“ਰਾਜ ਕਰਦੀ ਪਾਰਟੀ ਇਸ ਬਿਹਾਰ ਦੀ ਜਾਤੀ ਜਨ-ਗਣਨਾ ਨੂੰ ਇੰਡੀਆ ਗਠਜੋੜ ਦੀ ਸ਼ਰਾਰਤ ਦੱਸ ਕੇ ਭੰਡ ਰਹੀ ਹੈ ...”
(9 ਅਕਤੂਬਰ 2023)
ਪਿੱਛੇ ਜਿਹੇ ਬਿਹਾਰ ਸੂਬੇ ਵਿੱਚ ਜੋ ਜਾਤੀ ਗਣਨਾ ਕਰਾਈ ਗਈ, ਉਸ ਦੀ ਸਮੁੱਚੀ ਰਿਪੋਰਟ ਬਾਰੇ ਨਿਤੀਸ਼ ਬਾਬੂ ਮੁੱਖ ਮੰਤਰੀ ਨੇ ਦੋ ਅਕਤੂਬਰ, ਯਾਨੀ ਮਹਾਤਮਾ ਗਾਂਧੀ ਦੇ ਜਨਮ ਦਿਨ ’ਤੇ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਵਿੱਚ ਸਮੁੱਚੀ ਜਾਣਕਾਰੀ ਦਿੱਤੀ। ਇਸ ਜਾਤੀ ਗਣਨਾ ਦੀ ਆਗਿਆ ਦੋ ਜੂਨ 2022 ਨੂੰ ਬਿਹਾਰ ਮੰਤਰੀ ਪ੍ਰੀਸ਼ਦ ਨੇ ਸਰਬ-ਸੰਮਤੀ ਨਾਲ ਦਿੱਤੀ ਸੀ। ਰਿਪੋਰਟ ਦਾ ਵਿਸਥਾਰ ਮਿਲਣ ’ਤੇ ਪਤਾ ਲੱਗਿਆ ਕਿ ਇਸ ਜਾਤੀ ਗਣਨਾ ਸਮੇਂ ਸਿਰਫ਼ ਜਾਤੀਆਂ ਬਾਰੇ ਹੀ ਨਹੀਂ ਪਤਾ ਲੱਗਾ, ਬਲਕਿ ਸਾਰੀਆਂ ਜਾਤੀਆਂ ਦੀ ਆਰਥਿਕ ਹਾਲਤ ਬਾਰੇ ਵੀ ਪਤਾ ਲੱਗਾ ਹੈ ਕਿ ਕਿਹੜੀ ਜਾਤੀ ਕਿੰਨੀ ਪਛੜੀ ਹੋਈ ਹੈ। ਇਸ ਵਕਤ ਉਸ ਦੀ ਆਰਥਿਕ ਹਾਲਤ ਕੀ ਹੈ? ਕਿਹੜੀ ਜਾਤੀ ਕਿੰਨੀ ਗਿਣਤੀ ਵਿੱਚ ਹੈ? ਧਰਮ ਅਧਾਰਤ ਵੀ ਜਾਣਕਾਰੀ ਮਿਲੀ ਹੈ। ਕਿਹੜਾ ਧਰਮ ਕਿੰਨੀ ਗਿਣਤੀ ਵਿੱਚ ਹੈ? ਧਰਮ ਅਧਾਰਤ ਵੀ ਉਸ ਦੀ ਕੀ ਹਾਲਤ ਹੈ? ਇਸ ਨਾਲ ਜਦੋਂ ਵੀ ਕੋਈ ਸਰਕਾਰ ਚਾਹੇਗੀ, ਉਨ੍ਹਾਂ ਲਈ ਨਵੀਂਆਂ ਸਕੀਮਾਂ ਲਿਆ ਕੇ ਉਨ੍ਹਾਂ ਦੀ ਮਦਦ ਕਰ ਸਕਦੀ ਹੈ। ਕੌਣ ਕਿੰਨਾ ਹੈ? ਉਨ੍ਹਾਂ ਨੂੰ ਕਿੰਨਾ ਮਿਲਣਾ ਚਾਹੀਦਾ ਹੈ? ਇਹ ਅੰਕੜੇ ਮੌਕੇ ਦੀ ਸਰਕਾਰ ਦੀ ਮਦਦ ਕਰਦੇ ਰਹਿਣਗੇ।
ਹੁਣ ਸਰਕਾਰਾਂ ਅੰਧੇਰੇ ਵਿੱਚ ਰਹਿ ਕੇ ਕੰਮ ਕਰ ਰਹੀਆਂ ਹਨ। ਬੀ ਜੇ ਪੀ ਦਾ ਪ੍ਰਧਾਨ ਮੰਤਰੀ, ਜੋ ਸਮੁੱਚੇ ਦੇਸ਼ ਦਾ ਆਗੂ ਹੈ, ਜਦੋਂ ਉਹ ਆਖ ਰਿਹਾ ਹੁੰਦਾ ਹੈ ਕਿ “ਸਭ ਕਾ ਸਾਥ, ਸਭ ਕਾ ਵਿਕਾਸ, ਸਭ ਦਾ ਵਿਸ਼ਵਾਸ” ਉਦੋਂ ਉਹ ਆਪਣੀ ਮਰਜ਼ੀ ਰਿਹਾ ਹੁੰਦਾ ਹੈ। ਬਿਹਾਰ ਦੀ ਇਸ ਜਾਤੀ ਜਨ-ਗਣਨਾ ਨੇ ਸਮੁੱਚੇ ਦੇਸ਼ ਵਿੱਚ ਇਸਦੀ ਚਰਚਾ ਛੇੜ ਦਿੱਤੀ ਹੈ। ਇਹ ਚਰਚਾ ਦਿਨੋ-ਦਿਨ ਸਾਰੇ ਸੂਬਿਆਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ। ਇਸ ਜਨ-ਗਣਨਾ ਨੂੰ ਭਾਜਪਾ ਵਾਲੇ ਸਭ ਆਗੂਆਂ ਸਮੇਤ ਪ੍ਰਧਾਨ ਮੰਤਰੀ ਤਕ ਫਿਰਕੂ ਜਨ-ਗਣਨਾ ਆਖ ਕੇ ਇਸਦੇ ਵਿਰੋਧ ਵਿੱਚ ਖੜ੍ਹੇ ਹੋ ਰਹੇ ਹਨ। ਭਾਜਪਾ ਵਾਲਿਆਂ ਦਾ ਸਿੱਧਾ ਫਾਰਮੂਲਾ ਹੈ ਕਿ ਸਭ ਨੂੰ ਹਿੰਦੂਆਂ ਵਿੱਚ ਗਿਣ ਕੇ ਹਿੰਦੂ-ਹਿੰਦੀ-ਹਿੰਦੋਸਤਾਨ ਵਿੱਚ ਤਬਦੀਲ ਕਰੋ। ਭਾਜਪਾ ਆਪਣੇ ਹਿਤ ਦੀ ਖਾਤਰ ਸਭ ਨੂੰ ਹਿੰਦੂ ਆਖ ਕੇ ਉਨ੍ਹਾਂ ਦੀ ਵੋਟ ਬੈਂਕ ਵਿੱਚ ਸੇਧ ਲਾ ਰਹੀ ਹੈ, ਜਿਸ ਤੋਂ ਸਾਨੂੰ ਸਭ ਨੂੰ ਬਚਣ ਦੀ ਲੋੜ ਹੈ, ਲੜਨ ਦੀ ਲੋੜ ਹੈ।
ਰੋਜ਼-ਮਰ੍ਹਾ ਦੀਆਂ ਖ਼ਬਰਾਂ ਸੁਣ ਕੇ ਕਈ ਵਾਰ ਤਾਂ ਅਜਿਹਾ ਲਗਦਾ ਹੈ ਕਿ ਜਿਵੇਂ ਬਿਹਾਰ ਦੀ ਜਾਤੀ ਗਣਨਾ ਨੇ ਬਾਕੀ ਸੂਬਿਆਂ ਵਿੱਚ ਡੂੰਮਣਾ ਛੇੜ ਦਿੱਤਾ ਹੋਵੇ। ਆਉਣ ਵਾਲੇ ਸਮੇਂ ਵਿੱਚ ਤੁਸੀਂ ਇਸ ਛਿੜੇ ਡੂੰਮਣੇ ਦੀ ਕਰਾਮਾਤ ਦੇਖੋਗੇ। ਰਾਜ ਕਰਦੀ ਪਾਰਟੀ ਇਸ ਬਿਹਾਰ ਦੀ ਜਾਤੀ ਜਨ-ਗਣਨਾ ਨੂੰ ਇੰਡੀਆ ਗਠਜੋੜ ਦੀ ਸ਼ਰਾਰਤ ਦੱਸ ਕੇ ਭੰਡ ਰਹੀ ਹੈ। ਪਰ ਉਹ ਇਸਦਾ ਜਦੋਂ ਵਿਰੋਧ ਕਰ ਰਹੀ ਹੁੰਦੀ ਹੈ ਤਾਂ ਉਹ ਇਹ ਭੁੱਲ ਜਾਂਦੀ ਹੈ ਕਿ ਇਹ ਹੁਣ ਅਵਾਮ ਦੀ ਅਵਾਜ਼ ਬਣ ਚੁੱਕੀ ਹੈ। ਉਹ ਗੱਲ ਕਰਦਿਆਂ ਆਪ ਭੁੱਲ ਜਾਂਦੀ ਹੈ ਕਿ ਊਚ-ਨੀਚ, ਧਰਮੀ ਅਤੇ ਅਧਰਮੀਆਂ ਵਿੱਚ, ਜਾਤ-ਪਾਤ ਦੀ ਨਫ਼ਰਤ ਦੀ ਖੇਤੀ ਪਿਛਲੇ ਕਾਫ਼ੀ ਸਮੇਂ ਤੋਂ ਸਰਗਰਮ ਰਹੀ ਹੈ। ਭਾਜਪਾ ਦੇ ਮੁੱਦੇ ਹਮੇਸ਼ਾ ਹੀ ਧਾਰਮਿਕ ਭਾਵਨਾ ਵਾਲੇ ਹੁੰਦੇ ਹਨ। ਉਹ ਭਾਵੇਂ ਬਾਬਰੀ ਮਸਜਿਦ ਦੇ ਹੋਣ, ਭਾਵੇਂ ਰਾਮ ਮੰਦਰ ਨਾਲ ਸੰਬੰਧਤ ਹੋਣ, ਸੂਬਿਆਂ, ਖਾਸ ਜਗ੍ਹਾ ਦੇ ਨਾਂਅ ਬਦਲਣ ਦੇ ਹੋਣ, ਜਿਨ੍ਹਾਂ ਦਾ ਜਨਤਾ ਦੀ ਦਾਲ-ਰੋਟੀ ਨਾਲ ਕੋਈ ਸੰਬੰਧ ਨਹੀਂ ਹੁੰਦਾ। ਪਰ ਅੰਧ-ਭਗਤ ਬਿਨਾਂ ਸੋਚੇ ਅਜਿਹੇ ਮੁੱਦਿਆਂ ਨੂੰ ਉਛਾਲਣ ਵਿੱਚ ਦਿਨ-ਰਾਤ ਇੱਕ ਕਰਕੇ ਆਮ ਭੋਲੇ-ਭਾਲੇ ਲੋਕਾਂ ਦੀਆਂ ਭਾਵਨਾਵਾਂ ਦਾ ਨਜਾਇਜ਼ ਫਾਇਦਾ ਉਠਾਉਂਦੇ ਰਹਿੰਦੇ ਹਨ। ਜੇ ਧਿਆਨ ਨਾਲ ਦੇਖਿਆ ਅਤੇ ਸੋਚਿਆ ਜਾਵੇ ਤਾਂ ਉਹ ਲੋੜ ਪੈਣ ’ਤੇ, ਸਮੇਂ-ਸਮੇਂ ਨਫ਼ਰਤ ਦੇ ਵਣਜਾਰੇ ਵੀ ਬਣ ਜਾਂਦੇ ਹਨ। ਨਫ਼ਰਤ ਕਰਾ ਕੇ ਫਸਾਦ ਕਰਾਉਂਦੇ ਹਨ। ਅਜਿਹੇ ਨਫ਼ਰਤੀ ਹੀਰੋ ਜਦੋਂ ਫੜ ਹੋਣ ’ਤੇ ਜ਼ਮਾਨਤ ਜਾਂ ਕੈਦ ਕੱਟ ਕੇ ਬਾਹਰ ਆਉਂਦੇ ਹਨ ਤਾਂ ਉਨ੍ਹਾਂ ਦਾ ਹੀਰੋਆਂ ਵਾਂਗ, ਜੇਤੂਆਂ ਵਾਂਗ, ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਜਾਂਦਾ ਹੈ। ਸਵਾਗਤ ਕਰਨ ਵਾਲਿਆਂ ਵਿੱਚ ਬਹੁਤੇ ਲੋਕ ਲੀਡਰ ਹੁੰਦੇ ਹਨ।
ਹੁਣੇ ਹੁਣੇ ਹੀ ਹੇਟ ਸਪੀਚ (ਨਫ਼ਰਤੀ-ਭਾਸ਼ਣਾਂ) ਦੇ ਅੰਕੜੇ ਪ੍ਰਕਾਸ਼ਤ ਹੋਏ ਹਨ। ਇਸ ਵਕਤ ਤੇਤੀ (33) ਮੈਂਬਰ ਪਾਰਲੀਮੈਂਟ ਵਿੱਚੋਂ, ਜਿਨ੍ਹਾਂ ’ਤੇ ਨਫ਼ਰਤ ਦੇ ਕੇਸ ਚੱਲ ਰਹੇ ਹਨ, ਉਨ੍ਹਾਂ ਵਿੱਚੋਂ ਬਾਈ (22) ਸਿਰਫ਼ ਭਾਜਪਾ ਰਾਜ ਕਰਦੀ ਪਾਰਟੀ ਨਾਲ ਸੰਬੰਧਤ ਹਨ। ਉਹ ਨਫ਼ਰਤ ਸਪੀਚਾਂ ਨਾਲ ਆਪਣਾ ਕੰਮ ਸਾਰ ਲੈਂਦੇ ਹਨ। ਬਾਅਦ ਵਿੱਚ ਸਭ ਨੂੰ ਬਰੀ ਕਰਾ ਲਿਆ ਜਾਂਦਾ ਹੈ। ਇਸ ਕੰਮ ਬਦਲੇ ਜੱਜਾਂ ਨੂੰ ਤਰੱਕੀ, ਕਮਿਸ਼ਨ ਤੋਂ ਇਲਾਵਾ ਰਾਜ ਸਭਾ ਦੀ ਕੁਰਸੀ ਤਕ ਦਿੱਤੀ ਜਾਂਦੀ ਹੈ। ਇਸ ਸਭ ਕਾਸੇ ਦੇ ਬਾਵਜੂਦ ਸਰਕਾਰ ਇਮਾਨਦਾਰ ਦੀ ਇਮਾਨਦਾਰ ਰਹਿੰਦੀ ਹੈ ਅਤੇ ਇਮਾਨਦਾਰੀ ਦਾ ਢੰਡੋਰਾ ਲਗਾਤਾਰ ਪਿੱਟਦੀ ਰਹਿੰਦੀ ਹੈ। ਇਹ ਸਭ ਉਦੋਂ ਤਕ ਚਲਦਾ ਅਤੇ ਹੁੰਦਾ ਰਹੇਗਾ, ਜਦੋਂ ਤਕ ਅਜਿਹੇ ਫੋਕੇ ਨਾਅਰਿਆਂ ਤੋਂ ਦੁਖੀ ਲੋਕ ਰਲ ਕੇ ਲੜਨ ਲਈ ਇੱਕ ਪਰਿਵਾਰ ਦੀ ਸ਼ਕਲ ਇਖਤਿਆਰ ਨਹੀਂ ਕਰਨਗੇ। ਜਿਉਂ-ਜਿਉਂ 2024 ਨੇੜੇ ਆ ਰਿਹਾ ਹੈ। ਮੌਜੂਦਾ ਸਰਕਾਰ ਨੇ ਆਪਣੀਆਂ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਏਜੰਸੀਆਂ ਦਾ ਸਹਾਰਾ ਲੈ ਕੇ ਵਿਰੋਧੀਆਂ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਹਨ। ਨਮੂਨੇ ਲਈ ਆਪ ਆਦਮੀ ਪਾਰਟੀ, ਜੋ ਕਦੇ ਮੈਂ ਨਾ ਮਾਨੂੰ ਦੀ ਰਟ ਲਾ ਰਹੀ ਸੀ, ਦੇ ਇੱਕ ਹੋਰ ਵੱਡੇ ਨੇਤਾ, ਜੋ ਰਾਜ ਸਭਾ ਵਿੱਚ ਇਸ ਵਕਤ ਆਪਣੀ ਪਾਰਟੀ ਦੇ ਨੇਤਾ ਹਨ, ਈ ਡੀ ਰਾਹੀਂ ਗ੍ਰਿਫ਼ਤਾਰ ਕਰਾ ਕੇ ਉਸ ਦਾ ਪੰਜ ਦਿਨ ਦਾ ਰਿਮਾਂਡ ਹਾਸਲ ਕਰ ਲਿਆ।
2024 ਚੋਣਾਂ ਵਿੱਚ ਮੌਜੂਦਾ ਸਰਕਾਰ ਨੂੰ ਭਜਾਉਣ ਲਈ ਇੰਡੀਆ ਨਾਂਅ ਦਾ ਇੱਕ ਵੱਡਾ ਗੱਠਜੋੜ ਬਣ ਚੁੱਕਾ ਹੈ। ਸਾਨੂੰ ਸਭ ਨੂੰ ਆਪਸੀ ਮਤਭੇਦ ਭੁਲਾ ਕੇ ਉਸ ਗੱਠਜੋੜ ਦੀ ਮਦਦ ਕਰਨੀ ਚਾਹੀਦੀ ਹੈ। ਜੋ ਪੰਜਾਬ ਵਿੱਚ ਇਸ ਵਕਤ ਦੋਂਹ ਪਾਰਟੀਆਂ ਵਿੱਚ ਚੱਲ ਰਿਹਾ ਹੈ, ਇਹ ਸਭ ਵੀ ਵੀਹ ਸੌ ਚੌਵੀ ਦੀਆਂ ਚੋਣਾਂ ਆਉਣ ਤਕ ਖ਼ਤਮ ਹੋ ਜਾਵੇਗਾ ਜਾਂ ਉਹ ਪਾਰਟੀ ਖ਼ਤਮ ਹੋ ਜਾਵੇਗੀ, ਜੋ ਇੰਡੀਆ ਗਠਜੋੜ ਦੀ ਭਾਵਨਾ ਦਾ ਸਤਿਕਾਰ ਨਹੀਂ ਕਰੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4277)
(ਸਰੋਕਾਰ ਨਾਲ ਸੰਪਰਕ ਲਈ: (