“ਹੋ ਸਕਦਾ ਹੈ ਉਹ ਪਾਰਟੀ ਸਿਧਾਂਤ ਦੇ ਉਲਟ ਚੱਲਿਆ ਹੋਵੇ, ਪਰ ਇੰਨਾ ਉਲਟ ਨਹੀਂ ਹੋ ਸਕਦਾ, ਜਿੰਨਾ ...”
(12 ਜਨਵਰੀ 2018)
ਆਮ ਆਦਮੀ ਪਾਰਟੀ ਮੁੜ ਚਰਚਾ ਵਿਚ ਹੈ। ਚਰਚਾ ਨਾਂਹ ਪੱਖੀ ਹੈ, ਹਾਂ-ਪੱਖੀ ਬਿਲਕੁਲ ਨਹੀਂ। ਨਾਂਹ-ਪੱਖੀ ਚਰਚਾ ਵੈਸੇ ਪਹਿਲੀ ਵਾਰ ਨਹੀਂ ਹੋਈ। ਇਹ ਉਹੀ ਪਾਰਟੀ ਹੈ, ਜਿਸ ਨੇ ਦਿੱਲੀ ਵਿਚ ਦੋ ਵਾਰ ਸਰਕਾਰ ਬਣਾਈ। ਲੋਕ ਸਭਾ ਚੋਣਾਂ ਮੌਕੇ ਪੰਜਾਬ ਵਿੱਚੋਂ ਚਾਰ ਸੰਸਦ ਮੈਂਬਰ ਬਣਾ ਲਏ। ਪੰਜਾਬ ਵਿਚ ਹੀ ਪਹਿਲੀ ਵਾਰ ਵਿਰੋਧੀ ਧਿਰ ਦਾ ਰੁਤਬਾ ਹਾਸਲ ਕਰ ਲਿਆ। ਇਹ ਵੱਖਰੀ ਗੱਲ ਹੈ ਕਿ ਪਾਰਟੀ ਸੌ ਸੀਟਾਂ ਦੀ ਗੱਲ ਕਰਦੀ-ਕਰਦੀ ਵੀਹਾਂ ’ਤੇ ਪਹੁੰਚ ਗਈ ਤੇ ਬੈਂਸ ਭਰਾਵਾਂ ਦੀਆਂ ਦੋ ਸੀਟਾਂ ਮਿਲਾ ਕੇ ਬਾਈ ਸੀਟਾਂ ਝੋਲੀ ਪਈਆਂ। ਫੇਰ ਵੀ ‘ਆਪ’ ਲਈ ਇਹ ਵੱਡੀ ਪ੍ਰਾਪਤੀ ਹੀ ਮੰਨੀ ਜਾਂਦੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਮਗਰੋਂ ਦਿੱਲੀ ਵਿਚ ਵੀ ਤੇ ਪੰਜਾਬ ਵਿਚ ਵੀ ਪਾਰਟੀ ਦਾ ਗਰਾਫ਼ ਲਗਾਤਾਰ ਥੱਲੇ ਆਇਆ, ਜੋ ਹਾਲੇ ਤੱਕ ਵੀ ਆ ਰਿਹਾ ਹੈ। ਗੁਰਦਾਸਪੁਰ ਜ਼ਿਮਨੀ ਚੋਣ ਵਿਚ ਪਾਰਟੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ। ਨਿਗਮ ਚੋਣਾਂ ਵਿਚ ‘ਆਪ’ ਦਾ ਸਿਰਫ਼ ਇੱਕ ਉਮੀਦਵਾਰ ਜਿੱਤਿਆ ਤੇ ਗੁਜਰਾਤ ਵਿਧਾਨ ਸਭਾ ਵਿਚ ਪਾਰਟੀ ਦੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਹੋਰ ਤਾਂ ਹੋਰ ਅੱਧੋਂ ਵੱਧ ਉਮੀਦਵਾਰਾਂ ਨੂੰ ਉੰਨੀਆਂ ਵੋਟਾਂ ਵੀ ਨਹੀਂ ਪਈਆਂ, ਜਿੰਨੀਆਂ ‘ਨੋਟਾ’ ਦੇ ਬਟਨ ਨੂੰ ਪਈਆਂ।
ਇਹ ਦੇਖ ਇਉਂ ਲੱਗਣ ਲੱਗਾ ਕਿ ਕੇਜਰੀਵਾਲ ਐਂਡ ਕੰਪਨੀ ਸਿਰਫ਼ ਤੇ ਸਿਰਫ਼ ਸੁਪਨੇ ਪਾਲ ਰਹੀ ਹੈ, ਉਸ ਦਾ ਹਕੀਕਤ ਨਾਲ ਕੋਈ ਵਾਸਤਾ ਨਹੀਂ ਰਿਹਾ। ਪਾਰਟੀ ਪੈਰ ਛੱਡ ਗਈ ਹੈ। ਪੁਰਾਣੇ ਸਾਥੀ ਸੰਭਾਲੇ ਨਹੀਂ ਜਾ ਰਹੇ। ਸਿਰਫ਼ ਆਪਣੀ ਚਲਾਉਣ ਦੀ ਕੋਸ਼ਿਸ਼ ਵਿਚ ਕਿਸੇ ਦੀ ਸੁਣੀ ਨਹੀਂ ਜਾ ਰਹੀ।
ਵਿਵਾਦ ਦਾ ਤਾਜ਼ਾ ਮੁੱਦਾ ਰਾਜ ਸਭਾ ਦੀਆਂ ਟਿਕਟਾਂ ਦੀ ਵੰਡ ਹੈ। ‘ਆਪ’ ਆਪਣੇ ਤਿੰਨ ਬੰਦੇ ਰਾਜ ਸਭਾ ਦੀਆਂ ਪੌੜੀਆਂ ਚੜ੍ਹਾ ਸਕਦੀ ਹੈ। ਪਰ ਇਹ ਉਮੀਦਵਾਰ ਕਿਹੜੇ ਕਿਹੜੇ ਹੋਣ, ਕਈ ਮਹੀਨਿਆਂ ਤੋਂ ਰੇੜਕਾ ਚੱਲ ਰਿਹਾ ਹੈ। ਮੀਟਿੰਗਾਂ ਦਰ ਮੀਟਿੰਗਾਂ ਹੋਈਆਂ। ਕਦੇ ਕਿਸੇ ਤੱਕ ਪਹੁੰਚ ਕੀਤੀ, ਕਦੇ ਕਿਸੇ ਤੱਕ। ‘ਆਪ’ ਨੇ ਜਦੋਂ ਦੇਖਿਆ ਕਿ ਤਿੰਨ ਦੀ ਥਾਂ ਤੀਹ ਜਣੇ ਰਾਜ ਸਭਾ ਜਾਣ ਨੂੰ ਫਿਰਦੇ ਹਨ ਤਾਂ ਬਾਹਰੀ ਉਮੀਦਵਾਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ, ਅਰੁਣ ਸ਼ੋਰੀ ਸਮੇਤ ਅਠ੍ਹਾਰਾਂ ਬੰਦਿਆਂ ਤੱਕ ਪਹੁੰਚ ਕੀਤੀ, ਪਰ ਸਭ ਨੇ ਨਾਂਹ ਕਰ ਦਿੱਤੀ। ਉਹ ਜਾਣਦੇ ਹਨ ਕਿ ਸੱਤੇ ਦਿਨ ਇਸ ਪਾਰਟੀ ਦਾ ਕਿਤੇ ਨਾ ਕਿਤੇ ਪੰਗਾ ਪਿਆ ਰਹਿੰਦਾ ਹੈ, ਸੋ ਅਸੀਂ ਰਾਜ ਸਭਾ ਦੇ ਨਹੀਂ, ਵਿਵਾਦ ਸਭਾ ਦੇ ਮੈਂਬਰ ਬਣਾਂਗੇ।
ਉੱਧਰੋਂ ਕੁਮਾਰ ਵਿਸ਼ਵਾਸ ਤੇ ਉਸ ਦੀ ਮਿੱਤਰ ਮੰਡਲੀ ਜਾਣਦੀ ਸੀ ਕਿ ਸਾਡਾ ਨਾਂ ਤਿੰਨਾਂ-ਤੇਰ੍ਹਾਂ ਵਿਚ ਨਹੀਂ ਗਿਣਿਆ ਜਾਣਾ, ਤਾਂ ਉਨ੍ਹਾਂ ਅਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ। ਰਾਜਸਥਾਨ ਵਿਚ ਕੁਮਾਰ ਦੇ ਸਮਰਥਕਾਂ ਨੇ ਪ੍ਰਦਰਸ਼ਨ ਵੀ ਕੀਤੇ ਕਿ ਵਿਸ਼ਵਾਸ ’ਤੇ ਕੇਜਰੀਵਾਲ ਵਿਸ਼ਵਾਸ ਕਰੇ। ਪਰ ਕੇਜਰੀਵਾਲ ਨੂੰ ਵਿਸ਼ਵਾਸ ’ਤੇ ਵਿਸ਼ਵਾਸ ਨਾ ਹੋਇਆ ਤੇ ਜਿਹੜੇ ਤਿੰਨ ਨਾਂ ਰਾਜ ਸਭਾ ਲਈ ਚੁਣੇ, ਉਨ੍ਹਾਂ ਨਾਵਾਂ ਨੇ ਪੰਗਾ ਖੜ੍ਹਾ ਕਰ ਦਿੱਤਾ। ਇਨ੍ਹਾਂ ਵਿੱਚੋਂ ਇੱਕ ਉਹੀ ਸੰਜੇ ਸਿੰਘ ਹੈ, ਜਿਸ ’ਤੇ ਸਣੇ ਪੰਜਾਬ ਵਿੱਚ ਲੱਗੇ ਦੋਸ਼ ਕਦੇ ਕੇਜਰੀਵਾਲ ਨੂੰ ਨਹੀਂ ਦਿਸੇ। ਦੂਜਾ ਹੈ ਸੁਸ਼ੀਲ ਗੁਪਤਾ। ਜੋ ਚਾਲੀ-ਪੰਤਾਲੀ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ‘ਆਪ’ ਵਿਚ ਆਇਆ ਤੇ ਆਉਂਦੇਸਾਰ ਉਹਨੂੰ ਰਾਜ ਸਭਾ ਦੀ ਟਿਕਟ ਮਿਲ ਗਈ। ਇਹ ਉਹੀ ਸੁਸ਼ੀਲ ਗੁਪਤਾ ਹੈ, ਜਿਸ ਨੇ ਦਿੱਲੀ ਵਿਚ ‘ਆਪ’ ਦੇ ਖ਼ਿਲਾਫ਼ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਸੀ, ਪਰ ਹਾਰ ਗਿਆ ਸੀ। ਇਸ ਬੰਦੇ ਨੇ ਕੇਜਰੀਵਾਲ ਖ਼ਿਲਾਫ਼ ਵੱਡੇ ਵੱਡੇ ਬੋਰਡ ਵੀ ਲਵਾਏ ਸਨ, ਕਿ 854 ਕਰੋੜ ਰੁਪਇਆ ਉਹਨੇ ਸਰਕਾਰ ਤੇ ਪਾਰਟੀ ਦੇ ਪ੍ਰਚਾਰ ਵਾਸਤੇ ਵਰਤ ਕੇ ਜਨਤਾ ਨਾਲ ਧੋਖਾ ਕੀਤਾ ਹੈ।
ਫੇਰ ਕੇਜਰੀਵਾਲ ਦੀ ਅਜਿਹੀ ਕਿਹੜੇ ਵੇਲਣੇ ਵਿਚ ਬਾਂਹ ਆਈ ਹੋਈ ਸੀ ਸੁਸ਼ੀਲ ਗੁਪਤਾ ਨੂੰ ਆਪਣਾ ਸਮਝ ਲਿਆ ਗਿਆ ਤੇ ਇਸ ਕਰਕੇ ਟਿਕਟਾਂ ਵੇਚਣ ਦਾ ਦੋਸ਼ ਲੱਗ ਰਿਹਾ ਹੈ। ਤੀਜਾ ਵੀ ਗੁਪਤਾ ਹੈ, ਐਨ ਡੀ ਗੁਪਤਾ ਇਹ ਬੰਦਾ ਚਾਰਟਰਡ ਅਕਾਊਂਟੈਂਟ ਹੈ ਤੇ ਕੁਝ ਸਮੇਂ ਤੋਂ ਪਾਰਟੀ ਦੇ ਫ਼ੰਡਾਂ ਦਾ ਹਿਸਾਬ ਕਿਤਾਬ ਰੱਖ ਰਿਹਾ ਹੈ। ਦੋਵੇਂ ਗੁਪਤੇ ਦਿੱਲੀ ਦੇ ਕਿਸੇ ਪਾਰਟੀ ਵਰਕਰ ਨੂੰ ਪਸੰਦ ਨਹੀਂ ਤੇ ਨਾ ਹੀ ਕੋਈ ਇਨ੍ਹਾਂ ਬਾਰੇ ਜਾਣਦਾ ਹੈ।
ਹੁਣ ਜਦੋਂ ਇਹ ਮੁੱਦਾ ਭਖ ਗਿਆ ਤਾਂ ਕੁਮਾਰ ਵਿਸ਼ਵਾਸ ਨੇ ਕਿਹਾ, “ਕੇਜਰੀਵਾਲ ਕਹਿੰਦਾ ਸੀ ਤੈਨੂੰ ਮਾਰਾਗੇ ਜ਼ਰੂਰ, ਪਰ ਸ਼ਹੀਦ ਨਹੀਂ ਕਰਾਂਗੇ। ਹੁਣ ਸ਼ਹੀਦ ਤਾਂ ਕਰ ਦਿੱਤਾ, ਪਰ ਮੇਰੀ ਲਾਸ਼ ਨਾਲ ਦੁਰਵਿਹਾਰ ਨਾ ਕੀਤਾ ਜਾਵੇ।” ਲੱਗਦਾ ਹੈ, ਉਸ ਦੀ ਇਸ ਗੱਲ ਵਿਚ ਦਰਦ ਲੁਕਿਆ ਹੋਇਆ ਹੈ। ਹੋ ਸਕਦਾ ਹੈ ਉਹ ਪਾਰਟੀ ਸਿਧਾਂਤ ਦੇ ਉਲਟ ਚੱਲਿਆ ਹੋਵੇ, ਪਰ ਇੰਨਾ ਉਲਟ ਨਹੀਂ ਹੋ ਸਕਦਾ, ਜਿੰਨਾ ਸੁਸ਼ੀਲ ਗੁਪਤਾ ਹੋਵੇ। ਕੁਮਾਰ ‘ਆਪ’ ਦੇ ਸੰਸਥਾਪਕਾਂ ਵਿੱਚੋਂ ਇੱਕ ਹੈ। ਉਸ ਦਾ ਆਪਣਾ ਆਧਾਰ ਹੈ। ਆਮ ਲੋਕਾਂ ਵਿਚ ਹਰਮਨ ਪਿਆਰਾ ਹੈ, ਸ਼ਾਇਦ ਇਹੀ ਗੱਲ ਕੇਜਰੀਵਾਲ ਕੰਪਨੀ ਨੂੰ ਪਸੰਦ ਨਾ ਹੋਵੇ।
ਕੇਜਰੀਵਾਲ ’ਤੇ ਪਹਿਲਾਂ ਵੀ ਦੋਸ਼ ਲੱਗਦੇ ਰਹੇ ਹਨ ਕਿ ਉਹ ਕਾਫ਼ਲਾ ਵਧਾਉਣ ਵਾਲੇ ਸਾਥੀਆਂ ਨੂੰ ਨਾਲ ਲੈ ਕੇ ਚੱਲਣ ਦਾ ਆਦੀ ਨਹੀਂ। ਇਸੇ ਕੜੀ ਵਿਚ ਪ੍ਰਸ਼ਾਤ ਭੂਸ਼ਣ, ਯੋਗੇਂਦਰ ਯਾਦਵ ਤੇ ਹੋਰ ਪਰ੍ਹੇ ਕਰ ਦਿੱਤੇ ਗਏ ਸਨ। ਉਦੋਂ ਮੰਨਿਆ ਜਾਂਦਾ ਸੀ ਕਿ ਸ਼ਾਇਦ ਕੇਜਰੀਵਾਲ ਵੇਲਾ ਭਾਂਪਦਿਆਂ ਪਹਿਲਾਂ ਹੀ ਸਹੀ ਫ਼ੈਸਲਾ ਕਰ ਲੈਂਦਾ ਹੈ, ਪਰ ਰਾਜ ਸਭਾ ਉਮੀਦਵਾਰ ਵਾਲੇ ਫ਼ੈਸਲੇ ਕਾਰਨ ਪਤਾ ਲੱਗ ਗਿਆ ਕਿ ਉਹ ਵੀ ਲੀਰਾਂ ਵਾਲੀ ਖਿੱਦੋ ਹੈ। ਅੱਜ ਹਾਲਾਤ ਇਹ ਹਨ ਕਿ ਜੇ ਦਿੱਲੀ ਜਾਂ ਕਿਤੇ ਹੋਰ ਵਿਧਾਨ ਸਭਾ ਚੋਣਾਂ ਹੋਣ ਤਾਂ ‘ਆਪ’ ਦਾ ਹੋਰ ਬੁਰਾ ਹਾਲ ਹੋਵੇਗਾ। ਇਸ ਸਥਿਤੀ ਵਿਚ ਪਾਰਟੀ ਦੇ ਸਮਰਥਾਂ ’ਤੇ ਕੀ ਬੀਤ ਰਹੀ ਹੋਵੇਗੀ, ਸਮਝਣਾ ਔਖਾ ਨਹੀਂ। ਜਿਹੜੇ ਲੋਕ ‘ਆਪ’ ਨੂੰ ਵੱਡੇ ਬਦਲ ਵਜੋਂ ਦੇਖਦੇ ਰਹੇ ਹੋਣ, ਉਨ੍ਹਾਂ ਦੀਆਂ ਆਸਾਂ ਖੁਰ ਰਹੀਆਂ ਹੋਣ ਤਾਂ ਪਤਾ ਲੱਗ ਜਾਂਦਾ ਹੈ ਕਿ ਪਾਰਟੀ ਗ਼ਲਤ ਰਾਹ ’ਤੇ ਤੁਰ ਰਹੀ ਹੈ। ਅਜਿਹਾ ਰਾਹ, ਜਿਹੜਾ ਅੱਗੋਂ ਬੰਦ ਹੈ। ਜੋ ਹਾਲਾਤ ਹੁਣ ਦਿਸ ਰਹੇ ਹਨ, ਉਸ ਮੁਤਾਬਕ ਮਨੀਸ਼ ਸਿਸੌਦੀਆ ਕੀ, ਜੇ ਖੁਦ ਕੇਜਰੀਵਾਲ ਵੀ ਪੰਜਾਬ ਵਿਚ ਆ ਕੇ ਡੇਰਾ ਜਮਾ ਲਵੇ ਤਾਂ ਪਾਰਟੀ ਦਾ ਮੁੜ ਅਧਾਰ ਪ੍ਰਾਪਤ ਕਰਨਾ ਔਖਾ ਜਾਪਦਾ ਹੈ।
*****
(967)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)