“ਅੰਧ ਭਗਤਾਂ ਵੱਲੋਂ ਅਜਿਹਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਵੇਂ ਸਭ ਪੈਸਾ ਬੀ ਜੇ ਪੀ ਦੀਆਂ ਜੇਬਾਂ ਵਿੱਚੋਂ ...”
(15 ਜਨਵਰੀ 2024)
ਇਸ ਸਮੇਂ ਪਾਠਕ: 205.
ਅੰਤਾਂ ਦੀ ਪੀੜਾ, ਬੇਮਿਸਾਲ ਦੁੱਖ-ਦਰਦ, ਬੇਹਿਸਾਬ ਨਫ਼ਰਤ ਤੇ ਦੁਨੀਆ ਦੇ ਬੇਹਿਸਾਬੇ ਤਾਹਨੇ-ਮਿਹਣੇ ਸੁਣਨ ਤੋਂ ਬਾਅਦ ਅੱਠ ਜਨਵਰੀ ਵੀਹ ਸੌ ਚੌਵੀ ਨੂੰ ਜਦੋਂ ਸੁਪਰੀਮ ਕੋਰਟ ਨੇ ਆਪਣੇ ਕਰੜੇ ਫੈਸਲੇ ਨੂੰ ਜਨਤਕ ਕੀਤਾ, ਬਿਲਕਿਸ ਬਾਨੋ ਨੇ, ਜੋ ਆਪਣੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਹੱਤਿਆ ਅੱਖੀਂ ਦੇਖ ਕੇ ਆਪ ਉਦੋਂ ਗਿਆਰਾਂ ਦਰਿੰਦਿਆਂ ਦੁਆਰਾ ਸਮੂਹਿਕ ਸ਼ਿਕਾਰ ਬਣੀ, ਜਦੋਂ ਉਹ ਪੰਜ ਮਹੀਨਿਆਂ ਦੀ ਗਰਭਵਤੀ ਸੀ - ਪੂਰਾ ਫੈਸਲਾ ਸੁਣ ਕੇ, ਸਮਝ ਕੇ, ਉਸ ਨੇ ਚਿਰਾਂ ਬਾਅਦ ਅਜਿਹੇ ਫੈਸਲੇ ਤੋਂ ਬਾਅਦ ਖੁਸ਼ੀ ਵਿੱਚ ਧਰਤ ਲਿਸ਼ਕਾਈ। ਆਪਣੇ ਅੱਲਾ ਦੇ ਨਾਲ-ਨਾਲ ਸੁਪਰੀਮ ਕੋਰਟ ਦਾ ਧੰਨਵਾਦ ਕਰਕੇ ਰੁਹਾਨੀ ਖੁਸ਼ੀ ਪ੍ਰਗਟਾਈ। ਕਾਰਨ, ਪੂਰਾ ਇਨਸਾਫ਼ ਪ੍ਰਾਪਤ ਕਰਨ ਲਈ ਬਿਲਕਿਸ ਬਾਨੋ ਨੂੰ ਤਕਰੀਬਨ ਬਾਈ ਸਾਲ ਲੱਗੇ। ਦੰਗੇ ਗੁਜਰਾਤ ਵਿੱਚ ਭਾਵੇਂ ਦੋ ਹਜ਼ਾਰ ਦੋ ਨੂੰ ਵਾਪਰੇ, ਜਿਨ੍ਹਾਂ ਦੰਗਿਆਂ ਨੇ ਇੱਕ ਖਾਸ ਜਾਤੀ ਦਾ ਸਮੂਹਕ ਘਾਣ ਕਰਨ ਦਾ ਪੂਰਾ-ਪੂਰਾ ਯਤਨ ਕੀਤਾ। ਪਰ ਨਫ਼ਰਤ ਦੇ ਬੀਜ ਦੋ ਹਜ਼ਾਰ ਦੋ ਤੋਂ ਪਹਿਲਾਂ ਹੀ ਰਾਜ ਕਰਦੀ ਨਫ਼ਰਤੀ ਪਾਰਟੀ ਨੇ ਬੀਜਣੇ ਸ਼ੁਰੂ ਕਰ ਦਿੱਤੇ ਸਨ। ਇਨ੍ਹਾਂ ਦੰਗਿਆਂ ਵਿੱਚ ਬੀਬਾ ਬਿਲਕਿਸ ਬਾਨੋ ਨਾਲ ਜੋ ਬੀਤਿਆ, ਪਹਿਲਾਂ ਤਾਂ ਉਸ ਦੀ ਐੱਫ ਆਈ ਆਰ ਦਰਜ ਕਰਨ ਵਿੱਚ ਆਨਾਕਾਨੀ ਕੀਤੀ ਗਈ। ਬਾਅਦ ਵਿੱਚ ਦੋ ਹਜ਼ਾਰ ਤਿੰਨ ਵਿੱਚ ਸੁਪਰੀਮ ਕੋਰਟ ਦੀ ਹਦਾਇਤ ’ਤੇ ਇਹ ਕੇਸ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੂੰ ਜਾਂਚ ਕਰਨ ਲਈ ਕਿਹਾ ਗਿਆ। ਫਿਰ ਕਿਤੇ ਜਾ ਕੇ ਇਸ ਕੇਸ ਦੀ ਜਾਂਚ ਤੋਂ ਬਾਅਦ ਸੁਣਵਾਈ ਸ਼ੁਰੂ ਹੋਈ।
ਇਸ ਕੇਸ ਦੀ ਸੁਣਵਾਈ ਨੇ ਲੰਬਾ ਸਮਾਂ ਲੈ ਕੇ ਅਖੀਰ ਜਨਵਰੀ ਦੋ ਹਜ਼ਾਰ ਅੱਠ ਨੂੰ ਆਪਣਾ ਫੈਸਲਾ ਸੁਣਾਇਆ, ਜਿਸ ਤਹਿਤ ਮਾਣਯੋਗ ਅਦਾਲਤ ਨੇ ਸਭ ਗਿਆਰਾਂ ਦੋਸ਼ੀਆਂ ਨੂੰ ਬੀਬਾ ਬਿਲਕਿਸ ਬਾਨੋ ਨਾਲ ਜਬਰ ਜਨਾਹ ਅਤੇ ਉਸ ਦੇ ਬਾਕੀ ਪਰਿਵਾਰਕ ਮੈਂਬਰਾਂ ਦੀ ਹੱਤਿਆ ਦਾ ਦੋਸ਼ੀ ਠਹਿਰਾ ਕੇ ਉਮਰ ਕੈਦ ਦੀ ਸਜ਼ਾ ਸੁਣਾਈ। ਉਸ ਵੇਲੇ ਦੀ ਗੁਜਰਾਤ ਸਰਕਾਰ ਅਤੇ ਬੀ ਜੇ ਪੀ ਪਾਰਟੀ ਨੇ ਅਦਾਲਤਾਂ ਸਣੇ ਸਭ ਨੂੰ ਭੈਭੀਤ ਕੀਤਾ ਹੋਇਆ ਸੀ, ਇਸ ਕਰਕੇ ਕਿ ਇਸ ਸਭ ਵਰਤਾਰੇ ਤੋਂ ਬਾਅਦ ਅਖੀਰ ਪੀੜਤਾਂ ਨੂੰ ਘੱਟੋ-ਘੱਟ ਇਨਸਾਫ ਮਿਲੇ। ਇਸ ਕਰਕੇ ਸੁਪਰੀਮ ਕੋਰਟ ਨੇ ਇਹ ਕੇਸ ਮਹਾਰਾਸ਼ਟਰ ਸੂਬੇ ਵਿੱਚ ਤਬਦੀਲ ਕਰ ਦਿੱਤਾ। ਹੁਣ ਅਦਾਲਤ ਨੇ ਸਭ ਨੂੰ ਫਿਰ ਉਮਰ ਕੈਦ ਕਰ ਦਿੱਤੀ ਹੈ। ਅਗਰ ਇਸ ਕੇਸ ਦੀ ਸੁਣਵਾਈ ਗੁਜਰਾਤ ਵਿੱਚ ਹੁੰਦੀ ਤਾਂ ਸ਼ਾਇਦ ਇਹ ਫੈਸਲਾ ਦੇਖਣ ਸੁਣਨ ਨੂੰ ਨਾ ਮਿਲਦਾ। ਵੀਹ ਸੌ ਉੱਨੀ ਵਿੱਚ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਨੂੰ ਬਿਲਕਿਸ ਬਾਨੋ ਨੂੰ ਪੰਜਾਹ ਲੱਖ ਰੁਪਏ ਬਤੌਰ ਮੁਆਵਜ਼ਾ ਦੇਣ ਲਈ ਕਿਹਾ ਸੀ।
ਫਿਰ ਮਈ ਵੀਹ ਸੌ ਬਾਈ ਨੂੰ ਸੁਪਰੀਮ ਕੋਰਟ ਨੇ ਦੋਸ਼ੀਆਂ ਦੀ ਦਰਖਾਸਤ ’ਤੇ ਗੁਜਰਾਤ ਸਰਕਾਰ ਨੂੰ ਕਾਨੂੰਨ ਮੁਤਾਬਕ ਸਮੇਂ ਤੋਂ ਪਹਿਲਾਂ ਰਿਹਾਈ ਕਰਨ ਲਈ ਪਟੀਸ਼ਨ ’ਤੇ ਵਿਚਾਰ ਕਰਨ ਲਈ ਕਿਹਾ, ਜਿਸ ਲਈ ਜੋ ਗੁਜਰਾਤ ਸਰਕਾਰ ਨੇ ਕਮੇਟੀ ਬਣਾਈ ਸੀ, ਉਸ ਵਿੱਚ ਦਸਾਂ ਮੈਂਬਰਾਂ ਵਿੱਚੋਂ ਬੀ ਜੇ ਪੀ ਦੇ ਛੇ ਬੰਦੇ ਪੱਕੇ ਸਨ। ਜਿਸ ਸਦਕਾ ਅਖੀਰ ਗੁਜਰਾਤ ਸਰਕਾਰ ਨੇ ਅਗਸਤ ਵੀਹ ਸੌ ਬਾਈ ਨੂੰ ਸਾਰੇ ਦੇ ਸਾਰੇ ਗਿਆਰਾਂ ਦੋਸ਼ੀਆਂ ਨੂੰ ਰਿਹਾਅ ਕਰਕੇ ਉਨ੍ਹਾਂ ਦਾ ਮਹਾਨ ਪੁਰਸ਼ਾਂ ਵਾਂਗ ਸਵਾਗਤ ਕੀਤਾ। ਖੁਸ਼ੀ ਵਿੱਚ ਭਾਜਪਾ ਨੇ ਲੱਡੂ ਵੰਡੇ ਅਤੇ ਹਾਰ ਪਾ ਕੇ ਜੇਤੂਆਂ ਅਤੇ ਦੇਸ਼ ਭਗਤਾਂ ਵਾਂਗ ਸਵਾਗਤ ਕਰਕੇ ਘੱਟ-ਗਿਣਤੀਆਂ ਨੂੰ ਚਿੜਾਉਣ ਦਾ ਕੰਮ ਕੀਤਾ। ਜੋ ਅਤਿ ਸ਼ਰਮਨਾਕ ਸੀ ਅਤੇ ਹੈ।
ਇਸ ਉਪਰੋਕਤ ਡਰਾਮੇ ਬਾਰੇ ਵੀ ਅਦਾਲਤ ਨੂੰ ਹਨੇਰੇ ਵਿੱਚ ਰੱਖਿਆ ਗਿਆ। ਸਜ਼ਾ ਦਿੱਤੀ ਮਹਾਰਾਸ਼ਟਰ ਦੀ ਅਦਾਲਤ ਨੇ ਅਤੇ ਸਜ਼ਾ ਵਿਰੁੱਧ ਅਪੀਲ ਖਾਰਿਜ ਕੀਤੀ ਬੰਬੇ ਹਾਈਕੋਰਟ ਨੇ। ਪਰ ਸਮੇਂ ਤੋਂ ਪਹਿਲਾਂ ਸਜ਼ਾ ਵਿੱਚ ਮੁਆਫ਼ੀ ਲੈਣ ਲਈ ਪਟੀਸ਼ਨ ਗੁਜਰਾਤ ਸੂਬੇ ਰਾਹੀਂ ਪਾਈ ਗਈ, ਜਿਸ ਕੋਲ ਇਸ ਕੇਸ ਸੰਬੰਧੀ ਮੁਆਫ਼ੀ ਦੇਣ ਦਾ ਅਧਿਕਾਰ ਵੀ ਨਹੀਂ ਸੀ। ਪਰ ਅਦਾਲਤ ਨੂੰ ਹਨੇਰੇ ਵਿੱਚ ਰੱਖ ਕੇ ਰਿਹਾਈ ਲਈ ਗਈ, ਜਿਸ ਰਿਹਾਈ ਖ਼ਿਲਾਫ਼ ਯੋਧੇ ਜਿੰਨਾ ਕੇਸ ਮੁੜ ਲੜੇ ਉਨ੍ਹਾਂ ਵਿੱਚ ਭਾਕਪਾ ਦੀ ਸਾਬਕਾ ਸੰਸਦ ਮੈਂਬਰ ਸੁਭਾਸ਼ਿਨੀ ਅਲੀ, ਪੱਤਰਕਾਰ ਰੇਵਤੀ ਅਤੇ ਪ੍ਰੋਫੈਸਰ ਰੂਪ ਰੇਖਾ ਵਰਮਾ ਵੱਲੋਂ ਦਾਇਰ ਜਨਹਿਤ ਪਟੀਸ਼ਨ ’ਤੇ ਕੇਂਦਰ ਅਤੇ ਗੁਜਰਾਤ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਉੱਤੇ ਸੁਪਰੀਮ ਕੋਰਟ ਦੇ ਡਬਲ ਬੈਂਚ ਨੇ ਦੋਸ਼ੀਆਂ ਨੂੰ ਮੁੜ ਜੇਲ੍ਹ ਵਿੱਚ ਡੱਕਣ ਦਾ ਹੁਕਮ ਦੇ ਕੇ ਬੀਬਾ ਬਿਲਕਿਸ ਬਾਨੋ ਨੂੰ ਅਖੀਰ ਇਨਸਾਫ਼ ਦੇਣ ਦਾ ਕੰਮ ਪੂਰਾ ਕੀਤਾ। ਇਸ ’ਤੇ ਬਿਲਕਿਸ ਬਾਨੋ ਨੇ ਖੁਸ਼ੀ ਅਤੇ ਤਸੱਲੀ ਪ੍ਰਗਟਾਈ। ਦੋਸ਼ੀਆਂ ਅਤੇ ਸੰਬੰਧਤ ਸਰਕਾਰ ਦੇ ਮੂੰਹ ਉੱਤੇ ਸੁਪਰੀਮ ਕੋਰਟ ਨੇ ਅਜਿਹਾ ਤਮਾਚਾ ਮਾਰਿਆ ਹੈ ਕਿ ਸੰਬੰਧਤ ਧਿਰਾਂ ਅੱਜ ਤਕ ਇਸ ਸਹੀ ਅਤੇ ਮਿਸਾਲੀ ਫੈਸਲੇ ਖ਼ਿਲਾਫ਼ ਕੁਝ ਬੋਲਣ ਲਈ ਮੂੰਹ ਨਹੀਂ ਖੋਲ੍ਹ ਸਕੀਆਂ। ਡਬਲ ਬੈਂਚ ਨੇ ਗੁਜਰਾਤ ਸਰਕਾਰ ਨੂੰ ਇਹ ਕਹਿੰਦਿਆਂ ਝਾੜ ਪਾਈ ਹੈ ਕਿ ਸਰਕਾਰ ਨੇ ਕਾਨੂੰਨ ਦੇ ਰਾਜ ਦੀ ਉਲੰਘਣਾ ਕੀਤੀ ਹੈ, ਜਿਹੜੇ ਉਸ ਪਾਸ ਹੈ ਹੀ ਨਹੀਂ। ਗੁਜਰਾਤ ਸਰਕਾਰ ਨੇ ਆਪਣੀ ਸ਼ਕਤੀ ਦੀ ਦੁਰਵਰਤੋਂ ਕੀਤੀ ਹੈ।
ਅਖੀਰ ਕਿੰਨੇ ਅਚੰਭੇ ਅਤੇ ਢੀਠਤਾਈ ਦੀ ਸਿਖਰ ਹੈ ਕਿ ਜਿਹੜੀ ਸਰਕਾਰ ਖ਼ਿਲਾਫ਼ ਅਤੇ ਪਾਰਟੀ ਖ਼ਿਲਾਫ਼ ਅਦਾਲਤ ਵੱਲੋਂ ਉਪਰੋਕਤ ਟਿੱਪਣੀਆਂ ਆਈਆਂ ਹਨ, ਉਹ ਅਖੌਤੀ ਮਹਾਂਪੁਰਸ਼ ਪੂਰੀ ਢੀਠਤਾਈ ਨਾਲ ਅਧੂਰੇ ਮੰਦਰ ਦੇ ਬਾਈ ਜਨਵਰੀ ਵਾਲੇ ਦਿਨ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ ਚਾਰ ਸ਼ੰਕਰਾਅਚਾਰੀਆਂ ਦੇ ਵਿਰੋਧ ਦੇ ਬਾਵਜੂਦ ਪ੍ਰਮੁੱਖ ਬਣ ਕੇ ਰਾਮ ਰਾਜ ਦਾ ਰੌਲਾ ਵੀਹ ਸੌ ਚੌਵੀ ਦੀਆਂ ਚੋਣਾਂ ਵਿੱਚ ਵੋਟਾਂ ਬਟੋਰਨ ਖਾਤਰ ਪਾ ਅਤੇ ਅੰਧ ਭਗਤਾਂ ਤੋਂ ਪੁਆ ਰਿਹਾ ਹੈ। ਇਹ ਸਭ ਰਾਮ ਮੰਦਰ ਬਾਰੇ ਹੈ ਜੋ ਅਖੀਰ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਭਗਤਾਂ, ਜਨਤਾ ਅਤੇ ਲੋਕਾਂ ਵੱਲੋਂ ਦਾਨ ਕੀਤੇ ਪੈਸਾ ਨਾਲ ਤਿਆਰ ਹੋ ਰਿਹਾ ਹੈ। ਪਰ ਅੰਧ ਭਗਤਾਂ ਵੱਲੋਂ ਅਜਿਹਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਵੇਂ ਸਭ ਪੈਸਾ ਬੀ ਜੇ ਪੀ ਦੀਆਂ ਜੇਬਾਂ ਵਿੱਚੋਂ ਲੱਗ ਰਿਹਾ ਹੋਵੇ। ਅਖੀਰ ਮੰਦਰਾਂ ਵਿੱਚੋਂ ਬਾਹਰ ਆਣ ਕੇ ਰਾਮ ਨੇ ਸਦਾ ਲਈ ਦਿਲਾਂ ਵਿੱਚ ਵਸਣਾ ਹੈ। ਸਿੱਖਾਂ ਦੇ ਸਿਰਮੌਰ ਹਰਿਮੰਦਰ ਸਾਹਿਬ ਦੀ ਜੇ ਗੱਲ ਕਰੀਏ, ਜਿਸ ਨੇ ਦੁਨੀਆ ਵਿੱਚ ਵੱਧ ਨਤਮਸਤਕ ਹੋਣ ਦਾ ਰਿਕਾਰਡ ਕਾਇਮ ਕੀਤਾ ਹੈ, ਸਭ ਤੋਂ ਵੱਧ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ, ਦਰਸ਼ਨ ਕਰਦੇ ਹਨ, ਲੰਗਰ ਛਕਦੇ ਹਨ - ਜਿਸ ਉੱਤੇ ਇੱਕ ਸਿਆਸੀ ਪਾਰਟੀ ਦਾ ਸੰਪੂਰਨ ਕੰਟਰੋਲ ਵੀ ਹੈ। ਪਰ ਉਹ ਪਾਰਟੀ ਅੱਜ ਸੱਤਾ ਤੋਂ ਬਾਹਰ ਹੈ। ਕਾਰਨ ਕਿ ਵਾਹਿਗੁਰੂ ਸਭ ਸ਼ਰਧਾਲੂਆਂ ਦੇ ਮਨਾਂ ਵਿੱਚ ਵਸ ਚੁੱਕਾ ਹੈ। ਜਦੋਂ ਕੋਈ ਮਨ ਵਿੱਚ ਵਸ ਜਾਂਦਾ ਹੈ ਤਾਂ ਫਿਰ ਮਨੁੱਖ ਮਨ ਦੀ ਅਵਾਜ਼ ਸੁਣ ਕੇ ਕਿਸੇ ਦੀ ਅਧੀਨਤਾ ਕਬੂਲ ਕਰਨ ਤੋਂ ਇਨਕਾਰੀ ਹੋ ਜਾਂਦਾ ਹੈ। ਜਿਸ ਰਾਮ ਦੀ ਖਾਤਰ ਅੰਧ ਭਗਤ ਕਿਸੇ ਹੱਦ ਤਕ ਜਾਣ ਲਈ ਵੀ ਤਿਆਰ ਹਨ, ਉਹ ਰਾਮ ਪਹਿਲਾਂ ਵੀ ਦਿਲਾਂ ਵਿੱਚ ਵਸਦਾ ਸੀ, ਅਗਾਂਹ ਵੀ ਵਸਦਾ ਰਹੇਗਾ। ਅੰਧ ਭਗਤਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4631)
(ਸਰੋਕਾਰ ਨਾਲ ਸੰਪਰਕ ਲਈ: (