“ਜਦ ਤੱਕ ਸਰਕਾਰਾਂ ਇੱਧਰ ਧਿਆਨ ਨਹੀਂ ਦੇਣਗੀਆਂ, ਤਦ ਤੱਕ ਸੰਤ ਰਾਮ ਰਹੀਮ, ਫਲਾਹਾਰੀ ਬਾਬਾ, ਬਾਬਾ ਰਾਮ ਪਾਲ, ...”
(16 ਜਨਵਰੀ 2021)
ਮਹਿਮਾਨ: 84.
ਪੰਜਾਬ ਦੇ ਘਰਾਂ ਵਿੱਚ ਵੜਨ ਵਾਲੀ ਜਲੇਬੀ ਮਠਿਆਈ ਦੇ ਰੂਪ ਵਿੱਚ ਲੱਡੂਆਂ ਤੋਂ ਬਾਅਦ ਆਈ। ਜਲੇਬੀ, ਜਿਸ ਦਾ ਦੇਖਣ ਨੂੰ ਆਕਾਰ ਨਾ ਲੱਡੂਆਂ ਵਾਂਗ ਗੋਲ਼ ਹੈ, ਨਾ ਬਰਫ਼ੀ ਵਾਂਗ ਚੌਰਸ ਹੈ। ਇਸ ਦੀ ਸ਼ਕਲ ਨਾ ਰਸਗੁੱਲੇ ਨਾਲ, ਨਾ ਹੀ ਗੁਲਾਬ ਜਾਮਣ ਜਾਂ ਹੋਰ ਮਠਿਆਈ ਨਾਲ ਮਿਲਦੀ ਹੈ। ਇਹ ਆਪਣੇ ਆਪ ਵਿੱਚ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਦੇਖਿਆਂ ਨਾ ਆਦਿ ਅਤੇ ਨਾ ਹੀ ਅੰਤ ਦਾ ਪਤਾ ਲਗਦਾ ਹੈ, ਪਰ ਖਾਣ ਵਾਲੇ ਇਸ ’ਤੇ ਟੁੱਟ ਕੇ ਪੈ ਜਾਂਦੇ ਹਨ। ਕਾਰਨ ਗਰਮ ਅਤੇ ਬਰੀਕ ਅਤੇ ਰਾੜ੍ਹੀ ਹੋਈ ਜਲੇਬੀ ਦਾ ਅਲੱਗ ਸੁਆਦ ਹੁੰਦਾ ਹੈ। ਬੇਹੀ ਹੋਣ ਤੋਂ ਬਾਅਦ ਆਮ ਕਰਕੇ ਇਸ ਨੂੰ ਦੁੱਧ ਵਿੱਚ ਪਾ ਕੇ ਖਾਧਾ ਜਾਂਦਾ ਹੈ ਅਤੇ ਇਸ ਤਰ੍ਹਾਂ ਖਾਣ ਵਾਲੇ ਅਲੱਗ ਕਿਸਮ ਦਾ ਅਨੰਦ ਮਾਣਦੇ ਹਨ।
ਬਚਪਨ ਹੰਢਾ ਕੇ ਜਦ ਅਸੀਂ ਵਕਾਲਤ ਪੇਸ਼ੇ ਨਾਲ ਜੁੜੇ ਤਾਂ ਉੱਥੇ ਵੀ ਅਸੀਂ ਇਸ ਜਲੇਬੀ ਸ਼ਬਦ ਤੋਂ ਛੁਟਕਾਰਾ ਨਹੀਂ ਪਾ ਸਕੇ। ਕਈ ਕੇਸਾਂ ਵਿੱਚ ਹੰਢੇ ਹੋਏ ਵਕੀਲ ਅਜਿਹੀ ਬਹਿਸ ਕਰਦੇ ਹਨ, ਜਿਸ ਨੂੰ ਵਕਾਲਤ ਵਿੱਚ ‘ਜਲੇਬੀ ਬਹਿਸ’ ਆਖਦੇ ਹਨ, ਜਿਸ ਬਹਿਸ ਦਾ ਨਾ ਸਿਰਾ ਹੁੰਦਾ ਹੈ ਨਾ ਹੀ ਅੰਤ ਬਾਰੇ ਪਤਾ ਲਗਦਾ ਹੈ, ਜਿਸ ਵਿੱਚ ਸੰਬੰਧਤ ਵਕੀਲ ਅਜਿਹੀ ਬਹਿਸ ਕਰਦੇ ਹਨ ਕਿ ਉਹ ਸੰਬੰਧਤ ਬਹਿਸ ਕਰਦੇ-ਕਰਦੇ ਆਪ ਵੀ ਮਕਸਦ ਭੁੱਲ ਜਾਂਦੇ ਹਨ। ਜੱਜ ਸਾਹਿਬ ਨੂੰ ਵੀ ਰੱਜ ਕੇ ਭੰਬਲ਼ਭੂਸੇ ਵਿੱਚ ਪਾਉਂਦੇ ਹਨ। ਸਾਇਲ ਦੇ ਪੱਲੇ ਭਾਵੇਂ ਕੁਝ ਨਹੀਂ ਪੈਂਦਾ ਪਰ ਉਹ ਆਪਣੇ ਵਕੀਲ ਦੀ ਅੰਗਰੇਜ਼ੀ ਵਿੱਚ ਕੀਤੀ ਧੂੰਆਂਧਾਰ ਬਹਿਸ ਸੁਣ ਕੇ ਖੁਸ਼ ਹੋ ਜਾਂਦਾ ਹੈ। ਅਜਿਹੀ ਜਲੇਬੀ ਬਹਿਸ ਤੋਂ ਬਾਅਦ ਜੱਜ ਨੂੰ ਆਪ ਸਾਰੀ ਫਾਈਲ ਪੜ੍ਹ ਕੇ ਫੈਸਲਾ ਕਰਨਾ ਪੈਂਦਾ ਹੈ। ਸਾਡਾ ਕਹਿਣ ਤੋਂ ਭਾਵ ਜਲੇਬੀ ਹਲਵਾਈਆਂ ਦੀ ਦੁਕਾਨ ਤੋਂ ਉਠ ਕੇ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਦੀ ਹੁੰਦੀ ਹੋਈ ਕਚਹਿਰੀਆਂ ਵਿੱਚ ਵੀ ਜਾ ਕੇ ਆਪਣਾ ਨਾਂਅ ਮਸ਼ਹੂਰ ਕਰ ਬੈਠੀ ਹੈ।
ਵਕੀਲਾਂ ਦੀਆਂ ਬਹਿਸਾਂ ਵਿੱਚ ਆਪਣਾ ਨਾਂਅ ਕਮਾ ਕੇ ਹੁਣ ਜਲੇਬੀ ਭਗਵਾਨ ਬਣੇ ਇਨਸਾਨਾਂ ਪਾਸ ਪਹੁੰਚ ਕੇ ਆਪਣਾ ਨਾਂਅ ਹੋਰ ਰੌਸ਼ਨ ਕਰ ਗਈ ਹੈ। ਸਭ ਜਾਣਦੇ ਹਨ ਕਿ ਸਾਡਾ ਭਾਰਤ ਵਰਸ਼ ਅੱਜਕੱਲ੍ਹ ਬਹੁਤਾ ਕਰਕੇ ਉਨ੍ਹਾਂ ਰਾਜ ਕਰਦੀਆਂ ਸਰਕਾਰਾਂ ਤੋਂ ਅੱਕਿਆ ਪਿਆ ਹੈ, ਜਿਨ੍ਹਾਂ ਸਰਕਾਰਾਂ ਦੇ ਪ੍ਰੋਗਰਾਮਾਂ ਵਿੱਚ ਸਿਹਤ ਸਹੂਲਤਾਂ, ਵਿੱਦਿਆ, ਗਰੀਬੀ, ਬੇਰੁਜ਼ਗਾਰੀ ਅਤੇ ਮਹਿੰਗਾਈ ਨੂੰ ਕਾਬੂ ਵਿੱਚ ਰੱਖਣ ਲਈ ਕੋਈ ਸੇਧ ਜਾਂ ਉਪਾਅ ਨਹੀਂ ਹੈ। ਅੰਧ-ਵਿਸ਼ਵਾਸ ਦਾ ਬੋਲਬਾਲਾ ਹੈ, ਜਿਸ ਕਰਕੇ ਅੰਧ-ਵਿਸ਼ਵਾਸੀ ਬਜਾਏ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦੇ, ਆਪਣੇ ਕਰਮਾਂ ਨੂੰ ਹੀ ਕੋਸਦੇ ਰਹਿੰਦੇ ਹਨ। ਜਿਸ ਬਿਮਾਰੀ ਦਾ ਉਪਾਅ ਸਰਕਾਰ ਨਹੀਂ ਕਰਦੀ, ਅੰਧ-ਵਿਸ਼ਵਾਸੀ ਉਸ ਦੇ ਇਲਾਜ ਵਾਸਤੇ ਅਖੌਤੀ ਸਾਧੂ-ਸੰਤਾਂ, ਤਾਂਤਰਿਕਾਂ ਪਾਸ ਕਿਸੇ ਨਾ ਕਿਸੇ ਜ਼ਰੀਏ ਪਹੁੰਚ ਕਰ ਲੈਂਦੇ ਹਨ। ਬੱਸ ਫਿਰ ਕੀ ਹੈ, ਪਹੁੰਚਣ ਤੋਂ ਬਾਅਦ ਸੰਬੰਧਤ ਅਖੌਤੀ ਸਾਧ ਆਪਣੇ ਜਾਲ਼ ਵਿੱਚ ਇਉਂ ਫਸਾਉਂਦਾ ਹੈ ਕਿ ਚੇਲਾ ਬਣਿਆ ਗਰੀਬ ਉਸ ਜੋਗਾ ਹੀ ਬਣ ਕੇ ਰਹਿ ਜਾਂਦਾ ਹੈ। ਅਜਿਹੇ ਸਾਧ ਦਾ ਡੇਰਾ ਵਧਣ ਦੇ ਬਾਅਦ ਪੜ੍ਹੇ-ਲਿਖੇ ਵਹਿਮੀ ਵੀ ਉੱਥੇ ਜਾਣ ਲਗਦੇ ਹਨ, ਜਿਨ੍ਹਾਂ ਦੀ ਦੇਖੋ-ਦੇਖੀ ਪਹੁੰਚਣ ਵਾਲੇ ਲੋਕ ਸੰਗਤ ਦਾ ਰੂਪ ਧਾਰਨ ਕਰ ਲੈਂਦੇ ਹਨ। ਫਿਰ ਅਜਿਹੀ ਅਖੌਤੀ ਸੰਗਤ ਵੀ ਬਾਕੀ ਚੇਲੇ-ਚੇਲੀਆਂ ਵਾਂਗ ਹਰ ਤਰ੍ਹਾਂ ਦੇ ਵੱਖ-ਵੱਖ ਕੁਕਰਮਾਂ ਵਿੱਚ ਸ਼ਾਮਲ ਹੋ ਜਾਂਦੀ ਹੈ ਤੇ ਫਿਰ ਲੁੱਟੀ ਜਾਂਦੀ ਹੈ। ਅਜਿਹੇ ਕੁਕਰਮ ਕਰਨ ਵਾਲਾ ਇੱਕ ਸਾਧ ਪਿੱਛੇ ਜਿਹੇ ਫੜਿਆ ਗਿਆ, ਜਿਹੜਾ ਆਪਣੇ ਇਲਾਕੇ ਫਤੇਹਾਬਾਦ ਵਿੱਚ ‘ਜਲੇਬੀ ਬਾਬੇ’ ਦੇ ਨਾਂਅ ਨਾਲ ਮਸ਼ਹੂਰ ਹੋ ਚੁੱਕਾ ਸੀ। ‘ਜਲੇਬੀ ਬਾਬੇ’ ਦੇ ਕੁਕਰਮਾਂ ਦੀ ਕਹਾਣੀ ਇਸ ਪ੍ਰਕਾਰ ਮਲੂਮ ਹੋਈ।
ਉਪਰੋਕਤ ਜਲੇਬੀ ਬਾਬਾ ਮੂਲ ਰੂਪ ਵਿੱਚ ਪੰਜਾਬ ਦੇ ਮਾਨਸਾ ਦਾ ਰਹਿਣ ਵਾਲਾ ਹੈ, ਜਿਸ ਨੇ ਲਗਭਗ ਵੀਹ ਸਾਲ ਪਹਿਲਾਂ ਜ਼ਿਲ੍ਹਾ ਛੱਡ ਕੇ ਟੋਹਾਣਾ ਵਿੱਚ ਜਾ ਕੇ ਵਸਣਾ ਸ਼ੁਰੂ ਕਰ ਦਿੱਤਾ ਅਤੇ ਟੋਹਾਣਾ ਜਾ ਕੇ ਇਸ ਨੇ ਇਕ ਰੇਹੜੀ ਖਰੀਦ ਕੇ ਉਸ ਉੱਪਰ ਜਲੇਬੀਆਂ ਬਣਾ ਕੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਹੌਲੀ-ਹੌਲੀ ਉਹ ਝਾੜ-ਫੂਕ ਕਰਨ ਲੱਗਾ। ਜਲੇਬੀਆਂ ਖਰੀਦਣ ਵਾਲੇ ਝਾੜ-ਫੂਕ ਕਰਨ ਵਾਲੇ ਨੂੰ ਬਾਬਾ ਮੰਨਣ ਲੱਗ ਪਏ। ਫਿਰ ਉਹ ਹੌਲੀ-ਹੌਲੀ ‘ਜਲੇਬੀ ਬਾਬੇ’ ਦੇ ਨਾਂਅ ਨਾਲ ਪ੍ਰਸਿੱਧ ਹੋ ਗਿਆ।
ਫਿਰ ਕੀ ਸੀ? ਉਸ ਨੇ ਇੱਕ ਮਕਾਨ ਖਰੀਦ ਕੇ ਉਸ ਨੂੰ ਇੱਕ ਡੇਰੇ ਦੀ ਸ਼ਕਲ ਦੇ ਦਿੱਤੀ। ਸੰਗਤ ਵੀ ਆਉਣੀ ਸ਼ੁਰੂ ਹੋ ਗਈ। ਫਿਰ ਆਹਸਤਾ-ਆਹਿਸਤਾ ਜਲੇਬੀਆਂ ਦੀ ਰੇਹੜੀ ਗਾਇਬ ਹੋ ਗਈ ਤੇ ਜਲੇਬੀ ਬਾਬੇ ਦਾ ਡੇਰਾ ਦਿਨੋ-ਦਿਨ ਪ੍ਰਸਿੱਧ ਹੋ ਗਿਆ। ਬੇਰੁਜ਼ਗਾਰੀ, ਮਹਿੰਗਾਈ, ਗਰੀਬੀ, ਅਨਪੜ੍ਹਤਾ ਅਤੇ ਅੰਧ-ਵਿਸ਼ਵਾਸ ਕਰਕੇ ਦੁਖੀ ਲੋਕ ਦੇਖੋ-ਦੇਖੀ ਜਲੇਬੀ ਬਾਬੇ ਦੇ ਡੇਰੇ ਆਪਣੇ ਦੁੱਖ-ਤਕਲੀਫ਼ਾਂ ਦੂਰ ਕਰਵਾਉਣ ਲਈ ਆਉਣ ਲੱਗ ਪਏ। ਅੰਦਰੋਂ ਬਾਬਾ ਮਾੜਾ ਹੋਣ ਕਰਕੇ ਸੰਗਤ ਵਿੱਚੋਂ ਔਰਤਾਂ ਨਾਲ ਮਾੜੇ ਕੰਮ ਕਰਨ ਲੱਗ ਪਿਆ। ਔਰਤਾਂ ਨਾਲ ਬਾਬਾ ਝਾੜ-ਫੂਕ ਦੀ ਆੜ ਵਿੱਚ ਸਰੀਰਕ ਸ਼ੋਸ਼ਣ ਕਰਨ ਲੱਗ ਪਿਆ।
ਇੱਕ ਕਹਾਣੀ ਮੁਤਾਬਕ ਸਿਟੀ ਟੋਹਾਣਾ ਥਾਣਾ ਦੇ ਤਤਕਾਲੀਨ ਇੰਸਪੈਕਟਰ ਪ੍ਰਦੀਪ ਕੁਮਾਰ ਦੀ ਇੱਕ ਸ਼ਿਕਾਇਤ ਉੱਤੇ ਕਾਰਵਾਈ ਕਰਦੇ ਹੋਏ 19 ਜੁਲਾਈ, 2018 ਨੂੰ ਮਾਮਲਾ ‘ਜਲੇਬੀ ਬਾਬੇ’ ਉਰਫ਼ ਬਿੱਲੂ ਖ਼ਿਲਾਫ਼ ਦਰਜ ਕੀਤਾ। ਮੁਖਬਰ ਨੇ ਸੰਬੰਧਤ ਪੁਲਸ ਨੂੰ ਜਲੇਬੀ ਬਾਬੇ ਦੀ ਇੱਕ ਅਸ਼ਲੀਲ ਵੀਡੀਓ ਦਿਖਾਉਂਦੇ ਹੋਏ ਦੱਸਿਆ ਕਿ ਇਹ ‘ਜਲੇਬੀ ਬਾਬਾ’ ਧਰਮ ਦੀ ਆੜ ਵਿੱਚ ਕੁਕਰਮ ਕਰ ਰਿਹਾ ਹੈ। ਸੰਬੰਧਤ ਔਰਤਾਂ ਦੀ ਬਲੈਕਮੇਲਿੰਗ ਕਰ ਰਿਹਾ ਹੈ। ਇਸ ਤੋਂ ਬਾਅਦ ਸੰਬੰਧਤ ਪੁਲਸ ਨੇ ਮਾਮਲਾ ਦਰਜ ਕਰਕੇ ਜਲੇਬੀ ਬਾਬੇ ਨੂੰ ਗ੍ਰਿਫ਼ਤਾਰ ਕਰ ਲਿਆ।
ਉਪਰੋਕਤ ਡੇਰੇ ਵਿੱਚ ਤਲਾਸ਼ੀ ਤੋਂ ਬਾਅਦ ਪੁਲਸ ਨੂੰ ਉੱਥੋਂ ਤਾਂਤਰਿਕ ਵਿੱਦਿਆ ਦਾ ਸਮਾਨ ਅਤੇ ਔਰਤਾਂ ਨਾਲ ਸੰਬੰਧਤ ਇਤਰਾਜ਼ ਯੋਗ ਸਥਿਤੀ ਵਿੱਚ ਕਈ ਵੀਡੀਓ ਮਿਲੀਆਂ। ਫਿਰ ਕੀ ਸੀ, 62 ਸਾਲਾ ‘ਜਲੇਬੀ ਬਾਬਾ’ 6 ਬੱਚਿਆਂ ਦਾ ਬਾਪ ਜਨਤਾ ਸਾਹਮਣੇ ਨੰਗਾ ਹੋ ਗਿਆ। ਉਸ ਦੀਆਂ ਕਰਤੂਤਾਂ ਦਾ ਪਤਾ ਲੱਗ ਗਿਆ। ਫਿਰ ਕਈ ਸੰਬੰਧਤ ਔਰਤਾਂ ਨੇ ਬਾਬੇ ਖ਼ਿਲਾਫ਼ ਆਪਣੀਆਂ ਸ਼ਿਕਾਇਤਾਂ ਸੰਬੰਧਤ ਪੁਲਸ ਨੂੰ ਦਿੱਤੀਆਂ, ਜਿਨ੍ਹਾਂ ਦੇ ਅਧਿਐਨ ਅਤੇ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਇਆ ਕਿ ਅਜਿਹੀ ਕਰਤੂਤ ਕਰਨ ਤੋਂ ਪਹਿਲਾਂ ਬਾਬਾ ਸੰਬੰਧਤ ਔਰਤ ਨੂੰ ਨਸ਼ੀਲੀ ਚਾਹ ਆਦਿ ਪਿਲਾਉਂਦਾ ਸੀ। ਇਸ ਤਰ੍ਹਾਂ ਕਰਕੇ ਜਲੇਬੀ ਬਾਬੇ ਨੇ ਲਗਭਗ 120 ਔਰਤਾਂ ਨਾਲ ਜਬਰ ਜਨਾਹ ਕੀਤਾ, ਜਿਸ ’ਤੇ ਐਡੀਸ਼ਨਲ ਜੱਜ ਅਤੇ ਸੈਸ਼ਨ ਜੱਜ ਸ੍ਰੀ ਬਲਵੰਤ ਸਿੰਘ ਦੀ ਫਾਸਟ ਟਰੈਕ ਅਦਾਲਤ ਨੇ ਬਦਨਾਮ ਜਲੇਬੀ ਬਾਬਾ ਉਰਫ਼ ਅਮਰਪੁਰੀ ਉਰਫ਼ ਬਿੱਲੂ ਨੂੰ 14 ਸਾਲ ਦੀ ਕੈਦ ਅਤੇ 35 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ। ਬਾਕੀ ਕੇਸਾਂ ਵਿੱਚ ਵੀ ਸੱਤ-ਸੱਤਸਾਲ ਅਤੇ ਪੰਜ-ਪੰਜ ਸਾਲ ਕੈਦ ਦਾ ਹੁਕਮ ਸੁਣਾਇਆ ਹੈ। ਅਜਿਹੇ ਸਭ ਤਾਂਤਰਿਕ ਬਾਬੇ ਦੇਖੋ-ਦੇਖੀ ਬਣ ਰਹੇ ਹਨ ਅਤੇ ਅਜਿਹੇ ਉਪਰੋਕਤ ਕਾਂਡ ਕਰ ਰਹੇ ਹਨ। ਸਾਨੂੰ ਕੋਈ ਅਜਿਹਾ ਡੇਰਾ ਦੱਸਿਆ ਜਾਵੇ, ਜਿੱਥੇ ਸਿਆਸੀ ਅਤੇ ਪੜ੍ਹੇ-ਲਿਖੇ ਅਫ਼ਸਰ ਲੋਕ ਅਕਸਰ ਛੁੱਟੀਆਂ ਵਾਲੇ ਦਿਨ ਜਾਂ ਚੋਣਾਂ ਦੇ ਨੇੜੇ ਜਾ ਕੇ ਹਾਜ਼ਰੀ ਨਾ ਭਰਦੇ ਹੋਣ। ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਮੁੱਖ ਮੰਤਰੀ ਹੁੰਦਿਆਂ ਵੀ ਬਾਪੂ ਆਸਾ ਰਾਮ ਤੋਂ ਸਭ ਦੇ ਸਾਹਮਣੇ ਅਸ਼ੀਰਵਾਦ ਲੈਂਦਾ ਹੋਵੇ ਅਤੇ ਬਾਪੂ ਦੇ ਹੱਕ ਵਿੱਚ ਉਸ ਦੇ ਗੁਣਗਾਣ ਕਰਦਾ ਹੋਵੇ, ਜੋ ਅੱਜ ਜੇਲ੍ਹਾਂ ਦੀ ਧੂੜ ਚੱਟ ਰਿਹਾ ਹੈ। ਇਵੇਂ ਹੀ ਪੰਜਾਬ ਅਤੇ ਹਰਿਆਣੇ ਦੀ ਕਿਹੜੀ ਸਿਆਸੀ ਪਾਰਟੀ (ਬਿਨਾਂ ਖੱਬੇ ਪੱਖੀ ਪਾਰਟੀਆਂ ਤੋਂ) ਹੈ, ਜੋ ਚੋਣਾਂ ਦੇ ਮੌਸਮ ਸਮੇਂ ਸਣੇ ਪ੍ਰਕਾਸ਼ ਸਿੰਘ ਬਾਦਲ ਦੇ ਗੁਰਮੀਤ ਰਾਮ ਰਹੀਮ ਸਿੰਘ ਦੇ ਚਰਨਾਂ ਵਿੱਚ ਜਾ ਕੇ ਨਾ ਬੈਠਾ ਹੋਵੇ? ਬਾਕੀ ਬਾਬੇ ਜਿਹੜੇ ਦਰਜਨਾਂ ਦੀ ਗਿਣਤੀ ਵਿੱਚ ਹਨ, ਜਿਨ੍ਹਾਂ ’ਤੇ ਕੇਸ ਵੀ ਕੇਸ ਚੱਲਿਆ, ਉਨ੍ਹਾਂ ਨੂੰ ਸਜ਼ਾ ਹੋਈ। ਕੋਈ ਗੈਬੀ ਸ਼ਕਤੀ ਜਾਂ ਕਰਾਮਾਤ ਕੰਮ ਨਹੀਂ ਆਈ। ਸਜ਼ਾ ਤੋਂ ਬਾਅਦ ਵੀ ਉਨ੍ਹਾਂ ਦੇ ਅੰਧ-ਭਗਤ ਉਵੇਂ ਹੀ ਉਨ੍ਹਾਂ ਬਲਾਤਕਾਰੀਆਂ ਨੂੰ ਪੂਜੀ ਜਾਂਦੇ ਹਨ।
ਸਰਕਾਰਾਂ ਕੀ ਕਰ ਰਹੀਆਂ ਹਨ? ਕਿਉਂ ਨਹੀਂ ਤਰਕਸ਼ੀਲ ਪੜ੍ਹਾਈ ਕਰਾਈ ਜਾਂਦੀ? ਕਿਉਂ ਨਹੀਂ ਤਰਕਸ਼ੀਲਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ? ਜਦ ਤੱਕ ਸਰਕਾਰਾਂ ਇੱਧਰ ਧਿਆਨ ਨਹੀਂ ਦੇਣਗੀਆਂ, ਤਦ ਤੱਕ ਰਾਕਟ ਛੱਡਣ ਲੱਗਿਆਂ ਲਲੇਰ ਭੰਨਿਆ ਜਾਂਦਾ ਰਹੇਗਾ। ਤਦ ਤੱਕ ਸੰਤ ਰਾਮ ਰਹੀਮ, ਫਲਾਹਾਰੀ ਬਾਬਾ, ਬਾਬਾ ਰਾਮ ਪਾਲ, ਮਿਰਚੀ ਬਾਬਾ ਅਤੇ ਜਲੇਬੀ ਬਾਬਾ ਵਰਗੇ ਪੈਦਾ ਹੁੰਦੇ ਰਹਿਣਗੇ ਅਤੇ ਔਰਤਾਂ ਨਾਲ ਬਲਾਤਕਾਰ ਹੁੰਦੇ ਰਹਿਣਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3741)
(ਸਰੋਕਾਰ ਨਾਲ ਸੰਪਰਕ ਲਈ: