“ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀਆਂ ਬਹਿਸਾਂ ’ਤੇ ਰੋਕ ਲਾਵੇ, ਤਾਂ ਕਿ ਸ਼ਾਂਤਮਈ ...”
(13 ਅਪਰੈਲ 1919)
ਕੋਰੋਨਾ ਵਾਇਰਸ ਨੇ ਸ਼ੁੱਕਰਵਾਰ ਯਾਨਿ ਦਸ ਅਪਰੈਲ ਨੂੰ ਆਪਣੇ ਸੌ ਦਿਨ ਪੂਰੇ ਕਰ ਲਏ ਹਨ। ਜਿਵੇਂ ਨਵੀਂਆਂ ਸਰਕਾਰਾਂ ਬਣਨ ’ਤੇ ਉਹ ਆਪਣੇ ਸੌ ਦਿਨ ਦੀਆਂ ਪ੍ਰਾਪਤੀਆਂ ਜਨਤਾ ਨੂੰ ਦੱਸਦੀਆਂ ਹਨ ਅਤੇ ਆਪਣੀ ਪਿੱਠ ਠੋਕਦੀਆਂ ਹਨ, ਉਵੇਂ ਹੀ ਕੋਰੋਨਾ ਨੇ ਵੀ ਅਜਿਹਾ ਕੀਤਾ ਹੈ। ਉਸ ਨੇ ਆਪਣੀਆਂ ਪ੍ਰਾਪਤੀਆਂ ਸਮੁੱਚੇ ਸੰਸਾਰ ਅੱਗੇ ਰੱਖੀਆਂ ਹਨ, ਜਿਸ ਅਨੁਸਾਰ ਦੱਸਿਆ ਗਿਆ ਹੈ ਕਿ ਹੁਣ ਤੱਕ ਲਗਭਗ 16 ਲੱਖ ਲੋਕਾਂ ਨੂੰ ਆਪਣੇ ਲਪੇਟ ਵਿੱਚ ਲੈ ਚੁੱਕਾ ਹੈ। ਹੁਣ ਤੱਕ ਉਹ ਕੁਝ ਦੇਸ਼ਾਂ ਨੂੰ ਛੱਡ ਕੇ ਲਗਭਗ ਸਾਰੀ ਦੁਨੀਆ ਵਿੱਚ ਫੈਲ ਚੁੱਕਾ ਹੈ। ਉਹ ਤਕਰੀਬਨ 95 ਹਜ਼ਾਰ ਲੋਕਾਂ ਨੂੰ ਮੌਤ ਦੇ ਖਾਨੇ ਵਿੱਚ ਦਰਜ ਕਰ ਚੁੱਕਾ ਹੈ। ਇਸ ਤਰ੍ਹਾਂ ਉਹ ਆਪਣੀ ਇਜਾਰੇਦਾਰੀ ਕਾਇਮ ਕਰ ਚੁੱਕਾ ਹੈ।
ਕੋਰੋਨਾ ਦੇ ਅਜਿਹੇ ਕਹਿਰ ਤੋਂ ਮਨੁੱਖ ਭੈਅ-ਭੀਤ ਹੋ ਚੁੱਕਾ ਹੈ, ਡਰ ਚੁੱਕਾ ਹੈ। ਇਸ ਡਰ ਦੇ ਡਾਕਟਰਾਂ ਨੇ ਕਈ ਉਪਾਅ ਦੱਸੇ ਹਨ, ਜਿਨ੍ਹਾਂ ’ਤੇ ਅਮਲ ਕਰਦਿਆਂ ਹੀ ਅਸੀਂ ਕੋਰੋਨਾ ਨੂੰ ਹਰਾ ਸਕਦੇ ਹਾਂ। ਕੋਰੋਨਾ ਦਾ ਡਰ ਇੰਨਾ ਭਿਆਨਕ ਫੈਲ ਚੁੱਕਾ ਹੈ ਕਿ ਇਸ ਬੀਮਾਰੀ ਨਾਲ ਮੌਤ ਹੋਣ ’ਤੇ ਘਰ ਵਾਲੇ ਮ੍ਰਿਤਕ ਦੀ ਲਾਸ਼ ਲੈਣ ਅਤੇ ਸਸਕਾਰ ਕਰਨ ਤੋਂ ਇਨਕਾਰ ਕਰ ਰਹੇ ਹਨ। ਮਰਨ ਵਾਲਾ ਭਾਵੇਂ ਬਾਪ ਹੋਵੇ, ਮਾਂ ਹੋਵੇ ਜਾਂ ਕੋਈ ਹੋਰ ਪਰਵਾਰਕ ਮੈਂਬਰ ਹੋਵੇ, ਸਭ ਉਸ ਤੋਂ ਦੂਰ ਹੀ ਭੱਜ ਰਹੇ ਹਨ। ਸਰਕਾਰੀ ਮੁਲਾਜ਼ਮ ਹੀ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਰਹੇ ਹਨ। ਸਰਕਾਰ ਅਤੇ ਡਾਕਟਰਾਂ ਨੂੰ ਇਸ ਸੰਬੰਧੀ ਐਡਵਾਈਜ਼ਰੀ ਜਾਰੀ ਕਰਨੀ ਚਾਹੀਦੀ ਹੈ ਕਿ ਇਨਸਾਨ ਦੇ ਮਰਨ ਤੋਂ ਬਾਅਦ ਕੋਰੋਨਾ ਨਹੀਂ ਫੈਲਦਾ, ਇਸ ਕਰਕੇ ਡਰਨ ਦੀ ਲੋੜ ਨਹੀਂ। ਮੀਡੀਏ ਅਤੇ ਪ੍ਰੈੱਸ ਨੂੰ ਅਜਿਹੇ ਪਰਿਵਾਰਾਂ ਦੇ ਨਾਂਅ ਛਾਪਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਅੱਜਕਲ ਟੀ ਵੀ ਉੱਤੇ ਇੱਕ ਐਡ ਆਉਂਦੀ ਹੈ- ‘ਡਰ ਕੇ ਆਗੇ ਜੀਤ ਹੈ।’ ਉਸ ਐਡ ਨੂੰ ਦੇਖ ਕੇ ਤਾਂ ਕੁਝ ਪੱਲੇ ਨਹੀਂ ਸੀ ਪੈਂਦਾ, ਪਰ ਹੁਣ ਸਮਝ ਆਉਂਦੀ ਹੈ ਕਿ ਅਗਰ ਡਰ ਕੇ ਅੰਦਰ ਰਹੋਗੇ ਤਾਂ ਹੀ ਅਸੀਂ ਇਸ ਬੀਮਾਰੀ ’ਤੇ ਜਿੱਤ ਪ੍ਰਾਪਤ ਕਰ ਸਕਾਂਗੇ।
ਕੋਰੋਨਾ ਅਤੇ ਗਰਮੀ ਦਾ ਆਪਸੀ ਸੰਬੰਧ ਕੀ ਹੈ? ਇਸ ਬਾਰੇ ਜੋ ਸਾਡੀ ਸਮਝ ਬਣੀ ਹੈ, ਉਸ ਮੁਤਾਬਕ ਗਰਮੀ ਦੇ ਦਿਨਾਂ ਵਿੱਚ ਆਦਮੀ ਵਾਰ-ਵਾਰ ਨਹਾਉਂਦਾ ਹੈ। ਗਰਮੀ ਕਰਕੇ ਅਸੀਂ ਆਪਣੇ ਆਪ ਇੱਕ-ਦੂਜੇ ਤੋਂ ਫਾਸਲਾ ਰੱਖ ਕੇ ਬੈਠਦੇ ਹਾਂ। ਫਾਸਲਾ ਅਤੇ ਸਫ਼ਾਈ ਕੋਰੋਨਾ ਦੇ ਇਲਾਜ ਦਾ ਇੱਕ ਸਰੋਤ ਹੈ।
ਬਾਕੀ ਦੇਸ਼ਾਂ ਦੇ ਮੁਕਾਬਲੇ ਜਿੱਥੇ ਭਾਰਤ ਵਿੱਚ ਘੱਟ ਕੇਸ ਦਿਖਾਈ ਦਿੰਦੇ ਹਨ, ਉਸ ਦੇ ਕਈ ਕਾਰਨਾਂ (ਡਾਕਟਰੀ ਹਦਾਇਤਾਂ) ਤੋਂ ਇਲਾਵਾ ਟੈਸਟਾਂ ਦਾ ਘੱਟ ਹੋਣਾ ਵੀ ਹੈ। ਜਿੰਨੇ ਵੱਧ ਟੈਸਟ ਹੋਣਗੇ, ਉੰਨਾ ਹੀ ਵੱਧ ਕੇਸਾਂ ਦਾ ਪਤਾ ਲੱਗੇਗਾ, ਜਿੰਨੇ ਘੱਟ ਟੈਸਟ ਹੋਣਗੇ, ਉੰਨੇ ਹੀ ਘੱਟ ਕੇਸ ਦਿਸਣਗੇ।
ਕੋਰੋਨਾ ਭਜਾਉਣ ਲਈ ਪ੍ਰਧਾਨ ਮੰਤਰੀ ਨੇ ਕੌਮ ਦੇ ਨਾਂਅ ਦੋ ਵਾਰ ਸੰਦੇਸ਼ ਦਿੱਤਾ। ਇੱਕ ਸੰਦੇਸ਼ ਵਿੱਚ ਤਾੜੀਆਂ ਅਤੇ ਥਾਲੀਆਂ ਵਜਾਉਣ ਨੂੰ ਕਿਹਾ, ਡਰ ਦੀ ਮਾਰੀ ਕੌਮ ਨੇ ਜਾਂ ਸਹਿਯੋਗ ਦੀ ਖਾਤਰ ਅਜਿਹਾ ਹੀ ਕੀਤਾ, ਪਰ ਅੱਜ ਤੱਕ ਇਹ ਨਹੀਂ ਦੱਸਿਆ ਗਿਆ ਇਸ ਨਾਲ ਕੋਰੋਨਾ ’ਤੇ ਕੀ ਪ੍ਰਭਾਵ ਪਿਆ? ਜਾਂ ਕੋਰੋਨਾ ਕਿੰਨਾ ਘੱਟ ਹੋਇਆ?
ਕੌਮ ਦੇ ਨਾਂਅ ਦੂਸਰੇ ਸੰਦੇਸ਼ ਵਿੱਚ ਲਾਈਟਾਂ ਬੁਝਾ ਕੇ, ਮੋਮਬੱਤੀਆਂ, ਦੀਵੇ ਬਾਲਣੇ, ਟਾਰਚਾਂ ਨਾਲ ਜਾਂ ਮੋਬਾਇਲ ਫੋਨ ਰਾਹੀਂ ਲਾਈਟ 5 ਅਪਰੈਲ ਦੀ ਰਾਤ ਨੂੰ ਨੌਂ ਵਜੇ ਨੌਂ ਮਿੰਟ ਜਗਾਉਣ ਨਾਲ ਕੋਰੋਨਾ ’ਤੇ ਕੀ ਪ੍ਰਭਾਵ ਪਿਆ, ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਨਾ ਹੀ ਸਰਕਾਰ ਦੁਆਰਾ ਦੱਸਿਆ ਗਿਆ ਹੈ।
ਮੋਦੀ ਜੀ ਦੇ ਇਸ ਤਾਂਤਰਿਕ ਕੌਤਕ ਬਾਰੇ ਸੋਸ਼ਲ ਮੀਡੀਆ ’ਤੇ ਇਹ ਜ਼ਰੂਰ ਵਾਇਰਲ ਹੋਇਆ ਕਿ ਭਾਜਪਾ ਦੀ ਨੀਂਹ ਛੇ ਅਪਰੈਲ ਨੂੰ ਰੱਖੀ ਗਈ ਸੀ, ਜਿਸਦਾ ਫੈਸਲਾ 5 ਅਪਰੈਲ ਨੂੰ ਲੈ ਲਿਆ ਗਿਆ ਸੀ। ਇਸ ਕਰਕੇ ਪੰਜ ਅਪਰੈਲ, ਯਾਨਿ ਚੌਥਾ ਮਹੀਨਾ (5+4=9) ਗਿਣਤੀ ਨੌਂ ਬਣਦੀ ਹੈ। ਇਸ ਕਰਕੇ ਰਾਤ ਦੇ ਨੌਂ ਵਜੇ ਦਾ ਸਮਾਂ ਰੱਖ ਕੇ ਨੌਂ ਮਿੰਟ ਬਿਜਲੀ ਬੰਦ ਕਰਨ ਨੂੰ ਕਿਹਾ ਗਿਆ। ਜਿਸ ਨਾਲ ਪਾਰਟੀ ਦਾ ਜਨਮ ਦਿਨ ਮਨਾਇਆ ਉੱਥੇ ਨਾਲ ਹੀ ਆਪਣੇ ਧਾਰਮਿਕ ਵਿਸ਼ਵਾਸ ਮੁਤਾਬਕ ਰਾਮਨੌਵੀਂ ਪ੍ਰਤੀ ਆਪਣੀ ਸ਼ਰਧਾ ਭੇਟ ਕੀਤੀ, ਜਾਂ ਇੰਜ ਕਹੋ ਕਿ ਰਾਮ ਨੌਂਵੀ ਨਾਲ ਜੋੜ ਕੇ ਦੇਖਿਆ ਗਿਆ।
ਸੋਸ਼ਲ ਮੀਡੀਏ ’ਤੇ ਇਹ ਗੱਲ ਕਾਫ਼ੀ ਫੈਲੀ ਕਿ ਅਗਰ ਚੋਣਾਂ ਦੌਰਾਨ ਘਰ-ਘਰ ਵੋਟ ਦੀ ਪਰਚੀ ਪਹੁੰਚ ਸਕਦੀ ਹੈ ਤਾਂ ਫਿਰ ਆਮ ਜਨਤਾ ਅਤੇ ਖਾਸ ਕਰਕੇ ਗ਼ਰੀਬਾਂ ਤੱਕ ਮੂੰਹ ਢਕਣ ਲਈ ਮਾਸਕ ਕਿਉਂ ਨਹੀਂ ਪਹੁੰਚਾਇਆ ਗਿਆ ਜਾਂ ਭੇਜਿਆ ਜਾ ਸਕਿਆ?
ਪਿਛਲੀ ਦਿਨੀਂ ਕਈ ਡਾਕਟਰਾਂ ਨੇ ਟੀ ਵੀ ’ਤੇ ਬਹਿਸਾਂ ਦੌਰਾਨ ਇਹ ਵੀ ਸਪਸ਼ਟ ਕੀਤਾ ਕਿ ਕੋਰੋਨਾ ਕੋਈ ਛੂਤ ਦੀ ਬਿਮਾਰੀ ਨਹੀਂ, ਜਿਸ ਨਾਲ ਜਨਤਾ ਨੇ ਕਾਫ਼ੀ ਰਾਹਤ ਮਹਿਸੂਸ ਕੀਤੀ। ਸਰਕਾਰ ਨੂੰ ਚਾਹੀਦਾ ਹੈ ਡਾਕਟਰਾਂ ਦੀ ਅਜਿਹੀ ਰਾਏ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ।
ਇਸ ਖ਼ਬਰ ਨੇ ਵੀ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ’ਤੇ ਕਾਫ਼ੀ ਜਗਾ ਮੱਲੀ ਕਿ ਅਗਰ ਅਮੀਰਾਂ ਨੂੰ ਵਿਦੇਸ਼ਾਂ ਤੋਂ ਹਵਾਈ ਜਹਾਜ਼ਾਂ ਰਾਹੀਂ ਲਿਆਂਦਾ ਜਾ ਸਕਦਾ ਹੈ ਤਾਂ ਗਰੀਬ ਜਨਤਾ, ਜੋ ਯੂ ਪੀ, ਬਿਹਾਰ ਆਪਣੇ ਪਿੰਡਾਂ ਨੂੰ ਜਾਣਾ ਚਾਹੁੰਦੀ ਸੀ, ਉਨ੍ਹਾਂ ਲਈ ਕਿਉਂ ਨਹੀਂ ਕੋਈ ਯੋਗ ਕਦਮ ਉਠਾਏ ਗਏ, ਜਿਨ੍ਹਾਂ ਨੇ ਸੈਂਕੜੇ ਮੀਲ ਭੁੱਖੇ-ਪਿਆਸੇ ਤੁਰ ਕੇ ਆਪਣਾ ਸਫ਼ਰ ਪੂਰਾ ਕੀਤਾ। ਇਸ ਸਫ਼ਰ ਦੌਰਾਨ ਬੀਮਾਰੀ ਅਤੇ ਭੁੱਖ ਕਾਰਨ ਕਈ ਰਸਤੇ ਵਿੱਚ ਅੱਲਾ ਨੂੰ ਪਿਆਰੇ ਹੋ ਗਏ। ਦੇਖੋ, ਪਹਿਲਾਂ ਘਰ ਰਹਿਣ ਵਾਲੇ ਵਿਅਕਤੀ ਨੂੰ ਨਿਕੰਮਾ ਆਖਿਆ ਜਾਂਦਾ ਸੀ, ਹੁਣ ਘਰ ਰਹਿਣ ਵਾਲਾ ਸਿਆਣਾ ਗਿਣਿਆ ਜਾਂਦਾ ਹੈ। ਯੂ ਐੱਨ ਓ ਦੀ ਰਿਪੋਰਟ ਮੁਤਾਬਕ ਜਦੋਂ ਤੋਂ ਘਰ ਰਹਿਣ ਲਈ ਕਿਹਾ ਗਿਆ, ਉਦੋਂ ਤੋਂ ਹੀ ਔਰਤਾਂ ’ਤੇ ਘਰੇਲੂ ਹਿੰਸਾ ਬਹੁਤ ਵਧ ਗਈ ਹੈ, ਜੋ ਅੱਜ ਦੇ ਯੁਗ ਵਿੱਚ ਨਿੰਦਣਯੋਗ ਹੈ।
ਇਨਸਾਫ਼ ਪੱਖੋਂ ਤੁਸੀਂ ਕੋਰੋਨਾ ਵੱਲ ਤੱਕੋ, ਉਸ ਨੇ ਫੈਲਣ ਲੱਗਿਆਂ, ਜਾਨਾਂ ਲੈਣ ਤੱਕ ਨਾ ਦੇਸ਼ ਦੇਖਿਆ, ਨਾ ਅਹੁਦਾ ਦੇਖਿਆ। ਨਾ ਛੋਟਾ ਵੱਡਾ ਦੇਖਿਆ ਨਾ ਹੀ ਜਾਤ-ਪਾਤ ਜਾਂ ਧਰਮ ਦਾ ਖਿਆਲ ਕੀਤਿਆਂ ਕੋਈ ਵਿਤਕਰਾ ਨਹੀਂ ਕੀਤਾ, ਪਰ ਸਰਕਾਰਾਂ ਅੱਜ ਤੱਕ ਵੀ ਵਿਤਕਰਾ ਕਰ ਰਹੀਆਂ ਹਨ। ਵਿਤਕਰਾ ਕਿਸੇ ਤਰ੍ਹਾਂ ਦਾ ਵੀ ਹੋਵੇ, ਇਸ ਤੋਂ ਸਰਕਾਰਾਂ ਨੂੰ ਬਚਣਾ ਚਾਹੀਦਾ ਹੈ।
ਜਿਸ ਤਰ੍ਹਾਂ ਸਮੁੱਚੇ ਦੇਸ਼ ਅਤੇ ਸਭ ਸਿਆਸੀ ਪਾਰਟੀਆਂ ਨੇ ਸਿਰ ਜੋੜ ਕੇ ਕੋਰੋਨਾ ਦੀ ਲੜਾਈ ਲਈ ਇਕਜੁਟਤਾ ਦਿਖਾਈ ਹੈ ਅਤੇ ਪ੍ਰਧਾਨ ਮੰਤਰੀ ਦੀ ਪਿੱਠ ਠੋਕੀ ਹੈ, ਉੱਥੇ ਅਜੇ ਵੀ ਕੁਝ ਟੀ ਵੀ ਚੈਨਲ, ਜਿਹਨਾਂ ’ਤੇ ਸਰਕਾਰ ਦਾ ਪੂਰਾ ਕੰਟਰੋਲ ਹੈ, ਉਹ ਹਿੰਦੂ-ਮੁਸਲਮਾਨ ਦੀ ਗੱਲ ਲਗਾਤਾਰ ਚਲਾ ਕੇ ਇੱਕ ਫਿਰਕੇ ਖ਼ਿਲਾਫ਼ ਨਫ਼ਰਤ ਦਾ ਬੀਜ ਬੀਜ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀਆਂ ਬਹਿਸਾਂ ’ਤੇ ਰੋਕ ਲਾਵੇ, ਤਾਂ ਕਿ ਸ਼ਾਂਤਮਈ ਮਾਹੌਲ ਬਰਕਰਾਰ ਰਹੇ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2053)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)