“ਅਸਲ ਵਿੱਚ ਪਿਛਲੀਆਂ ਚੋਣਾਂ ਤੋਂ ਬਾਅਦ ਮੋਦੀ ਜੀ ਨੇ ਭਾਂਪ ਲਿਆ ਕਿ ਭਾਜਪਾ ਕਮਜ਼ੋਰ ਹੋਈ ਹੈ, ਵਿਰੋਧੀ ਪਹਿਲਾਂ ਨਾਲੋਂ ...”
(25 ਸਤੰਬਰ 2024)
ਜਿਵੇਂ ਆਮ ਧਾਰਨਾ ਹੈ ਕਿ ਦਿੱਲੀ ਦੇ ਨੇਤਾ ਨੇ ਆਪਣੇ ਕੱਦ ਤੋਂ ਉੱਚਾ ਕਿਸੇ ਹੋਰ ਮੈਂਬਰ ਨੂੰ ਨਹੀਂ ਹੋਣ ਦਿੱਤਾ। ਜਿਸ ਨੇ ਵੀ ਕੇਜਰੀਵਾਲ ਸਾਹਿਬ ਦੇ ਮੋਢਿਆਂ ਉੱਪਰ ਦੀ ਝਾਕਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਹੀ ਔਕਾਤ ਵਿੱਚ ਰਹਿਣ ਦਾ ਇਸ਼ਾਰਾ ਕੀਤਾ। ਅਜਿਹਾ ਕਿਸੇ ਵਿਰਲੇ-ਵਾਂਝੇ ਨਾਲ ਨਹੀਂ ਬਲਕਿ ਦਰਜਨ ਭਰ ਆਪਣੇ ਖੇਤਰ ਵਿੱਚ ਨਿਪੁੰਨ ਸ਼ਖਸੀਅਤਾਂ ਨਾਲ ਹੋਇਆ। ਉਨ੍ਹਾਂ ਵੀ ਸਮੇਂ ਅਨੁਸਾਰ ਕੇਜਰੀਵਾਲ ਸਾਹਿਬ ਦੀ ਲੜਾਈ ਵੇਖਦਿਆਂ ਸੀ ਤਕ ਨਾ ਕੀਤੀ। ਠੀਕ ਇਸੇ ਤਰ੍ਹਾਂ ਮੋਦੀ ਸਾਹਿਬ ਨੇ ਆਪਣੀ ਅਨਪੜ੍ਹਤਾ ਅਤੇ ਅੰਧ-ਭਗਤਾਂ ਦੀ ਅਣਗਿਣਤ ਗਿਣਤੀ ਸਦਕਾ ਆਪਣਾ ਆਪਣੀ ਪਾਰਟੀ ਵਿੱਚ ਅਜਿਹਾ ਚੱਕਰ ਚਲਾਇਆ ਕਿ ਉਸ ਨੇ ਵੀ ਆਪਣੇ ਕੱਦ ਤੋਂ ਉੱਚੇ ਵਿਦਵਾਨਾਂ ਦੇ ਸਿਰ ਛਾਂਗ ਦਿੱਤੇ। ਉਨ੍ਹਾਂ ਨੂੰ ਇਕੱਲੇ-ਇਕੱਲੇ ਕਰਕੇ ਸਮਝਾਇਆ, “ਘਰ ਤੇਰਾ, ਜਿੰਦਰਾ ਮੇਰਾ, ਚਾਬੀ ਨੂੰ ਹੱਥ ਨਾ ਲਾਈਂ।” ਉਹ ਅੱਜ ਤਕ ਚਾਬੀ ਉਡੀਕਦੇ-ਉਡੀਕਦੇ ਲਾਰਿਆਂ ਦੇ ਸਵਰਗ ਜਾਣ ਦੀ ਉਡੀਕ ਕਰ ਰਹੇ ਹਨ। ਇਹ ਠੀਕ ਹੈ ਕਿ ਮੋਦੀ ਸਾਹਿਬ ਫੌੜੀਆਂ ਦੇ ਸਹਾਰੇ ਕਹਿਣ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠੇ ਹਨ। ਇਕੱਲੀ ਭਾਰਤੀ ਜਨਤਾ ਪਾਰਟੀ ਕਿਸੇ ਤਰ੍ਹਾਂ ਆਪਣੇ ਸਿਰ ਕੁਰਸੀ ’ਤੇ ਬੈਠ ਸਕੇ, ਕਿਹੜਾ ਉਹ ਤਰੀਕਾ ਹੈ ਜਿਹੜਾ ਜਨਾਬ ਨੇ ਨਹੀਂ ਵਰਤਿਆ। ਪੁਰਾਣੇ ਸਮਿਆਂ ਵਿੱਚ ਸਕੂਲਾਂ ਦੇ ਟੀਚਰ ਜਿਸ ਤਰ੍ਹਾਂ ਬੱਚਿਆਂ ਨੂੰ ਪਾਠ ਅਤੇ ਪਹਾੜੇ ਯਾਦ ਕਹਾਉਂਦੇ ਹੁੰਦੇ ਸਨ, ਉਸੇ ਤਰਜ਼ ’ਤੇ ਹੀ ਸਵੇਰ-ਸ਼ਾਮ ਅੰਧ-ਭਗਤ ਅੱਖਾਂ ਮੀਟੀ ਆਖੀ ਜਾਂਦੇ ਸਨ, “ਅੱਬ ਕੀ ਬਾਰ ਚਾਰ ਸੌ ਪਾਰ, ਅਬ ਕੀ ਬਾਰ ਚਾਰ ਸੌ ਪਾਰ”। ਅਜਿਹੇ ਰੌਲੇ ਦਾ ਪ੍ਰਭਾਵ ਹੈ ਕਿ ਅੰਧ-ਭਗਤ ਜਗਾਹ-ਜਗਾਹ ਝਗੜਾ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਦੂਜਾ ਸ਼ਬਦ ਜੋ ਮੋਦੀ ਸਾਹਿਬ ਦੇ ਅੜਿੱਕੇ ਆ ਗਿਆ ਸੀ, ਉਹ ਸੀ, “ਮੋਦੀ ਦੀ ਗਰੰਟੀ, ... ਮੋਦੀ ਹੈ ਤਾਂ ਮੁਮਕਿਨ ਹੈ” ਪਰ ਬਾਅਦ ਵਿੱਚ ਦੇਸ਼ ਵਾਸੀਆਂ ਨੇ ਜਾਣਿਆ ਕਿ ਇਹ ਸਭ ਝੂਠ ਦਾ ਪੁਲੰਦਾ ਸੀ। ਹੁਣ ਵੀ ਵਿਰਲੇ-ਵਿਰਲੇ ਸੂਬਿਆਂ ਵਿੱਚ ਚੋਣਾਂ ਹੋ ਰਹੀਆਂ ਹਨ, ਪਰ ਤੁਸੀਂ ਉਪਰੋਕਤ ਨਾਅਰਿਆਂ ਨੂੰ ਕਦੀ ਨਹੀਂ ਸੁਣਿਆ ਹੋਵੇਗਾ, ਨਾ ਹੀ ਸੁਣੋਗੇ। ਸਿਆਣੇ ਠੀਕ ਆਖਦੇ ਹਨ ਕਿ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ।
ਅਸਲ ਵਿੱਚ ਪਿਛਲੀਆਂ ਚੋਣਾਂ ਤੋਂ ਬਾਅਦ ਮੋਦੀ ਜੀ ਨੇ ਭਾਂਪ ਲਿਆ ਕਿ ਭਾਜਪਾ ਕਮਜ਼ੋਰ ਹੋਈ ਹੈ, ਵਿਰੋਧੀ ਪਹਿਲਾਂ ਨਾਲੋਂ ਮਜ਼ਬੂਤ ਹੋਏ ਹਨ। ਭਾਜਪਾ ਵੱਲੋਂ ਆਪਣੀ ਸਾਰੀ ਸ਼ਕਤੀ ਅਯੁੱਧਿਆ ਵਿੱਚ ਰਾਮ ਮੰਦਰ ਬਣਵਾਉਣ ਅਤੇ ਭਗਵਾਨ ਰਾਮ ਦੀ ਪੱਥਰ ਦੀ ਮੂਰਤੀ ਵਿੱਚ ਪ੍ਰਾਣ ਪ੍ਰਤਿਸ਼ਠਾ ਦਾ ਨਾਟਕ ਅਤੇ ਵਿਰੋਧੀਆਂ ਨੂੰ ਸਨਾਤਨ ਧਰਮ ਵਿਰੋਧੀ ਪ੍ਰਚਾਰਨ ਤੋਂ ਬਾਅਦ ਅਜਿਹਾ ਹਾਲ ਹੋਇਆ ਹੈ ਤਾਂ ਅੱਗੋਂ ਕੀ ਹੋਵੇਗਾ? ਇਸ ਵਕਤ ਇਸ ਵਿਸ਼ਾਲ ਦੇਸ਼ ਵਿੱਚ ਦੇਸ਼ ਵਾਸੀਆਂ ਦੇ ਵਿਸ਼ਾਲ ਮੁੱਦੇ ਦੇਸ਼ ਸਾਹਮਣੇ ਹਨ, ਜਿਨ੍ਹਾਂ ’ਤੇ ਕੰਮ ਕਰਨ ਲਈ ਅਵਾਜ਼ਾਂ ਬੁਲੰਦ ਹੋ ਰਹੀਆਂ ਹਨ। ‘ਇੱਕ ਰਾਸ਼ਟਰ, ਇੱਕ ਚੋਣ’ ਵਰਗਾ ਨਵਾਂ ਏਜੰਡਾ ਜਨਤਾ ਦਾ ਧਿਆਨ ਅਸਲ ਮੁੱਦਿਆਂ ਤੋਂ ਲਾਂਭੇ ਕਰਨ ਲਈ ਹੈ। ਦੇਖਣ ਅਤੇ ਸੁਣਨ ਨੂੰ ਇਹ ਪ੍ਰਸਤਾਵ “ਇੱਕ ਰਾਸ਼ਟਰ - ਇੱਕ ਚੋਣ” ਕਿੰਨਾ ਸੋਹਣਾ ਲੱਗ ਰਿਹਾ ਹੈ, ਜਿਵੇਂ ਦੇਸ਼ ਵਿੱਚ ਪਰਿਵਾਰ ਟੁੱਟਣ ਤੋਂ ਬਾਅਦ ਇਕੱਠੇ ਹੋਣ ਦੀ ਗੱਲ ਚੰਗੀ ਲਗਦੀ ਹੈ ਪਰ ਹੈ ਅਸਲੀਅਤ ਤੋਂ ਕੋਹਾਂ ਦੂਰ।
ਆਪਣੀ ਪਸੰਦ ਦੀ ਕਮੇਟੀ ਗਠਨ ਕਰਕੇ ਉਨ੍ਹਾਂ ਦੀ ਰਿਪੋਰਟ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਕੇ ਅੱਗੇ ਤੋਰਿਆ ਹੈ, ਜਿਸ ’ਤੇ ਵੱਖ-ਵੱਖ ਕਿਸਮ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਸ ਨੂੰ ਕਾਂਗਰਸ ਪਾਰਟੀ ਸਮੇਤ ਤਕਰੀਬਨ ਪੰਦਰਾਂ ਪਾਰਟੀਆਂ ਨੇ ਰੱਦ ਕੀਤਾ ਹੈ ਅਤੇ ਕਿਹਾ ਹੈ ਕਿ ਅਜਿਹਾ ਹੋਣਾ ਅਤੇ ਕਰਨਾ ਨਾ ਮੁਮਕਿਨ ਹੈ। ਜਿਹੜੀ ਰਾਜ ਕਰਦੀ ਪਾਰਟੀ ਆਪਣੇ ਆਪ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਗਰਦਾਨ ਰਹੀ ਹੈ ਅਤੇ ਪਿਛਲੇ ਦਸ-ਗਿਆਰਾਂ ਸਾਲ ਤੋਂ ਰਾਜ-ਭਾਗ ’ਤੇ ਕਾਬਜ਼ ਹੈ, ਉਹ ਅੱਜ ਤਕ ਭਾਰਤ ਦੇ ਕਿਸੇ ਸੂਬੇ ਵਿੱਚ ਵੀ ਇੱਕੋ ਦਿਨ ਚੋਣਾਂ ਮੁਕੰਮਲ ਨਹੀਂ ਕਰਾ ਸਕੀ। ਉਹ ਦੇਸ਼ ਦੇ ਲਗਭਗ ਤੀਹ ਸੂਬਿਆਂ ਵਿੱਚ ਅਜਿਹਾ ਪ੍ਰਬੰਧ ਕਿਵੇਂ ਕਰੇਗੀ? ਜਿਹੜੀ ਸੈਂਟਰ ਸਰਕਾਰ ਜਾਂ ਦੇਸ਼ ਦਾ ਚੋਣ ਕਮਿਸ਼ਨ ਪੰਜਾਬ ਵਿੱਚ ਪਿਛਲੇ ਅੱਠ-ਨੌਂ ਮਹੀਨਿਆਂ ਤੋਂ ਪੰਚਾਇਤਾਂ ਦਾ ਸਮਾਂ ਪੂਰਾ ਹੋਣ ’ਤੇ ਭੰਗ ਹੋਈਆਂ ਪਈਆਂ ਨੂੰ ਨਵੀਂਆਂ ਚੋਣਾਂ ਨਹੀਂ ਕਰਾ ਸਕਦੇ ਜਾਂ ਨੋਟਿਸ ਨਹੀਂ ਲੈ ਸਕਦੇ, ਉਹ ਕਿਵੇਂ ਇੱਕ ਸੌ ਚਾਲੀ ਕਰੋੜ ਜਨਤਾ ਨੂੰ ਇੱਕੋ ਸਮੇਂ ਕੰਟਰੋਲ ਕਰਨਗੇ। ਜਿਹੜੀ ਕੇਂਦਰ ਸਰਕਾਰ ਯੂ ਪੀ ਦੀਆਂ ਦਸ ਸੀਟਾਂ ’ਤੇ ਫੌਰਨ ਚੋਣਾਂ ਨਹੀਂ ਕਰਵਾ ਸਕਦੀ, ਉਹ ਸਮੁੱਚੇ ਦੇਸ਼ ਨੂੰ ਕਿਵੇਂ ਸਾਂਭੇਗੀ?
ਦੇਸ਼ ਅਤੇ ਸੂਬਿਆਂ ਵਿੱਚ ਚੋਣਾਂ ਇਕੱਠੀਆਂ ਨਾ ਕਰਾਉਣ ਦਾ ਬਹਾਨਾ ਸਰਕਾਰ ਚੋਣਾਂ ਕਰਾਉਣ ਵਾਲੇ ਅਮਲੇ ਦੀ ਘਾਟ, ਸਕਿਉਰਿਟੀ ਦੀ ਘਾਟ ਦੀ ਆਮ ਗੱਲ ਕਰਦੀ ਹੈ। ਫਿਰ ਇਹ ਇਸਦਾ ਹੱਲ ਕਿਵੇਂ ਕਰਨਗੇ? ਸਾਡਾ ਸੁਝਾਅ ਹੈ ਕਿ ਮੌਜੂਦਾ ਸਰਕਾਰ ਅਜਿਹੇ ਗੰਭੀਰ ਵਿਸ਼ੇ ’ਤੇ ਕਾਹਲ ਨਾ ਕਰੇ। ਇਸ ਬਾਰੇ ਦੇਸ਼ ਪੱਧਰ ’ਤੇ ਚਰਚਾ ਹੋਣੀ ਚਾਹੀਦੀ ਹੈ। ਕਾਰਨ, ਪੜਾਵਾਂ ਵਿੱਚ ਚੋਣ ਕਰਾਉਣ ਵਾਲੀ ਸਰਕਾਰ ਅਤੇ ਚੋਣ ਕਮਿਸ਼ਨ ਇਹ ਸਭ ਕਿਵੇਂ ਕਰੇਗਾ? ਇਸ ਬਾਬਤ ਦੇਸ਼ ਭਰ ਵਿੱਚ ਮੀਟਿੰਗਾਂ, ਕਾਨਫਰੰਸਾਂ, ਰੇਡੀਓ, ਟੈਲੀਵਿਜ਼ਨ ਅਤੇ ਅਖ਼ਬਾਰਾਂ ਰਾਹੀਂ ਅਤੇ ਹੋਰ ਯੋਗ ਵਸੀਲਿਆਂ ਰਾਹੀਂ ਪ੍ਰਚਾਰ ਹੋਣਾ ਚਾਹੀਦਾ ਹੈ ਤਾਂ ਜੋ ਦੇਸ਼ ਵਾਸੀ ਜਾਣ ਸਕਣ ਅਤੇ ਆਪਣਾ ਬਣਦਾ ਯੋਗਦਾਨ ਪਾ ਸਕਣ। ਪਰ ਅਖੀਰ ਵਿੱਚ ਗੱਲ ਸਮਝਣ ਵਾਲੀ ਹੈ ਕਿ ਮੋਦੀ ਸਾਹਿਬ ਅਜਿਹੇ ਛੜਯੰਤਰ ਰਚ ਕੇ ਆਪਣੇ ਬਲਬੂਤੇ ਮੁੜ ਭਾਜਪਾ ਨੂੰ ਲਿਆਉਣਾ ਚਾਹੁੰਦੇ ਹਨ। ਇਹੀ ਉਨ੍ਹਾਂ ਦਾ ਆਖਰੀ ਸੁਪਨਾ ਹੈ ਕਿਉਂਕਿ “ਇਕ ਰਾਸ਼ਟਰ - ਇੱਕ ਚੋਣ” ਸਮੇਂ ਉਹ ਸਰਕਾਰੀ ਅਮਲੇ, ਚੋਣ ਮਿਸ਼ਨ ਦੀ ਗਿਣਤੀ ਵਧਾਉਣ ਸਮੇਂ ਅਤੇ ਮਸ਼ੀਨਰੀ ਨੂੰ ਆਪਣੀ ਮਰਜ਼ੀ ਮੁਤਾਬਕ ਹਰਕਤ ਵਿੱਚ ਲਿਆਉਣ ਲਈ ਜ਼ੋਰ ਲਾਉਣਗੇ, ਜਿਸ ਵਿੱਚ ਉਹ ਮਾਹਰ ਹਨ। ਜਿਵੇਂ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਮੁੱਖ ਜੱਜ ਦੇ ਘਰ ਪੂਜਾ ਬਹਾਨੇ ਪਹੁੰਚਣ ’ਤੇ ਉਨ੍ਹਾਂ ਕੋਈ ਸੰਕੋਚ ਨਹੀਂ ਕੀਤਾ। ਉਂਜ ਵੀ ਅੱਜ ਕੱਲ੍ਹ ਮੋਦੀ ਸਾਹਿਬ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਦੌੜ-ਭੱਜ ਕਰਕੇ ਆਪਣਾ ਨਾਂਅ ਚੌਧਰੀਆਂ ਵਿੱਚ ਕਰਾ ਰਿਹਾ ਹੈ। ਫਿਰ ਅਜਿਹੇ ਵਿੱਚ ਸਾਡਾ ਇਹੀ ਫਰਜ਼ ਬਣਦਾ ਹੈ ਕਿ ਜਿਹੜਾ ਅਸੀਂ ਆਪਣੀ ਸੂਝ-ਬੂਝ ਦਾ ਵਿਖਾਵਾ ਪਿਛਲੀਆਂ ਚੋਣਾਂ ਵਿੱਚ ਇੰਡੀਆ ਗਰੁੱਪ ਨਾਲ ਜੁੜ ਕੇ ਤੇ ਕੰਮ ਕਰਕੇ ਦਿੱਤਾ ਹੈ, ਉਸ ’ਤੇ ਕਾਇਮ ਰਹੀਏ, ਮਾੜੇ ਨੂੰ ਸਹਾਰਾ ਦੇ ਕੇ ਆਪਣੇ ਨਾਲ ਰੱਖੀਏ। ਉਂਜ ਵੀ ਜੰਮੂ-ਕਸ਼ਮੀਰ ਦੀ ਭਾਰੀ ਵੋਟਿੰਗ ਨੇ ਸਾਹਿਬ ਦੀ ਨੀਂਦ ਉਡਾ ਦਿੱਤੀ ਲਗਦੀ ਹੈ। ਇਸ ਕਰਕੇ ਜਿੱਥੇ ਤੁਹਾਡੀ ਵਾਰੀ ਜਾਂ ਲੋੜ ਹੈ, ਉੱਥੇ ਤਕੜੇ ਹੋ ਕੇ ਪਹਿਰਾ ਦਿਓ, ਇਹ ਮੌਜੂਦਾ ਚੋਣਾਂ ਭਾਵੇਂ ਗਿਣਤੀ ਵਿੱਚ ਘੱਟ ਹਨ, ਪਰ ਇਨਾਂ ਆਪਣਾ ਪ੍ਰਭਾਵ ਬਹੁਤ ਛੱਡਣਾ ਹੈ। ਦੇਖਿਓ ਕਿਤੇ ਪਿੱਛੇ ਰਹਿਣ ਦਾ ਮਿਹਣਾ ਨਾ ਖੱਟ ਲਈਏ। ‘ਇਕ ਚੋਣ - ਇੱਕ ਰਾਸ਼ਟਰ’ ਸਮੇਂ ਵੀ ਤੁਹਾਡਾ ਏਕਾ ਜਾਦੂਮਈ ਹਥਿਆਰ ਰਹੇਗਾ। ਕੌਣ ਕਿੰਨਾ ਸਫ਼ਲ ਰਹੇਗਾ, ਇਹ ਸਭ ਆਉਣ ਵਾਲ਼ਾ ਸਮਾਂ ਦੱਸੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5310)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.