“ਕਿਸੇ ਦੇ ਪੱਲੇ ਕੀ ਪੈਂਦਾ ਹੈ ਅਤੇ ਕੀ ਨਹੀਂ, ਇਹ ਤਾਂ ਚੋਣਾਂ ਤੋਂ ਬਾਅਦ ਹੀ ਪਤਾ ਲੱਗੇਗਾਪਰ ਪਲਟੂ ਰਾਮ ਦਾ ਭਵਿੱਖ ...”
(5 ਫਰਵਰੀ 2024)
ਇਸ ਸਮੇਂ ਪਾਠਕ: 455.
ਕਦੇ ਹਰਿਆਣੇ ਵਿੱਚ ਮੁੱਖ ਮੰਤਰੀ ਭਜਨ ਲਾਲ ਕਰਕੇ ‘ਆਇਆ ਰਾਮ ਅਤੇ ਗਿਆ ਰਾਮ’ ਦਾ ਨਾਅਰਾ ਸੰਬੰਧਤ ਮੁੱਖ ਮੰਤਰੀ ਦੀਆਂ ਟਪੂਸੀਆਂ ਮਾਰਨ ਖਾਤਰ ਇੰਨਾ ਮਸ਼ਹੂਰ ਹੋਇਆ ਸੀ ਕਿ ਇਹ ਆਮ ਜਨਤਾ ਦੀ ਜ਼ੁਬਾਨ ’ਤੇ ਆ ਗਿਆ ਸੀ। ਪੰਚਾਇਤਾਂ, ਸੁਸਾਇਟੀਆਂ, ਮਿਊਂਸਪਲ ਕਮੇਟੀਆਂ ਅਤੇ ਨਗਰ ਨਿਗਮਾਂ ਵਿੱਚ ਖਾਸਾ ਬਦਲਣ ਵਾਲਿਆਂ ਨੂੰ ਆਮ ਕਰਕੇ ਇਸ ਨਾਅਰੇ ਨਾਲ ਵੇਲੇ ਕੁਵੇਲੇ ਸੰਬੋਧਨ ਕੀਤਾ ਜਾਂਦਾ ਸੀ। ਸਮਾਂ ਪਾ ਕੇ ਅਜਿਹੇ ਟਪੂਸੀਆਂ ਮਾਰਨ ਵਾਲਿਆਂ ਨੂੰ ਅਜੋਕੀ ਜਨਤਾ ਨੇ ਪਲਟੂ ਇੰਨਾ ਸਸਤਾ ਨਾਮ ਵੀ ਨਹੀਂ ਸੀ ਕਿ ਕਿਸੇ ਨੂੰ ਇੱਕ ਵਾਰ ਹੀ ਟਪੂਸੀ ਮਾਰਨ ’ਤੇ ਦਿੱਤਾ ਜਾਵੇ। ਖੈਰ, ਗੱਲ ਨੂੰ ਨੇੜੇ ਕਰਦਿਆਂ ਇਸ ਵਿਸ਼ਲੇਸ਼ਣ ਦਾ ਅਸਲੀ ਹੱਕਦਾਰ ਬਿਹਾਰੀ ਬਾਬੂ ਬਣਿਆ ਜੋ ਆਪ ਅਤੇ ਆਪਣੇ ਚੇਲਿਆਂ ਰਾਹੀਂ ਸਿਆਸਤ ਵਿੱਚ ਵੱਧ ਇਮਾਨਦਾਰ ਕਰਕੇ ਪ੍ਰਚਾਰਿਆ ਜਾਂਦਾ ਹੈ, ਜਿਸ ਨੇ ਹਰ ਟਪੂਸੀ ਵੇਲੇ ਨਵੇਂ ਤੋਂ ਨਵਾਂ ਬਹਾਨਾ ਘੜਿਆ। ਅੱਗੇ ਤੋਂ ਅਜਿਹਾ ਨਾ ਕਰਨ ਦੀਆਂ ਕਸਮਾਂ ਖਾ ਕੇ ਸਮੇਂ ਸਮੇਂ ਸਿਰ ਜਨਤਾ ਨੂੰ ਮੂਰਖ ਵੀ ਬਣਾਉਂਦਾ ਰਿਹਾ ਹੈ। ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਆਖ਼ਰੀ ਵਾਰ ਟਪੂਸੀ ਮਾਰਨ ਤੋਂ ਪਹਿਲਾਂ ਇਸਨੇ ਇਹ ਕਹਿ ਕੇ ਜਨਤਾ ਨੂੰ ਮੂਰਖ ਬਣਾਇਆ ਗਿਆ ਕਿ “ਹਮ ਮਰ ਜਾਏਂਗੇ ਮਗਰ ਫਿਰ ਕਭੀ ਭਾਜਪਾ ਕੇ ਸਾਥ ਨਹੀਂ ਜਾਏਂਗੇ।” ਮੁੜ ਭਾਜਪਾ ਵਿੱਚ ਨਾ ਜਾਣ ਦੀਆਂ ਕਸਮਾਂ ਕੈਮਰੇ ਸਾਹਮਣੇ ਖਾਧੀਆਂ।
ਪਲਟੂ ਰਾਮ ਵੱਲੋਂ ਜੋ ਇਸ ਸਮੇਂ ਤਕ ਆਖਰੀ ਟਪੂਸੀ ਮਾਰੀ ਗਈ, ਜਿਸ ਨੇ ਸਭ ਨੂੰ ਇਸ ਕਰਕੇ ਵੱਧ ਹੈਰਾਨ ਕਰ ਦਿੱਤਾ ਕਿ ਜਿਸ ਬੀ ਜੇ ਪੀ ਕੋਲੋਂ ਉਹ ਵੱਧ ਦੁਖੀ ਜਾਪਦਾ ਸੀ, ਜਿਸਨੇ ਭਾਜਪਾ ਨੂੰ ਹਰਾਉਣ ਲਈ ਸਭ ਤੋਂ ਪਹਿਲਾਂ ਕੱਪੜੇ ਲਾਹ ਕੇ ਭਾਜਪਾ ਵਿਰੋਧੀਆਂ ਨੂੰ ਇਕੱਠੇ ਕੀਤਾ, ਉਸ ਮਹਾਂ-ਗਠਜੋੜ ਦਾ ਨਾਮਕਰਨ ਤਕ ਕਰਾਇਆ, ਮਹਾਂ-ਗਠਜੋੜ ਦੀ ਪਲੇਠੀ ਮੀਟਿੰਗ ਆਪਣੇ ਸੂਬੇ ਦੇ ਵਿਹੜੇ ਵਿੱਚ ਕਰਵਾ ਕੇ ਵਾਹ ਵਾਹ ਖੱਟੀ ਅਤੇ ਇਸ ਗੱਲ ਦਾ ਢੰਡੋਰਾ ਪਿੱਟਿਆ ਕਿ ਮੈਨੂੰ ਕੁਝ ਨਹੀਂ ਚਾਹੀਦਾ, ਬੱਸ ਮੈਂ ਤਾਂ ਸਿਰਫ਼ ਸੇਵਾਦਾਰ ਹੀ ਹਾਂ - ਜਦੋਂ ਦੋ-ਚਾਰ ਮੀਟਿੰਗਾਂ ਤੋਂ ਬਾਅਦ ਮੌਸਮ ਵਿਗਿਆਨੀਆਂ ਵਾਂਗ ਉਸ ਨੇ ਸੁੰਘ ਲਿਆ ਕਿ ਸੱਚ-ਮੁੱਚ ਮੈਨੂੰ ਕੋਈ ਅਹੁਦਾ ਮਿਲਣ ਵਾਲਾ ਨਹੀਂ ਹੈ ਤਾਂ ਉਸ ਨੇ ਆਪਣੇ ਪੁਰਾਣੇ ਸੁਭਾਅ ਮੁਤਾਬਕ ਆਪਣਾ ਤਾਣਾ-ਬਾਣਾ ਬੁਣਨਾ ਸ਼ੁਰੂ ਕਰ ਦਿੱਤਾ। ਜਿਉਂ ਹੀ ਆਪਣੀ ਪਾਰਟੀ ਉੱਤੇ ਮੁੜ ਆਪਣਾ ਕੰਟਰੋਲ ਸੰਪੂਰਨ ਕੀਤਾ, ਫਿਰ ਮੁੜ ਉਨ੍ਹਾਂ ਪਾਸ ਜਾ ਖਾਤਾ ਖੋਲ੍ਹਿਆ, ਜਿਨ੍ਹਾਂ ਤੋਂ ਘੁੰਡ ਕੱਢਿਆ ਹੋਇਆ ਸੀ। ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਸੂਬੇ ਵਿੱਚ ਤੀਜੇ ਨੰਬਰ ਦੀ ਪਾਰਟੀ ਹੋਣ ਕਰਕੇ, ਜਿੱਥੇ ਛੇਵੀਂ ਵਾਰ ਟਪੂਸੀ ਮਾਰਨ ਦਾ ਰਿਕਾਰਡ ਕਾਇਮ ਕੀਤਾ, ਉੱਥੇ ਮੁੜ ਮੁੜ ਮੁੱਖ ਮੰਤਰੀ ਬਣਨ ਦਾ ਰਿਕਾਰਡ ਵੀ ਨੌਂ ਵਾਰ ਬਣਨ ਦਾ ਪਲਟੂ ਰਾਮ ਨੇ ਆਪਣੇ ਨਾਮ ਕਰ ਲਿਆ। ਅਗਰ ਡੁੰਘਾਈ ਨਾਲ ਨਜ਼ਰ ਮਾਰੀ ਜਾਵੇ ਤਾਂ ਸਿਆਸਤ ਦੇ ਵੀ ਕੁਝ ਪਵਿੱਤਰ ਨਿਯਮ ਹਨ। ਪਰ ਸਿਆਸਤ ਵਿੱਚ ਹਰ ਕੋਈ ਆਪਣਾ ਮੁਫ਼ਾਦ ਅੱਗੇ ਰੱਖ ਕੇ ਸਾਰੀਆਂ ਮਿਥੀਆਂ ਰੇਖਾਵਾਂ ਟੱਪ ਜਾਂਦਾ ਹੈ, ਜਿਸ ਕਰਕੇ ਅਜੋਕੀ ਸਿਆਸਤ ਵਿੱਚ ਨਿਘਾਰ ਦੇਖਿਆ ਜਾਂਦਾ ਹੈ।
ਬਿਹਾਰੀ ਬਾਬੂ ਨੇ ਜੋ ਟਪੂਸੀ ਮਾਰ ਕੇ ਸਿਆਸਤ ਦੇ ਨਿਘਾਰ ਵਿੱਚ ਵਾਧਾ ਕੀਤਾ ਹੈ, ਉਸ ਵਿੱਚ ਪਲਟੂ ਰਾਮ ਇਕੱਲਾ ਨਹੀਂ, ਦੂਜੇ ਪਾਸੇ ਵੀ ਅਜਿਹੀਆਂ ਸਹੁੰਆਂ ਖਾਧੀਆਂ ਅਤੇ ਪ੍ਰਚਾਰੀਆਂ ਗਈਆਂ ਕਿ “ਅਸੀਂ ਮਰ ਤਾਂ ਜਾਵਾਂਗੇ ਪਰ ਟਪੂਸੀਬਾਜ਼ ਨਾਲ ਮੁੜ ਕਦੇ ਸਾਂਝ ਨਹੀਂ ਪਾਵਾਂਗੇ।” ਪਰ ਉਨ੍ਹਾਂ ਵੀ ਪਲਟੂ ਰਾਮ ਵਾਂਗ ਆਪਣਾ ਥੁੱਕਿਆ ਆਪ ਹੀ ਚੱਟਿਆ ਹੈ। ਪਿਛਲੇ ਰਿਕਾਰਡ ਕੱਢ ਵੇਖੋ, ਜਿਨ੍ਹਾਂ ਦੋਂਹ ਉਪ ਮੁੱਖ ਮੰਤਰੀਆਂ ਵਿਚਾਲੇ ਮੌਜੂਦਾ ਮੁੱਖ ਮੰਤਰੀ (ਪਲਟੂ ਰਾਮ) ਘਿਰਿਆ ਪਿਆ ਹੈ, ਉਨ੍ਹਾਂ ਵੀ ਬਿਹਾਰੀ ਬਾਬੂ ਨੂੰ ਸਿਆਸੀ ਤੌਰ ’ਤੇ ਖ਼ਤਮ ਹੋਣ ਤਕ ਪਗੜੀ ਨਾ ਉਤਾਰਨ ਤਕ ਦਾ ਪ੍ਰਣ ਕੀਤਾ ਹੋਇਆ ਸੀ। ਉਨ੍ਹਾਂ ਦੋਹਾਂ ਨੇ ਵੀ ਲਾਲਚ ਵੱਸ ਉਸੇ ਤਨਖ਼ਾਹ ’ਤੇ ਕੰਮ ਕਰਨਾ ਮਨਜ਼ੂਰ ਕਰ ਲਿਆ ਹੈ। ਕਿੱਥੇ ਗਈਆਂ ਸਹੁੰਆਂ ਖਾਧੀਆਂ ਤੇ ਬਾਕੀ ਸਮਾਜੀ ਕਦਰਾਂ ਕੀਮਤਾਂ? ਹੋਰ ਦੇਖੋ, ਇੱਕ ਵੀ ਉਪ ਮੁੱਖ ਮੰਤਰੀ ਪਲਟੂ ਰਾਮ ਦੇ ਕਹਿਣ ’ਤੇ ਨਹੀਂ ਲਾਇਆ ਗਿਆ। ਸਾਫ਼ ਕਰ ਦਿੱਤਾ ਗਿਆ ਹੈ ਕਿ ਵੱਡੇ ਭਾਈ ਦੇ ਰੋਲ ਵਿੱਚ ਭਾਜਪਾ ਰਹੇਗੀ। ਬਿਹਾਰੀ ਪਲਟੂ ਰਾਮ ਦੀਆਂ ਕੀ ਮਜਬੂਰੀਆਂ ਰਹੀਆਂ ਹੋਣਗੀਆਂ, ਜਿਸ ਨੇ ਭਾਜਪਾ ਵਾਲਿਆਂ ਦੀਆਂ ਸਾਰੀਆਂ ਸ਼ਰਤਾਂ ਮਨਜ਼ੂਰ ਕਰਦਿਆਂ ਸੀ ਨਹੀਂ ਕੀਤੀ ਬਲਕਿ ਜੀ ਕਹਿ ਕੇ ਮਨਜ਼ੂਰ ਕੀਤੀਆਂ।
ਮੁੱਕਦੀ ਗੱਲ, ਜੋ ਬਿਹਾਰੀ ਬਾਬੂ ਨੇ ਮਹਾਂ-ਗਠਜੋੜ (ਇੰਡੀਆ ਗਠਜੋੜ) ਨੂੰ ਕੋਠੇ ਚੜ੍ਹਾ ਕੇ ਪੌੜੀ ਖਿੱਚੀ ਹੈ, ਉਸ ਦੀ ਸਜ਼ਾ ਬਿਹਾਰੀ ਬਾਬੂ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਮਿਲਣੀ ਸੰਭਵ ਹੈ। ਇੰਡੀਆ ਗਠਜੋੜ ਨੂੰ ਤਾਂ ਬਿਹਾਰੀ ਬਾਬੂ ਨੇ ਆਪਣੀ ਆਦਤ ਮੁਤਾਬਕ ਮੰਝਧਾਰ ਵਿੱਚ ਛੱਡਿਆ ਹੀ ਹੈ ਪਰ ਆਪ ਜਿਨ੍ਹਾਂ ਵਿਚਕਾਰ ਫਸ ਗਿਆ ਹੈ, ਦੇਖਣਾ ਹੈ ਕਿ ਸਬੂਤਾ ਬਚਦਾ ਵੀ ਹੈ ਕਿ ਨਹੀਂ। ਦੋਵਾਂ ਉਪ-ਮੁੱਖ ਮੰਤਰੀਆਂ ਨੇ ਵੀ ਇਸ ਗੱਲ ਦੀ ਸਹੁੰ ਖਾਧੀ ਹੋਈ ਹੈ ਕਿ ਹੋਰ ਕੁਝ ਹੋਵੇ ਜਾਂ ਨਹੀਂ ਪਰ ਪਲਟੂ ਰਾਮ ਨੂੰ ਮੁੜ ਟਪੂਸੀ ਮਾਰਨ ਯੋਗਾ ਨਹੀਂ ਰਹਿਣ ਦੇਣਾ। ਆਰ ਜੇ ਡੀ ਤਾਂ ਉਨ੍ਹਾਂ ਤੋਂ ਟੁਟਣੀ ਨਹੀਂ ਪਰ ਲਗਦਾ ਹੈ ਪਲਟੂ ਰਾਮ ਦੀ ਪਾਰਟੀ ਬਹੁਤੀ ਉਨ੍ਹਾਂ ਨਿਗਲ ਜਾਣੀ ਹੈ। ਕਿਸੇ ਦੇ ਪੱਲੇ ਕੀ ਪੈਂਦਾ ਹੈ ਅਤੇ ਕੀ ਨਹੀਂ, ਇਹ ਤਾਂ ਚੋਣਾਂ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਪਲਟੂ ਰਾਮ ਦਾ ਭਵਿੱਖ ਜ਼ਰੂਰ ਖਤਰੇ ਵਿੱਚ ਲਗਦਾ ਹੈ। ਸਭ ਜਾਣੂ ਹਨ ਕਿ ਜਿਹੜੀ ਮੌਜੂਦਾ ਸਰਕਾਰ ਬਿਹਾਰ ਵਿੱਚ ਹੋਂਦ ਵਿੱਚ ਆਈ ਹੈ, ਉਹ ਸਭ ਭਾਜਪਾ ਦੀਆਂ ਸ਼ਰਤਾਂ ਮੁਤਾਬਕ ਹੀ ਆਈ ਹੈ। ਪਲਟੂ ਰਾਮ ਦੀ ਪਲਟੀ ਨੇ ਸਭ ਧਿਰਾਂ ਨੂੰ ਵੀਹ ਸੌ ਚੌਵੀ ਦੀਆਂ ਚੋਣਾਂ ਲਈ ਚੌਕੰਨਾ ਜ਼ਰੂਰ ਕਰ ਦਿੱਤਾ ਹੈ। ਚੋਣਾਂ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਜ਼ਰੂਰ ਕਰ ਦੇਣਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4700)
(ਸਰੋਕਾਰ ਨਾਲ ਸੰਪਰਕ ਲਈ: (