“ਮਹਾਰਾਸ਼ਟਰ ਵਿੱਚ ਜਦੋਂ ਦੀ ਕੁਲੀਸ਼ਨ ਸਰਕਾਰ ਆਈ ਹੈ, ਜਿਸ ਵਿੱਚ ...”
(13 ਸਤੰਬਰ 2020)
ਅੱਜ ਦੇ ਦਿਨ ਤਕ ਸਾਡਾ ਮਹਾਨ ਦੇਸ਼ ਹਰ ਪਾਸਿਆਂ ਤੋਂ ਹੀ ਅਜਿਹੀ ਮੰਦਹਾਲੀ ਨੂੰ ਪਹੁੰਚ ਗਿਆ ਹੈ, ਜਿਸਦਾ ਜ਼ਿਕਰ ਹਰ ਭਾਰਤੀ ਆਪਣੀ ਦੱਬੀ ਜ਼ੁਬਾਨ ਵਿੱਚ ਸਮੇਂ-ਸਮੇਂ ਸਿਰ ਕਰ ਰਿਹਾ ਹੈ। ਪਰ ਦੇਸ਼ ਦਾ ਮੁਖੀ ਇੱਧਰਲੀਆਂ-ਉੱਧਰਲੀਆਂ ਮਾਰ ਕੇ ਜਨਤਾ ਨੂੰ ਅਜਿਹੇ ਭਰਮ ਵਿੱਚ ਫਸਾ ਚੁੱਕਾ ਹੈ, ਲਗਦਾ ਹੈ ਕਿ ਜਨਤਾ ਦਾ ਇੱਕ ਹਿੱਸਾ ਇਸਦਾ ਸ਼ੁਦਾਈ ਇਸ ਹੱਦ ਤਕ ਹੋ ਚੁੱਕਾ ਹੈ ਕਿ ਉਸ ਨੂੰ ਕੁਝ ਸੁੱਝ ਹੀ ਨਹੀਂ ਰਿਹਾ। ਇੱਕ ਹਿੱਸਾ ਇਸ ਹੱਦ ਤਕ ਝੂਠ ’ਤੇ ਇਤਬਾਰ ਕਰਕੇ ਨਸ਼ਈ ਹੋ ਚੁੱਕਾ ਹੈ ਕਿ ਉਹ ਕਿਸੇ ਦੀ ਵਾਜਬ ਗੱਲ ਸੁਣਨ ਲਈ ਵੀ ਤਿਆਰ ਨਹੀਂ। ਇਸ ਕਰਕੇ ਕਹਿਣਾ ਚਾਹੀਦਾ ਹੈ ਕਿ ਦੇਸ਼ ਨੂੰ ਸਿਰਫ਼ ਤੇ ਸਿਰਫ਼ ਪ੍ਰਧਾਨ ਮੰਤਰੀ ਹੀ ਚਲਾ ਰਿਹਾ ਹੈ। ਬਾਕੀ ਸਾਰੀ ਕੈਬਨਿਟ, ਅੰਧ ਭਗਤਾਂ ਦੀ ਤਰ੍ਹਾਂ ਜੀ ਹਜ਼ੂਰੀ ਵਿੱਚ ਮਦਹੋਸ਼ ਹੈ।
ਜਿੰਨਾ ਮਾੜਾ ਰੋਲ ਪਿਛਲੇ ਸਮੇਂ ਵਿੱਚ ਮੀਡੀਏ ਦਾ ਰਿਹਾ, ਖਾਸ ਕਰਕੇ ਗੋਦੀ ਮੀਡੀਏ ਦਾ, ਦੇਸ਼ ਸਾਹਮਣੇ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਛਾਂਟੀ ਵਰਗੇ ਮਸਲੇ ਪੇਸ਼ ਹਨ, ਪਰ ਅਜਿਹੇ ਮੀਡੀਏ ਨੂੰ ਜਾਂ ਤਾਂ ਗਿਆਨ ਨਹੀਂ ਜਾਂ ਜਾਣਬੁੱਝ ਕੇ ਅਗਿਆਨੀ ਬਣੇ ਹੋਏ ਹਨ। ਮਜ਼ਾਲ ਹੈ ਕਿ ਉਪਰੋਕਤ ਮਸਲਿਆਂ ਉੱਪਰ ਬਹਿਸ ਕਰਾਉਣ, ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਨ। ਨਾ ਬਾਬਾ ਨਾ, ਉਨ੍ਹਾਂ ਪਾਸ ਤਾਂ ਸਮਾਂ ਹੀ ਨਹੀਂ। ਉਹ ਬਹਿਸ ਹਿੰਦੂ-ਮੁਸਲਮਾਨ, ਹਿੰਦੂ-ਸਿੱਖ, ਹਿੰਦ ਅਤੇ ਪਾਕਿ ਦੀ ਕਰਾ ਕੇ ਆਪਣੀ ਪਿੱਠ ਆਪ ਹੀ ਥਾਪੜਦੇ ਰਹਿੰਦੇ ਹਨ। ਜੇਕਰ ਕੋਈ ਅਜਿਹੇ ਨੁਕਤਿਆਂ ’ਤੇ ਸਵਾਲ ਕਰਦਾ ਹੈ ਤਾਂ ਉਸ ਨੂੰ ਦੇਸ਼ ਦਾ ਗਦਾਰ ਕਿਹਾ ਜਾਂਦਾ ਹੈ, ਜਦ ਕਿ ਰਾਜ ਕਰਦੀ ਪਾਰਟੀ ਆਪ ਆਪਣੇ ਸ਼ੁਰੂਆਤੀ ਸਮੇਂ ਵਿੱਚ ਅੰਗਰੇਜ਼ਾਂ ਦੇ ਰਾਜ ਵਿੱਚ ਮੁਆਫ਼ੀਆਂ ਮੰਗ ਕੇ ਸੁਰਖਰੂ ਹੋ ਚੁੱਕੀ ਹੈ।
ਜੇਕਰ ਪਿਛਲੇ ਦੋ ਹਫ਼ਤਿਆਂ ਦੀਆਂ ਗਤੀਵਿਧੀਆਂ ਦੀ ਗੱਲ ਕਰੀਏ ਤਾਂ ਪਤਾ ਲਗਦਾ ਹੈ ਕਿ ਗੋਦੀ ਮੀਡੀਏ ਨੇ ਐਕਟਰ ਸੁਸ਼ਾਂਤ ਵੱਲੋਂ ਕੀਤੀ ਗਈ ਆਤਮ-ਹੱਤਿਆ ਬਾਰੇ ਦਿਨ-ਰਾਤ ਇੱਕ ਕਰਕੇ ਚੌਵੀ ਘੰਟੇ ਉਸ ਕੇਸ ’ਤੇ ਲਾ ਕੇ ਆਪਣਾ ਅਤੇ ਜਨਤਾ ਦਾ ਸਮਾਂ ਬਰਬਾਦ ਕੀਤਾ। ਅਜਿਹਾ ਮੀਡੀਆ ਟਰਾਇਲ ਕੀਤਾ ਕਿ ਰੋਜ਼ ਨਵੇਂ-ਨਵੇਂ ਮਨਘੜਤ ਸਵਾਲ ਖੜ੍ਹੇ ਕੀਤੇ। ਆਮ ਜਨਤਾ ਭੰਬਲਭੂਸੇ ਵਿੱਚ ਕੁਝ ਵੀ ਅਸਲੀਅਤ ਨਹੀਂ ਜਾਣ ਸਕੀ। ਉਹ ਅਜੇ ਚੱਲ ਹੀ ਰਿਹਾ ਸੀ ਕਿ ਇੱਕ ਨਵਾਂ ਡਰਾਮਾ ਅਭਿਨੇਤਰੀ ਕੰਗਣਾ ਰਣੌਤ ਦਾ ਆ ਗਿਆ। ਹੁਣ ਅਭਿਨੇਤਰੀ ਰੀਆ ਇਨ੍ਹਾਂ ਚੈਨਲਾਂ ਤੋਂ ਗਾਇਬ ਹੋ ਜਾਵੇਗੀ। ਹੁਣ ਸਾਰੇ ਚੈਨਲ ਅਭਿਨੇਤਰੀ ਕੰਗਨਾ ਰਣੌਤ ਦਾ ਗੁਣਗਾਨ ਕਰਨਗੇ। ਕਦੋਂ ਤਕ? ਉਦੋਂ ਤਕ ਜਦੋਂ ਤਕ ਉਨ੍ਹਾਂ ਨੂੰ ਕੋਈ ਨਵਾਂ ਮਸਲਾ ਮਿਲ ਨਹੀਂ ਜਾਂਦਾ।
ਕੰਗਣਾ ਦਾ ਜਨਮ 23 ਮਾਰਚ 1987 ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਮੰਡੀ ਨੇੜੇ ਹੋਇਆ, ਜਿਸ ਕਰਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਹਿਮਾਚਲ ਦੀ ਧੀ ਆਖ ਕੇ ਮੌਜੂਦਾ ਝਗੜੇ ਵਿੱਚ ਪੁਲਿਸ ਦੀ ਸਕਿਉਰਿਟੀ ਦੇ ਕੇ ਨਿਵਾਜਿਆ। ਦੂਜੇ ਪਾਸੇ ਦੇਸ਼ ਦੇ ਹੋਮ ਮਨਿਸਟਰ ਨੇ ਵਾਈ+ਸਕਿਉਰਿਟੀ ਦੇ ਕੇ ਨਿਵਾਜਿਆ। ਇਸ ਸਰਕਾਰ ਨੇ ਹੀ ਇਸ ਸਾਲ ਯਾਨੀ 2020 ਵਿੱਚ ਕੰਗਨਾ ਨੂੰ ਪਦਮਸ੍ਰੀ ਨਾਲ ਨਿਵਾਜਿਆ। ਇਸੇ ਕਰਕੇ ਹੀ ਕੰਗਨਾ ਆਪਣੇ ਲਾਮ ਲਸ਼ਕਰ ਨਾਲ ਚੈਲਿੰਜ ਕਰਕੇ ਮੁੰਬਈ ਪਹੁੰਚੀ। ਉਪਰੋਕਤ ਘਟਨਾਵਾਂ ਤੋਂ ਲਗਦਾ ਹੈ ਕਿ ਕੰਗਨਾ ਦੇ ਸਿਆਸੀ ਨਾਨਕੇ ਸ਼ਾਇਦ ਬੀ ਜੇ ਪੀ ਵਿੱਚ ਹੋਣ।
ਖ਼ਬਰਾਂ ਮੁਤਾਬਕ ਕੰਗਨਾ ਦਾ ਇੱਕ ਫਲੈਟ/ਦਫ਼ਤਰ ਮੁੰਬਈ ਮਹਾਨਗਰ ਪਾਲਿਕਾ (ਬੀ ਐੱਮ ਸੀ) ਵਿੱਚ ਸਥਿਤ ਸੀ, ਜਿਸ ਦੀ ਉਸਾਰੀ ਨੂੰ ਬੀ ਐੱਮ ਸੀ ਗੈਰ-ਕਾਨੂੰਨੀ ਨਿਰਮਾਣ ਸਮਝਦੀ ਸੀ। ਇਸ ਬਾਬਤ ਬੀ ਐੱਮ ਸੀ ਨੇ ਕੰਗਨਾ ਨੂੰ ਦੋ ਵਾਰ ਕਾਨੂੰਨੀ ਨੋਟਿਸ ਦਿੱਤਾ ਸੀ, ਪਰ ਸਮਾਂ ਦੂਜੇ ਨੋਟਿਸ ਤੋਂ ਬਾਅਦ ਚੌਵੀ ਘੰਟੇ ਦਾ ਹੀ ਦਿੱਤਾ, ਜਿਸ ਤੋਂ ਬਾਅਦ ਉਸ ਦਾ ਗੈਰ-ਕਾਨੂੰਨੀ ਹਿੱਸਾ ਢਾਹ ਦਿੱਤਾ ਗਿਆ। ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਕਿ ਕੰਗਨਾ ਦੀ ਬਿਲਡਿੰਗ ਨਜ਼ਦੀਕ ਫਲੈਟ ਵੀ ਨਜਾਇਜ਼ ਉਸਾਰੀ ਨਾਲ ਸੰਬੰਧਤ ਸੀ। ਉਸ ਨੂੰ ਵੀ ਨੋਟਿਸ ਦਿੱਤਾ ਗਿਆ, ਪਰ ਸਮਾਂ ਇੱਕ ਹਫ਼ਤੇ ਦਾ ਦਿੱਤਾ ਗਿਆ। ਅਜਿਹਾ ਕਿਉਂ? ਇਹ ਸਭ ਤਾਂ ਬੀ ਐੱਮ ਸੀ ਵਾਲੇ ਜਾਂ ਸੰਬੰਧਤ ਸਰਕਾਰ ਹੀ ਵਿਸਥਾਰ-ਪੂਰਵਕ ਦੱਸ ਸਕਦੀ ਹੈ। ਜੇਕਰ ਵਾਕਿਆ ਹੀ ਅਜਿਹਾ ਹੋਇਆ ਹੈ ਤਾਂ ਇਸ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ।
ਉਂਝ ਵਿਡੰਬਨਾ ਦੇਖੋ, ਦੇਸ਼ ਦੀ ਜੀ ਡੀ ਪੀ ਤੇ ਅਰਥ ਵਿਵਸਥਾ ਮੂੰਧੇ ਮੂੰਹ ਡਿੱਗੀ। ਕਿਸੇ ਚੈਨਲ ’ਤੇ ਕੋਈ ਚਰਚਾ ਨਹੀਂ, ਪਰ ਦਫਤਰ ਦਾ ਕੁਝ ਹਿੱਸਾ ਜੋ ਨਜਾਇਜ਼ ਸੀ, ਡਿੱਗਣ ’ਤੇ ਸਾਰੇ ਚੈਨਲਾਂ ਨੇ ਸਭ ਕੁਝ ਸਿਰ ’ਤੇ ਚੁੱਕ ਲਿਆ।
ਬੀ ਐੱਮ ਸੀ ਨੇ ਆਪਣਾ ਐਕਸ਼ਨ 11 ਵਜੇ ਸ਼ੁਰੂ ਕੀਤਾ, ਪਰ ਬਾਅਦ ਦੁਪਹਿਰ ਕੰਗਨਾ ਨੂੰ ਹਾਈ ਕੋਰਟ ਤੋਂ ਸਟੇਅ ਮਿਲ ਗਿਆ। ਦੂਜੇ ਪਾਸੇ ਗਵਰਨਰ ਨੇ ਬੀ ਐੱਮ ਸੀ ਨੂੰ ਨੋਟਿਸ ਦੇ ਕੇ ਜਵਾਬ ਮੰਗਿਆ ਹੈ ਤਾਂ ਕਿ ਉਹ ਕੇਂਦਰ ਨੂੰ ਰਿਪੋਰਟ ਭੇਜ ਸਕੇ। ਜਿੰਨੀ ਜਲਦੀ ਕੰਗਨਾ ਦੇ ਹੱਕ ਵਿੱਚ ਕਾਨੂੰਨ ਹਰਕਤ ਵਿੱਚ ਆਇਆ ਹੈ, ਕਾਸ਼! ਸਭ ਗਰੀਬ ਭਾਰਤ ਵਾਸੀਆਂ ਦੇ ਹੱਕ ਵਿੱਚ ਆਉਣਾ ਸ਼ੁਰੂ ਹੋਵੇ। ਜਿਸ ਜਨਤਾ ਨੂੰ ਅਦਾਲਤੀ ਫੈਸਲਿਆ ’ਤੇ ਹੋਰ ਭਰੋਸਾ ਵਧੇ।
ਦੂਜੇ ਪਾਸੇ ਪਦਮਸ਼੍ਰੀ ਕੰਗਨਾ ਨੇ ਜੋ ਮੂੰਹ ਆਇਆ, ਬੋਲਣਾ ਸ਼ੁਰੂ ਕਰ ਦਿੱਤਾ। ਘਰ/ਦਫ਼ਤਰ ਦੀ ਮੰਦਰ ਢਾਹੁਣ ਨਾਲ ਤੁਲਨਾ ਕਰ ਦਿੱਤੀ। ਆਪਣੇ-ਆਪ ਨੂੰ ਕਸ਼ਮੀਰੀ ਪੰਡਤਾਂ ਨਾਲ ਜੋੜ ਲਿਆ। ਰਾਜ ਠਾਕਰੇ ਨੂੰ ਤੂੰ, ਤੂੰ, ਮੈਂ-ਮੈਂ ਕਰਨ ਲੱਗੀ। ਜਿਵੇਂ ਕਿਸੇ ਛੋਕਰੇ ਖ਼ਿਲਾਫ਼ ਭੜਾਸ ਕੱਢ ਰਹੀ ਹੋਵੇ। ਸ਼ਿਵ ਸੈਨਿਕਾਂ ਨੂੰ ਬਾਬਰ ਸੈਨਾ ਆਖ ਰਹੀ ਹੈ। ਜਿਸ ਸਮੇਂ ਉਹ ਆਪਣੇ ਘਰ/ਦਫ਼ਤਰ ਦਾ ਮੁਆਇਨਾ ਕਰ ਰਹੀ ਸੀ, ਉਸ ਵਕਤ ਵੀ ਉਹ ਇਕੱਲੀ ਲੇਡੀ ਸੀ, ਜਿਸ ਨੇ ਆਪਣੇ ਮੂੰਹ ’ਤੇ ਮਾਸਕ ਨਹੀਂ ਪਾਇਆ ਸੀ। ਸ਼ਾਇਦ ਇਹ ਵੀ ਮਹਾਰਾਸ਼ਟਰ ਸਰਕਾਰ ਨੂੰ ਇੱਕ ਚੈਲਿੰਜ ਸੀ। ਉੱਧਰ ਦੂਜੇ ਪਾਸੇ ਪਤਾ ਲੱਗਿਆ ਹੈ ਕਿ ਕੰਗਨਾ ਦੀ ਬੋਲਬਾਣੀ ’ਤੇ ਉਸ ਖ਼ਿਲਾਫ਼ ਪਰਚਾ ਦਰਜ ਹੋ ਗਿਆ ਹੈ। ਲਗਦਾ ਹੈ ਉਹ ਜਾਣ-ਬੁੱਝ ਕੇ ਉਲਝ ਰਹੀ ਹੈ। ਅਜਿਹਾ ਸ਼ਾਇਦ ਇਸ ਕਰਕੇ ਹੈ ਕਿ ਬੀ ਜੇ ਪੀ ਉਸ ਦੀ ਪਿੱਠ ਥਾਪੜ ਰਹੀ ਹੈ।
ਮਹਾਰਾਸ਼ਟਰ ਵਿੱਚ ਜਦੋਂ ਦੀ ਕੁਲੀਸ਼ਨ ਸਰਕਾਰ ਆਈ ਹੈ, ਜਿਸ ਵਿੱਚ ਪ੍ਰਮੁੱਖ ਤਿੰਨ ਪਾਰਟੀਆਂ ਸ਼ਾਮਲ ਹਨ। ਉਸ ਦਿਨ ਤੋਂ ਹੀ ਬੀ ਜੇ ਪੀ ਦੀ ਬਾਜ਼ ਅੱਖ ਉਸ ਸਰਕਾਰ ਉੱਪਰ ਹੈ। ਛੋਟੀਆਂ-ਛੋਟੀਆਂ ਗੱਲਾਂ ’ਤੇ ਸਰਕਾਰ ਦਾ ਅਸਤੀਫ਼ਾ ਮੰਗ ਰਹੀ ਹੈ। ਇਸ ਵਕਤ ਸੱਤਾ ਤੋਂ ਬਿਨਾਂ ਉਸ ਦਾ ਜਿਊਣਾ ਮਹਾਲ ਹੋ ਗਿਆ ਹੈ। ਉਹ ਇਸ ਕਰਕੇ ਵੀ ਦੁਖੀ ਹੈ ਕਿ ਊਠ ਦਾ ਬੁੱਲ੍ਹ ਡਿਗਣ ਨੂੰ ਕਰਦਾ ਹੈ, ਪਰ ਡਿਗਦਾ ਕਿਉਂ ਨਹੀਂ ਹੈ?
ਦੂਜੇ ਪਾਸੇ ਸ਼ਰਦ ਪਵਾਰ ਦੀ ਗੱਲ ਵਿੱਚ ਕਾਫ਼ੀ ਵਜ਼ਨ ਹੈ ਕਿ ਸਰਕਾਰ ਨੇ ਅਤੇ ਇਸਦੇ ਨੁਮਾਇੰਦਿਆਂ ਨੇ ਬਿਨਾਂ ਵਜ੍ਹਾ ਹੀ ਕੰਗਨਾ ਨੂੰ ਭੂਹੇ ਚੜ੍ਹਾ ਦਿੱਤਾ ਹੈ। ਲੋੜ ਤੋਂ ਜ਼ਿਆਦਾ ਅਹਿਮੀਅਤ ਦਿੱਤੀ ਗਈ ਹੈ। ਜੋ ਹੋਇਆ ਹੈ, ਉਹ ਨਹੀਂ ਸੀ ਹੋਣਾ ਚਾਹੀਦਾ। ਬੋਲਣ ਤੋਂ ਪਹਿਲਾਂ ਉਸ ਦਾ ਅਤੇ ਆਪਣੇ ਕੱਦ ਦਾ ਖਿਆਲ ਕਰਨਾ ਚਾਹੀਦਾ ਸੀ। ਇਸ ਵਕਤ ਕੰਗਨਾ ਦਾ ਤਾਂ ਉਹ ਹਾਲ ਹੈ ਕਿ ਚੁੱਕੀ ਹੋਈ ਲੰਬੜਾਂ ਦੀ, ਥਾਣੇਦਾਰ ਦੇ ਬਰਾਬਰ ਬੋਲੇ। ਇਸ ਵਕਤ ਕੰਗਨਾ ਨੇ ਆਪਣਾ ਭਵਿੱਖ ਪੂਰੀ ਤਰ੍ਹਾਂ ਬੀ ਜੇ ਪੀ ਨਾਲ ਜੋੜ ਲਿਆ ਹੈ। ਇਸ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਉਹ ਭਾਜਪਾ ਦੀ ਟਿਕਟ ’ਤੇ ਚੋਣ ਲੜੇ।
ਉਪਰੋਕਤ ਘਟਨਾ ਦੇ ਸੰਬੰਧ ਵਿੱਚ ਤਾਂ ਇਹੀ ਆਖਿਆ ਜਾ ਸਕਦਾ ਹੈ ਕਿ ਜੇਕਰ ਕੰਗਨਾ ਦਾ ਨਜਾਇਜ਼ ਕਬਜ਼ਾ ਹਟਾਉਣਾ ਹੀ ਸੀ ਤਾਂ ਉਸ ਦੇ ਆਉਣ ਦਾ ਇੰਤਜ਼ਾਰ ਕਰਨਾ ਚਾਹੀਦਾ ਸੀ, ਕਿਉਂਕਿ ਉਸ ਨੇ ਆਉਣ ਬਾਰੇ ਮੀਡੀਏ ਵਿੱਚ ਕਹਿ ਦਿੱਤਾ ਸੀ ਕਿ ਮੈਂ ਮੁੰਬਈ ਆ ਰਹੀ ਹਾਂ। ਜੇਕਰ ਕੋਈ ਰੋਕ ਸਕੇ ਤਾਂ ਰੋਕ ਲਵੇ। ਅਜਿਹੀ ਸਥਿਤੀ ਵਿੱਚ ਉਸ ਦਾ ਇੰਤਜ਼ਾਰ ਕਰਨਾ ਬਣਦਾ ਸੀ। ਇੰਤਜ਼ਾਰ ਨਾ ਕਰਕੇ ਬੀ ਐੱਮ ਸੀ ਤੇ ਸਰਕਾਰ ਨੇ ਨਮੋਸ਼ੀ ਹੀ ਖੱਟੀ ਹੈ, ਕੋਈ ਵਾਹ-ਵਾਹ ਨਹੀਂ ਖੱਟੀ। ਦੂਜਾ, ਜਦ ਬਾਕੀ ਨਜਾਇਜ਼ ਕਬਜ਼ੇ ਵਾਲੇ ਨੂੰ ਹਫ਼ਤੇ ਦਾ ਨੋਟਿਸ ਦਿੱਤਾ ਸੀ ਤਾਂ ਫਿਰ ਕੰਗਨਾ ਕੇਸ ਵਿੱਚ ਕਿਉਂ ਨਹੀਂ? ਹੁਣ ਸਰਕਾਰ ਨੂੰ ਆਪਣੀ ਸਫ਼ਾਈ ਵਿੱਚ ਬਾਕੀ ਕੇਸਾਂ ਬਾਰੇ ਵੀ ਆਪਣੀ ਪੁਜ਼ੀਸ਼ਨ ਸਾਫ਼ ਕਰਨੀ ਹੋਵੇਗੀ। ਬਾਕੀ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਜਿਵੇਂ ਕੰਗਨਾ ਕੇਸ ਵਿੱਚ ਹਾਈਕੋਰਟ ਅਤੇ ਪ੍ਰਦੇਸ਼ ਦੇ ਗਵਰਨਰ ਨੇ ਫੁਰਤੀ ਦਿਖਾਈ ਹੈ, ਉਵੇਂ ਹੀ ਆਉਣ ਵਾਲੇ ਸਮੇਂ ਵਿੱਚ ਜੇਕਰ ਗਰੀਬਾਂ ਦੇ ਕੇਸਾਂ ਵਿੱਚ ਵੀ ਹੋਵੇਗਾ ਤਾਂ ਫਿਰ ਸਮਝਿਆ ਜਾਵੇਗਾ ਕਿ ਵਾਕਿਆ ਹੀ ਇਨਸਾਫ਼ ਨੇ ਆਪ ਚੱਲ ਕੇ ਤੁਹਾਡੇ ਬੂਹਿਆਂ ’ਤੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਪਰ ਅਜਿਹਾ ਹੋਣਾ ਅਜੇ ਕੋਹਾਂ ਦੂਰ ਦੀ ਗੱਲ ਹੈ, ਕਿਉਂਕਿ ਨਾ ਹਰ ਕੋਈ ਕੰਗਨਾ ਹੈ, ਨਾ ਹਿਮਾਚਲ ਦੀ ਧੀ ਹੈ, ਨਾ ਹੀ ਦੇਸ਼ ਦੇ ਗ੍ਰਹਿ ਮੰਤਰੀ ਦਾ ਵਿਸ਼ਵਾਸ ਪਾਤਰ। ਕਾਨੂੰਨ ਤਾਂ ਇੱਕ ਮੋਮ ਦੇ ਨੱਕ ਦੀ ਤਰ੍ਹਾਂ ਹੁੰਦਾ ਹੈ। ਜੋਰਾਵਰ ਆਪਣੇ ਜ਼ੋਰ ਨਾਲ, ਆਪਣੇ ਰਸੂਖ ਨਾਲ ਮੋਮ ਦੇ ਨੱਕ ਨੂੰ ਆਪਣੀ ਮਰਜ਼ੀ ਮੁਤਾਬਕ ਘੁਮਾ ਲੈਂਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2336)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)