“ਜੇਕਰ ਬੰਗਾਲ ਦੀ ਜਨਤਾ ਨੇ ਦਿੱਲੀ ਦੀ ਜਨਤਾ ਵਾਂਗ ਬਿਨਾਂ ਕਿਸੇ ਲਾਲਚ ਵਿੱਚ ਆਇਆਂ ...”
(11 ਅਪਰੈਲ 2021)
ਪਾਠਕ ਜਦੋਂ ਐਤਵਾਰ ਨੂੰ ਪੜ੍ਹਨ ਲਈ ਅਖ਼ਬਾਰ ਫਰੋਲ ਰਹੇ ਹੋਣਗੇ, ਉਦੋਂ ਤਕ ਬੰਗਾਲ ਵਿੱਚ ਵੋਟਾਂ ਦਾ ਚੌਥਾ ਦੌਰ ਖ਼ਤਮ ਹੋ ਚੁੱਕਿਆ ਹੋਵੇਗਾ। ਲਗਭਗ ਇੰਨੇ ਦੌਰ ਬਾਕੀ ਰਹਿੰਦੇ ਹੋਣਗੇ। ਅਜਿਹਾ ਕਰਨ ਦਾ ਜਵਾਬ ਨਾ ਸਰਕਾਰ ਅਤੇ ਨਾ ਹੀ ਇਲੈਕਸ਼ਨ ਕਮਿਸ਼ਨ ਅੱਜ ਤਕ ਬਾਦਲੀਲ ਸਮਝਾ ਸਕਿਆ ਹੈ। ਇਸ ਬੰਗਾਲ ਵਿੱਚ ਅਜਿਹਾ ਪਹਿਲਾਂ ਬਹੁਤ ਘੱਟ ਹੋਇਆ ਹੈ।
ਬੰਗਾਲ ਦੀ ਦੀਦੀ ਇਸ ਵਾਰ ਬੰਗਾਲ ਨੂੰ ਜਿੱਤਣ ਲਈ ਤੀਜੀ ਵਾਰ ਮੈਦਾਨੇ ਜੰਗ ਵਿੱਚ ਹੈ। ਬੰਗਾਲ ਦੀ ਦੀਦੀ, ਜਦ ਅਜੇ 15 ਸਾਲ ਦੀ ਸੀ, ਉਦੋਂ ਤੋਂ ਅੱਜ ਤਕ ਹਰ ਤਰੀਕੇ ਨਾਲ ਸਿਆਸਤ ਨਾਲ ਜੁੜੀ ਹੋਈ ਹੈ। ਜਦ ਉਹ ਆਪਣੇ ਸੰਘਰਸ਼ ਦੌਰਾਨ ਕਦੇ ਡਿੱਗੀ ਹੈ ਤਾਂ ਉਹ ਹੋਰ ਵੱਧ ਹੌਸਲੇ ਨਾਲ ਖੜੋ ਕੇ ਫਿਰ ਅੱਗੇ ਵਧੀ ਹੈ। ਕਹਿਣ ਨੂੰ ਤਾਂ ਕਈ ਰੰਗ-ਬਰੰਗੀਆਂ ਪਾਰਟੀਆਂ ਇਸ ਚੋਣ ਵਿੱਚ ਆਪਣੀ ਜ਼ੋਰ-ਅਜ਼ਮਾਈ ਕਰ ਰਹੀਆਂ ਹਨ, ਪਰ ਉਨ੍ਹਾਂ ਵਿੱਚੋਂ ਚਾਰ ਪਾਰਟੀਆਂ ਜਿਵੇਂ ਟੀ ਐੱਮ ਸੀ, ਭਾਜਪਾ, ਖੱਬੇ ਪੱਖੀ ਅਤੇ ਕਾਂਗਰਸੀ ਪ੍ਰਮੁੱਖ ਹਨ। ਪਰ ਇਨ੍ਹਾਂ ਵਿੱਚੋਂ ਵੀ ਪ੍ਰਮੁੱਖ ਮੁਕਾਬਲਾ ਟੀ ਐੱਮ ਸੀ ਅਤੇ ਭਾਜਪਾ ਵਿਚਕਾਰ ਲੱਗਦਾ ਹੈ। ਭਾਜਪਾ ਵਿੱਚ ਵੀ ਬਹੁਤੇ ਟੀ ਐੱਮ ਸੀ ਦੇ ਭਗੌੜੇ ਸ਼ਾਮਲ ਹਨ।
ਬੰਗਾਲ ਨੂੰ ਆਪਣੇ ਪਾਸ ਰੱਖਣ ਲਈ ਜਿੱਥੇ ਮਮਤਾ ਦੀਦੀ ਪੜ੍ਹਾਈ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਾਲੋਂ ਕਾਫੀ ਅੱਗੇ ਹੈ; ਐੱਮ ਏ, ਲਾਅ ਗਰੈਜੂਏਸ਼ਨ ਕਰਕੇ ਡੀ ਲਿਟ ਦੀ ਡਿਗਰੀ ਨਾਲ ਸਨਮਾਨਤ ਹੋ ਚੁੱਕੀ ਹੈ, ਤੀਜੀ ਵਾਰ ਵੀ ਆਪਣੀ ਸਾਦਗੀ ਨਾਲ ਯਤਨਸ਼ੀਲ ਹੈ, ਉੱਥੇ ਉਸ ਦੀ ਮੁੱਖ ਵਿਰੋਧੀ ਪਾਰਟੀ ਭਾਜਪਾ ਨੇ ਵੀ ਬੰਗਾਲ ਜਿੱਤਣ ਲਈ ਹਰ ਚੰਗਾ-ਮਾੜਾ ਤਰੀਕਾ ਵਰਤਣ ਦੀ ਸਹੁੰ ਖਾਧੀ ਹੋਈ ਹੈ। ਉਹ ਜਾਣਦੇ ਹਨ ਕਿ ਇਮਾਨਦਾਰੀ ਨਾਲ ਲੜਿਆਂ ਉਹ ਚਿੱਟੀ ਸਧਾਰਨ ਸਾੜ੍ਹੀ ਅਤੇ ਹਵਾਈ ਚੱਪਲ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸ ਕਰਕੇ ਉਨ੍ਹਾਂ ਬੰਗਾਲ ਫਤਹਿ ਕਰਨ ਲਈ ਆਪਣਾ ਸਭ ਕੁਝ ਦਾਅ ’ਤੇ ਲਾ ਦਿੱਤਾ ਹੈ। ਉਨ੍ਹਾਂ ਆਪਣੀ ਬੋਲ-ਬਾਣੀ ਵਿੱਚ ਮਮਤਾ-ਦੀਦੀ ਤੋਂ ਸ਼ੁਰੂ ਹੋ ਕੇ ਉਹ ਦੀਦੀ, ਉਏ ਦੀਦੀ, ਹੇਕਾਂ ਲਾ ਕੇ ਆਪਣੇ ਇਕੱਠਾਂ ਵਿੱਚ ਆਖ ਕੇ ਤਾੜੀਆਂ ਬਟੋਰਨਾ ਆਪਣੀ ਸਫ਼ਲਤਾ ਸਮਝਣੀ ਸ਼ੁਰੂ ਕਰ ਦਿੱਤੀ ਹੈ।
ਪਿੰਡਾਂ ਵਿੱਚ ਪਸ਼ੂ ਮਰਨ ’ਤੇ ਜਿਵੇਂ ਅਸਮਾਨ ਤੋਂ ਇੱਲ੍ਹਾਂ ਅਤੇ ਗਿਰਝਾਂ ਆਉਂਦੀਆਂ-ਜਾਂਦੀਆਂ ਦਿਖਾਈ ਦਿੰਦੀਆਂ ਸਨ, ਉਵੇਂ ਹੀ ਪ੍ਰਧਾਨ ਮੰਤਰੀ ਸਮੇਤ ਬਾਕੀ ਵੀ ਆਪੋ-ਆਪਣੇ ਹੈਲੀਕਾਪਟਰਾਂ ਵਿੱਚ ਉੱਡ ਕੇ ਬੰਗਾਲ ਆ-ਜਾ ਰਹੇ ਹਨ। ਕਿਸੇ ਵੀ ਸਿਆਸੀ ਜਲਸੇ ਵਿੱਚ ਸਿਵਾਏ ਮਮਤਾ-ਦੀਦੀ ਦੀਆਂ ਸਾਂਗਾਂ ਲਾਉਣ ਤੋਂ ਹੋਰ ਕਿਸੇ ਮੁੱਦੇ ਬਾਰੇ ਗੱਲਬਾਤ ਨਹੀਂ ਹੁੰਦੀ ਹੈ। ਵਿੱਦਿਆ, ਰੁਜ਼ਗਾਰ, ਮਹਿੰਗਾਈ, ਲਾਅ ਐਂਡ ਆਰਡਰ ਔਰਤਾਂ ਦੀ ਸੁਰੱਖਿਆ, ਸਿਹਤ ਸਹੂਲਤਾਂ ਆਦਿ ਬਾਰੇ ਕੋਈ ਬਹਿਸਾਂ ਨਹੀਂ ਹੁੰਦੀਆਂ। ਜਾਤ-ਪਾਤ, ਵਧੀਆ-ਘਟੀਆ ਧਰਮਾਂ ਬਾਰੇ, ਹਿੰਦੂ-ਮੁਸਲਮਾਨ ਬਾਰੇ, ਜੈ ਸ੍ਰੀਰਾਮ ਆਦਿ ਬਾਰੇ ਬੇਮਤਲਬ ਬਹਿਸਾਂ ਹੋ ਰਹੀਆਂ ਹਨ, ਜੋ ਨਾ ਕਿਸੇ ਫ਼ਿਰਕੇ ਦੇ ਭਲੇ ਵਿੱਚ ਹੈ, ਨਾ ਹੀ ਦੇਸ਼ ਦੇ ਭਲੇ ਵਿੱਚ ਹੈ।
2019 ਵਿੱਚ ਆਈ ਕੋਰੋਨਾ ਬਿਮਾਰੀ ਨੇ ਦੱਸ ਦਿੱਤਾ ਅਤੇ ਸਾਬਤ ਕਰ ਦਿੱਤਾ ਹੈ ਕਿ ਦੇਸ਼, ਪ੍ਰਦੇਸ਼ ਦਾ ਕੋਈ ਵੀ ਧਰਮ ਮਨੁੱਖ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਨਹੀਂ ਸਕਿਆ। ਸਭ ਧਰਮਾਂ ਨੇ ਆਪੋ-ਆਪਣੇ ਧਾਰਮਿਕ ਸਥਾਨ ਬੰਦ ਕਰ ਦਿੱਤੇ, ਜਿਸ ਤੋਂ ਆਪ-ਮੁਹਾਰੇ ਸਾਬਤ ਹੋਇਆ ਕਿ ਕੋਈ ਵੀ ਧਰਮ ਅਜਿਹੀ ਮਹਾਂਮਾਰੀ ਤੋਂ ਮਨੁੱਖ ਨੂੰ ਨਹੀਂ ਬਚਾ ਸਕਦਾ। ਸਿਰਫ਼ ਦਵਾਈ, ਵੈਕਸੀਨ ਅਤੇ ਪ੍ਰਹੇਜ਼ ਹੀ ਅਜਿਹੀ ਬਿਮਾਰੀ ਸਮੇਂ ਸਹਾਈ ਹੋ ਸਕਦਾ ਹੈ। ਇੱਥੋਂ ਤਕ ਕਿ ਨਾ ਤਾਲੀ, ਨਾ ਹੀ ਥਾਲੀ ਵਜਾਉਣ ਤੇ ਨਾ ਹੀ ਟਾਰਚਾਂ ਜਗਾਉਣ ਨਾਲ ਕੁਝ ਹੋਣ ਵਾਲਾ ਹੈ। ਫਿਰ ਅਜਿਹੇ ਵਿੱਚ ਜਨਤਾ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਧਰਮ ਦੇ ਨਾਂਅ ’ਤੇ ਉਤੇਜਤ ਹੋ ਕੇ ਵੋਟਾਂ ਨਾ ਪਾਈਏ, ਸਗੋਂ ਠੀਕ ਅਤੇ ਪਰਖੇ ਹੋਏ ਉਮੀਦਵਾਰਾਂ ਦੇ ਹੱਕ ਵਿੱਚ ਭੁਗਤੀਏ।
ਤੁਸੀਂ ਹਰ ਰੋਜ਼ ਰੇਡੀਓ, ਟੀ ਵੀ, ਅਖ਼ਬਾਰਾਂ ਆਦਿ ਤੋਂ ਦੇਖਿਆ-ਸੁਣਿਆ ਅਤੇ ਪੜ੍ਹਿਆ ਹੋਵੇਗਾ ਕਿ ਕਿਵੇਂ ਭਾਜਪਾ ਵਾਲੇ ਟੀ ਐੱਮ ਸੀ ਖਾਸ ਕਰਕੇ ਦੀਦੀ ਨੂੰ ਟਿੱਚ ਸਮਝ ਰਹੇ ਹਨ, ਉਸ ਨੂੰ ਹਾਰ ਕਬੂਲਣ ਲਈ ਕਹਿ ਰਹੇ ਹਨ। ਦੂਜੇ ਪਾਸੇ ਅੰਦਰੋ-ਅੰਦਰੀ ਇੰਨੀ ਘਬਰਾਹਟ ਅਤੇ ਡਰ ਹੈ ਕਿ ਜਿਸ ਨੇ ਭਾਜਪਾ ਅੰਦਰ ਘਬਰਾਹਟ ਦੀ ਲਹਿਰ ਪੈਦਾ ਕਰ ਦਿੱਤੀ ਹੈ, ਜੋ ਉਸ ਨੂੰ ਅਰਾਮ ਨਹੀਂ ਕਰਨ ਦਿੰਦੀ।
ਭਾਜਪਾ ਵਾਲੇ ਦੀਦੀ ਦੇ ਇਤਿਹਾਸ ਆਦਿ ਤੋਂ ਜਾਣੂ ਹਨ ਕਿ ਜਦ ਉਹ ਕੁਝ ਧਾਰ ਲੈਂਦੀ ਹੈ ਤਾਂ ਉਹ ਉਸ ਲਈ ਮਰ ਮਿਟਦੀ ਹੈ। ਉਹ ਇਹ ਵੀ ਜਾਣਦੇ ਹਨ ਕਿਵੇਂ ਦੀਦੀ ਸੜਕ ਤੋਂ ਸਕੱਤਰੇਤ ਤਕ ਪਹੁੰਚੀ ਅਤੇ ਵਰਲਡ ਰਿਕਾਰਡ ਬਣਾਉਣ ਵਾਲਿਆਂ ਨੂੰ ਸਕੱਤਰੇਤ ਤੋਂ ਸੜਕ ਤਕ ਪਹੁੰਚਾਇਆ। ਅਜਿਹੇ ਰਿਕਾਰਡ ਬਾਰੇ ਕਦੀ ਸੋਚਿਆ ਵੀ ਨਹੀਂ ਸੀ ਜਾ ਸਕਦਾ। ਅਜਿਹੀ ਮਮਤਾ-ਦੀਦੀ ਹੀ ਹੋ ਸਕਦੀ ਹੈ, ਜੋ ਸਿੰਗੂਰ ਵਿੱਚ ਟਾਟਾ ਪ੍ਰੋਜੈਕਟਾਂ ਨੂੰ ਰੋਕਣ ਲਈ ਔਰਤ ਹੋਣ ਦੇ ਨਾਤੇ 26 ਦਿਨਾਂ ਦੀ ਲਗਾਤਾਰ ਭੁੱਖ ਹੜਤਾਲ ਕਰ ਸਕਦੀ ਹੈ।
ਮਮਤਾ ਦੀਦੀ ਜੋ ਆਪਣੀ ਲੱਤ ’ਤੇ ਸੱਟ ਲੱਗਣ ਦੇ ਬਾਵਜੂਦ ਆਪਣੀ ਸਾਰੀ ਮੁਹਿੰਮ ਵੀਲ ਚੇਅਰ ’ਤੇ ਬੈਠ ਕੇ ਚਲਾ ਰਹੀ ਹੈ, ਇਹ ਸਭ ਪਹਿਲੀ ਵਾਰ ਨਹੀਂ ਵਾਪਰਿਆ। ਇਸ ਤੋਂ ਪਹਿਲਾਂ ਵੀ 16 ਅਗਸਤ 1990 ਨੂੰ ਕਾਂਗਰਸ ਦੀ ਅਪੀਲ ’ਤੇ ਬੰਗਾਲ ਬੰਦ ਦੌਰਾਨ ਲਾਲੂ ਆਲਮ ਨਾਂਅ ਦੇ ਇੱਕ ਵਿਅਕਤੀ ਨੇ ਮਮਤਾ-ਦੀਦੀ ਦੇ ਸਿਰ ਵਿੱਚ ਸੋਟੀ ਮਾਰ ਕੇ ਉਨ੍ਹਾਂ ਦੀ ਖੋਪੜੀ ਵਿੱਚ ਫਰੈਕਚਰ ਕਰ ਦਿੱਤਾ ਸੀ, ਪਰ ਦੀਦੀ ਇਸ ਸਭ ਕਾਸੇ ਦੇ ਬਾਵਜੂਦ ਸਿਰ ’ਤੇ ਪੱਟੀ ਬੰਨ੍ਹ ਕੇ ਮੁੜ ਸੜਕ ’ਤੇ ਪ੍ਰਚਾਰ ਕਰਨ ਉੱਤਰੀ ਸੀ।
ਬੰਗਾਲੀ ਜਨਤਾ ਨੂੰ ਸਿਰਫ਼ ਪਿਛਲੱਗ ਸਮਝਣਾ ਮੂਰਖਤਾ ਹੋਵੇਗੀ। ਉਹ ਇਹ ਬਾਖੂਬੀ ਜਾਣਦੀ ਹੈ ਕਿ ਦੋ ਵਾਰੀ ਮੁੱਖ ਮੰਤਰੀ ਰਹੀ ਮਮਤਾ ਜੋ ਤੀਜੀ ਵਾਰ ਵੀ ਯਤਨਸ਼ੀਲ ਹੈ, ਜਿਸ ਨੂੰ ਕਿਸੇ ਪਹਿਲੀ ਵਾਰ ਜਦੋਂ ਵੀ ਦੇਖਿਆ ਅਤੇ ਹੁਣ ਤਕ ਉਸ ਦੇ ਪਹਿਰਾਵੇ ਵਿੱਚ ਕੋਈ ਫ਼ਰਕ ਨਹੀਂ ਆਇਆ। ਉਹੀ ਚਿੱਟੀ ਸਾੜ੍ਹੀ ਅਤੇ ਉਹੀ ਚੱਪਲ ਵਿੱਚ ਦਿਖਾਈ ਦਿੰਦੀ ਹੈ, ਜਦ ਕਿ ਇਸਦੇ ਮੁਕਾਬਲੇਬਾਜ਼ ਦਿਨ ਵਿੱਚ ਜਿੰਨੀ ਵਾਰ ਹੋ ਸਕੇ, ਉੰਨੀ ਵਾਰ ਹੀ ਸੂਟ ਬਦਲਦੇ ਹਨ। ਬੰਗਾਲ ਦੀ ਜਨਤਾ ਖਾਸ ਕਰ, ਗਰੀਬ ਜਨਤਾ ਇਸ ਸਭ ਕਾਸੇ ਦਾ ਮੁੱਲ ਜ਼ਰੂਰ ਪਾਏਗੀ, ਕਿਉਂਕਿ ਆਮ ਜਨਤਾ ਪਹਿਰਾਵੇ ਤੋਂ ਸਭ ਤੋਂ ਜ਼ਿਆਦਾ ਦੀਦੀ ਦੇ ਨੇੜੇ ਹੈ।
ਨੰਦੀਗਰਾਮ ਵਿੱਚ ਪੁਲਿਸ ਦੀਆਂ ਗੋਲੀਆਂ ਦੇ ਸ਼ਿਕਾਰ ਹੋਏ ਲੋਕਾਂ ਦੇ ਹੱਕ ਦੀ ਲੜਾਈ ਲੜਨ ਵਾਲੀ ਮਮਤਾ ਦੀਦੀ ਸਮਝਦੀ ਹੈ ਕਿ ਭਾਜਪਾ ਦੀ ਭੱਜ-ਦੌੜ ਦਿੱਲੀ ਚੋਣਾਂ ਵਰਗੀ ਹੈ, ਜਿੱਥੇ ਪ੍ਰਧਾਨ ਮੰਤਰੀ ਤੋਂ ਲੈ ਕੇ ਅਮਿਤ ਸ਼ਾਹ ਨੇ ਦਿਨ-ਰਾਤ ਇੱਕ ਕਰ ਦਿੱਤਾ ਸੀ। ਜਿੱਥੇ ‘ਜੈ ਸ੍ਰੀ ਰਾਮ’ ਦਾ ਨਾਅਰਾ ਸੇਲ ’ਤੇ ਲਾ ਦਿੱਤਾ ਸੀ, ਜਿੱਥੇ ਇਹ ਹਿੰਦ-ਪਾਕਿ ਦਾ ਨਾਅਰਾ ਲਾਉਂਦੇ ਸਨ। ਜਿੱਥੇ ਇਨ੍ਹਾਂ ਹਿੰਦੂ-ਮੁਸਲਮਾਨਾਂ ਵਿੱਚ ਨਫ਼ਰਤ ਫਲਾਈ। ਜਿੱਥੇ ਸਰੇਆਮ ਗਾਲੀ-ਗਲੋਚ ਕੀਤਾ ਗਿਆ। ਜਿੱਥੇ ਦਿੱਲੀ ਨੂੰ ਸਵਰਗ ਬਣਾਉਣ ਦੀ ਗੱਲ ਆਖੀ ਗਈ। ਜਿੱਥੇ ਦਿੱਲੀ ਤੋਂ ਬਾਹਰੀਆਂ ਨੂੰ ਮਾਲਕੀ ਹੱਕ ਅਤੇ ਰਜਿਸਟਰੀ ਕਰਾਉਣ ਤਕ ਲਾਲਚ ਦਿੱਤੇ ਗਏ। ਜਿੱਥੇ ਰੱਜ ਕੇ ਪੈਸਿਆਂ ਦੀ ਬਰਸਾਤ ਕੀਤੀ ਗਈ। ਜਿੱਥੇ ਜਿੱਤਣ ਤੋਂ ਬਾਅਦ ਆਪਸ ਵਿੱਚ ਮਹਿਕਮੇ ਵੰਡ ਲਏ ਸਨ। ਜਦ ਨਤੀਜੇ ਆਏ ਤਾਂ ਉੱਥੇ ਦੀ ਜਨਤਾ ਦੀ ਸਿਆਣਪ ਦੇਖੋ, ਕਿੰਨਾ ਵਧੀਆ ਨਤੀਜਾ ਦਿੱਤਾ। ਇਸ ਤੋਂ ਬਾਅਦ ਭਾਜਪਾ ਦਿੱਲੀ ਵਿੱਚ ਆਪਣੀ ਸਦੀਵੀ ਹਾਰ ਮੰਨ ਕੇ, ਨਵਾਂ ਕਾਨੂੰਨ ਲੈ ਆਈ ਜਿਸ ਰਾਹੀਂ ਚੁਣੀ ਹੋਈ ਸਰਕਾਰ ਦੀਆਂ ਸ਼ਕਤੀਆਂ ਘਟਾ ਕੇ ਲੈਫਟੀਨੈਂਟ ਗਵਰਨਰ ਦੀਆਂ ਸ਼ਕਤੀਆਂ ਵਧਾਈਆਂ ਗਈਆਂ। ਅਜਿਹਾ ਕੀਤਿਆਂ ਉਨ੍ਹਾਂ ਦੇ ਪੱਲੇ ਨਮੋਸ਼ੀ ਹੀ ਪਈ।
ਇਸ ਕਰਕੇ ਅਸੀਂ ਇਸ ਰਾਏ ਦੇ ਹਾਂ ਕਿ ਜੇਕਰ ਬੰਗਾਲ ਦੀ ਜਨਤਾ ਨੇ ਦਿੱਲੀ ਦੀ ਜਨਤਾ ਵਾਂਗ ਬਿਨਾਂ ਕਿਸੇ ਲਾਲਚ ਵਿੱਚ ਆਇਆਂ ਮੈਰਿਟ ਦੇ ਅਧਾਰ ’ਤੇ ਵੋਟਾਂ ਪਾਈਆਂ ਤਾਂ ਨਤੀਜਾ ਵੀ ਜਨਤਾ ਦੀਆਂ ਆਸਾਂ ਮੁਤਾਬਕ ਹੀ ਆਵੇਗਾ, ਕਿਉਂਕਿ ਬੰਗਾਲ ਵਿੱਚ ਭਾਜਪਾ ਉਮੀਦਵਾਰ ਚੋਣ ਮੈਦਾਨ ਵਿੱਚ ਘੱਟ ਹਨ, ਟੀ ਐੱਮ ਸੀ ਦੇ ਭਗੌੜੇ ਅਤੇ ਫਸਲੀ ਬਟੇਰੇ ਜ਼ਿਆਦਾ ਹਨ, ਜਿਨ੍ਹਾਂ ਨੂੰ ਬੰਗਾਲੀ ਜਨਤਾ ਪਹਿਲਾਂ ਤੋਂ ਹੀ ਪਹਿਚਾਣਦੀ ਹੈ। ਸ਼ਾਇਦ ਇਸੇ ਕਰਕੇ ਬੀ ਜੇ ਪੀ ਆਪਣਾ ਮੁੱਖ ਮੰਤਰੀ ਦਾ ਚਿਹਰਾ ਦੱਸਣ ਵਿੱਚ ਨਾਕਾਮ ਰਹੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2703)
(ਸਰੋਕਾਰ ਨਾਲ ਸੰਪਰਕ ਲਈ: