“ਉਸ ਅੱਲ੍ਹਾ ਨੂੰ ਮਸੂਦ ਅਜ਼ਹਰ ਰੋ-ਰੋ ਕੇ ਆਖ ਰਿਹਾ ਸੀ ਕਿ ਕਿੰਨਾ ਚੰਗਾ ਹੁੰਦਾ ਜੇ ਮੈਂ ਵੀ ...”
(12 ਮਈ 2025)
ਉਂਝ ਰੋਜ਼ ਹੀ ਦਿਨ ਰਾਤ ਚਲਦੇ ਅਤੇ ਬਦਲਦੇ ਰਹਿੰਦੇ ਹਨ ਪਰ ਬਹੁਤੀ ਵਾਰ ਹਰ ਸਵੇਰਾ ਕੁਝ ਅਲੱਗ ਲੈ ਕੇ ਆਉਂਦਾ ਹੈ, ਜਿਵੇਂ ਪਿਛਲੇ ਬੁੱਧਵਾਰ ਦੇ ਤੜਕੇ ਹੋਇਆ। ਉਸ ਨੇ ਜੋ ਹੈਰਾਨੀ ਭਰੀ ਖੁਸ਼ੀ ਦੇਸ਼ ਵਾਸੀਆਂ ਨੂੰ ਅਤੇ ਹੈਰਾਨੀ ਭਰੀ ਸਵੇਰ ਪਾਕਿਸਤਾਨੀਆਂ ਨੂੰ ਦਿੱਤੀ, ਉਸ ਦੀ ਮਿਸਾਲ ਆਮ ਮਿਲਣੀ ਬਿਲਕੁਲ ਅਸੰਭਵ ਹੈ। 22 ਅਪਰੈਲ 2025 ਨੂੰ ਪਹਿਲਗਾਮ ਵਿੱਚ ਵਾਪਰੀਆਂ ਭਿਆਨਕ ਅੱਤਵਾਦੀ ਘਟਨਾਵਾਂ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਨ੍ਹਾਂ ਵਿੱਚ ਸਿਰਫ਼ ਹਫ਼ਤਾ ਕੁ ਪਹਿਲਾਂ ਵਿਆਹੀ ਦੁਲਹਨ ਨੇ ਆਪਣੇ ਪਤੀ (ਫੌਜੀ ਅਫ਼ਸਰ) ਨੂੰ ਗੋਲੀ ਲੱਗਣ ਤੋਂ ਬਾਅਦ ਆਪ ਵੀ ਮੌਤ ਲਈ ਗੋਲੀ ਦੀ ਮੰਗ ਅੱਤਵਾਦੀ ਤੋਂ ਕੀਤੀ ਸੀ। ਪਾਗਲ ਅੱਤਵਾਦੀ ਨੇ ਕਿਹਾ ਸੀ, “ਮੈਂ ਤੈਨੂੰ ਇਸ ਕਰਕੇ ਛੱਡ ਰਿਹਾ ਹਾਂ ਕਿ ਤੂੰ ਇਹ ਸਭ ਕੁਝ ਮੋਦੀ ਨੂੰ ਦੱਸ ਸਕੇਂ।” ਇਸ ਘਿਨੌਣੀ ਘਟਨਾ ਤੋਂ ਬਾਅਦ ਜਿਸ ਫੌਜੀ ਅਫ਼ਸਰ ਦੀ ਪਤਨੀ ਦਾ ਸੰਧੂਰ ਅਜੇ ਉਵੇਂ ਦਾ ਉਵੇਂ ਹੀ ਸਿਰ ਵਿੱਚ ਚਮਕ ਰਿਹਾ ਸੀ, ਜਿਸ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤਿੰਨਾਂ ਫੌਜ ਮੁਖੀਆਂ ਨਾਲ ਗੱਲਬਾਤ ਕਰਦੇ ਹੋਏ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਆਖ ਦਿੱਤਾ ਸੀ ਕਿ ਕੀ ਐਕਸ਼ਨ ਕਰਨਾ ਹੈ? ਕਿਸ ਕਿਸ ਜਗ੍ਹਾ ਕਰਨਾ ਹੈ? ਕਿਸ ਦਿਨ ਕਰਨਾ ਹੈ ਅਤੇ ਕਿੰਨੇ ਵਜੇ ਕਰਨਾ ਹੈ? ਕਿਸ ਫੋਰਸ ਨਾਲ ਕਰਨਾ ਹੈ? ਅਜਿਹੀ ਸਭ ਤੁਹਾਡੀ ਚੋਣ ਹੋਵੇਗੀ, ਪਰ ਉਸ ਆਪ੍ਰੇਸ਼ਨ ਦਾ ਨਾਂਅ ਆਪ੍ਰੇਸ਼ਨ ‘ਸੰਧੂਰ’ ਹੀ ਹੋਵੇਗਾ, ਜਿਸ ਨੂੰ ਭਾਰਤ ਦੀਆਂ ਫੌਜਾਂ ਦੇ ਮੁਖੀਆਂ ਨੇ ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਅਜਿਹੇ ਸੰਜਮ ਅਤੇ ਸਟੀਕਤਾ ’ਚ ਰਹਿ ਕੇ ਕੀਤਾ, ਇਕ ਅਜਿਹਾ ਸੰਦੇਸ਼ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਨੂੰ ਦਿੱਤਾ, ਜਿਸ ਨੇ ਕੰਨੋ-ਕੰਨੀ ਭਿਣਕ ਵੀ ਨਹੀਂ ਪੈਣ ਦਿੱਤੀ।
ਇਸ ਆਪ੍ਰੇਸ਼ਨ ਬਾਰੇ ਭਾਰਤੀ ਜਨਤਾ ਨੂੰ ਬਿਲਕੁਲ ਕੋਈ ਖ਼ਬਰ ਨਹੀਂ ਸੀ, ਇੱਥੋਂ ਤੱਕ ਕਿ ਪਾਕਿਸਤਾਨ ਵਿੱਚ ਸੰਬੰਧਤ ਅੱਤਵਾਦੀਆਂ ਨੂੰ ਵੀ ਮਿਜ਼ਾਈਲਾਂ ਦੀ ਰੌਸ਼ਨੀ ਅਤੇ ਅਵਾਜ਼ ਨੇ ਹੀ ਭਿਣਕ ਪੁਆਈ। ਅਜਿਹੇ ਐਕਸ਼ਨ ਨੇ ਸਾਬਤ ਕਰ ਦਿੱਤਾ ਕਿ ਜੋ ਭਾਰਤ ਨੇ ਆਖਿਆ ਸੀ ਕਿ ਅੱਤਵਾਦ ਦੇ ਟਿਕਾਣਿਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾ ਕੇ ਬਰਬਾਦ ਕਰਾਂਗੇ, ਉਵੇਂ ਹੀ ਹੋਇਆ। ਭਾਰਤ ਨੇ ਆਪਣੇ ਇਸ ਪ੍ਰਣ ’ਤੇ ਵੀ ਗੰਭੀਰਤਾ ਨਾਲ ਪਹਿਰਾ ਦਿੱਤਾ ਕਿ ਪਾਕਿਸਤਾਨ ਦੀ ਆਮ ਜਨਤਾ ਨੂੰ ਅਤੇ ਫੌਜੀ ਟਿਕਾਣਿਆਂ ਨੂੰ ਨਹੀਂ ਛੇੜਿਆ ਜਾਵੇਗਾ। ਇਸੇ ਤਰ੍ਹਾਂ ਪੰਝੀ ਕੁ ਮਿੰਟ ਦੀ ਕਾਰਵਾਈ ਕਰਨ ਤੋਂ ਬਾਅਦ ਦਰਜਨਾਂ ਜਹਾਜ਼ ਆਪਣਾ ਕੰਮ ਮੁਕਾ ਕੇ ਆਪਣੇ ਘਰ ਨੂੰ ਵਾਪਸ ਆਏ। ਇਸ ਐਕਸ਼ਨ ਦੌਰਾਨ ਜਲ ਸੈਨਾ ਨੇ ਸਮੁੰਦਰੀ ਤੱਟਾਂ ’ਤੇ, ਥਲ ਸੈਨਾ ਨੇ ਲੰਮੀਆਂ ਸਰਹੱਦਾਂ ’ਤੇ ਪਹਿਰਾ ਦਿੱਤਾ ਅਤੇ ਹਵਾਈ ਫੌਜ ਨੇ ਹਵਾ ਵਿੱਚ ਰਹਿ ਕੇ ਆਪਣੇ ਕੰਮ ਨੂੰ ਸਹੀ ਸਲਾਮਤ ਅੰਜਾਮ ਦਿੱਤਾ।
ਉਪਰੋਕਤ ‘ਸੰਧੂਰ ਆਪ੍ਰੇਸ਼ਨ’ ਵਿੱਚ ਜੋ ਜਾਨੀ ਅਤੇ ਮਾਲੀ ਨੁਕਸਾਨ ਅੱਤਵਾਦੀ ਕੈਂਪਾਂ ’ਚ ਹੋਇਆ, ਉਸ ਦਾ ਅੰਦਾਜ਼ਾ ਅੱਤਵਾਦੀ ਪਰਵਾਰਾਂ ਦੇ ਚੀਖ ਚਿਹਾੜਿਆਂ, ਤਬੂਤਾਂ ਦੀ ਗਿਣਤੀ ਅਤੇ ਕਬਰਸਤਾਨਾਂ ’ਚ ਅੱਤਵਾਦੀ ਪਰਵਾਰਾਂ ਸਮੇਤ ਬਾਕੀ ਭੀੜ ਤੋਂ ਲਗਦਾ ਹੈ। ਪਾਕਿਸਤਾਨੀ ਝੰਡਿਆਂ ’ਚ ਲਪੇਟੀਆਂ ਲਾਸ਼ਾਂ, ਪੁਲਸ, ਫੌਜ ਦੀ ਮੌਜੂਦਗੀ ਦਰਸਾਉਂਦੀ ਹੈ ਕਿ ਪਾਕਿਸਤਾਨੀ ਫੌਜ ਅਤੇ ਪੁਲਿਸ ਆਪਸ ਵਿੱਚ ਘਿਉ-ਖਿਚੜੀ ਹਨ। ਕਈ ਤਬੂਤਾਂ ’ਤੇ ਪ੍ਰਧਾਨ ਮੰਤਰੀ ਵੱਲੋਂ ਅਤੇ ਹੋਰ ਹਸਤੀਆਂ ਵੱਲੋਂ ਫੁੱਲ ਭੇਟ ਕੀਤੇ ਵੀ ਸਰਕਾਰ ਦੀ ਸ਼ਮੂਲੀਅਤ ਦੀ ਗਵਾਹੀ ਭਰਦੇ ਹਨ। ਇਸ ਅੱਧੀ ਰਾਤ ਦੇ ਉਸ ਐਕਸ਼ਨ ਨੇ ਸਭ ਤੋਂ ਵੱਧ ਜਨਤਾ ਦਾ ਧਿਆਨ ਖਿੱਚਿਆ ਹੈ, ਜਿਸ ਵਿੱਚ ਪਾਕਿਸਤਾਨ ਦਾ ਸਿਖਰਲਾ ਅੱਤਵਾਦੀ ਰੋਂਦਾ-ਪਿੱਟਦਾ, ਕੁਰਲਾਉਂਦਾ ਦਿਖਾਇਆ ਹੈ, ਜੋ 2019 ਤੋਂ ਇੰਟਰਨੈਸ਼ਨਲ ਤੌਰ ’ਤੇ ਅੱਤਵਾਦੀ ਕਰਾਰ ਦਿੱਤਾ ਜਾ ਚੁੱਕਾ ਹੈ। ਸੂਤਰਾਂ ਮੁਤਾਬਕ ਉਸ ਅੱਤਵਾਦੀ ਦੇ ਨੇੜਲੇ ਪਰਵਾਰ ਦੇ ਤਕਰੀਬਨ ਦਸ ਜਣੇ ਅਤੇ ਨੇੜਲੇ ਚਾਰ ਦੋਸਤਾਂ ਸਣੇ ਕੁੱਲ ਚੌਂਦਾ ਉਸ ਅੱਲ੍ਹਾ ਨੂੰ ਪਿਆਰੇ ਹੋ ਚੁੱਕੇ ਹਨ, ਜਿਸ ਅੱਲ੍ਹਾ ਦੀ ਰਟ ਇਹ ਅੱਤਵਾਦੀ ਹਰ ਕੁਕਰਮ ਕਰਨ ਤੋਂ ਪਹਿਲਾਂ ਲਾਉਂਦਾ ਹੁੰਦਾ ਸੀ। ਉਸ ਅੱਲ੍ਹਾ ਨੂੰ ਮਸੂਦ ਅਜ਼ਹਰ ਰੋ-ਰੋ ਕੇ ਆਖ ਰਿਹਾ ਸੀ ਕਿ ਕਿੰਨਾ ਚੰਗਾ ਹੁੰਦਾ ਜੇ ਮੈਂ ਵੀ ਨਾਲ ਮਰ ਜਾਂਦਾ। ਦਰਅਸਲ ਉਸ ਨੂੰ ਹੁਣ ਪਤਾ ਲੱਗਾ ਹੈ ਕਿ ਆਪਣੇ ਨੇੜਲਿਆਂ ਦਾ ਕੀ ਦੁੱਖ ਹੁੰਦਾ ਹੈ?
ਪੁਰਾਣੀ ਪੀੜ੍ਹੀ ਨੂੰ ਪਤਾ ਹੋਵੇਗਾ ਕਿ ਮਸੂਦ ਅਜ਼ਹਰ ਉਹ ਅੱਤਵਾਦੀ ਹੈ, ਜਿਸ ਨੂੰ ਭਾਰਤੀ ਜਹਾਜ਼ ਅਗਵਾ ਕਰਕੇ ਮੌਕੇ ਦੀ ਸਰਕਾਰ ਤੋਂ ਜੇਲ੍ਹ ਵਿੱਚੋਂ ਛੁਡਵਾਇਆ ਸੀ। ਇਹ ਗੱਲ ਸ਼ਾਇਦ 1999 ਦੀ ਹੈ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾਉ ਕਿ 1999 ਵਿੱਚ ਸੈਂਟਰ ਵਿੱਚ ਕਿਸ ਦੀ ਸਰਕਾਰ ਸੀ। ‘ਸੰਧੂਰ’ ਨਾਂਅ ਹੇਠ ਜੋ ਆਪ੍ਰੇਸ਼ਨ ਫੌਜ ਵੱਲੋਂ ਕੀਤਾ ਗਿਆ, ਉਸ ਦੀ ਖੂਬਸੂਰਤੀ ਇਸ ਗੱਲ ਵਿੱਚ ਹੈ ਕਿ ਇਸ ਵਾਰ ਸਭ ਵਿਰੋਧੀ ਪਾਰਟੀਆਂ ਇੱਕ ਰਾਏ ਦੀਆਂ ਬਣੀਆਂ, ਸਭ ਸਰਕਾਰ ਦੀ ਪਿੱਠ ’ਤੇ ਆਣ ਖਲੋਈਆਂ, ਲੋੜੀਂਦੇ ਵਿਰੋਧੀ, ਸੰਬੰਧਤ ਅਫ਼ਸਰ, ਸੰਬੰਧਤ ਰਾਜਦੂਤਾਂ, ਵਿਦੇਸ਼ੀ ਦੋਸਤਾਂ ਨਾਲ ਸਮੇਂ-ਸਮੇਂ ਸਿਰ ਗੱਲਬਾਤ ਕੀਤੀ ਗਈ, ਸਭ ਨੂੰ ਆਪਣੇ ਭਰੋਸੇ ’ਚ ਲਿਆ ਗਿਆ, ਇੱਥੋਂ ਤੱਕ ਕਿ ਕਿਸਾਨਾਂ ਦੀ ਹਾੜ੍ਹੀ ਦੀ ਫ਼ਸਲ (ਕਣਕ) ਦਾ ਵੀ ਖਿਆਲ ਰੱਖਿਆ ਗਿਆ। ਸਰਵ ਪਾਰਟੀ ਮੀਟਿੰਗ ਕਾਰਵਾਈ ਤੋਂ ਪਹਿਲਾਂ ਅਤੇ ਬਾਅਦ ’ਚ ਵੀ ਹੋਈ। ਇਸ ਐਕਸ਼ਨ ਵਿੱਚ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਇਸ ‘ਸੰਧੂਰ’ ਐਕਸ਼ਨ ਦੌਰਾਨ ਪਾਕਿਸਤਾਨੀ ਫੌਜ ਅਤੇ ਆਮ ਜਨਤਾ ਦਾ ਕੋਈ ਨੁਕਸਾਨ ਨਹੀਂ ਕੀਤਾ ਗਿਆ, ਸਿਰਫ਼ ਨਹਿਲੇ ’ਤੇ ਦਹਿਲਾ ਮਾਰਿਆ ਹੈ, ਬਾਵਜੂਦ ਇਸ ਦੇ ਕਿ ਜਦ ਸਾਡੇ ਪਾਸ ਗੋਲਾ, ਬੇਗੀ, ਬਾਦਸ਼ਾਹ ਅਤੇ ਯੱਕਾ ਵੀ ਮੌਜੂਦ ਸੀ।
ਅਗਰ ਲੰਮੇ ਰਾਹ ਸੋਚਿਆ ਜਾਵੇ ਤਾਂ ਪਾਕਿਸਤਾਨੀ ਵੀ ਸਾਡੇ ਭੈਣ-ਭਰਾ ਹੀ ਹਨ, ਫ਼ਰਕ ਸਿਰਫ਼ ਏਨਾ ਹੈ ਕਿ ਅੱਜ ਦੇ ਦਿਨ ਉਹ ਭਰਾਵਾਂ ਤੋਂ ਸ਼ਰੀਕ ਬਣ ਗਏ ਹਨ। ਉਂਝ ਸਾਡਾ ਡੀ ਐੱਨ ਏ ਲਗਭਗ ਇਕੋ ਜਿਹਾ ਹੈ, ਮੂੰਹ-ਮੁਹਾਂਦਰੇ ਇਕੋ ਜਿਹੇ ਹਨ। ਸਿਰਫ਼ ਸਰਕਾਰਾਂ ਦੇ ਢਾਂਚੇ ਅਲੱਗ ਹਨ। ਹੋਰ ਫ਼ਰਕ ਇਹ ਲਗਦਾ ਹੈ ਕਿ ਅਸੀਂ ਪਿਆਰ ਦੀ ਥਾਂ ਪਿਛਲੇ ਸਮੇਂ ਨਫ਼ਰਤ ਨਾਲ ਚੋਪੜੇ ਗਏ ਹਾਂ। ਉਂਝ 1947 ਤੋਂ ਪਹਿਲਾਂ ਬਹੁਤਿਆਂ ਦੇ ਪਿੰਡ, ਸ਼ਹਿਰ, ਇਲਾਕੇ, ਜ਼ਿਲ੍ਹੇ, ਪ੍ਰਦੇਸ਼ ਇਕ ਹੀ ਸਨ।
ਅਖੀਰ ਵਿੱਚ ਅਸੀਂ ਪਾਕਿਸਤਾਨ ਦੇ ਅਵਾਮ ਨੂੰ ਅਪੀਲ ਕਰਨੀ ਚਾਹਾਂਗੇ ਕਿ ਉਠੋ, ਇਕੱਠੇ ਹੋਵੋ, ਭਾਰਤ ਵਿਰੁੱਧ ਲੜਨ ਦੀ ਬਜਾਏ ਆਪਣੀਆਂ ਉਨ੍ਹਾਂ ਸਰਕਾਰਾਂ ਵਿਰੁੱਧ ਲੜੋ, ਜੋ ਤੁਹਾਡੇ ਚੁਣੇ ਹੋਏ ਮੁਖੀਆਂ ਨੂੰ ਫਾਂਸੀ ਲਾਉਂਦੇ ਹਨ, ਜਾਂ ਜੇਲ੍ਹਾਂ ਵਿੱਚ ਬੰਦ ਕਰ ਦਿੰਦੇ ਹਨ। ਫੌਜਾਂ ਸਿਰਫ਼ ਦੇਸ਼ ਦੀ ਬਾਹਰਲੀ ਰੱਖਿਆ ਕਰਨ ਲਈ ਬਣਾਈਆਂ ਗਈਆਂ ਹੁੰਦੀਆਂ ਹਨ ਨਾ ਕਿ ਰਾਜ ਕਰਨ ਲਈ। ਕਿੰਨੇ ਦੁੱਖ ਦੀ ਗੱਲ ਹੈ ਕਿ ਤੁਹਾਡੇ ਦੇਸ਼ ਵਿੱਚ ਅਜ਼ਾਦੀ ਦੇ 78 ਸਾਲ ਬਾਅਦ ਵੀ ਅਵਾਮ ਫੌਜ ਦੇ ਬੂਟਾਂ ਥੱਲੇ ਪਿਸ ਰਿਹਾ ਹੈ। ਸਾਨੂੰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਧੀਰਜ ਬੰਨ੍ਹਾਇਆ ਸੀ ਕਿ ਅਗਰ ਭਾਰਤ ਤਣਾਅ ਨੂੰ ਘੱਟ ਕਰਦਾ ਹੈ ਤਾਂ ਅਸੀਂ ਇਸ ਤਣਾਅ ਨੂੰ ਖ਼ਤਮ ਕਰਨ ਲਈ ਤਿਆਰ ਹਾਂ। ਪਰ 8 ਤਰੀਕ ਦੀ ਰਾਤ ਦੀ ਬੇਲੋੜੀ ਪਾਕਿਸਤਾਨੀ ਫਾਇਰਿੰਗ ਨੇ ਉਸ ਬਿਆਨ ’ਤੇ ਮਿੱਟੀ ਫੇਰਦਿਆਂ ਅੱਗ ਨਾਲ ਖੇਡਣ ਦੀ ਜੋ ਗਲਤੀ ਮੁੜ ਦੁਹਰਾਈ ਹੈ, ਨਾ ਸਮਝੇ ਤਾਂ ਆਪਣੇ ਵਜੂਦ ਦੇ ਖਾਤਮੇ ਵੱਲ ਸਫ਼ਰ ਕਰਨਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)