“ਵੱਖ-ਵੱਖ ਧਰਮਾਂ ਦੇ ਭੇਸਾਂ ਵਿੱਚ ਪਾਸਟਰ ਵਰਗੇ ਬਘਿਆੜ ਸਮਾਜ ਵਿੱਚ ਘੁੰਮ ਰਹੇ ਹਨ,ਜਿਨ੍ਹਾਂ ਦੀ ...”
(7 ਅਪਰੈਲ 2025)
ਸੰਸਾਰ ਵਿੱਚ ਕਿਸੇ ਜਗ੍ਹਾ ਜਦੋਂ ਤੋਂ ਮਨੁੱਖ ਨੇ ਪੈਦਾ ਹੋ ਕੇ ਅੱਖ ਖੋਲ੍ਹੀ ਹੈ, ਉਦੋਂ ਤੋਂ ਹੀ ਉਹ ਗਿਆਨ ਦੀ ਘਾਟ ਕਰਕੇ ਅਪਰਾਧਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੁੰਦਾ ਗਿਆ। ਜਿਹੜਾ ਮਨੁੱਖ ਅਜਿਹੀ ਸ਼੍ਰੇਣੀ ਵਿੱਚੋਂ ਬਾਹਰ ਆਇਆ, ਉਹ ਆਪਣੇ ਗਿਆਨ ਕਰਕੇ ਆਇਆ। ਸਮੁੱਚੀ ਮਨੁੱਖਤਾ ਦਾ ਇੱਕ ਹਿੱਸਾ ਆਪਣੀ ਪਾਲਣਾ ਪੋਸ਼ਣਾ ਚੰਗੀ ਹੋਣ ਕਰਕੇ ਚੰਗੀ ਸੁਸਾਇਟੀ ਚੁਣਦਾ ਹੈ। ਇੱਕ ਹਿੱਸਾ, ਜਿਸ ਉਮਰੇ ਗਿਆਨ ਹੋ ਜਾਵੇ, ਉਸੇ ਉਮਰੇ ਚੰਗੇ ਪਾਸੇ ਲੱਗ ਜਾਂਦਾ ਹੈ। ਪਰ ਸੁਸਾਇਟੀ ਦਾ ਇੱਕ ਹਿੱਸਾ ਗਿਆਨ ਹੋਵੇ ਜਾਂ ਨਾ, ਉਹ ਜਾਣੇ ਜਾਂ ਅਣਜਾਣੇ ਗਲਤ ਸੁਸਾਇਟੀ ਚੁਣ ਬੈਠਦਾ ਹੈ, ਜਿਸਦੇ ਸਫ਼ਰ ਵਿੱਚ ‘ਬਚ ਕੇ ਮੋੜ ਤੋਂ’ ਦੀ ਕਹਾਵਤ ਢੁਕਦੀ ਰਹਿੰਦੀ ਹੈ। ਅਜਿਹੇ ਲੋਕ ਕਈ ਵਾਰ ਸਾਰੀ ਜ਼ਿੰਦਗੀ ਬਚੇ ਰਹਿੰਦੇ ਹਨ। ਕਈ ਵਾਰ ਵਾਰੀ ਆਉਣ ਤੋਂ ਪਹਿਲਾਂ ਹੀ ਫਸ ਜਾਂਦੇ ਹਨ ਪਰ ਕਈ ਲੋਕਾਂ ਦਾ ਨੈੱਟਵਰਕ ਮਜ਼ਬੂਤ ਹੋਣ ਕਰਕੇ ਕੁਝ ਸਮਾਂ ਵੱਧ ਲੈ ਲੈਂਦੇ ਹਨ। ਅਜਿਹੇ ਮਹਾਪੁਰਸ਼ਾਂ ਵਿੱਚੋਂ ਇੱਕ ਅਜਿਹਾ ਪਖੰਡੀ ਵੀ ਕੁੜਿੱਕੀ ਵਿੱਚ ਜਾ ਫਸਿਆ, ਜੋ ਆਪਣੇ ਆਪ ਨੂੰ ਰੱਬ ਸਮਾਨ ਸਮਝਦਾ-ਸਮਝਦਾ ਆਪਣੀ ਔਕਾਤ ਵਿੱਚ ਆਣ ਕੇ ਇੱਕ ਉਮਰ ਕੈਦੀ ਦੀ ਪੁਸ਼ਾਕ ਵਿੱਚ ਆਣ ਪ੍ਰਗਟ ਹੋਇਆ; ਜਿਸ ਨੇ ਉਸ ਮੁਤਾਬਕ ਆਪਣੇ ਲੱਖਾਂ ਚਾਹੁਣ ਵਾਲੇ ਸ਼ਰਧਾਲੂਆਂ ਨੂੰ ਨਿਰਾਸ਼ ਕੀਤਾ। ਰੇਤ ਦਾ ਮਹਿਲ ਇਕਦਮ ਧੜੱਮ ਕਰਕੇ ਅਚਾਨਕ ਐਸਾ ਡਿੱਗਾ, ਜਿਸ ਥੱਲੇ ਆਪਣੇ-ਆਪ ਨੂੰ ਰੱਬ ਦਾ ਸ਼ਰੀਕ ਅਖਵਾਉਣ ਵਾਲਾ ਅਜਿਹਾ ਥੱਲੇ ਆਇਆ ਕਿ ਥੱਲਿਓਂ ਅਵਾਜ਼ਾਂ ਆ ਰਹੀਆਂ ਸਨ ਕਿ ਮੁਆਫ਼ ਕੀਤਾ ਜਾਵੇ, ਸਜ਼ਾ ਘੱਟ ਕੀਤੀ ਜਾਵੇ, ਜਨਾਬ ਮੇਰੀ ਲੱਤ ਵਿੱਚ ਸਰੀਆ ਪਿਆ ਹੋਇਆ ਹੈ, ਮੈਂ ਇੱਕ ਕਬੀਲਦਾਰ ਹਾਂ, ਮੇਰੇ ਤਿੰਨ ਬੱਚੇ ਹਨ, ਲੜਕਾ ਪੜ੍ਹ ਰਿਹਾ ਹੈ, ਮੇਰੀ ਇੱਕ ਲੜਕੀ ਚੌਦਾਂ ਸਾਲ ਦੀ ਹੈ, ਮੈਂ ਅਜਿਹਾ ਘਿਨਾਉਣਾ ਕੰਮ ਕਿਵੇਂ ਕਰ ਸਕਦਾ ਹਾਂ, ਮੈਨੂੰ ਝੂਠਾ ਫਸਾਇਆ ਗਿਆ ਹੈ। ਆਦਿ ਆਦਿ ਆਦਿ।
ਪਰ ਇੰਨੇ ਮੋਮੋਠਗਣੇ ਬਹਾਨਿਆਂ ਤੋਂ ਬਾਅਦ ਵੀ ਉਸ ਬਹਾਦਰ ਸੈਸ਼ਨ ਜੱਜ ਸਾਹਿਬ ਦੀ ਕਲਮ ’ਤੇ ਭੋਰਾ ਜਿੰਨਾ ਵੀ ਅਸਰ ਨਹੀਂ ਪਿਆ। ਕਾਰਨ, ਜਦੋਂ ਜੱਜ ਸਾਹਿਬ ਨੇ ਇਨਸਾਫ਼ ਦੀ ਤੱਕੜੀ ਫੜ ਕੇ ਇਨਸਾਫ਼ ਦੇਣ ਲਈ ਉੱਪਰ ਉਠਾਈ ਤਾਂ ਗੁਨਾਹਾਂ ਦਾ ਛਾਬਾ ਜ਼ਿਆਦਾ ਭਾਰਾ ਨਿਕਲਿਆ। ਦੋਸ਼ੀ ਪਾਸਟਰ ਨੇ ਆਪਣੇ ਵਕੀਲ ਰਾਹੀਂ ਜੋ ਆਪਣੇ ਆਪ ਨੂੰ ਬਿਆਨਿਆ ਸੀ ਕਿ ਜਨਾਬ ਬਲਜਿੰਦਰ ਪਾਸਟਰ ਦੇ ਸ਼ਰਧਾਲੂ ਲੱਖਾਂ ਵਿੱਚ ਹਨ, ਉਹ ਦੇਸ਼ ਦੇ ਵੱਡੇ-ਵੱਡੇ ਸ਼ਹਿਰਾਂ ਤਕ ਫੈਲਿਆ ਹੋਇਆ ਹੈ, ਉਹ ਜਿਸ ਬਿਮਾਰ ਨੂੰ ਵੀ ਛੂਹਦਾ ਹੈ, ਉਸ ਦੀ ਬਿਮਾਰੀ ਛੂ-ਮੰਤਰ ਹੋ ਜਾਂਦੀ ਹੈ, ਜਨਾਬ ਰਹਿਮ ਤਾਂ ਬਣਦਾ ਹੈ। ਉਹ ਦੇਸ਼ ਤੋਂ ਬਾਅਦ ਵਿਦੇਸ਼ਾਂ ਵਿੱਚ ਵੀ ਜਾ ਕੇ ਮਨੁੱਖਤਾ ਦੀ ਸੇਵਾ ਕਰਦਾ ਰਹਿੰਦਾ ਹੈ। ਪਰ ਅਸਲ ਵਿੱਚ ਬਹਾਦਰ ਜੱਜ ਸਾਹਿਬ ਨੇ ਦੇਖਿਆ ਕਿ ਗੁਨਾਹਾਂ ਵਾਲਾ ਛਾਬਾ ਭਾਰਾ ਹੈ। ਇਸ ਕਰਕੇ ਜਦੋਂ ਜੱਜ ਸਾਹਿਬ ਨੇ ਆਪਣੀ ਕਲਮ ਨੂੰ ਫੈਸਲਾ ਲਿਖਣ ਲਈ ਕਿਹਾ ਤਾਂ ਉਸਦੇ ਪਹਿਲੇ ਅਤੇ ਆਖਰੀ ਸ਼ਬਦ ਸਨ, “ਉਮਰ ਕੈਦ ਮੌਤ ਤੱਕ”। ਭਾਵ ਜੇਲ੍ਹ ਵਿੱਚ ਹੀ ਮਰਨਾ ਹੈ। ਪੀੜਤ ਧੀ, ਭੈਣ ਨੇ ਫੈਸਲੇ ’ਤੇ ਸੰਤੁਸ਼ਟੀ ਪ੍ਰਗਟਾਈ, ਪੁਲਿਸ ਨੇ ਦੋਸ਼ੀ ਨੂੰ ਜੇਲ੍ਹ ਗੱਡੀ ਦਿਖਾਈ। ਅਪੁਸ਼ਟ ਖ਼ਬਰਾਂ ਮੁਤਾਬਕ ਹੁਕਮ ਵੇਲੇ ਖੱਪ ਪਾਉਣ ਲਈ ਸ਼ੂਟਰ ਮੰਗਵਾਏ ਹੋਏ ਸਨ। ਖੱਪ ਪਾ ਕੇ ਜ਼ਮਾਨਤ ਲੈਣ ਦਾ ਪ੍ਰੋਗਰਾਮ ਸੀ। ਅਜਿਹਾ ਸਭ ਕੁਝ ਨਹੀਂ ਵਾਪਰਿਆ, ਪੁਲਿਸ ਇੰਤਜ਼ਾਮਾਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ। ਜਬਰ ਜਨਾਹ ਕੇਸ ਵਿੱਚ ਇਹ ਇੱਕ ਨਮੂਨੇ ਦੀ ਸਜ਼ਾ ਹੋ ਨਿੱਬੜੇਗੀ। ਅਜਿਹੇ ਹੁਕਮ ਨਾਲ ਖਾਸ ਕਰ ਗਰੀਬ ਜਨਤਾ ਦਾ ਅਦਾਲਤੀ ਇਨਸਾਫ਼ ’ਤੇ ਭਰੋਸਾ ਵਧਿਆ ਹੈ।
ਪਾਠਕ ਸਾਥੀਓ, ਚੇਤੇ ਦੀ ਚੰਗੇਰ ਵਿੱਚੋਂ ਮਾੜਾ-ਮਾੜਾ ਚੇਤਾ ਆ ਰਿਹਾ ਹੈ ਕਿ ਤਕਰੀਬਨ 2012 ਤੋਂ ਪਹਿਲਾਂ ਜਬਰ-ਜਨਾਹ ਕੇਸ ਵਿੱਚ ਵੱਧ ਤੋਂ ਵੱਧ ਸੱਤ ਸਾਲ ਦੀ ਹੀ ਕੈਦ ਸੁਣਾਈ ਜਾਂਦੀ ਸੀ। ਫਿਰ ਇੱਕ ਦਰੁਸਤੀ ਹੁਕਮ ਮੁਤਾਬਕ ਰੇਪ ਕੇਸ ਵਿੱਚ ਉਮਰ ਕੈਦ ਤਕ ਵਾਧਾ ਕੀਤਾ ਗਿਆ, ਜਿਸ ਮੁਤਾਬਕ ਲੋਕਾਂ ਦੇ ਇੱਕ ਅੰਧਵਿਸ਼ਵਾਸੀ ਹਿੱਸੇ ਦੇ ਰੱਬ ਨੂੰ ਖੁਰਾਕ ਵਜੋਂ ਦਿੱਤੀ ਗਈ ਹੈ।
ਕਾਨੂੰਨੀ ਵਿਆਖਿਆ ਦਾ ਅਜੇ ਪਹਿਲਾਂ ਪਹੀਆ ਹੀ ਘੁੰਮਿਆ ਹੈ। ਇਸ ਫੈਸਲੇ ਨੂੰ ਦੋਸ਼ੀ ਅਜੇ ਹਾਈਕੋਰਟ ਵਿੱਚ ਅਪੀਲ ਕਰੇਗਾ। ਜੇ ਮੁਜਰਿਮ ਦੀ ਸੰਤੁਸ਼ਟੀ ਨਾ ਹੋਵੇਗੀ ਤਾਂ ਉਹ ਆਪਣੀ ਅਪੀਲ ਦੇਸ਼ ਦੀ ਸਿਖਰਲੀ ਅਦਾਲਤ ਯਾਨੀ ਸੁਪਰੀਮ ਕੋਰਟ ਵਿੱਚ ਵੀ ਜਾ ਸਕਦਾ ਹੈ। ਦੋਸ਼ੀ ਪਾਸਟਰ ਸੰਬੰਧੀ ਫੈਸਲੇ ਤੋਂ ਸਭ ਨੂੰ ਸਬਕ ਲੈਣਾ ਚਾਹੀਦਾ ਹੈ। ਵੱਖ-ਵੱਖ ਧਰਮਾਂ ਦੇ ਭੇਸਾਂ ਵਿੱਚ ਪਾਸਟਰ ਵਰਗੇ ਬਘਿਆੜ ਸਮਾਜ ਵਿੱਚ ਘੁੰਮ ਰਹੇ ਹਨ,ਜਿਨ੍ਹਾਂ ਦੀ ਪਛਾਣ ਕਰਨੀ ਅਤੀ ਜ਼ਰੂਰੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਧੀਆਂ-ਪੁੱਤਰਾਂ ਨੂੰ ਅਜਿਹੀਆਂ ਥਾਂਵਾਂ ’ਤੇ ਭੇਜਣ ਦੀ ਬਜਾਏ ਵਿੱਦਿਆ ਦੇ ਮੰਦਰਾਂ ਵਿੱਚ ਭੇਜਣ, ਜਿੱਥੇ ਜਾ ਕੇ ਉਹ ਗਿਆਨ ਪ੍ਰਾਪਤ ਕਰਨ। ਗਿਆਨ ਹੀ ਅਗਿਆਨਤਾ ਦਾ ਹਨੇਰਾ ਦੂਰ ਕਰ ਸਕਦਾ ਹੈ। ਜਿਹੜਾ ਪਾਸਟਰ ਜਾਂ ਗੁਰੂ ਆਪਣੀ ਘਰਵਾਲੀ ਦੀ ਰੀੜ੍ਹ ਦੀ ਹੱਡੀ ਠੀਕ ਨਹੀਂ ਕਰ ਸਕਦਾ, ਉਹ ਤੁਹਾਡੇ ਦਰਦ ਕਿਵੇਂ ਦੂਰ ਕਰ ਸਕਦਾ? ਜਿਹੜਾ ਆਪਣੀ ਲੱਤ ਟੁੱਟਣ ’ਤੇ ਡਾਕਟਰਾਂ ਕੋਲ ਜਾ ਕੇ ਲੱਤ ਵਿੱਚ ਸਰੀਆ ਪੁਆ ਕੇ ਚੱਲਣ ਯੋਗ ਬਣਦਾ ਹੈ, ਉਹ ਬਿਨਾਂ ਦੁਆਈ ਤੁਹਾਨੂੰ ਕਿਵੇਂ ਠੀਕ ਕਰ ਸਕਦਾ ਹੈ? ਬਾਕੀ ਜੋ ਲੋਕ ਫਿਲਮ ਇੰਡਸਟਰੀ ਵਿੱਚ ਮਿਲਣ ਜਾਂ ਆਸਥਾ ਕਰਕੇ ਆਉਂਦੇ ਹਨ ਉਹ ਕਿੰਨੇ ਕੁ ਗਿਆਨੀ ਹੁੰਦੇ ਹਨ? ਅਜਿਹੇ ਸਭ ਲੋਕ ਵਹਿਮੀ ਅਤੇ ਅਗਿਆਨੀ ਹੁੰਦੇ ਹਨ। ਅਜਿਹੇ ਲੋਕ ਡੇਰਿਆਂ ’ਤੇ ਜਾ ਕੇ ਅਜਿਹੇ ਡੇਰਿਆਂ ਨੂੰ ਚਾਰ ਚੰਨ ਲਾਉਂਦੇ ਹਨ। ਤੁਸੀਂ ਸਭ ਵਿੱਦਿਆ ਮੰਦਰਾਂ ਵਿੱਚੋਂ ਗਿਆਨ ਪ੍ਰਾਪਤ ਕਰੋ। ਮਨ ਬਣਾਓ ਕਿ ਮੁੜ ਅਜਿਹੇ ਡੇਰਿਆਂ ’ਤੇ ਕਤਈ ਨਹੀਂ ਜਾਣਾ। ਤੁਸੀਂ ਅੱਖੀਂ ਦੇਖੋਗੇ ਅਤੇ ਕੰਨੀਂ ਸੁਣੋਗੇ ਕਿ ਸਭ ਅਜਿਹੇ ਡੇਰੇ ਵਾਲੇ ਇੱਕ ਦਿਨ ਪੈਦਲ ਗਲੀਆਂ ਦੇ ਆਪ ਚੱਕਰ ਕੱਟਣਗੇ।
ਸਭ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ-ਜਦੋਂ ਗਿਆਨ ਤੁਹਾਡੇ ਦਿਮਾਗ ਵਿੱਚ ਦਸਤਕ ਦੇਵੇਗਾ, ਅਗਿਆਨ ਭਗੌੜਾ ਹੋ ਜਾਵੇਗਾ। ਅਗਰ ਉਮਰ ਮੁਤਾਬਕ ਪੜ੍ਹ-ਲਿਖ ਨਹੀਂ ਸਕਦੇ ਤਾਂ ਚੰਗੀ ਸੰਗਤ ਸ਼ੁਰੂ ਕਰੋ। ਚੰਗਾ ਸੁਣੋ, ਚੰਗਾ ਹੀ ਗ੍ਰਹਿਣ ਕਰੋ। ਮਾੜੇ ਕੰਮ ਅਤੇ ਮਾੜੀ ਸੰਗਤ ਦਾ ਬਾਈਕਾਟ ਕਰੋ। ਆਖਰ ਵਿੱਚ ਮੈਂ ਆਪਣੇ ਪਾਠਕਾਂ ਨਾਲ ਇੱਕ ਛੋਟੀ ਜਿਹੀ ਗਿਆਨ ਦੀ ਗੱਲ ਕਰਕੇ ਛੁੱਟੀ ਲਵਾਂਗਾ। ਇੱਕ ਵਕੀਲ ਦਾ ਝਗੜਾ ਆਪਣੇ ਕਿਸੇ ਸ਼ਰੀਕ ਨਾਲ ਹੋ ਗਿਆ। ਉਸ ਨੇ ਗੁੱਸੇ ਵਿੱਚ ਆਪਣੀ ਕਿਰਪਾਨ ਨੂੰ ਹੱਥ ਪਾ ਲਿਆ। ਮਾਰਨ ਹੀ ਲੱਗਾ ਸੀ ਕਿ ਪੜ੍ਹਿਆ ਹੋਇਆ ਕਾਨੂੰਨ ਅੱਗੇ ਆਣ ਖਲੋਤਾ। ਸੋਚਿਆ, ਜੇ ਬੰਦਾ ਮਰ ਗਿਆ ਤਾਂ ਫਾਂਸੀ ਜਾਂ ਉਮਰ ਕੈਦ ਵੱਟ ’ਤੇ, ਅਗਰ ਮਰਨ ਵਾਲਾ ਹੋ ਗਿਆ ਤਾਂ ਇਰਾਦਾ ਕਤਲ ਦੀ ਧਾਰਾ 307, ਅਗਰ ਘੱਟੋ-ਘੱਟ ਬਾਂਹ ਆਦਿ ’ਤੇ ਕਿਰਪਾਨ ਲੱਗ ਗਈ ਤਾਂ 326, ਫਿਰ ਵੀ ਘੱਟੋ-ਘੱਟ ਤਿੰਨ ਸਾਲ ਕੈਦ ਹੋ ਜਾਣੀ। ਜਿਉਂ ਹੀ ਅਜਿਹੇ ਵਿਚਾਰਾਂ ਨੇ ਆਣ ਘੇਰਿਆ ਤਾਂ ਝੱਟ ਵਕੀਲ ਕਿਰਪਾਨ ਸੁੱਟ ਕੇ ਕਹਿੰਦਾ, ਜ਼ਿਆਦਾ ਜ਼ੋਰ ਹੈ ਤਾਂ ਓਦਾਂ ਦੇਖ ਲੈ। ਫਿਰ ਕੀ, ਨਾ ਗੱਲ ਵਧੀ ਨਾ ਲੜਾਈ ਵਧੀ, ਸਿਰਫ਼ ਗਿਆਨ ਕਰਕੇ ਦੋਵਾਂ ਧਿਰਾਂ ਦਾ ਬਚਾ ਹੋ ਗਿਆ, ਨਹੀਂ ਤਾਂ ਵਕੀਲ ਜੇਲ੍ਹ ਅੰਦਰ ਹੋਣਾ ਸੀ ਅਤੇ ਸ਼ਰੀਕ ਹਸਪਤਾਲ ਵਿੱਚ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (