੁਝ ਸੰਬੰਧਤ ਸੂਬਾ ਸਰਕਾਰਾਂ ਹੁਣ ਕਰ ਰਹੀਆਂ ਹਨ, ਉਸਦੀ ਰਫ਼ਤਾਰ ਹੋਰ ਤੇਜ਼ ਕਰਨੀ ਚਾਹੀਦੀ ਹੈ। ਬਹੁਤੇ ਦਿੱਲੀ ਦੇ ਪ੍ਰਬੰਧ ਤੋਂ ਵੀ ਸਿੱਖ ਸਕਦੇ ਹਨ।
ਪਿਛਲੇ ਦਿਨੀਂ ਜੋ ਮਹਾਰਾਸ਼ਟਰ ਦੇ ਇੱਕ ਸ਼ਹਿਰ ਅਤੇ ਸੂਰਤ ਵਿੱਚ ਹੋਇਆ, ਉਹ ਹੋਰ ਕਿਤੇ ਨਾ ਵਾਪਰੇ, ਸਰਕਾਰ ਨੂੰ ਜਿੱਥੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ, ਉੱਥੇ ਕੁਝ ਚੈਨਲਾਂ ’ਤੇ ਵੀ ਸਖ਼ਤੀ ਨਾਲ ਨਿਗਾ ਰੱਖਣੀ ਚਾਹੀਦੀ ਹੈ, ਜੋ ਅਜਿਹੀਆਂ ਗ਼ਲਤ ਖ਼ਬਰਾਂ ਪ੍ਰਕਾਸ਼ਤ ਕਰਦੇ ਹਨ, ਜਿਨ੍ਹਾਂ ਦੀ ਬਾਅਦ ਵਿੱਚ ਮੁਆਫ਼ੀ ਮੰਗਣੀ ਪੈਂਦੀ ਹੈ। ਉਦੋਂ ਤੱਕ ਗ਼ਲਤ ਖ਼ਬਰ ਕਾਫ਼ੀ ਨੁਕਸਾਨ ਕਰ ਦਿੰਦੀ ਹੈ।
ਜੇ ਸਮੇਂ ਸਿਰ ਰੇਲਵੇ ਟਿਕਟਾਂ ਦੀ ਬੁਕਿੰਗ ਰੋਕੀ ਜਾਂਦੀ ਅਤੇ ਬਾਹਰਲੇ ਦੇਸ਼ਾਂ ਨੂੰ ਜਾਣ ਵਾਲੇ ਨਾਗਰਿਕਾਂ, ਖਾਸ ਕਰਕੇ ਇੰਗਲੈਂਡ ਬਾਰੇ ਖ਼ਬਰਾਂ ਅਤੇ ਤਰੀਕਾਂ ਦਾ ਐਲਾਨ ਨਾ ਹੁੰਦਾ ਤਾਂ ਇਹ ਭੀੜਾਂ ਘੱਟ ਜੁੜਨੀਆਂ ਸਨ। ਅਗਰ ਹੋਰ ਕਾਰਨਾਂ ਕਰਕੇ ਅਜਿਹੇ ਆਪ-ਮੁਹਾਰੇ ਇਕੱਠ ਹੋਏ ਹਨ ਤਾਂ ਇਸਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ।
ਅੱਜਕੱਲ ਕਈ ਸ਼ਕਤੀਆਂ ਲਗਾਤਾਰ ਚੀਨ ਅਤੇ ਮੁਸਲਮਾਨਾਂ ਖ਼ਿਲਾਫ਼ ਯੋਜਨਾਬੱਧ ਤਰੀਕੇ ਨਾਲ ਪ੍ਰਚਾਰ ਕਰ ਰਹੀਆਂ ਹਨ। ਹੋ ਸਕਦਾ ਹੈ ਉਨ੍ਹਾਂ ਸ਼ਕਤੀਆ ਦੇ ਪ੍ਰਚਾਰ ਸਦਕਾ ਚੀਨ ਅਤੇ ਮੁਸਲਮਾਨ ਦੇਸ਼ਾਂ ਖ਼ਿਲਾਫ਼ ਕੋਈ ਮਾਹੌਲ ਤਾਂ ਨਾ ਬਣ ਸਕੇ, ਪਰ ਭਾਰਤੀ ਭਾਈਚਾਰੇ ਦੇ ਅਮਨ ਨੂੰ ਨੁਕਸਾਨ ਜ਼ਰੂਰ ਹੋ ਸਕਦਾ ਹੈ।
ਆਖਰ ਵਿੱਚ, ਪਰ ਆਖ਼ਰੀ ਨਹੀਂ, ਅਸੀਂ ਇਸ ਰਾਇ ਦੇ ਹਾਂ ਕਿ ਜ਼ਿੰਦਗੀ ਵਿੱਚ, ਖਾਸ ਕਰਕੇ ਔਖ ਜਾਂ ਮੁਸੀਬਤ ਸਮੇਂ ਜਿੱਥੋਂ ਵੀ ਚੰਗਾ ਸਿੱਖਣ ਨੂੰ ਮਿਲੇ, ਉਸ ਨੂੰ ਆਪਣੀਆਂ ਕੋਸ਼ਿਸ਼ਾਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਮੇਰਾ ਭਾਵ ਭਾਰਤ ਦੇ ਇੱਕ ਛੋਟੇ ਜਿਹੇ ਸੂਬੇ ਵੱਲ ਇਸ਼ਾਰਾ ਹੈ, ਜੋ ਭਾਰਤ ਵਿੱਚ ਸਭ ਤੋਂ ਸੰਘਣੀ ਆਬਾਦੀ ਵਾਲਾ ਸੂਬਾ ਹੈ ਤੇ ਸਭ ਤੋਂ ਵੱਧ ਪੜ੍ਹਿਆ-ਲਿਖਿਆ ਹੈ। ਜਿੱਥੇ ਬਾਹਰਲੇ ਦੇਸ਼ਾਂ ਖਾਸ ਕਰਕੇ ਯੂਰਪ ਤੋਂ ਸਭ ਤੋਂ ਵੱਧ ਸੈਲਾਨੀ ਆਉਂਦੇ ਹਨ, ਜਿਸ ਨੇ ਇਸ ਬੀਮਾਰੀ ਨਾਲ ਸਭ ਤੋਂ ਵਧੀਆ ਤਰੀਕੇ ਨਾਲ ਦੌੜ-ਭੱਜ ਕਰਕੇ ਆਪਣੇ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਰੋਕਿਆ ਹੈ, ਜਿਸ ਸੂਬੇ ਦੀ ਸਿਹਤ ਮੰਤਰੀ ਕੁਮਾਰੀ ਸ਼ੈਲਜਾ ਟੀਚਰ ਹੈ, ਜੋ ਕੋਰੋਨਾ ’ਤੇ ਕੰਟਰੋਲ ਕਰਨ ਤੋਂ ਬਾਅਦ ਵੀ ਇਹੀ ਆਖਦੀ ਹੈ “ਅਸੀਂ ਚੈਨ ਨਾਲ ਨਹੀਂ ਬੈਠ ਸਕਦੇ, ਕਿਉਂਕਿ ਪਤਾ ਨਹੀਂ ਕਦੋਂ ਇਹ ਮਹਾਂਮਾਰੀ ਕਿਸ ਰੂਪ ਵਿੱਚ ਮੁੜ ਆ ਧਮਕੇ।” ਇਸੇ ਤਰ੍ਹਾਂ ਛੋਟੇ ਜਿਹੇ ਦੇਸ਼ ਤਾਇਵਾਨ ਤੋਂ ਵੀ ਸਿੱਖਿਆ ਜਾ ਸਕਦਾ ਹੈ, ਜਿਸ ਬਾਰੇ ਆਮ ਅਫ਼ਵਾਹ ਸੀ ਕਿ ਚੀਨ ਦਾ ਫੈਲਿਆ ਹੋਇਆ ਕੋਰੋਨਾ ਇਸ ਛੋਟੇ ਦੇਸ਼ ਨੂੰ ਛੇਤੀ ਨਿਗਲ ਜਾਵੇਗਾ। ਪਰ ਤਾਇਵਾਨ ਨੇ ਅਜਿਹੇ ਪ੍ਰਬੰਧ ਕੀਤੇ ਕਿ ਅੱਜ ਤੱਕ ਮਰਨ ਵਾਲਿਆਂ ਦੀ ਗਿਣਤੀ ਦੋ ਅੱਖਰਾਂ (ਦਹਾਈ) ਤੱਕ ਹੀ ਸੀਮਤ ਹੈ। ਇਸ ਲਈ ਸੁਣੋ, ਸਮਝੋ, ਫਾਸਲਾ ਰੱਖੋ, ਹੱਥ ਧੋਵੋ ਤਾਂ ਕਿ ਅਜਿਹਾ ਨਾ ਹੋਵੇ ਕਿ ਜ਼ਿੰਦਗੀ ਤੋਂ ਹੀ ਹੱਥ ਧੋਣੇ ਪੈ ਜਾਣ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2068)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)