“ਅਜਿਹੇ ਵਿਹਾਰ ਕਰਕੇ ਤੁਹਾਡੇ ਅਤੇ ਮੁਸਲਮਾਨਾਂ ਵਿਚਕਾਰ ਪਾੜਾ ਵਧਣਾ ਲਾਜ਼ਮੀ ਹੈ ...”
(20 ਮਾਰਚ 2025)
ਭਾਰਤ ਦੇਸ਼ ਇੱਕ ਸਮੂਹ ਜਾਤਾਂ-ਪਾਤਾਂ ਦਾ ਗੁਲਦਸਤਾ ਦੇਸ਼ ਹੈ, ਜਿਸ ਵਿੱਚ ਹਿੰਦੂ-ਸਿੱਖ, ਮੁਸਲਮਾਨ-ਈਸਾਈ ਪ੍ਰਮੁੱਖ ਹਨ, ਜੋ ਸਭ ਭਾਰਤ ਮਾਤਾ ਦੇ ਬਰਾਬਰ ਦੇ ਪੁੱਤਰ ਹਨ, ਜੋ ਆਪੋ-ਆਪਣੀ ਵਿੱਤ ਮੁਤਾਬਕ ਆਪਣੀ ਭਾਰਤ ਮਾਂ ਦਾ ਰੁਤਬਾ ਉੱਚਾ ਚੁੱਕਣ ਲਈ ਦਿਨ-ਰਾਤ ਯਤਨਸ਼ੀਲ ਰਹਿੰਦੇ ਹਨ। ਠੀਕ ਇਸੇ ਤਰ੍ਹਾਂ ਭਾਰਤ ਮਾਤਾ ਵੀ ਆਪਣੇ ਸਭ ਪੁੱਤਰਾਂ ਦੀ ਸੁੱਖ-ਸਾਂਦ ਦਿਨ-ਰਾਤ ਲੋਚਦੀ ਰਹਿੰਦੀ ਹੈ, ਪਰ ਦੇਸ਼ ਦੇ ਹਾਕਮ ਵੱਖ-ਵੱਖ ਸਮੇਂ ਵੱਖ-ਵੱਖ ਵਿਆਖਿਆਵਾਂ ਇਸਦੇ ਪੁੱਤਰਾਂ ਬਾਰੇ ਕਰਕੇ ਜਿੱਥੇ ਮਾਤਾ ਨੂੰ ਸਤਾਉਂਦੇ ਹਨ, ਉੱਥੇ ਭਰਾਵਾਂ ਵਿੱਚ ਵੀ ਮੱਤ-ਭੇਦ ਅਤੇ ਮਨ-ਭੇਦ ਪੈਦਾ ਕਰਕੇ ਲੜਾਉਣ ਦਾ ਯਤਨ ਕਰਦੇ ਰਹਿੰਦੇ ਹਨ। ਅਜਿਹੇ ਵਰਤਾਓ ਨੂੰ ਸਮਝਣ ਅਤੇ ਸਮਝਾਉਣ ਲਈ ਅਸੀਂ ਕੋਈ ਦੂਰ ਦੀ ਅਤੇ ਪੁਰਾਣੀ ਕਥਾ ਨਹੀਂ ਛੇੜਨੀ ਚਾਹੁੰਦੇ, ਸਿਰਫ ਕੁਝ ਘੰਟੇ ਹੀ ਪਿੱਛੇ ਝਾਕਣ ਦੀ ਲੋੜ ਹੈ। ਜਿਸ ਹੋਲੀ ਦਾ ਰੰਗ ਤੁਹਾਡੇ ਸਰੀਰ ਵਿੱਚੋਂ ਅਜੇ ਪੂਰਾ ਨਿਕਲਿਆ ਨਹੀਂ ਹੋਵੇਗਾ, ਉਸ ਹੋਲੀ ਬਾਰੇ ਅਜੋਕੇ ਤੁੱਛ ਹਾਕਮਾਂ ਨੇ ਆਜ਼ਾਦੀ ਦੇ 77-78 ਸਾਲਾਂ ਬਾਅਦ ਅਜਿਹਾ ਮਾਹੌਲ ਬਣਾ ਦਿੱਤਾ ਹੈ ਕਿ ਪੁਲਿਸ ਅਤੇ ਕੈਮਰਿਆਂ ਦੀ ਛਤਰ-ਛਾਇਆ ਹੇਠ ਧਾਰਮਿਕ ਅਸਥਾਨਾਂ ਨੂੰ ਕਈ ਤਰੀਕਿਆਂ ਨਾਲ ਢਕ ਕੇ ਭਾਵ ਲੁਕੋ ਕੇ ਬਾਕੀ ਫਿਰਕਿਆਂ ਨੂੰ ਹੋਲੀ ਦਾ ਤਿਉਹਾਰ ਮਨਾਉਣ ਦੀ ਆਗਿਆ ਮਿਲੀ। ਇਸ ਤੋਂ ਪਹਿਲਾਂ ਵੀ ਕਈ ਵਾਰ ਕਈ ਫਿਰਕਿਆਂ ਦੇ ਤਿਉਹਾਰ ਇਕੱਠੇ ਆਏ, ਉਹਨਾਂ ਸਭ ਨੇ ਮਿਲ ਕੇ ਮਨਾਏ, ਪਰ ਇਸ ਵਾਰ ਵਰਗਾ ਤਣਾਅ ਕਦੀ ਨਹੀਂ ਦੇਖਿਆ ਗਿਆ। ਅਜਿਹਾ ਤਣਾਅ ਅਜਿਹੇ ਸੂਬੇ ਵਿੱਚ ਵਰਤਿਆ, ਜੋ ਖੇਤਰਫਲ ਅਤੇ ਜਨਸੰਖਿਆ ਵਜੋਂ ਸਭ ਤੋਂ ਵੱਡਾ ਹੈ ਅਤੇ ਜਿਸਦਾ ਮੁਖੀ ਪ੍ਰਧਾਨ ਮੰਤਰੀ ਦੇ ਲਾਡਲਿਆਂ ਮੁੱਖ ਮੰਤਰੀਆਂ ਵਿੱਚੋਂ ਆਉਂਦਾ ਹੈ। ਅਜਿਹੀ ਟੈਨਸ਼ਨ ਕਾਇਮ ਕਰਕੇ ਇੱਕ ਤਾਂ ਸੂਬਾ ਮੁਖੀ ਇਹ ਸਨੇਹਾ ਦੇਣ ਵਿੱਚ ਕਾਮਯਾਬ ਰਿਹਾ ਕਿ ਜੋ ਮੁਝੇ ਨਿਰਾ ਯੋਗੀ ਸਮਝਤੇ ਹੈਂ ਵੋਹ ਨਿਰਾ ਵੀ ਸਮਝੇ, ਦੂਸਰਾ ਆਪਣੀਆਂ ਨਾਕਾਮੀਆਂ ਵਿੱਚ ਵੀ ਤਰਪਾਲਾਂ ਇੰਜ ਪਾਈਆਂ ਕਿ ਲੋਕ ਕੁਝ ਸਮੇਂ ਲਈ ਗਰੀਬੀ, ਵਧਦੀ ਮਹਿੰਗਾਈ, ਲਾਅ ਐਂਡ ਆਰਡਰ, ਅਰਧ ਜਾਂ ਸੈਮੀ ਇਨਕਾਊਂਟਰ, ਬੇਰੁਜ਼ਗਾਰੀ ਭੁੱਲ ਗਏ ਹੋਣਗੇ।
ਅਸੀਂ ਜਿਵੇਂ ਉੱਪਰ ਇਸ਼ਾਰਾ ਕੀਤਾ ਹੈ, ਇਹ ਉਸ ਸੂਬੇ ਵਿੱਚ ਬੀਤਿਆ ਹੈ, ਜਿੱਥੇ ਹਜ਼ਾਰਾਂ ਨੌਕਰੀਆਂ ਲਈ ਲੱਖਾਂ ਦੀ ਗਿਣਤੀ ਵਿੱਚ ਬੇਰੁਜ਼ਗਾਰ ਅਪਲਾਈ ਕਰ ਦਿੰਦੇ ਹਨ, ਨੌਕਰੀਆਂ ਫਿਰ ਕੈਂਸਲ ਹੋ ਜਾਂਦੀਆਂ ਹਨ, ਜਿੱਥੇ ਛੇਤੀ ਕੀਤਿਆਂ ਨੌਕਰੀਆਂ ਲਈ ਇਮਤਿਹਾਨ ਨਹੀਂ ਹੁੰਦੇ, ਜੇ ਹੋਣ ਜਾਣ ਤਾਂ ਰਿਜ਼ਲਟ ਨਹੀਂ ਆਉਂਦੇ, ਜਿੱਥੇ ਪੇਪਰ ਲੀਕ ਹੋਣ ਦਾ ਆਮ ਰਿਵਾਜ਼ ਹੈ, ਜਿੱਥੇ ਸਿਆਸਤ ਨੂੰ ਹਿੰਦੂ-ਮੁਸਲਮਾਨ ਦੀ ਰਟ ਦਾ ਵੱਧ ਤੜਕਾ ਲਾਇਆ ਜਾਂਦਾ ਹੈ। ਜਿਹੜਾ ਸੂਬਾ ਸਰਕਾਰੀ ਖਜ਼ਾਨਿਆਂ ਵਿੱਚੋਂ ਅਥਾਹ ਪੈਸਾ ਖਰਚ ਕੇ ਅਨਪੜ੍ਹ ਅਤੇ ਬੇਰੁਜ਼ਗਾਰ ਜਨਤਾ ਤੋਂ ਆਪਣੇ ਹੱਕ ’ਤੇ ਤਾੜੀਆਂ ਵਜਾਉਂਦਾ ਹੈ, ਅਜਿਹੇ ਸੂਬੇ ਵਿੱਚ ਉਸ ਪਾਰਟੀ ਦਾ ਰਾਜ ਹੈ, ਜਿਸ ਪਾਰਟੀ ਨੇ ਸੱਤਾ ਪਾਉਣ ਲਈ ‘ਸਭ ਕਾ ਸਾਥ, ਸਭ ਕਾ ਵਿਕਾਸ’ ਦਾ ਨਾਅਰਾ ਮਾਰਕੇ ਕਦੀ ਵੋਟਾਂ ਬਟੋਰੀਆਂ ਸਨ। ਹੁਣ ਇਹ ਪਾਰਟੀ ਇਹ ਨਾਅਰਾ ਛੱਡ ਕੇ ਹਿੰਦੂ-ਮੁਸਲਮਾਨ ਅਤੇ ਬਟੋਗੇ ਤੋਂ ਕਟੋਗੇ ਦੇ ਨਾਅਰੇ ’ਤੇ ਆਣ ਅਟਕੀ ਹੈ। ਇਸ ਸੂਬੇ ਵਿੱਚ ਪੁਲਿਸ ਦੀ ਕਸਟਡੀ ਵਿੱਚ ਦੋ-ਦੋ ਕੈਦੀਆਂ ਨੂੰ ਦਿਨ-ਦਿਹਾੜੇ ਮਾਰ ਮੁਕਾਇਆ ਜਾਂਦਾ ਹੈ। ਅਗਰ ਡਬਲ ਇੰਜਣ ਦੀ ਸਰਕਾਰ ਵਕਤ ਅਜਿਹਾ ਹੋ ਰਿਹਾ ਹੈ ਤਾਂ ਫਿਰ ਸੰਬੰਧਤ ਜਨਤਾ ਕੀ ਕਰੇ? ਕੀ ਸੱਚੀਂ-ਮੁੱਚੀਂ ਠੰਢਾ ਪਾਣੀ ਪੀ ਮਰੇ!
ਹੁਣ ਅਜਿਹੇ ਵਰਤਾਰੇ ਦੌਰਾਨ ਅਸੀਂ ਕੁਝ ਹੋਰ ਆਪਣੇ ਪਾਠਕਾਂ ਤੋਂ ਸਮਝਣਾ ਅਤੇ ਸਮਝਾਉਣਾ ਚਾਹਾਂਗੇ। ਪਾਠਕੋ! ਅਸੀਂ ਪਹਿਲਾਂ ਕੋਈ 15-16 ਸਾਲ ਟੀਚਰ ਹੋਣ ਕਰਕੇ, ਦੂਸਰਾ ਉਮਰ ਵਿੱਚ ਅਜ਼ਾਦੀ ਦੇ ਹਾਣੀ ਹੋਣ ਕਰਕੇ ਜਾਣਦੇ ਹਾਂ ਕਿ ਜਦੋਂ ਕੋਈ ਆਪਣੀ ਜਮਾਤ ਵਿੱਚੋਂ ਪਾਸ ਹੋ ਜਾਂਦਾ ਸੀ ਤਾਂ ਉਹ ਅਗਲੀ ਜਮਾਤ ਦਾ ਵਿਦਿਆਰਥੀ ਬਣ ਜਾਂਦਾ ਸੀ। ਪਰ ਕਿਸੇ ਵੀ ਵਿਦਿਆਰਥੀ ਦੇ ਪਾਸ ਹੋਣ ਪਿੱਛੋਂ ਉਸ ਤੋਂ ਦੁਬਾਰਾ ਟੈੱਸਟ ਨਹੀਂ ਲਿਆ ਜਾਂਦਾ ਸੀ। ਹੁਣ ਆਉ ਅਸਲ ਮੁੱਦੇ ’ਤੇ, ਅਜ਼ਾਦੀ ਸਮੇਂ ਭਾਵ ਅਗਸਤ 1947 ਨੂੰ ਪਹਿਲਾਂ ਭਾਰਤ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਇੱਕ ਭਾਰਤੀਆਂ ਭਾਵ ਹਿੰਦੂ-ਸਿੱਖ, ਈਸਾਈ ਆਦਿ ਲਈ, ਇੱਕ ਹਿੱਸਾ ਪਾਕਿਸਤਾਨ ਮੁਸਲਮਾਨ ਅਬਾਦੀ ਲਈ ਸੁਰੱਖਿਅਤ ਕਰ ਦਿੱਤਾ। ਜਿਹੜਾ ਜਿੱਧਰ ਜਾਣਾ ਚਾਹੁੰਦਾ ਸੀ, ਚਲਾ ਗਿਆ ਅਤੇ ਉੱਧਰੋਂ ਜਿਹੜਾ ਆਉਣਾ ਚਾਹੁੰਦਾ ਸੀ, ਆ ਗਿਆ। ਭਾਵੇਂ ਅਜਿਹਾ ਕਰਨ ਵਿੱਚ ਰੱਬ ਅਤੇ ਅੱਲ੍ਹਾ ਨੂੰ ਅਣਗਿਣਤ ਲੋਕ ਪਿਆਰੇ ਵੀ ਹੋ ਗਏ। ਜੋ ਇੱਧਰ ਰਹੇ, ਉਹ ਭਾਰਤੀ ਅਖਵਾਏ ਅਤੇ ਜੋ ਉੱਧਰ ਚਲੇ ਗਏ, ਉਹ ਪਾਕਿਸਤਾਨੀ ਅਖਵਾਏ। ਜਿਨ੍ਹਾਂ ਅਜਿਹਾ ਫੈਸਲਾ ਲਿਆ, ਉਹ ਦੋਹਾਂ ਦੇਸ਼ਾਂ ਤੋਂ ਅਲੋਪ ਹੋ ਚੁੱਕੇ ਹਨ। ਭਾਵ ਇੱਧਰਲੇ ਮੁਸਲਮਾਨਾਂ ਦਾ ਜਨਮ ਇੱਧਰਲਾ ਹੋਣ ਕਰਕੇ ਸਭ ਮੁਸਲਮਾਨ ਅਤੇ ਬਾਕੀ ਸਭ ਜਾਤੀਆਂ ਦੀ ਸੰਤਾਨ ਭਾਰਤੀ ਹੀ ਹਨ। ਫਿਰ ਮੁਸਲਮਾਨਾਂ ਨੂੰ ਕਿਉਂ ਵਾਰ-ਵਾਰ ਭਾਰਤ ਛੱਡ ਕੇ ਪਾਕਿਸਤਾਨ ਜਾਣ ਲਈ ਆਖਿਆ ਜਾਂਦਾ ਹੈ? ਕਈ ਗੱਲਾਂ ਵਿੱਚ ਉਹਨਾਂ ਤੋਂ ਭਾਰਤੀ ਹੋਣ ਦੇ ਸਬੂਤ ਮੰਗੇ ਜਾਂਦੇ ਹਨ। ਸਿਰਫ ਇਸ ਕਰਕੇ ਕਿ ਔਰੰਗਜ਼ੇਬ ਵਰਗੇ ਨਾ-ਪਸੰਦ ਰਾਜੇ ਨੇ ਤੁਹਾਡੇ ’ਤੇ ਰਾਜ ਕੀਤਾ? ਅਗਰ ਭਾਰਤ ਮੁਸਲਮਾਨਾਂ ਅਧੀਨ ਗੁਲਾਮ ਰਿਹਾ ਤਾਂ ਆਪਣੀਆਂ ਕਮਜ਼ੋਰੀਆਂ, ਗੱਦਾਰੀਆਂ ਅਤੇ ਗਲਤੀਆਂ ਕਰਕੇ। ਉਨ੍ਹਾਂ ਦਾ ਅਧਿਐਨ ਕਰਕੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੋ, ਨਾ ਕਿ ਨਫਰਤ ਦੇ ਸ਼ਾਹੂਕਾਰ ਬਣੋ। ਜਦੋਂ ਵੀ ਕਿਸੇ ਦੇਸ਼ ਵਿੱਚੋਂ ਕਿਸੇ ਕੌਮ ਦਾ ਰਾਜ ਜਾਂਦਾ ਹੈ, ਹਮੇਸ਼ਾ ਉਸ ਕੌਮ ਦੇ ਹੀ ਗੱਦਾਰ ਨਿਕਲੇ ਹਨ। ਬਾਪ ਦੀ ਗਲਤੀ ਦੀ ਸਜ਼ਾ ਉਸ ਦੀ ਔਲਾਦ ਨੂੰ ਬਿਲਕੁਲ ਨਹੀਂ ਦਿੱਤੀ ਜਾ ਸਕਦੀ। ਜਿਸ ਹਕੂਮਤ ਨੇ ਵੀ ਅਜਿਹਾ ਕੀਤਾ, ਉਸ ਦੀ ਹਕੂਮਤ ਲਈ ਅਜਿਹੇ ਬੀਜੇ ਕਿੱਲ ਆਖਰੀ ਕਿੱਲ ਸਾਬਤ ਹੋਣਗੇ। ਅਗਰ ਤੁਹਾਡੇ ਮੁਤਾਬਕ ਸਭ ਝਗੜੇ-ਲੜਾਈਆਂ ਮੁਸਲਿਮ ਭਾਈਚਾਰਾ ਹੀ ਕਰਦਾ ਹੈ ਤਾਂ ਫਿਰ ਮਹਾਂ-ਭਾਰਤ ਯੁੱਧ, ਰਾਮ ਅਤੇ ਰਾਵਣ ਦਾ ਯੁੱਧ ਕਿਸ ਕਰਕੇ ਹੋਇਆ? ਕੀ ਉੱਤਰ ਦੇਣ ਦੀ ਖੇਚਲ ਕਰੋਗੇ?
ਹਕੂਮਤੀ ਲਾਣਾ ਇਹ ਸਮਝਣ ਦੀ ਕੋਸ਼ਿਸ਼ ਕਰੇ ਕਿ ਰੋਜ਼ਾਨਾ ਜੀਵਨ ਵਿੱਚ ਵੱਖ-ਵੱਖ ਸ਼ਖਸੀਅਤਾਂ ਵੱਲੋਂ ਵੱਖ-ਵੱਖ ਗੁਲਦਸਤੇ ਵਸੂਲਣ ਵਾਲਿਆਂ ਨੂੰ ਸਭ ਰੰਗ ਪਿਆਰੇ ਹੁੰਦੇ ਹਨ। ਕੋਈ ਰੰਗ ਵੀ ਨਫਰਤੀ ਰੰਗ ਨਹੀਂ ਹੁੰਦਾ। ਅਗਰ ਕਿਸੇ ਗੁਲਦਸਤੇ ਵਿੱਚ ਕੋਈ ਫੁੱਲ ਮੁਰਝਾ ਜਾਵੇ ਤਾਂ ਗੁਲਦਸਤਾ ਖੂਬਸੂਰਤ ਨਹੀਂ ਰਹਿੰਦਾ। ਇਸੇ ਕਰਕੇ ਭਾਰਤੀ ਗੁਲਦਸਤੇ ਨੂੰ ਹਰ ਤਰ੍ਹਾਂ ਰੰਗੀਨ ਰੱਖਣ ਲਈ ਕਿਸੇ ਫੁੱਲ ਨੂੰ ਮੁਰਝਾਉਣ ਨਾ ਦਿਓ, ਨਾ ਹੀ ਆਪ ਤੋੜਨ ਦਾ ਯਤਨ ਕਰੋ, ਨਾ ਹੀ ਕਿਸੇ ਸ਼ਰਾਰਤੀ ਨੂੰ ਤੋੜਨ ਦੀ ਆਗਿਆ ਦਿਓ। ਮੈਂ ਲਿਖ ਰਿਹਾ ਤਾਂ ਮੈਨੂੰ ਕਿਸੇ ਵਿਦਵਾਨ ਦੀਆਂ ਲਿਖੀਆਂ ਇਹ ਸਤਰਾਂ ਬੇਚੈਨ ਕਰ ਰਹੀਆਂ ਹਨ - ਯੋਗੀ ਜੀ, ਇਹ ਉਹ ਮੁਸਲਿਮ ਭਾਈਚਾਰਾ ਹੈ, ਜਿਸ ਨਾਲ ਤੁਹਾਡੇ ਦਰਜਨ ਤੋਂ ਵੱਧ ਲੀਡਰਾਂ ਦੀ ਕੁੜਮਾ-ਚਾਰੀ ਹੈ। ਇਹ ਆਮ ਲੋਕਾਂ ਵਿੱਚ ਹਜ਼ਾਰਾਂ ਤਕ ਪਹੁੰਚ ਚੁੱਕੀ ਹੈ। ਤੁਸੀਂ ਇਸ ਸਦੀ ਵਿੱਚ ਵੀ ਪੜ੍ਹ-ਲਿਖਕੇ ਅਨਪੜ੍ਹਾਂ ਵਾਲਾ ਵਰਤਾਓ ਕਰ ਰਹੇ ਹੋ।
ਇਸ ਸਭ ਕਾਸੇ ਦੇ ਉਲਟ ਤੁਸੀਂ ਮੁਸਲਮਾਨਾਂ ਨੂੰ ਪਿਛਾਂਹ-ਖਿੱਚੂ ਅਤੇ ਜ਼ਿਆਦਾ ਬੱਚੇ ਪੈਦਾ ਕਰਨ ਵਾਲੇ ਆਖ ਕੇ ਭੰਡ ਰਹੇ ਹੋ, ਜਦਕਿ ਤੁਸੀਂ ਅਤੇ ਤੁਹਾਡੇ ਵਰਗੇ ਕਈ ਹੋਰ ਵੱਧ ਬੱਚੇ ਪੈਦਾ ਕਰਨ ਦਾ ਹੋਕਾ ਦੇ ਰਹੇ ਹੋ। ਅਜਿਹੇ ਵਿਹਾਰ ਕਰਕੇ ਤੁਹਾਡੇ ਅਤੇ ਮੁਸਲਮਾਨਾਂ ਵਿਚਕਾਰ ਪਾੜਾ ਵਧਣਾ ਲਾਜ਼ਮੀ ਹੈ। ਇਵੇਂ ਹੀ ਤੁਸੀਂ ਕਦੀ ਕਾਂਗਰਸ ਨੂੰ ਮਰ ਚੁੱਕੀ ਪਾਰਟੀ ਸੰਬੋਧਨ ਕਰਦੇ ਹੋ, ਕਦੇ ਮੁਸਲਮਾਨਾਂ ਨੂੰ ਚੱਕੋਪਾਈ ਕਰਨ ਵਾਲੇ ਗਰਦਾਨਦੇ ਹੋ। ਅਸੀਂ ਜਾਣਦੇ ਹਨ ਹਾਂ ਕਿ ਤੁਸੀਂ ਗਿਆਨਵਾਨ ਹੋ, ਤੁਸੀਂ ਭਾਵੇਂ ਛੋਟੇ ਰਾਜੇ ਦੀ ਹੈਸੀਅਤ ਵਿੱਚ ਹੋ, ਜ਼ਰਾ ਹਿੰਦੂ-ਹਿੰਦੂ, ਸਨਾਤਨ-ਸਨਾਤਨ ਦੀ ਰਟ ਘੱਟ ਕਰਕੇ ਪੂਰੇ ਭਾਰਤੀਆਂ ਬਾਬਤ ਵੀ ਸੋਚੋ। ਅਜਿਹਾ ਕਰਨ ਨਾਲ ਤੁਹਾਡਾ ਸਮੁੱਚੀ ਜਨਤਾ ਪ੍ਰਤੀ ਅਤੇ ਸਮੁੱਚੀ ਜਨਤਾ ਦਾ ਤੁਹਾਡੇ ਪ੍ਰਤੀ ਵਤੀਰਾ ਬਦਲੇਗਾ ਅਤੇ ਬਦਲਦੇ ਸਾਰ ਹੀ ਜਨਤਾ ਨੂੰ ਤੁਹਾਡੇ ਵਿੱਚੋਂ ਮਨੁੱਖਤਾ-ਇਨਸਾਨੀਅਤ ਅਤੇ ਯੋਗੀਪੁਣੇ ਦੀ ਮਹਿਕ ਆਉਣੀ ਸ਼ੁਰੂ ਹੋ ਜਾਵੇਗੀ। ਤੁਸੀਂ ਸਿਰਫ ਆਪਣੇ ਸੁਭਾਅ ਵਿੱਚ ਨਰਮੀ ਲਿਆਉਣੀ ਹੈ। ਅਜਿਹੀ ਨਰਮੀ ਸਿਰਫ ਤੁਸੀਂ ਵਰਤਣੀ ਹੈ, ਫਿਰ ਤੁਹਾਨੂੰ ਲੱਗੇਗਾ ਕਿ ਤੁਸੀਂ ਸਭ ਦੇ ਹੋ, ਸਭ ਤੁਹਾਡੇ ਹੀ ਹਨ। ਅਜਿਹਾ ਹੋਣਾ ਕਦੋਂ ਸੰਭਵ ਹੋਵੇਗਾ, ਇਹ ਸਭ ਭਵਿੱਖ ਦੀ ਕੁੱਖ ਵਿੱਚ ਹੈ। ਅਗਰ ਅਜਿਹਾ ਸਭ ਤੁਸੀਂ ਸਿਰਜ ਸਕੋ ਤਾਂ ਫਿਰ ਯੋਗੀ ਜੀ ਤੁਸੀਂ ਆਉਣ ਵਾਲੇ ਸਮੇਂ ਵਿੱਚ ਦੇਖੋਗੇ ਕਿ ਤੁਹਾਡੀਆਂ ਤਿਰਪਾਲਾਂ ਵੀ ਬੇਲੋੜੀਆਂ ਹੋ ਜਾਣਗੀਆਂ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (