“ਕਰੋਨਾ ਦੇ ਪਹਿਲੇ ਅਤੇ ਦੂਜੇ ਕਹਿਰ ਦੌਰਾਨ ਇਸ ਸਾਧ ਨੇ ਬੜੀ ਹੁਸ਼ਿਆਰੀ ਨਾਲ ਕੁਝ ...”
(30 ਮਈ 2021)
ਇੱਕ ਅਜਿਹਾ ਸਾਧ ਜੋ ਆਪਣੇ-ਆਪ ਨੂੰ ਸਵਾਮੀ, ਯੋਗ ਗੁਰੂ ਆਦਿ ਕਹਾ ਕੇ ਵੱਧ ਖੁਸ਼ ਹੁੰਦਾ ਹੈ; ਜੋ ਅੱਜਕੱਲ੍ਹ ਅਰਬਾਂ ਰੁਪਏ ਦਾ ਮਾਲਕ ਬਣਿਆ ਹੋਇਆ ਹੈ; ਜੋ ਆਪਣੀ ਸਾਧ ਸੰਗਤ ਵਾਲਾ ਵੋਟ ਬੈਂਕ ਨੂੰ ਮੌਜੂਦਾ ਸਰਕਾਰ ਪਿੱਛੇ ਚੋਣਾਂ ਦੌਰਾਨ ਝੋਕ ਦਿੰਦਾ ਹੈ; ਜੋ ਲੋੜ ਪੈਣ ’ਤੇ ਸਲਵਾਰ ਪਾ ਕੇ ਗਿਰਗਟ ਵਾਂਗ ਆਪਣਾ ਭੇਸ ਬਦਲ ਲੈਂਦਾ ਹੈ; ਜਿਸ ਨੂੰ ਬਹੁਤੀਆਂ ਸੂਬਾ ਸਰਕਾਰਾਂ ਅਤੇ ਸੈਂਟਰ ਸਰਕਾਰ ਸਮੇਂ-ਸਮੇਂ ਸਿਰ ਹਰ ਸੂਬੇ ਵਿੱਚ ਪਲਾਟ ਆਦਿ ਦੇ ਕੇ ਹਰ ਪ੍ਰਕਾਰ ਦੀ ਮਦਦ ਕਰ ਕੇ ਉਸ ਦੇ ਸਾਮਰਾਜ ਨੂੰ ਵਧਾਉਣ ਵਿੱਚ ਲਗਾਤਾਰ ਮਦਦ ਕਰ ਰਹੀਆਂ ਹਨ; ਰਿਪੋਰਟਾਂ ਮੁਤਾਬਕ ਅੱਜਕੱਲ੍ਹ ਉਸ ਦੀ ਆਮਦਨ ਅਤੇ ਮੁਨਾਫ਼ੇ ਦਾ ਗਰਾਫ ਕਾਫ਼ੀ ਗਿਰ ਚੁੱਕਾ ਹੈ। ਇਸ ਕਰਕੇ ਉਹ ਅੱਜਕੱਲ ਤਰਲੋ-ਮੱਛੀ ਹੋ ਰਿਹਾ ਹੈ। ਉਹ ਯੂਪੀ ਸਰਕਾਰ ਵਾਂਗ ਨਿਰਾਸ਼ਾ ਦੇ ਆਲਮ ਵਿੱਚ ਹੈ; ਇਸ ਕਰਕੇ ਉਹ ਆਪਣੀ ਪੁਰਾਣੀ ਆਦਤ ਮੁਤਾਬਕ ਵਿਵਾਦਤ ਬਿਆਨ ਦੇ ਰਿਹਾ ਹੈ।
ਕਰੋਨਾ ਦੇ ਪਹਿਲੇ ਅਤੇ ਦੂਜੇ ਕਹਿਰ ਦੌਰਾਨ ਇਸ ਸਾਧ ਨੇ ਬੜੀ ਹੁਸ਼ਿਆਰੀ ਨਾਲ ਕੁਝ ਭਾਜਪਾ ਨੇਤਾਵਾਂ ਨੂੰ ਨਾਲ ਜੋੜ ਕੇ ਕਰੋਨਾ ਲਈ ਆਯੁਰਵੈਦਿਕ ਦਵਾਈ ਬਣਾਉਣ ਦਾ ਦਾਅਵਾ ਕੀਤਾ। ਇਨ੍ਹਾਂ ਦਾਅਵਿਆਂ ਦੀ ਫੂਕ ਨਾਲੋ-ਨਾਲ ਨਿਕਲ ਗਈ, ਜਿਸ ਕਰਕੇ ਇਸ ਸਾਧ-ਸਵਾਮੀ ਨੂੰ ਆਪਣੇ ਸ਼ਰਧਾਲੂਆਂ ਵਿੱਚ ਨਮੋਸ਼ੀ ਝੱਲਣੀ ਪਈ। ਨਮੋਸ਼ੀ ਤਾਂ ਉਸ ਨੂੰ ਬਾਲਕ੍ਰਿਸ਼ਨ ਨੂੰ ਹਾਰਟ ਅਟੈਕ ਦਾ ਦੌਰਾ ਪੈਣ ਸਮੇਂ ਏਮਜ਼ ਵਿੱਚ ਭਰਤੀ ਕਰਾਉਣ ਸਮੇਂ ਵੀ ਹੋਈ। ਜ਼ਖ਼ਮੀ ਠੂਹੇ ਵਾਂਗ ਉਹ ਵਿਸ ਘੋਲਦਾ ਰਿਹਾ। ਹਾਲਾਤ ਨੂੰ ਭਾਂਪਦਿਆਂ ਹੋਇਆਂ ਫਿਰ ਸੈਂਟਰ ਸਰਕਾਰ ਦੇ ਸਿਹਤ ਮੰਤਰੀ ਨੂੰ ਹੱਥਾਂ ਵਿੱਚ ਲੈ ਕੇ ਦੁਬਾਰਾ ਦਵਾਈ ਬਣਾਉਣ ਦਾ ਐਲਾਨ ਕਰ ਦਿੱਤਾ, ਜਿਸਦਾ ਆਈ ਐੱਮ ਏ (ਇੰਡੀਅਨ ਮੈਡੀਕਲ ਐਸੋਸੀਏਸ਼ਨ) ਨੇ ਗੰਭੀਰ ਨੋਟਿਸ ਲਿਆ। ਮੌਜੂਦਾ ਸਿਹਤ ਮੰਤਰੀ, ਦਿੱਲੀ ਵਿੱਚ ਪ੍ਰੈਕਟਿਸ ਕਰਦਾ-ਕਰਦਾ ਸਿਆਸਤ ਵਿੱਚ ਆ ਕੇ ਦਿੱਲੀ ਦਾ ਮੁੱਖ ਮੰਤਰੀ ਬਣਨ ਦਾ ਭਰਮ ਪਾਲ ਬੈਠਾ। ਉਸਦੇ ਭਰਮ ਨੂੰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਚਕਨਾਚੂਰ ਕਰ ਦਿੱਤਾ। ਹੁਣ ਉਹ ਸਿਹਤ ਮੰਤਰੀ ਵੀ ਸਾਧ-ਸਵਾਮੀ ਦੇ ਮੌਜੂਦਾ ਦਿੱਤੇ ਬਿਆਨ ਤੋਂ ਕਾਫ਼ੀ ਨਰਾਜ਼ ਦਿਸ ਰਿਹਾ ਹੈ, ਪਰ ਕਾਰਵਾਈ ਕਰਨ ਵਿੱਚ ਨਿਪੁੰਸਕ ਸਾਬਤ ਹੋਇਆ ਹੈ। ਉਸਦਾ ਡਾਕਟਰੀ ਲਸੰਸ ਸਸਪੈਂਡ ਕਰਨ ਦੀ ਵੀ ਮੰਗ ਉੱਠੀ ਹੈ।
ਸਾਧ-ਸਵਾਮੀ ਦਾ ਤਾਜ਼ਾ ਬਿਆਨ ਐਲੋਪੈਥੀ ਦਵਾਈਆਂ ਅਤੇ ਕਰੋਨਾ ਨਾਲ ਲੜ ਰਹੇ ਅਤੇ ਅਮਰ ਹੋ ਰਹੇ ਡਾਕਟਰਾਂ ਖ਼ਿਲਾਫ਼ ਆਇਆ ਹੈ। ਇਸਦਾ ਆਈ ਐੱਮ ਏ ਨੇ ਗੰਭੀਰ ਨੋਟਿਸ ਲੈਂਦਿਆਂ ਸਾਧ ਖ਼ਿਲਾਫ਼ ਇੱਕ ਲੱਖ ਕਰੋੜ ਰੁਪਏ ਦਾ ਨੋਟਿਸ ਦਿੱਤਾ ਹੈ। ਸਭ ਤੋਂ ਪਹਿਲਾਂ ਆਈ ਐੱਮ ਏ ਦੇ ਵਾਈਸ ਪ੍ਰੈਜ਼ੀਡੈਂਟ ਡਾ. ਨਵਜੋਤ ਸਿੰਘ ਦਾਹੀਆ ਨੇ, ਜੋ ਜਲੰਧਰ ਨਾਲ ਸੰਬੰਧਤ ਹੈ, ਇਸ ਬਾਬਤ ਗੰਭੀਰ ਨੋਟਿਸ ਲੈਂਦਿਆਂ ਆਪ ਆਵਾਜ਼ ਬੁਲੰਦ ਕੀਤੀ। ਉਸ ਖ਼ਿਲਾਫ਼ ਦੇਸ਼ ਧ੍ਰੋਹੀ ਕੇਸ ਦਰਜ ਕਰਨ ਲਈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਗਈ ਹੈ। ਇਸ ਬਾਰੇ ਪ੍ਰਧਾਨ ਮੰਤਰੀ ਨੇ ਅਜੇ ਤਕ ਆਪਣਾ ਮੂੰਹ ਨਹੀਂ ਖੋਲ੍ਹਿਆ। ਇਸ ਅਖੌਤੀ ਸਾਧ-ਸਵਾਮੀ ਖ਼ਿਲਾਫ਼ ਦਿੱਲੀ ਵਿੱਚ ਪਰਚਾ ਵੀ ਦਰਜ ਕਰਵਾ ਦਿੱਤਾ ਹੈ। ਪਰ ਫਿਰ ਵੀ ਵਪਾਰੀ ਸਾਧ ਨਿਧੜਕ ਹੋ ਕੇ ਆਖ ਰਿਹਾ ਹੈ, “ਕਿਸੇ ਕੇ ਬਾਪ ਕੀ ਔਕਾਤ ਨਹੀਂ ਜੋ ਹਮੇਂ ਗ੍ਰਿਫਤਾਰ ਕਰਾਏ।’ ਇਸ ਲਈ ਸਭ ਦੇਸ਼ ਸਨੇਹੀਆਂ ਨੂੰ ਇਸ ਬਿਆਨ ਖ਼ਿਲਾਫ਼ ਵੱਧ ਤੋਂ ਵੱਧ ਅਵਾਜ਼ ਚੁੱਕਣੀ ਚਾਹੀਦੀ ਹੈ। ਘਮੰਡੀ ਦਾ ਘਮੰਡ ਟੁੱਟਣਾ ਚਾਹੀਦਾ ਹੈ।
ਦਿੱਲੀ ਦੇ ਮੁੱਖ ਮੰਤਰੀ ਮੁਤਾਬਕ ਉਸ ਨੇ ਕਰੋਨਾ ਦੀ ਤੀਜੀ ਲਹਿਰ ਖ਼ਿਲਾਫ਼ ਅਗਾਊਂ ਇੰਤਜ਼ਾਮ ਕਰ ਲਏ ਹਨ। ਅਗਰ ਇਹ ਹਕੀਕਤ ਹੈ ਤਾਂ ਫਿਰ ਇਹ ਇੱਕ ਚੰਗਾ ਅਤੇ ਸਵਾਗਤਯੋਗ ਉੱਦਮ ਹੈ। ਕਰੋਨਾ ਤੋਂ ਇਲਾਵਾ, ਕਰੋਨਾ ਕਾਰਨ ਇੱਕ ਹੋਰ ਗੰਭੀਰ ਬਿਮਾਰੀ ਨੇ ਜਨਮ ਲੈ ਲਿਆ ਹੈ, ਜਿਸ ਨੂੰ ਫੰਗਸ ਦਾ ਰੋਗ ਆਖਦੇ ਹਨ। ਇਹ ਰੋਗ ਪਹਿਲਾਂ ਬਲੈਕ ਫੰਗਸ ਨਾਲ ਜਾਣਿਆ ਗਿਆ, ਹੁਣ ਇਸਦੇ ਵੀ ਤਿਰੰਗੇ ਵਾਂਗ ਤਿੰਨ ਰੰਗ ਹੋ ਗਏ ਹਨ, ਜਿਵੇਂ ਬਲੈਕ ਫੰਗਸ, ਵਾਈਟ ਫੰਗਸ ਅਤੇ ਯੈਲੋ ਫੰਗਸ। ਇਸ ਫੰਗਸ ਬਿਮਾਰੀ ਨੇ ਦੇਸ਼ ਵਿੱਚ ਆਪਣੀ ਦਸਤਕ ਦੇ ਦਿੱਤੀ ਹੈ। ਸੈਕੜਿਆਂ ਵਿੱਚ ਸੂਬਿਆਂ ਪਾਸ ਕੇਸ ਹੋ ਰਹੇ ਹਨ, ਪਰ ਦਿੱਲੀ ਵਿੱਚ ਅਜਿਹੇ ਕੇਸਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੋਣ ਕਰਕੇ ਦਿੱਲੀ ਰਾਜ ਨੇ ਇਸ ਨੂੰ ਦਿੱਲੀ ਵਿੱਚ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਹੈ। ਜਾਨਣ ਵਾਲੀ ਗੱਲ ਇਹ ਹੈ ਕਿ ਸਾਡੇ ਪਾਸ ਇਸ ਬਿਮਾਰੀ ਨਾਲ ਨਜਿੱਠਣ ਲਈ ਪੂਰੀ ਦਵਾਈ ਨਹੀਂ ਹੈ। ਸ਼ਾਇਦ ਇਸ ਕਰਕੇ ਹੀ ਪ੍ਰਧਾਨ ਮੰਤਰੀ ਨੇ ਇੱਕ ਸਖ਼ਤ ਬਿਆਨ ਦਿੱਤਾ ਹੈ ਕਿ ਇਸ ਬੀਮਾਰੀ ਦੀ ਦਵਾਈ ਜਿਸ ਦੇਸ਼ ਵਿੱਚੋਂ ਜਿਸ ਮਰਜ਼ੀ ਰੇਟ ’ਤੇ ਮਿਲੇ, ਫੌਰਨ ਪ੍ਰਬੰਧ ਕਰਕੇ ਛੇਤੀ ਤੋਂ ਛੇਤੀ ਮਰੀਜ਼ਾਂ ਦਾ ਇਲਾਜ ਕੀਤਾ ਜਾਵੇ। ਪ੍ਰਧਾਨ ਮੰਤਰੀ ਦਾ ਇਹ ਬਿਆਨ ਕਾਫ਼ੀ ਸਿਹਤਮੰਦ ਹੋਣ ਕਰਕੇ ਸ਼ਲਾਘਾ ਦਾ ਪਾਤਰ ਹੈ।
ਪਿਛਲੇ ਹਫ਼ਤੇ ਵਾਂਗ ਇਹ ਬੀਤਿਆ ਹਫ਼ਤਾ ਵੀ ਯੂ ਪੀ ਰਾਜ ਅਤੇ ਯੂ ਪੀ ਸਰਕਾਰ ਦੇ ਨਾਂਅ ਰਿਹਾ। ਯੋਗੀ ਅਤੇ ਭਗਵੇਂ ਭੇਸ ਵਿੱਚ ਵੀ ਯੂ ਪੀ ਦਾ ਮੁਖੀਆ ਜਿਸ ਕਰੋਧ ਵਿੱਚ ਸਰਕਾਰ ਚਲਾ ਕੇ ਡਰ ਦਾ ਮਾਹੌਲ ਬਣਾਈ ਬੈਠਾ ਹੈ, ਸ਼ਾਇਦ ਇਸੇ ਕਰਕੇ ਹੀ ਉੱਥੇ ਦੇ ਡਾਕਟਰ ਘਬਰਾਹਟ ਵਿੱਚ ਹੀ ਜਨਤਾ ਨੂੰ ਦੋ ਅਲੱਗ-ਅਲੱਗ ਟੀਕੇ ਲਗਾ ਰਹੇ ਹਨ। ਇੱਕ ਟੀਕਾ ਹੋਰ ਕੰਪਨੀ ਦਾ, ਦੂਜਾ ਟੀਕਾ ਹੋਰ ਕੰਪਨੀ ਦਾ, ਜਿਸ ਦੀ ਹੁਣ ਜਾਂਚ ਹੋ ਰਹੀ ਹੈ। ਲਗਭਗ ਵੀਹ ਬੰਦਿਆਂ, ਜਿਨ੍ਹਾਂ ਨਾਲ ਇਹ ਸਭ ਕੁਝ ਹੋਇਆ ਹੈ, ਉਨ੍ਹਾਂ ਦੀ ਜ਼ਿੰਦਗੀ ਹਾਲ ਦੀ ਘੜੀ ਖਤਰੇ ਵਿੱਚ ਪਈ ਹੈ। ਕਿਸੇ ਹੋਰ ਕੇਸ ਵਿੱਚ ਇੱਕ ਏ ਐੱਨ ਐੱਮ ਟੀਕਾ ਲਾਉਂਦੀ-ਲਾਉਂਦੀ ਫੋਨ ਸੁਣ ਰਹੀ ਹੈ। ਟੀਕਾ ਲਾਉਣ ਤੋਂ ਬਾਅਦ ਔਰਤ ਮਰੀਜ਼ ਨੂੰ ਉਹ ਜਾਣ ਨੂੰ ਨਹੀਂ ਕਹਿੰਦੀ, ਬੈਠੀ ਬੈਠੀ ’ਤੇ ਦੂਜਾ ਟੀਕਾ ਲਾ ਦਿੰਦੀ ਹੈ। ਜਦ ਮਰੀਜ਼ ਔਰਤ ਇਕੱਠੇ ਦੋ ਟੀਕੇ ਲਾਉਣ ਬਾਬਤ ਪੁੱਛਦੀ ਹੈ ਤਾਂ ਜਾ ਕੇ ਉਸ ਏ ਐੱਨ ਐੱਮ ਨੂੰ ਆਪਣੀ ਗਲਤੀ ਦਾ ਇਹਸਾਸ ਹੁੰਦਾ ਹੈ। ਯੂ ਪੀ ਵਿੱਚ ਬਿਮਾਰੀ ਅਤੇ ਟੀਕਿਆਂ ਸੰਬੰਧੀ ਘੱਟ ਜਾਣਕਾਰੀ ਹੋਣ ਕਾਰਨ ਲੋਕ ਸਿਹਤ ਟੀਮਾਂ ਨੂੰ ਦੇਖਦਿਆਂ ਹੀ ਆਸੇ-ਪਾਸੇ ਹੋ ਜਾਂਦੇ ਹਨ। ਉਨ੍ਹਾਂ ਵਿੱਚ ਡਰ ਹੈ। ਇਹ ਡਰ ਮੌਜੂਦਾ ਸਰਕਾਰ ਨੇ ਆਪਣੇ ਸਾਧਨਾਂ ਰਾਹੀਂ ਪ੍ਰਚਾਰ ਕਰਕੇ ਦੂਰ ਕਰਨਾ ਹੁੰਦਾ ਹੈ, ਜਿਸ ਵਿੱਚ ਯੂ ਪੀ ਸਰਕਾਰ ਦੀ ਨਕਾਮੀ ਝਲਕਦੀ ਹੈ। ਜਿੱਥੇ ਕਰੋਨਾ ਦੇ ਬਚਾ ਖਾਤਰ ਇਨਸਾਨਾਂ ਨੂੰ ਕੁੱਤਿਆਂ ਦੇ ਟੀਕੇ ਠੋਕ ਦਿੱਤੇ ਜਾਣ, ਉੱਥੇ ਬਾਕੀ ਕਹਿਣ ਨੂੰ ਕੀ ਬਚਦਾ ਹੈ? ਸਮਝ ਨਹੀਂ ਆ ਰਹੀ ਕਿ ਢਾਈ ਕਰੋੜ ਦੀ ਮੈਂਬਰਸ਼ਿੱਪ ਵਾਲੀ ਪਾਰਟੀ ਦਾ ਇਸ ਮਹਾਂਮਾਰੀ ਦੌਰਾਨ ਕੀ ਰੋਲ ਹੈ ਅਤੇ ਕੀ ਕਰ ਰਹੀ ਹੈ?
ਸੰਸਾਰ ਭਰ ਦੇ ਮੀਡੀਏ ਨੇ ਕਰੋਨਾ ਮਹਾਂਮਾਰੀ ਦੌਰਾਨ ਜੋ ਅੰਕੜੇ ਪੇਸ਼ ਕੀਤੇ ਹਨ, ਉਨ੍ਹਾਂ ਨੂੰ ਸਰਕਾਰ ਮੰਨ ਨਹੀਂ ਰਹੀ। ਜੇਕਰ ਉਨ੍ਹਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਜਿਹੜੀ ਸਾਡੀ ਗਿਣਤੀ ਤਿੰਨ ਲੱਖ ਤਕ ਮਸੀਂ ਪਹੁੰਚਦੀ ਹੈ, ਉੱਥੇ ਵਿਦੇਸ਼ੀ ਮੀਡੀਆ ਨੌਂ ਲੱਖ ਤੋਂ ਬਤਾਲੀ ਲੱਖ ਤਕ ਜਾਂਦਾ ਹੈ। ਇਹ ਅੰਕੜੇ ਦੱਸਣ ਵਾਲੇ ਸਭ ਭਾਰਤ ਦੇ ਮਿੱਤਰ ਦੇਸ਼ ਹੀ ਹਨ। ਜਿਨ੍ਹਾਂ ਲਾਸ਼ਾਂ ਨੂੰ ਸਰਕਾਰ ਨੇ ਦੇਸ਼ ਤੋਂ ਲੁਕਾਇਆ, ਉਨ੍ਹਾਂ ਲਾਸ਼ਾਂ ਦੀ ਨਿਸ਼ਾਨਦੇਹੀ ਕੁੱਤਿਆਂ, ਕਾਵਾਂ ਅਤੇ ਅਸਮਾਨ ਵਿੱਚ ਉਡਦੀਆਂ ਇੱਲਾਂ-ਗਿਰਝਾਂ ਨੇ ਕਰਵਾ ਦਿੱਤੀ ਹੈ। ਡੁੱਬੀਆਂ ਹੋਈਆਂ ਲਾਸ਼ਾਂ ਨੇ ਆਪ ਗੰਗਾ-ਜਮਨਾ ਵਿੱਚ ਤੈਰ ਕੇ ਸਰਕਾਰਾਂ ਦਾ ਜਲੂਸ ਕਰ ਦਿੱਤਾ। ਮਰਨ ਵਾਲਿਆਂ ਦੀ ਸਹੀ ਗਿਣਤੀ ਬਾਰੇ ਰਹਿੰਦੀ ਕਸਰ ਆਉਣ ਵਾਲੀਆਂ ਚੋਣਾਂ ਦੌਰਾਨ ਅੰਕੜਿਆਂ ਤੋਂ, ਜਨ ਸੰਖਿਆ ਜਨ ਗਨਣਾ ਦੀ ਗਿਣਤੀ ਸਮੇਂ ਲੱਗ ਜਾਵੇਗੀ। ਉਂਝ ਸਰਕਾਰ ਅੰਦਰੋਂ-ਅੰਦਰੀ ਸਭ ਕੁਝ ਮੰਨ ਚੁੱਕੀ ਹੈ, ਇਸ ਕਰਕੇ ਜਿਸ ਸਰਕਾਰ ਨੇ 26 ਮਈ 2021 ਨੂੰ ਆਪਣੀ ਸਰਕਾਰ ਦੇ ਸੱਤ ਸਾਲ ਪੂਰੇ ਕੀਤੇ, ਜਸ਼ਨ ਨਾ ਮਨਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਹੀ ਹੋਈਆਂ ਵੱਧ ਮੌਤਾਂ ਤੇ ਸਰਕਾਰ ਦੀ ਨਾਕਾਮੀ ਉੱਤੇ ਮੋਹਰ ਲਾਉਂਦਾ ਹੈ। ਅਗਰ ਅਜਿਹਾ ਨਹੀਂ ਤਾਂ ਫਿਰ ਰਾਹੁਲ ਗਾਂਧੀ ਦੇ ਵਧੱ ਮੌਤਾਂ ਵਾਲੇ ਬਿਆਨ ਨੂੰ ਚੈਲੰਜ ਸਮਝਦੇ ਹੋਏ ਸੱਚ ਦੀ ਤਹਿ ਤਕ ਜਾਣ ਲਈ ਨਿਰਪੱਖ ਇਨਕੁਆਰੀ ਕਿਉਂ ਨਹੀਂ ਕਰਾਉਣੀ ਚਾਹੀਦੀ?
ਕਰੋਨਾ ਕਾਲ ਦੌਰਾਨ ਜਿਨ੍ਹਾਂ ਵੀ ਮਰੀਜ਼ਾਂ ਦਾ ਇਲਾਜ ਹੋਇਆ ਹੈ, ਉਹ ਵਿਗਿਆਨਕ ਢੰਗ ਨਾਲ ਹੋਇਆ ਹੈ। ਜਿਹੜੇ ਇਸ ਜੰਗ ਦੌਰਾਨ ਅਲਵਿਦਾ ਆਖ ਗਏ, ਉਹ ਦਵਾਈਆਂ ਅਤੇ ਹੋਰ ਡਾਕਟਰੀ ਸਹੂਲਤਾਂ ਦੀ ਘਾਟ ਕਰਕੇ ਆਖ ਗਏ ਹਨ। ਪਰ ਭਾਜਪਾ ਦੇ ਇੱਕ ਵੱਡੇ ਨੇਤਾ ‘ਵਿਜਅ ਵਰਗੀਆ’ ਵਰਗੇ ਆਖ ਰਹੇ ਹਨ ਕਿ ਕਰੋਨਾ ਚੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣ ਲਈ ਬਣਾਇਆ, ਜਿਸ ਬਾਰੇ ਡਬਲਯੂ ਐੱਚ ਓ ਵੀ ਇਨਕਾਰ ਕਰ ਚੁੱਕਾ ਹੈ। ਅਜਿਹੇ ਬਿਆਨ ਸਿਰਫ਼ ਸਰਕਾਰ ਦੀ ਕਮਜ਼ੋਰੀ ਨੂੰ ਛੁਪਾਉਣ ਵਾਸਤੇ ਦਿੱਤੇ ਜਾ ਰਹੇ ਹਨ ਜਦ ਕਿ ਇਸ ਬਾਬਤ ਜਨਤਾ ਕਾਫ਼ੀ ਜਾਗਰੂਕ ਹੋ ਚੁੱਕੀ ਹੈ। ਸ਼ਾਇਦ ਅਜਿਹੇ ਘੱਟ ਅਕਲਮੰਦ ਲੀਡਰ ਇਹ ਨਹੀਂ ਜਾਣਦੇ ਕਿ ਭਾਰਤ ਵਰਸ਼ ਚੀਨ ਦੀਆਂ ਸਾਰੀਆਂ ਐਪਾਂ ਬੰਦ ਕਰਨ ਤੋਂ ਬਾਅਦ ਵੀ ਚੀਨ ਤੋਂ 6000 ਆਕਸੀਜਨ ਸਿਲੰਡਰ, ਬਾਕੀ ਸਾਮਾਨ ਤੋਂ ਇਲਾਵਾ ਦੋ ਕਰੋੜ ਚੀਨੀ ਮਾਸਕ ਵੀ ਬਤੌਰ ਮਦਦ ਲੈ ਚੁੱਕਾ ਹੈ।
ਅਖੀਰ ਵਿੱਚ ਮੈਂ ਸੁਧਾਰ ਸੰਬੰਧੀ ਇੱਕ ਸੁਝਾਅ ਦੇਣਾ ਚਾਹੁੰਦਾ ਹਾਂ, ਜਿਸ ’ਤੇ ਸਰਕਾਰ ਸ਼ਾਇਦ ਇੱਕ ਫ਼ੀਸਦੀ ਵੀ ਅਮਲ ਨਾ ਕਰੇ, ਉਹ ਇਹ ਹੈ ਕਿ ਜੇਕਰ ਅੰਧ ਭਗਤਾਂ ਨੂੰ ਬਿਮਾਰੀ ਸਮੇਂ ਹਸਪਤਾਲਾਂ ਵਿੱਚ ਜਗ੍ਹਾ ਨਾ ਦਿੱਤੀ ਜਾਵੇ, ਰਾਮਦੇਵ ਦੀ ਬਣਾਈ ਦਵਾਈ ਨਾਲ ਤੇ ਗਊ ਮੂਤਰ ਨਾਲ ਹੀ ਇਲਾਜ ਕੀਤਾ ਜਾਵੇ ਤਾਂ ਕਿ ਅੰਧ-ਭਗਤਾਂ ਦੀਆਂ ਬੰਦ ਅੱਖਾਂ ਖੁੱਲ੍ਹ ਸਕਣ ਅਤੇ ਇਸ ਤੋਂ ਇਲਾਵਾ ਸਭ ਪਾਰਟੀਆਂ ਦੇ ਰਾਜ ਨੇਤਾਵਾਂ ਨੂੰ ਉਨ੍ਹਾਂ ਦੇ ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ਵਿੱਚ ਹੀ ਇਲਾਜ ਕਰਾਉਣ ਲਈ ਮਜਬੂਰ ਕੀਤਾ ਜਾਵੇ ਤਾਂ ਜਾ ਕੇ ਹੀ ਸਰਕਾਰੀ ਹਸਪਤਾਲਾਂ ਦੀ ਜੂਨ ਸੁਧਰੇਗੀ, ਜਿਸਦਾ ਫਾਇਦਾ ਆਮ ਗਰੀਬ ਜਨਤਾ ਵੀ ਲੈ ਸਕੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2815)
(ਸਰੋਕਾਰ ਨਾਲ ਸੰਪਰਕ ਲਈ: