“ਜੇ ਸਭ ਪਿੱਛੇ ਵੱਲ ਝਾਤੀ ਮਾਰ ਕੇ ਦੇਖਣ ਤਾਂ ਪਤਾ ਲੱਗੇਗਾ ਕਿ ਮੌਜੂਦਾ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ...”
(8 ਜਨਵਰੀ 2024)
ਇਸ ਸਮੇਂ ਪਾਠਕ: 400.
ਅਜੋਕੇ ਸਮੇਂ ਵਿੱਚ ਵੱਖ-ਵੱਖ ਘਟਨਾਵਾਂ ਇੰਨੀ ਤੇਜ਼ੀ ਨਾਲ ਬੀਤ ਰਹੀਆਂ ਹਨ, ਜਿਨ੍ਹਾਂ ਤੋਂ ਲਗਦਾ ਹੈ ਕਿ ਸਮਾਂ ਜਿਵੇਂ ਪਹਿਲਾਂ ਨਾਲੋਂ ਤੇਜ਼ ਰਫ਼ਤਾਰ ਚੱਲ ਰਿਹਾ ਹੋਵੇ। ਕਈ ਖ਼ਬਰਾਂ ਝਟਪਟ ਬੇਹੀਆਂ ਹੋ ਜਾਂਦੀਆਂ ਹਨ, ਪਰ ਕਈ ਖ਼ਬਰਾਂ ਦਿਮਾਗ ਵਿੱਚ ਇੰਨੀ ਜਗ੍ਹਾ ਬਣਾ ਲੈਂਦੀਆਂ ਹਨ ਕਿ ਉਹ ਤੁਹਾਡੀ ਯਾਦਦਾਸ਼ਤ ਦਾ ਚਿਰਾਂ ਤਕ ਹਿੱਸਾ ਬਣ ਬੈਠਦੀਆਂ ਹਨ। ਸਭ ਜਨਤਾ ਜਾਣੂ ਹੈ ਕਿ ਵੱਖ-ਵੱਖ ਸੂਬਿਆਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦਾ ਰਾਜ ਹੈ। ਇਨ੍ਹਾਂ ਵਿੱਚੋਂ ਬਹੁਤੇ ਸੂਬਿਆਂ ਵਿੱਚ ਬੀ ਜੇ ਪੀ ਦਾ ਰਾਜ-ਭਾਗ ਹੈ, ਪਰ ਸਮੁੱਚੇ ਭਾਰਤ ’ਤੇ ਬੀ ਜੇ ਪੀ ਅਖੌਤੀ ਵਿਸ਼ਵ ਗੁਰੂ ਸ੍ਰੀ ਨਰਿੰਦਰ ਮੋਦੀ ਦੀ ਕਮਾਂਡ ਹੇਠ ਪਿਛਲੇ ਤਕਰੀਬਨ ਦਸ ਸਾਲ ਤੋਂ ਰਾਜ ਕਰ ਰਹੀ ਹੈ। ਉਹੋ ਪਾਰਟੀ ਹੀ ਅੱਜ ਹੈਟ-ਟਰਿੱਕ ਬਣਾਉਣ ਦੀ ਗੱਲ ਵਾਰ-ਵਾਰ ਦੁਹਰਾਅ ਰਹੀ ਹੈ। ਹੈਟ-ਟਰਿੱਕ ਦਾ ਆਪਣਾ ਸੁਪਨਾ ਪੂਰਾ ਕਰਨ ਵਾਲੇ ਨੇਤਾ ਜਿੱਥੇ ਹਰ ਤਰ੍ਹਾਂ ਦਾ ਦਾਅ ਵਰਤ ਰਹੇ ਹਨ, ਉੱਥੇ ਉਹ ਸੈਕੂਲਰ ਸੰਵਿਧਾਨ ਦੀ ਸਹੁੰ ਚੁੱਕਣ ਤੋਂ ਬਾਅਦ ਵੀ ਜਨਤਾ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਤੋਂ ਬਾਜ਼ ਨਹੀਂ ਆ ਰਹੇ। ਜਿਵੇਂ ਸਭ ਜਾਣੂ ਹਨ ਕਿ ਭਾਰਤ ਵੱਖ-ਵੱਖ ਧਰਮਾਂ ਦਾ ਇੱਕ ਸੁਮੇਲ ਹੈ, ਪਰ ਇਸ ਵਿੱਚ ਬਹੁ-ਗਿਣਤੀ ਹਿੰਦੂਆਂ ਦੀ ਹੈ। ਇਸ ਕਰਕੇ ਭਾਰਤ ਨੂੰ ਹਿੰਦੂ ਰਾਜ ਵਿੱਚ ਤਬਦੀਲ ਕਰਨ ਦੀਆਂ ਗੱਲਾਂ ਸੁਣਾਈ ਦਿੰਦੀਆਂ ਹਨ। ਅਗਾਂਹ ‘ਹਿੰਦੂ ਰਾਜ’ ਨੂੰ ‘ਰਾਮ ਰਾਜ’ ਵਿੱਚ ਤਬਦੀਲ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਸਮੇਂ-ਸਮੇਂ ਲੋਕਾਂ ਨੂੰ ਅਜਿਹੇ ਸੁਪਨੇ ਦਿਖਾਏ ਜਾਂਦੇ ਹਨ। ਅੱਜ-ਕੱਲ੍ਹ ਅਯੁੱਧਿਆ ਵਿੱਚ ਬਾਈ ਜਨਵਰੀ ਨੂੰ ਰਾਮ ਦੀ ਮੂਰਤੀ ਸਥਾਪਤ ਕਰਨ ਦੇ ਸੰਬੰਧ ਵਿੱਚ ਰਾਮ ਭਗਤਾਂ ਨਾਲੋਂ ਜ਼ਿਆਦਾ ਰੌਲਾ ਸਰਕਾਰ ਆਪ ਅਤੇ ਆਪਣੇ ਅੰਧ-ਭਗਤਾਂ ਤੇ ਆਪਣੇ ਖਰੀਦੇ ਹੋਏ ਗੋਦੀ ਮੀਡੀਏ ਤੋਂ ਪੁਆ ਰਹੀ ਹੈ। ਪ੍ਰਚਾਰ ਇਸ ਹੱਦ ਤਕ ਕੀਤਾ ਜਾ ਰਿਹਾ ਜਿਵੇਂ ਬਾਈ ਜਨਵਰੀ ਤੋਂ ਬਾਅਦ ਇਹ ਭਾਜਪਾ ਹਕੂਮਤ ਵਾਕਿਆ ਹੀ ‘ਰਾਮ ਰਾਜ’ ਵਿੱਚ ਤਬਦੀਲ ਹੋ ਜਾਣ ਵਾਲੀ ਹੋਵੇ। ਜਨਤਾ ਅਤੇ ਸਰਕਾਰੀ ਪੈਸੇ ਉੱਤੇ ਉੱਸਰਿਆ ਰਾਮ ਮੰਦਰ ਇਵੇਂ ਪ੍ਰਚਾਰਿਆ ਜਾ ਰਿਹਾ ਹੈ, ਜਿਵੇਂ ਇਸ ਉੱਤੇ ਜਨਤਾ ਦਾ ਨਹੀਂ, ਬੀ ਜੇ ਪੀ ਦਾ ਨਿੱਜੀ ਖ਼ਰਚਾ ਹੋਇਆ ਹੋਵੇ।
ਸਿਆਣਿਆਂ ਦਾ ਅਖਾਣ ਹੈ ਕਿ “ਜੇਹਾ ਰਾਜਾ ਤੇਹੀ ਪਰਜਾ” ਭਾਵ ਸਮੁੱਚੀ ਜਨਤਾ ਵੀ ਉਵੇਂ ਹੀ ਵਿਚਰਦੀ ਹੈ, ਜਿਹੋ ਜਿਹਾ ਰਾਜੇ ਦਾ ਰਾਜ ਹੋਵੇ। ਅਖੀਰ ਉਹੋ ਰਾਜਾ ਹੀ ਦਿਲਾਂ ’ਤੇ ਰਾਜ ਕਰਦਾ ਹੈ ਜਾਂ ਚੰਗਾ ਕਰਕੇ ਜਾਣਿਆ ਜਾਂਦਾ ਹੈ, ਜੋ ਸੱਚ-ਮੁੱਚ ਹੀ ਜਨਤਾ ਦਾ ਹੋ ਨਿੱਬੜੇ। ਹਰ ਨਵੀਂ ਸਰਕਾਰ ਪੁਰਾਣੀ ਦੀ ਜਗ੍ਹਾ ਇਸ ਕਰਕੇ ਆਉਂਦੀ ਹੈ ਕਿ ਲੋਕ ਚੰਗੇ ਅਨੁਸ਼ਾਸਨ ਵਾਲੀ ਸਰਕਾਰ ਦੇ ਚਾਹਵਾਨ ਹੁੰਦੇ ਹਨ। ਪਰ ਜੇ ਸਭ ਪਿੱਛੇ ਵੱਲ ਝਾਤੀ ਮਾਰ ਕੇ ਦੇਖਣ ਤਾਂ ਪਤਾ ਲੱਗੇਗਾ ਕਿ ਮੌਜੂਦਾ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਕਿੰਨਾ ਫ਼ਰਕ ਹੈ। ਨਫ਼ਰਤ ਦਾ ਬਜ਼ਾਰ ਪਹਿਲਾਂ ਵਾਂਗ ਹੀ ਸਰਗਰਮ ਹੈ। ਸਿੱਖਿਆ ਖੇਤਰ, ਬੇਰੁਜ਼ਗਾਰੀ, ਮਹਿੰਗਾਈ, ਸਿਹਤ ਸਮੱਸਿਆਵਾਂ, ਧੀਆਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਸਮੇਤ ਸਮੁੱਚੇ ਲਾਅ ਐਂਡ ਆਰਡਰ ਦੀ ਹਾਲਤ ਉਵੇਂ ਦੀ ਉਵੇਂ ਹੈ, ਕੁਝ ਵੀ ਬਦਲਿਆ ਨਹੀਂ ਲਗਦਾ। ਜੇ ਸਿਆਸਤ ਵਿੱਚ ਦਾਗੀ ਅਤੇ ਕਰਿਮੀਨਲ ਦੋਸ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਰਾਜ ਕਰਦੀ ਪਾਰਟੀ ਵੀ ਕਿਸੇ ਵਿਰੋਧੀ ਪਾਰਟੀ ਨਾਲੋਂ ਪਿੱਛੇ ਨਹੀਂ ਲਗਦੀ। ਦੁੱਖ ਤਾਂ ਉਦੋਂ ਲਗਦਾ ਹੈ ਜਦੋਂ “ਬੇਟੀ ਪੜ੍ਹਾਓ ਬੇਟੀ ਬਚਾਓ’ ਦਾ ਨਾਅਰਾ ਬੁਲੰਦ ਕਰਨ ਵਾਲੀ ਪਾਰਟੀ ਦੇ ਆਪਣੇ ਰਾਜਾਂ ਵਿੱਚ ਇਸ ਨਾਅਰੇ ਦੀਆਂ ਧੱਜੀਆਂ ਉੱਡ ਰਹੀਆਂ ਹੋਣ। ਪਿੱਛੇ ਜਿਹੇ ਬੇਟੀਆਂ ਨਾਲ ਬੀਤੀਆਂ ਅੱਤ-ਮਾੜੀਆਂ ਘਟਨਾਵਾਂ ਨੇ ਲੇਖਕ ਸਮੇਤ ਦੇਸ਼ ਦੇ ਸਮੁੱਚੇ ਪਰਿਵਾਰਾਂ ਦਾ ਧਿਆਨ ਖਿੱਚਿਆ ਹੈ। ਇਸਦੇ ਦੁੱਖ ਦਾ ਮੁੱਖ ਕਾਰਨ ਇਸ ਕਰਕੇ ਵੀ ਹੈ ਕਿ ਬਹੁਤੀਆਂ ਘਟਨਾਵਾਂ ਉਸ ਪਾਰਟੀ ਦੇ ਰਾਜ ਵਿੱਚ ਵਾਪਰੀਆਂ ਹਨ, ਜੋ ‘ਹਿੰਦੂ ਰਾਜ’ ਅਤੇ ‘ਰਾਮ ਰਾਜ’ ਦਾ ਨਾਅਰਾ ਬੁਲੰਦ ਕਰ ਰਹੀ ਹੈ। ਜਿਵੇਂ ਸਭ ਨੇ ਪੜ੍ਹਿਆ ਤੇ ਸੁਣਿਆ ਹੋਵੇਗਾ ਕਿ ਇੱਕ ਹਿੰਦੂ ਬਨਾਰਸ ਯੂਨੀਵਰਸਿਟੀ ਦੀ ਲੜਕੀ ਨਾਲ ਤਿੰਨ ਹਿੰਦੂ ਲੜਕਿਆਂ ਨੇ ਜ਼ਬਰਦਸਤੀ ਕੁਕਰਮ ਕੀਤਾ। ਇਹ ਗੱਲ ਪਿਛਲੇ ਸਾਲ ਦੇ ਅਖੀਰਲੇ ਦੋ ਮਹੀਨਿਆਂ ਦੀ ਹੈ। ਲੜਕੀ ਨੇ ਸਾਰੀ ਘਟਨਾ ਬਾਰੇ ਆਪਣੇ ਅਧਿਆਪਕ ਨੂੰ ਦੱਸ ਕੇ, ਉਸ ਨੂੰ ਨਾਲ ਲਿਜਾ ਕੇ ਸੰਬੰਧਤ ਥਾਣੇ ਵਿੱਚ ਰਿਪੋਰਟ ਦਰਜ ਕਰਾਈ। ਪਹਿਲਾਂ ਰਿਪੋਰਟ ਦਰਜ ਕਰਨ ਤੋਂ ਆਨਾਕਾਨੀ ਕੀਤੀ ਗਈ, ਫਿਰ ਜੇ ਰਿਪੋਰਟ ਦਰਜ ਕੀਤੀ ਤਾਂ ਉਹ ਕੱਪੜੇ ਉਤਾਰਨ ਤਕ ਕੀਤੀ। ਫਿਰ ਬਾਅਦ ਵਿੱਚ ਦਬਾਅ ਬਣਨ ’ਤੇ ਜਾ ਕੇ ਰੇਪ ਦੀ ਐੱਫ ਆਈ ਆਰ ਦਰਜ ਹੋਈ। ਫਿਰ ਹੋਰ ਦਬਾਅ ਬਣਨ ’ਤੇ ਦੋ ਮਹੀਨੇ ਗੁਜ਼ਰਨ ਤੋਂ ਬਾਅਦ ਜਾ ਕੇ ਤਿੰਨੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋਈ। ਤੁਹਾਨੂੰ ਸਭ ਨੂੰ ਇਹ ਜਾਣ ਕੇ ਅੱਤ ਹੈਰਾਨੀ ਹੋਵੇਗੀ ਕਿ ਤਿੰਨੋਂ ਦੋਸ਼ੀ ਹਿੰਦੂ ਹਨ ਅਤੇ ਤਿੰਨੋਂ ਭਾਜਪਾ ਦੇ ਕਾਰਕੁਨ ਹਨ। ਤਿੰਨੋ ਆਪਣੇ ਕੱਦ ਮੁਤਾਬਕ ਆਪਣੀ ਭਾਜਪਾ ਪਾਰਟੀ ਦੇ ਅਹੁਦੇਦਾਰ ਹਨ। ਇਨ੍ਹਾਂ ਤਿੰਨਾਂ ਦੀਆਂ ਤਸਵੀਰਾਂ ਭਾਜਪਾ ਦੇ ਸਿਖਰਲੇ ਤਿੰਨ ਲੀਡਰਾਂ, ਮੋਦੀ ਜੀ, ਸ਼ਾਹ ਜੀ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਨਾਲ ਵਾਇਰਲ ਹੋਈਆਂ ਹਨ। ਤਿੰਨੋਂ ਦੋਸ਼ੀ ਭਾਜਪਾ ਦੇ ਜਿੱਤੇ ਪਾਰਲੀਮੈਂਟ ਹਲਕੇ ਨਾਲ ਸੰਬੰਧਤ ਹਨ। ਅੱਗੋਂ ਕੀ ਬਣਦਾ ਹੈ, ਰੱਬ ਹੀ ਰਾਖਾ ਹੈ।
ਇਵੇਂ ਹੀ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਤੇਰਾਂ ਲੋਕਾਂ ਦੇ ਦੋ ਸਮੂਹਾਂ ਨੇ ਸਤਾਰਾਂ ਸਾਲਾ ਲੜਕੀ ਨਾਲ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਨਾਹ ਕੀਤਾ। ਇਨ੍ਹਾਂ ਤੇਰ੍ਹਾਂ ਦੋਸ਼ੀਆਂ ਵਿੱਚੋਂ ਗਿਆਰਾਂ ਮੁਲਜ਼ਮ ਫੋਟੋਗ੍ਰਾਫਰ ਹਨ। ਇਹ ਘਟਨਾ ਵੀ ਪਿਛਲੇ ਸਾਲ ਸਤਾਰਾਂ ਤੋਂ ਉੱਨੀ ਦਸੰਬਰ ਦਰਮਿਆਨ ਦੀ ਹੋਈ ਦੱਸੀ ਜਾਂਦੀ ਹੈ। ਇਹ ਨਬਾਲਗਾ ਉਂਜ ਉੜੀਸਾ ਸੂਬੇ ਨਾਲ ਸੰਬੰਧ ਰੱਖਦੀ ਹੈ। ਗਰੀਬੀ ਕਰਕੇ ਇਹ ਕਿਸੇ ਦੇ ਘਰ ਨੌਕਰਾਣੀ ਵਜੋਂ ਕੰਮ ਕਰਦੀ ਸੀ। ਮਾਲਕ ਛੁੱਟੀ ’ਤੇ ਹੋਣ ਕਰਕੇ ਉਸ ਨਾਲ ਇਹ ਕੁਕਰਮ ਦੀ ਘਟਨਾ ਵਾਪਰੀ।
ਜੇਕਰ ਰਾਮ ਰਾਜ ਅਤੇ ਹਿੰਦੂ ਰਾਜ ਦਾ ਰਾਗ ਅਲਾਪਣ ਵਾਲਿਆਂ ਦੇ ਰਾਜ ਵਿੱਚ ਅਜਿਹਾ ਕੁਝ ਹੁੰਦਾ ਹੈ, ਜਾਂ ਹੁੰਦਾ ਰਹੇਗਾ ਤਾਂ ਫਿਰ ਆਮ ਗਰੀਬ ਜਨਤਾ ਕਿਵੇਂ ਅਜਿਹੇ ਨਾਅਰਿਆਂ ਦਾ ਹੁੰਗਾਰਾ ਭਰੇਗੀ। ਭਾਵੇਂ ਉਪਰੋਕਤ ਘਟਨਾਵਾਂ ਵੱਖ-ਵੱਖ ਸੂਬਿਆਂ ਨਾਲ ਸੰਬੰਧਤ ਹਨ, ਪਰ ਸਮੁੱਚਾ ਨਿਗਰਾਨ ਤਾਂ ਸੈਂਟਰ ਸਰਕਾਰ ਹੀ ਹੁੰਦੀ ਹੈ। ਅਜਿਹਾ ਨਾ ਵਾਪਰੇ ਜਾਂ ਘੱਟ ਵਾਪਰੇ, ਇਸ ਲਈ ਸਮੁੱਚੀ ਦੁਖੀ ਜਨਤਾ ਨੂੰ ਇੱਕ ਝੰਡੇ ਥੱਲੇ ਆਣ ਕੇ ਇਕੱਠੇ ਹੋ ਕੇ ਅਜਿਹੀ ਨਿਕੰਮੀ ਸਰਕਾਰ ਦੇ ਸਿੰਘਾਸਨ ਨੂੰ ਉਖਾੜਨ ਵਾਸਤੇ ਜ਼ੋਰ ਲਾਉਣਾ ਹੋਵੇਗਾ, ਜਿਸ ਵਾਸਤੇ ਅੱਜ ਹੀ ਵੀਹ ਸੌ ਚੌਵੀ ਦੀਆਂ ਚੋਣਾਂ ਵਾਸਤੇ ਕਮਰਕੱਸੇ ਕਰ ਲਵੋ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4608)
(ਸਰੋਕਾਰ ਨਾਲ ਸੰਪਰਕ ਲਈ: (