“‘ਆਪ’ ਵਾਲਿਆਂ ਦਿੱਲੀ ਮਾਡਲ ਦਿਖਾ ਕੇ ਵੋਟਾਂ ਲੈਣ ਲਈ ਝੋਲੀਆਂ ਅੱਡਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਮੁਤਾਬਕ ...”
(11 ਜੁਲਾਈ 2021)
ਦੇਸ਼ ਵਿੱਚ ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਰਵਾਇਤੀ ਪਾਰਟੀਆਂ ਨੇ ਹੁਣ ਤੋਂ ਹੀ ਆਪਣੇ ਕਮਰਕੱਸੇ ਕਰਨੇ ਸ਼ੁਰੂ ਕਰ ਦਿੱਤੇ ਹਨ। ਕਈ ਪਾਰਟੀਆਂ ਨੇ ਅਗੇਤ ਖਿੱਚਣ ਲਈ ਆਪਣੀਆਂ ਸਹਿਯੋਗੀ ਪਾਰਟੀਆਂ ਲੱਭ ਕੇ ਸਮਝੌਤਾ ਕਰ ਲਿਆ ਹੈ। ਉਨ੍ਹਾਂ ਆਪਸ ਵਿੱਚ ਸੀਟਾਂ ਦੀ ਵੰਡ ਵੀ ਕਰ ਲਈ ਹੈ ਅਤੇ ਉਮੀਦਵਾਰਾਂ ਨੇ ਆਪਣੇ ਸੰਪਰਕ ਵੀ ਸ਼ੁਰੂ ਕਰ ਦਿੱਤੇ ਹਨ। ਹਲਕੇ ਵਿੱਚ ਆਪਣੇ ਦਫਤਰ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ।
ਠੀਕ ਇਸੇ ਤਰ੍ਹਾਂ ਕਿਸੇ ਪਾਰਟੀ ਨੇ ਕਿਸੇ ਹੋਰ ਪਾਰਟੀ ਨਾਲ ਸਮਝੌਤਾ ਨਾ ਕਰਨ ਕਰਕੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਕਿਸੇ ਪਾਰਟੀ ਨੇ ਐਤਕੀਂ ਆਪਣੀ ਵਾਰੀ ਪੱਕੀ ਸਮਝਦੇ ਹੋਏ ਆਪਣੇ ਪਾਰਟੀ ਦੇ ਉਮੀਦਵਾਰਾਂ ਦੇ ਵੱਡੇ-ਵੱਡੇ ਬੋਰਡ ਲਾਉਣੇ ਸ਼ੁਰੂ ਕਰ ਦਿੱਤੇ ਹਨ। ਆਪਣੇ ਪ੍ਰਚਾਰ ਵਿੱਚ ਜਨਤਾ-ਲੁਭਾਉਣੇ ਨਾਅਰੇ ਅਤੇ ਵਾਅਦੇ ਵੀ ਕਰਨੇ ਸ਼ੁਰੂ ਕਰ ਦਿੱਤੇ ਹਨ। ‘ਆਪ’ ਵਾਲਿਆਂ ਦਿੱਲੀ ਮਾਡਲ ਦਿਖਾ ਕੇ ਵੋਟਾਂ ਲੈਣ ਲਈ ਝੋਲੀਆਂ ਅੱਡਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਮੁਤਾਬਕ ਦਿੱਲੀ ਵਾਂਗ ਪੰਜਾਬ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਸਭ ਕੁਝ ਠੀਕ-ਠਾਕ ਕਰ ਦਿੱਤਾ ਜਾਵੇਗਾ। ਉਨ੍ਹਾਂ ਮੁਤਾਬਕ ਪਾਣੀ, ਬਿਜਲੀ, ਸਰਕਾਰੀ ਸਕੂਲ, ਸਰਕਾਰੀ ਹਸਪਤਾਲ ਅਤੇ ਡਿਸਪੈਂਸਰੀਆਂ, ਸਭ ਦਾ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ, ਦੋ ਸੌ ਦੀ ਬਜਾਏ ਤਿੰਨ ਸੌ ਯੂਨਿਟ ਬਿਜਲੀ ਨਿਰਵਿਘਨ ਮੁਫ਼ਤ ਦਿੱਤੀ ਜਾਵੇਗੀ। ਦਿੱਲੀ ਵਾਂਗ ਦੇਸ਼ ਤੋਂ ਕੁਰਬਾਨ ਹੋਣ ਵਾਲੇ ਫ਼ੌਜੀ ਸਿਪਾਹੀ ਆਦਿ ਨੂੰ ਇੱਕ ਕਰੋੜ ਮੁਆਵਜ਼ਾ ਬਿਨਾਂ ਕਿਸੇ ਭੇਦਭਾਵ ਦੇ ਦਿੱਤਾ ਜਾਵੇਗਾ। ਉਂਝ ਜਨਤਾ ਲਈ ਅਜ਼ਮਾ ਕੇ ਦੇਖਣ ਵਾਲੀਆਂ ਰਹਿੰਦੀਆਂ ਪਾਰਟੀਆਂ ਵਿੱਚੋਂ ਇਹ ਸਭ ਤੋਂ ਅੱਗੇ ਆਉਂਦੀ ਲਗਦੀ ਹੈ।
ਸੂਬੇ ਵਿੱਚ ਰਾਜ ਕਰਦੀ ਪਾਰਟੀ ਵਿੱਚ ਚੋਣਾਂ ਤੋਂ ਪਹਿਲਾਂ ਜਿੰਨਾ ਘਮਸਾਨ ਅੱਜ ਪਿਆ ਮਿਲਦਾ ਹੈ, ਉਹ ਪਹਿਲਾਂ ਘੱਟ ਹੀ ਦੇਖਣ ਨੂੰ ਮਿਲਦਾ ਸੀ। ਸੂਬੇ ਵਿੱਚ ਮੁੱਖ ਧੜੇ ਦੋ ਮਿਲਦੇ ਹਨ। ਇੱਕ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਕਰ ਰਿਹਾ ਹੈ ਅਤੇ ਦੂਜੇ ਧੜੇ ਦੀ ਅਗਵਾਈ ਨਵਜੋਤ ਸਿੰਘ ਸਿੱਧੂ ਬਿਨਾਂ ਕਿਸੇ ਸਰਕਾਰੀ ਪਾਵਰ ਦੇ ਕਰ ਰਿਹਾ ਹੈ। ਪੰਜਾਬ ਕਾਂਗਰਸ ਹੀ ਦੋ ਗੁੱਟਾਂ ਵਿੱਚ ਵੰਡੀ ਹੋਈ ਨਹੀਂ ਦਿਸਦੀ, ਬਲਕਿ ਕਾਂਗਰਸ ਹਾਈ ਕਮਾਂਡ ਵੀ ਦੋ ਗੁੱਟਾਂ ਵਿੱਚ ਦਿਸਦੀ ਹੈ। ਜੇਕਰ ਕੈਪਟਨ ਅਮਰਿੰਦਰ ਸਿੰਘ ਉੱਤੇ ਸੋਨੀਆ ਗਾਂਧੀ ਦਾ ਹੱਥ ਲਗਦਾ ਹੈ ਤਾਂ ਪ੍ਰਿਯੰਕਾ ਗਾਂਧੀ ਦਾ ਚਹੇਤਾ ਨਵਜੋਤ ਸਿੱਧੂ ਬਣਿਆ ਬੈਠਾ ਹੈ। ਰਾਹੁਲ ਘੱਟੋ-ਘੱਟ ਕਾਂਗਰਸ ਦੇ ਭਵਿੱਖ ਬਾਰੇ ਚਿੰਤਤ ਲੱਗਦਾ ਹੈ।
ਸਿਆਸੀ ਪੰਡਿਤਾਂ ਦੀ ਭਵਿੱਖਬਾਣੀ ਮੁਤਾਬਕ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੇ ਸਮੇਤ ਆਪਣੀ ਕੈਬਨਿਟ ਦੇ, ਕੋਈ ਅਜਿਹਾ ਮਾਅਰਕੇ ਵਾਲਾ ਕੰਮ ਨਹੀਂ ਕੀਤਾ, ਜਿਸ ਕਰਕੇ ਜਨਤਾ ਦੁਬਾਰਾ ਉਸ ਨੂੰ ਮੌਕਾ ਦੇਵੇ। ਕਾਂਗਰਸ ਦੀ ਹਾਈ ਕਮਾਂਡ ਵੀ ਮੰਨਦੀ ਹੈ ਕਿ ਪੰਜਾਬ ਵਿੱਚ ਮੁੱਖ ਮੰਤਰੀ ਨੇ ਆਪੇ ਕੀਤੇ ਵਾਅਦੇ ਵੀ ਪੂਰੇ ਨਹੀਂ ਖਿਤੇ, ਜਿਸ ਤੋਂ ਨਾ ਕਾਂਗਰਸੀ ਸੰਤੁਸ਼ਟ ਹਨ, ਨਾ ਜਨਤਾ ਜਨਾਰਦਨ ਰਾਜ਼ੀ ਹੈ। ਇਸੇ ਕਰਕੇ ਹਾਈ ਕਮਾਂਡ ਨੇ 18 ਨੁਕਾਤੀ ਪ੍ਰੋਗਰਾਮ ਵੋਟਾਂ ਤੋਂ ਪਹਿਲਾਂ ਪੂਰਾ ਕਰਨ ਨੂੰ ਆਖਿਆ ਹੈ।
ਅੱਜ-ਕੱਲ੍ਹ ਪੰਜਾਬ ਸਰਕਾਰ ਬਿਜਲੀ ਸੰਕਟ ਕਾਰਨ ਘਿਰੀ ਪਈ ਹੈ। ਇਸਦਾ ਫੌਰਨ ਹੱਲ ਕਿਸੇ ਪਾਸ ਵੀ ਨਹੀਂ ਲਗਦਾ। ਇਸ ਸੰਬੰਧੀ ਸਿੱਧੂ ਦੇ ਟਵੀਟ ਅਤੇ ਟਿੱਪਣੀਆਂ ਲੋਕਾਂ ਨੂੰ ਕੁਝ ਰਾਹਤ ਦਿੰਦੇ ਵਿਖਾਈ ਦੇ ਰਹੇ ਹਨ। ਜਿਵੇਂ ਸਿੱਧੂ ਨੇ ਪਿਛਲੇ ਸਮੇਂ ਵਿੱਚ ਸਭ ਤਰ੍ਹਾਂ ਦੇ ਮਾਫ਼ੀਏ ਨਾਲ ਨਜਿੱਠਣ ਦੀ ਗੱਲ ਕਰਕੇ ਸਰਕਾਰ ਨੂੰ ਹਲੂਣਿਆ ਹੈ, ਇਸ ਨਾਲ ਆਮ ਲੋਕਾਂ ਵਿੱਚ ਇੱਕ ‘ਸਿੱਧੂ ਸੁਨੇਹਾ’ ਗਿਆ ਹੈ ਕਿ ਸਾਰੇ ਤਰ੍ਹਾਂ ਦੇ ਮਾਫ਼ੀਏ ਨਾਲ ਸਖ਼ਤੀ ਨਾਲ ਨਜਿੱਠਣ ਤੋਂ ਇਲਾਵਾ ਅਜੋਕੇ ਕੁਸ਼ਾਸਨ ਦਾ ਕੋਈ ਹੱਲ ਨਹੀਂ ਹੈ। ਸਭ ਜਾਣਦੇ ਹਨ ਕਿ 75/25 ਰਾਜ ਕਰਦੀਆਂ ਪਾਰਟੀਆਂ ਜਦ ਪੰਜਾਬ ਵਿੱਚ ਟਰਾਂਸਪੋਰਟ ਮਹਿਕਮੇ ਨੂੰ ਇਸ ਤਰ੍ਹਾਂ ਚਲਾਉਂਦੀਆਂ ਹਨ, ਜਿਸ ਰਾਹੀਂ ਸਰਕਾਰੀ ਟਰਾਂਸਪੋਰਟ ਘਾਟੇ ਵਿੱਚ ਹੈ ਅਤੇ ਪ੍ਰਾਈਵੇਟ ਮੁਨਾਫ਼ੇ ਵਿੱਚ। ਸਭ ਜਾਣਦੇ ਹਨ ਜਿਸ ਬਾਰੇ ਸਰਕਾਰਾਂ ਅਣਜਾਣ ਬਣੀਆਂ ਰਹਿੰਦੀਆਂ ਹਨ ਕਿ ਇੱਕ-ਇੱਕ ਪਰਮਿਟ ’ਤੇ ਕਿੰਨੀਆਂ-ਕਿੰਨੀਆਂ ਬੱਸਾਂ ਚੱਲ ਰਹੀਆਂ ਹਨ। ਜੇਕਰ ਇਸ ’ਤੇ ਕਾਬੂ ਪਾ ਕੇ, ਪ੍ਰਮਿਟ ਜਨਤਾ ਵਿੱਚ ਨਹੀਂ ਵੰਡੇ ਜਾਂਦੇ ਹਨ ਤਾਂ ਸਰਕਾਰ ਦੀ ਥੂਹ-ਥੂਹ ਹੁੰਦੀ ਰਹੇਗੀ। ਵਰਨਾ ਉਦੋਂ ਤਕ ਹਰ ਸਰਕਾਰ ਆਪਣਾ ਦਿਵਾਲਾ ਕਢਾਉਂਦੀ ਰਹੇਗੀ। ਸਾਡੀ ਜਾਣਕਾਰੀ ਮੁਤਾਬਕ ਜੇਕਰ ਜਨਤਾ ਨੇ ਕਾਂਗਰਸ ਨੂੰ ਦੁਬਾਰਾ ਮੌਕਾ ਦੇਣ ਦਾ ਮਨ ਬਣਾਇਆ ਤਾਂ ਉਹ ਸਿਰਫ਼ ਤੇ ਸਿਰਫ਼ ਸਿੱਧੂ ਕਰਕੇ ਹੋਵੇਗਾ, ਨਾ ਕਿ ਮੌਜੂਦਾ ਸਰਕਾਰ ਕਰਕੇ। ਸਿੱਧੂ ਪਾਸ ਪੰਜਾਬ ਮਾਡਲ ਦਾ ਵਿਯਨ ਹੈ। ਹੁਣ ਜ਼ਰਾ ਇਸ ਚਾਰਟ ’ਤੇ ਧਿਆਨ ਮਾਰ ਕੇ ਦੇਖੋ ਕਿ ਕਿਵੇਂ ਵੱਖ-ਵੱਖ ਪਾਰਟੀਆਂ ਵਿੱਚ ਰਹਿੰਦੇ ਹੋਏ ਕਿਵੇਂ ਰਲ ਕੇ ਸਭ ਨੇ ਟਰਾਂਸਪੋਰਟ ’ਤੇ ਕਬਜ਼ਾ ਕੀਤਾ ਹੋਇਆ ਹੈ। ਚੋਰ ਚੋਰ ਕਿਵੇਂ ਮਸੇਰ ਭਾਈ ਬਣੇ ਹੋਏ ਹਨ।
1. ਸੁਖਬੀਰ ਬਾਦਲ ਮਾਲਕ ਹੈ 230 ਬੱਸਾਂ ਦਾ।
2. ਅਮਰਜੀਤ ਸਮਰਾ ਕਾਂਗਰਸ ਹੈ 43 ਬੱਸਾਂ ਦਾ।
3. ਨਿਰਮਲ ਕਾਹਲੋਂ ਸਾਬਕਾ ਸਪੀਕਰ ਹੈ 40 ਬੱਸਾਂ ਦਾ।
4. ਜਗਦੀਸ਼ ਸਾਹਨੀ ਬੀ ਜੇ ਪੀ ਹੈ 27 ਬੱਸਾਂ ਦਾ।
5. ਅਵਤਾਰ ਹੈਨਰੀ ਕਾਂਗਰਸ ਹੈ 80 ਬੱਸਾਂ ਦਾ।
6. ਹਰਦੀਪ ਡਿੰਪਾ ਅਕਾਲੀ ਹੈ 60 ਬੱਸਾਂ ਦਾ।
7. ਕਿੱਕੀ ਢਿੱਲੋਂ ਕਾਂਗਰਸ ਹੈ 30 ਬੱਸਾਂ ਦਾ।
8. ਮਨਪ੍ਰੀਤ ਬਾਦਲ ਕਾਂਗਰਸ ਹੈ 4 ਬੱਸਾਂ ਦਾ।
ਕੁੱਲ ਬੱਸਾਂ: 514.
ਜੇਕਰ ਇਹੀ ਬੱਸਾਂ ਦੇ ਪਰਮਿਟ ਆਮ ਲੋੜਵੰਦ ਜਨਤਾ ਵਿੱਚ ਦਿੱਤੇ ਜਾਣ ਤਾਂ ਅਜਿਹਾ ਕਰਨ ਨਾਲ ਜਿੱਥੇ ਟਰਾਂਸਪੋਰਟ ਮਾਫ਼ੀਆ ਖ਼ਤਮ ਹੋਣ ਵੱਲ ਵਧੇਗਾ, ਉੱਥੇ ਹੀ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹਈਆ ਹੋਵੇਗਾ।
ਭਾਜਪਾ, ਜੋ ਅਕਾਲੀਆਂ ਨਾਲ ਸਰਕਾਰ ਵਿੱਚ ਰਹਿ ਕੇ ਰਾਜ-ਭਾਗ ਦਾ ਅਨੰਦ ਮਾਣਦੀ ਰਹੀ, ਉਹੀ ਭਾਜਪਾ ਅੱਜ-ਕੱਲ੍ਹ ਆਪਣੀ ਹੋਂਦ ਬਚਾਉਣ ਲਈ ਬੇਸੁਰੇ ਹੱਥ-ਪੈਰ ਮਾਰ ਰਹੀ ਹੈ। ਉਹ ਸ਼ਕਲੋਂ ਸਿੱਖ ਦਿਖਾਈ ਦਿੰਦੇ ਬੰਦਿਆਂ ਨੂੰ ਭਾਜਪਾ ਵਿੱਚ ਸ਼ਾਮਲ ਕਰ ਰਹੇ ਹਨ। ਉਹ ਉਨ੍ਹਾਂ ਸਿੱਖਾਂ ਨੂੰ ਆਪਣੇ ਵੱਲ ਆਕਰਸ਼ਤ ਕਰ ਰਹੇ ਹਨ, ਜੋ ਸਮੇਂ-ਸਮੇਂ ਸਿਰ ਵੱਡੇ-ਵੱਡੇ ਸਰਕਾਰੀ ਅਹੁਦਿਆਂ ’ਤੇ ਬਿਰਾਜਮਾਨ ਰਹੇ। ਉਹ ਵੱਖ-ਵੱਖ ਪਾਰਟੀਆਂ ਵਿੱਚੋਂ ਕਾਣੇ ਮੀਣੇ ਅਤੇ ਦਾਗੀਆਂ ਨੂੰ ਆਪਣੀਆਂ ਵਾਸ਼ਿੰਗ ਮਸ਼ੀਨਾਂ ਵਿੱਚ ਪਾ ਕੇ ਪਵਿੱਤਰ ਕਰਨ ਲਈ ਆਪਣੇ ਵੱਲ ਖਿੱਚ ਕਰ ਰਹੇ ਹਨ, ਪਰ ਕਿਸਾਨੀ ਅੰਦੋਲਨ ਆਪਣੇ ਸਿਖ਼ਰ ’ਤੇ ਹੋਣ ਕਰਕੇ ਪੰਜਾਬ ਵਿੱਚ ਕੋਈ ਉਨ੍ਹਾਂ ਨੂੰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਮੂੰਹ ਲਾਉਣ ਲਈ ਤਿਆਰ ਨਹੀਂ। ਪਰ ਫੇਰ ਵੀ ਬੀ ਜੇ ਪੀ ਆਖ ਰਹੀ ਹੈ ਕਿ ਅਸੀਂ ਪੰਜਾਬ ਵਿੱਚ 117 ਸੀਟਾਂ ’ਤੇ ਹੀ ਚੋਣ ਲੜਾਂਗੇ।
ਰਹੀ ਗੱਲ ਪੰਜਾਬ ਦੀਆਂ ਲੈਫਟ ਪਾਰਟੀਆਂ ਦੀ, ਜਿਨ੍ਹਾਂ ਪਾਸ ਆਪਣੇ ਵਿੱਤ ਮੁਤਾਬਕ ਆਪੋ-ਆਪਣਾ ਸੰਗਠਨ ਹੈ, ਕੇਡਰ ਹੈ। ਇਹ ਕੇਡਰ ਅੱਜਕੱਲ੍ਹ ਕਿਸਾਨ ਅੰਦੋਲਨ ਕਰਕੇ ਇਸ ਵਿੱਚ ਵਧ-ਚੜ੍ਹ ਕੇ ਸ਼ਮੂਲੀਅਤ ਕਰ ਰਿਹਾ ਹੈ। ਇਸ ਫਰੰਟ ਨੇ ਅਜੇ ਤਕ ਚੋਣ ਸਰਗਰਮੀਆਂ ਨੂੰ ਪਹਿਲ ਨਹੀਂ ਦਿੱਤੀ। ਲਗਦਾ ਹੈ ਉਹ ਆਪਣੀ ਜਿੱਤ-ਹਾਰ ਨੂੰ ਕਿਸਾਨੀ ਅੰਦੋਲਨ ਨਾਲ ਜੋੜ ਚੁੱਕੇ ਹਨ। ਪੰਜਾਬ ਵਿੱਚ ਜਿਹੜੀਆਂ ਪਾਰਟੀਆਂ ਚੋਣਾਂ ਲਈ ਕਮਰਕੱਸੇ ਵੀ ਕਰ ਚੁੱਕੀਆਂ ਹਨ, ਉਨ੍ਹਾਂ ਦੀਆਂ ਨਜ਼ਰਾਂ ਕਿਸਾਨ ਅੰਦੋਲਨ ਵੱਲ ਲੱਗੀਆਂ ਹੋਈਆਂ ਹਨ। ਹਰ ਸਿਆਸੀ ਪਾਰਟੀ ਕਿਸਾਨ ਅੰਦੋਲਨ ਤੋਂ ਫਾਇਦਾ ਉਠਾਉਣ ਲਈ ਹੱਥ-ਪੈਰ ਮਾਰ ਰਹੀ ਹੈ। ਪਰ ਅੰਦੋਲਨ ਦੀ ਲੀਡਰਸ਼ਿੱਪ ਨੇ ਆਪਣੀ ਨੀਤੀ ਸਾਫ਼ ਕਰ ਦਿੱਤੀ ਹੈ ਕਿ ਚੋਣਾਂ ਨਾਲ ਸਾਡਾ ਦੂਰ ਦਾ ਵਾਸਤਾ ਵੀ ਨਹੀਂ ਹੈ। ਕਿਸਾਨ ਅੰਦੋਲਨ ਦੀ ਸਮੂਹਿਕ ਲੀਡਰਸ਼ਿੱਪ ਨੇ ਤਾਂ ਇੱਥੋਂ ਤਕ ਆਖਿਆ ਹੈ ਕਿ ਹਰਿਆਣਵੀ ਲੀਡਰ ਚੜੂਨੀ, ਜਿਸ ਨੇ ਪੰਜਾਬ ਵਿੱਚ ਕਿਸਾਨਾਂ ਨੂੰ ਚੋਣ ਲੜਨ ਲਈ ਆਖਿਆ ਸੀ, ਬਾਬਤ ਇੱਕ ਅਵਾਜ਼ ਹੋ ਕੇ ਆਖਿਆ ਹੈ, ਇਹ ਰਾਏ ਉਸ ਦੀ ਆਪਣੀ ਨਿੱਜੀ ਹੋ ਸਕਦੀ ਹੈ, ਕਿਸਾਨ ਅੰਦੋਲਨ ਦੀ ਸਮੁੱਚੀ ਲੀਡਰਸ਼ਿੱਪ ਦੀ ਨਹੀਂ। ਅੱਜ ਤਕ ਕਿਸਾਨ ਅੰਦੋਲਨ ਦੀ ਸਮੁੱਚੀ ਲੀਡਰਸ਼ਿੱਪ ਨੇ ਸਾਫ਼ ਕਰ ਦਿੱਤਾ ਹੈ ਕਿ ਚੋਣਾਂ ਵਿੱਚ ਹਿੱਸਾ ਲੈਣਾ ਤਾਂ ਦੂਰ ਦੀ ਗੱਲ ਹੈ, ਇਸ ਬਾਰੇ ਸੋਚਣਾ ਵੀ ਅਸੰਭਵ ਹੈ। ਉਨ੍ਹਾਂ ਅੱਗੇ ਆਖਿਆ ਕਿ ਕਿਸਾਨ ਅੰਦੋਲਨ ਆਪਣੀ ਮੰਜ਼ਿਲ ਵੱਲ ਠੀਕ-ਠਾਕ ਵਧ ਰਿਹਾ ਹੈ, ਜਿਸਦਾ ਸਬੂਤ ਅੰਦੋਲਨ ਦਾ ਅੱਜ ਤਕ ਇੱਕਮੁੱਠ ਰਹਿਣਾ ਅਤੇ ਮੋਦੀ ਵੱਲੋਂ ਹਰ ਮਿੰਟ ਨਿੱਜੀਕਰਨ ਵੱਲ ਲਾਉਣਾ, ਰੁਕਿਆ ਪਿਆ ਹੈ।
ਪਿਛਲੇ ਦਿਨੀਂ ਆਪਣੀ ਲੋਕ ਪ੍ਰਿਅਤਾ ਘਟਦੀ ਦੇਖ ਕੇ ਜੋ ਦਾਅ ਮੋਦੀ ਨੇ ਆਪਣੇ ਕੈਬਨਿਟ ਵਿੱਚ ਵਾਧਾ-ਘਾਟਾ ਕਰਕੇ ਖੇਡਿਆ ਹੈ, ਉਹ ਵੀ ਉਸ ਤਾਸ਼ ਵਾਂਗ ਹੈ, ਜਿਸ ਵਿੱਚੋਂ ਰੰਗ ਵਾਲੇ ਪੱਤੇ ਗਾਇਬ ਕਰਕੇ, ਬੇਰੰਗੀ ਪੱਤੇ ਅਤੇ ਜੋਕਰ ਭਰ ਦਿੱਤੇ ਜਾਣ। ਉਸ ਤਾਸ਼ ਨੂੰ ਜਿੰਨੀ ਵਾਰੀ ਮਰਜ਼ੀ ਪੀਹ-ਪੀਹ ਕੇ ਵੰਡੋ, ਰਿਜ਼ਲਟ ਜ਼ੀਰੋ ਹੀ ਹੋਵੇਗਾ। ਕਾਰਨ, ਨਵੀਂ ਕੈਬਨਿਟ ਨੂੰ ਵੀ ਮੋਦੀ ਨੇ ਫਰੀ ਹੈਂਡ ਨਹੀਂ ਦੇਣਾ। ਪਹਿਲਾਂ ਵਾਂਗ ਜੀ ਹਜ਼ੂਰੀ ਹੀ ਕਰਵਾਉਣੀ ਹੈ। ਇਸ ਕਰਕੇ ਆਓ, ਆਪਾਂ ਸਭ ਰੰਗ ਦੇ ਇਕੱਠੇ ਹੋ ਕੇ ਆਉਣ ਵਾਲੀਆਂ ਚੋਣਾਂ ਵਿੱਚੋਂ ਬੀ ਜੇ ਪੀ ਸਰਕਾਰਾਂ ਦਾ ਖਾਤਮਾ ਕਰਨ ਵਿੱਚ ਯੋਗਦਾਨ ਪਾਈਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2892)
(ਸਰੋਕਾਰ ਨਾਲ ਸੰਪਰਕ ਲਈ: