“ਆਉਣ ਵਾਲੀਆਂ ਪੰਜ ਰਾਜਾਂ ਦੀਆਂ ਚੋਣਾਂ ਨੇ ਆਪ-ਮੁਹਾਰੇ ਚੋਣਾਂ ਬਾਬਤ ਹਲਚਲ ਪੈਦਾ ਕਰ ਦਿੱਤੀ ਹੈ ...”
(10 ਅਗਸਤ 2021)
ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਕਿਸਾਨਾਂ ਪ੍ਰਤੀ ਬੇਰੁਖੀ ਅਤੇ ਖਾਸ ਕਰ ਮੌਜੂਦਾ ਭਾਜਪਾ ਸਰਕਾਰ ਦੀਆਂ ਕਿਸਾਨ ਵਿਰੋਧੀ ਪਾਲਿਸੀਆਂ ਕਰਕੇ ਕਿਸਾਨ ਦੁਖੀ ਹੋ ਕੇ ਖੁਦਕੁਸ਼ੀਆਂ ਦੇ ਰਾਹ ਪਿਆ, ਜਿਸ ਕਰਕੇ ਤਕਰੀਬਨ ਹਰ ਸਾਲ ਦੁਖੀ ਕਿਸਾਨ ਬਾਰਾਂ ਹਜ਼ਾਰ ਦੇ ਕਰੀਬ ਤਰ੍ਹਾਂ-ਤਰ੍ਹਾਂ ਦੇ ਭਿਆਨਕ ਤਰੀਕਿਆਂ ਨਾਲ ਖੁਦਕੁਸ਼ੀ ਕਰ ਰਿਹਾ ਹੈ। ਪਰ ਸੂਬਾ ਸਰਕਾਰਾਂ ਅਤੇ ਖਾਸ ਕਰਕੇ ਦਿੱਲੀ ਦੀ ਕੇਂਦਰੀ ਸਰਕਾਰ ਉੱਤੇ ਇਸਦਾ ਕੋਈ ਅਸਰ ਨਾ ਹੁੰਦਾ ਦੇਖ ਕੇ ਜੋ ਕਿਸਾਨ ਸਮੇਂ-ਸਮੇਂ ਸਿਰ ਆਪਣੀ ਲੜਾਈ ਦੇ ਰਿਹਾ ਸੀ, ਉਸਦੇ ਸਿੱਟੇ ਆਸ ਮੁਤਾਬਕ ਨਹੀਂ ਨਿਕਲਦੇ ਸਨ। ਫਿਰ ਅਚਾਨਕ 2020 ਵਿੱਚ ਕਿਸਾਨਾਂ ਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣੀਆਂ ਸ਼ੁਰੂ ਹੋਈਆਂ। ਅੱਜ ਸਮੁੱਚੇ ਕਿਸਾਨ ਅੰਦੋਲਨ ਵਿੱਚ ਕੋਈ ਭਿੰਨ-ਭੇਦ ਨਹੀਂ ਦਿਸ ਰਿਹਾ। ਅਜੋਕੇ ਕਿਸਾਨ ਅੰਦੋਲਨ ਨੇ ਇਕੱਠੇ ਹੋ ਕੇ ਸਹੀ ਦਿਸ਼ਾ ਵੱਲ ਅਜਿਹਾ ਹੰਭਲਾ ਮਾਰਿਆ ਹੈ ਕਿ ਅੱਜ ਦੀ ਕੇਂਦਰੀ ਸਰਕਾਰ ਅੰਦਰੋਂ ਡਰੀ ਪਈ ਲਗਦੀ ਹੈ, ਪਰ ਫਿਰ ਵੀ ਕਿਸਾਨ ਵਿਰੋਧੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ।
ਪੰਜਾਬ ਤੋਂ ਸ਼ੁਰੂ ਹੋਏ ਮੌਜੂਦਾ ਅੰਦੋਲਨ ਨੇ ਹੌਲੀ-ਹੌਲੀ ਸਾਰੇ ਭਾਰਤ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਅੱਜ ਦੇ ਦਿਨ ਇਹ ਅੰਦੋਲਨ ਜੰਮੂ-ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਮਨੀਪੁਰ ਤੋਂ ਲੈ ਕੇ ਅਸਾਮ ਤੱਕ ਅਤੇ ਗੁਹਾਟੀ ਤੋਂ ਲੈ ਕੇ ਚੌਪਾਟੀ ਤੱਕ ਫੈਲ ਚੁੱਕਾ ਹੈ। ਹਾਲਤ ਇਹ ਬਣੀ ਹੋਈ ਹੈ ਕਿ ਜਿਹੜਾ ਸੂਬਾ, ਕਿਸਾਨ ਜਥੇਬੰਦੀ ਜਾਂ ਕੋਈ ਵੀ ਭਾਰਤੀ ਕਿਸਾਨ ਜੋ ਇਸ ਨਾਲ ਕਿਸੇ ਕਾਰਨ ਕਰਕੇ ਨਹੀਂ ਜੁੜ ਸਕਿਆ, ਉਹ ਆਪੋ-ਆਪਣੀ ਜਗ੍ਹਾ ਪਛਤਾ ਰਿਹਾ ਹੈ।
ਅਜੋਕਾ ਮਹਾਨ ਕਿਸਾਨ ਮੋਰਚਾ ਜਿਹੜੇ ਤਿੰਨ ਕਾਲੇ ਕਾਨੂੰਨਾਂ ਕਰਕੇ ਸ਼ੁਰੂ ਹੋਇਆ ਸੀ, ਉਹ ਕਾਲੇ ਕਾਨੂੰਨ ਕੀ-ਕੀ ਹਨ, ਕਿਵੇਂ ਕਿਸਾਨ ਵਿਰੋਧੀ ਹਨ, ਇਹ ਕਿਉਂ ਖ਼ਤਮ ਹੋਣੇ ਜ਼ਰੂਰੀ ਹਨ, ਇਨ੍ਹਾਂ ਬਾਬਤ ਸ਼ੁਰੂਆਤ ਵਿੱਚ ਆਮ ਜਨਤਾ ਇੰਨੀ ਸਿੱਖਿਅਤ ਨਹੀਂ ਸੀ, ਜਿੰਨੀ ਹੁਣ ਜਾਣੂ ਹੋ ਚੁੱਕੀ ਹੈ। ਹੁਣ ਬੱਚਾ-ਬੱਚਾ ਇਸ ਤੋਂ ਵਾਕਿਫ਼ ਹੋ ਚੁੱਕਾ ਹੈ। ਇਸ ਅੰਦੋਲਨ ਨੇ ਜਿੰਨਾ ਗਿਆਨ ਕਿਸਾਨੀ ਸਮੱਸਿਆਵਾਂ ਬਾਰੇ ਵੰਡਿਆ ਹੈ, ਉਹ ਆਪਣੇ-ਆਪ ਵਿੱਚ ਇੱਕ ਮਿਸਾਲ ਹੈ। ਇਸ ਅੰਦੋਲਨ ਨੇ ਆਪਣੇ ਨਾਲ ਔਰਤ ਜਾਤੀ ਨੂੰ ਵੀ ਵੱਡੀ ਗਿਣਤੀ ਵਿੱਚ ਜੋੜਿਆ ਹੈ, ਇਹ ਵੀ ਆਪਣੇ-ਆਪ ਵਿੱਚ ਇੱਕ ਮਿਸਾਲ ਹੈ, ਜਿਸ ਨੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਨੌਂ ਮਾਰਚ ਨੂੰ ਆਪਣੇ ਕੀਤੇ ਇਕੱਠਾਂ ਰਾਹੀਂ ਦਰਸਾ ਦਿੱਤਾ ਸੀ। ਰਹਿੰਦੀ ਕਸਰ ਪਿਛਲੇ ਮਹੀਨੇ ਦਿੱਲੀ ਵਿੱਚ ਔਰਤਾਂ ਵੱਲੋਂ ਔਰਤਾਂ ਦੀ ਸੰਸਦ ਬਣਾ ਕੇ, ਉਸ ਨੂੰ ਯੋਗ ਤਰੀਕੇ ਨਾਲ ਚਲਾ ਕੇ, ਉਸਾਰੂ ਬਹਿਸਾਂ ਕਰਵਾ ਕੇ, ਕਿਸਾਨੀ ਮੰਗਾਂ ਦੇ ਹੱਲ ਕਰਨ ਦੇ ਤੌਰ-ਤਰੀਕਿਆਂ ਤੋਂ ਜਾਣੂ ਕਰਾ ਕੇ, ਅਸਲੀ ਪਾਰਲੀਮੈਂਟ ਮੈਂਬਰਾਂ ਨੂੰ ਮੂੰਹ ਵਿੱਚ ਉਂਗਲੀਆਂ ਪਾਉਣ ਲਈ ਮਜਬੂਰ ਕਰ ਦਿੱਤਾ।
ਇਸ ਅੰਦੋਲਨ ਸਦਕਾ ਜੋ ਪੰਜਾਬ ਵਿੱਚ ਆਪਸੀ ਭਾਈਚਾਰਾ ਪ੍ਰਫੁੱਲਤ ਹੋਇਆ ਹੈ, ਉਹ ਆਪਣੇ-ਆਪ ਵਿੱਚ ਇੱਕ ਤਰ੍ਹਾਂ ਦੀ ਅਨੋਖੀ ਮਿਸਾਲ ਕਾਇਮ ਹੋਈ ਹੈ। ਠੀਕ ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣੇ ਦੀਆਂ ਆਪਸੀ ਮੱਤਭੇਦਾਂ ਦੀਆਂ ਕਹਾਣੀਆਂ ਵੀ ਸਮੇਂ ਨਾਲ ਅਲੋਪ ਹੋ ਗਈਆਂ। ਜੋ ਪੰਜਾਬ ਦਾ ਛੋਟਾ ਭਰਾ ਹਰਿਆਣਾ ਨਵੇਂ ਸੂਬੇ ਦੀ ਆੜ ਵਿੱਚ ਅਲੱਗ ਹੋਇਆ ਸੀ, ਉਨ੍ਹਾਂ ਵਿਚਕਾਰ ਵੀ ਮੁੜ ਪਿਆਰ ਦੀਆਂ ਜੱਫੀਆਂ ਪੈ ਗਈਆਂ ਹਨ। ਕਿਸਾਨੀ ਦੀ ਇਸ ਸਾਂਝ ਨੇ ਅਜਿਹਾ ਆਪਸੀ ਪਿਆਰ ਦਾ ਇਤਿਹਾਸ ਰਚਿਆ ਹੈ ਕਿ ਸਭ ਹੈਰਾਨ ਹਨ।
ਅੱਜ ਤੱਕ ਇਸ ਸਫ਼ਲ ਅੰਦੋਲਨ ’ਤੇ ਦੁਨੀਆ ਦੇ ਸਭ ਦੇਸ਼ਾਂ ਦੀ ਨਿਗ੍ਹਾ ਟਿਕੀ ਹੋਈ ਹੈ। ਇਸਦੇ ਵੀ ਕਈ ਕਾਰਨ ਹਨ, ਕਿਉਂਕਿ ਅਜਿਹੇ ਕਿਸਾਨੀ ਅੰਦੋਲਨ ਅੱਜ ਤੋਂ ਪਹਿਲਾਂ ਦੁਨੀਆ ਦੇ ਬਾਕੀ ਦੇਸ਼ਾਂ ਵਿੱਚ ਚੱਲ ਚੁੱਕੇ ਹਨ। ਉਨ੍ਹਾਂ ਦੀ ਸਮਾਪਤੀ ਬਿਨਾਂ ਕਿਸੇ ਖਾਸ ਪ੍ਰਾਪਤੀ ਤੋਂ ਹੁੰਦੀ ਰਹੀ। ਉਹ ਭਾਵੇਂ ਯੂਰਪ ਦੇ ਦੇਸ਼ ਹੋਣ, ਕੈਨੇਡਾ ਹੋਵੇ ਜਾਂ ਦੁਨੀਆ ਦੀ ਮਹਾਂ-ਸ਼ਕਤੀ ਅਮਰੀਕਾ ਹੋਵੇ। ਸਭ ਥਾਂਈਂ ਉੱਥੇ ਦੀਆਂ ਸਰਕਾਰਾਂ ਨੇ ਸਖ਼ਤੀ ਨਾਲ ਦਬਾਅ ਦਿੱਤੇ। ਅੱਜ ਵੀ ਭਾਰਤ ਦੇ ਦੋ ਕੁ ਕਾਰਪੋਰੇਟ ਘਰਾਣੇ ਨਿਊਯਾਰਕ ਦੀਆਂ ਬਣਾਈਆਂ ਹੋਈਆਂ ਨੀਤੀਆਂ ਇੰਨ-ਬਿੰਨ ਭਾਰਤ ਵਿੱਚ ਲਾਗੂ ਕਰਨ ਲਈ ਉਤਾਵਲੇ ਹਨ, ਪਰ ਅੱਜ ਦਾ ਜਾਗਰੂਕ ਭਾਰਤੀ ਕਿਸਾਨ ਅਜਿਹਾ ਕਦੀ ਸਹਿਣ ਨਹੀਂ ਕਰੇਗਾ।
ਇਹ ਗੱਲ 1980 ਦੀ ਹੈ, ਜਦ ਅਮਰੀਕਾ ਦੇ ਕਿਸਾਨਾਂ ਨੇ ਆਪਣਾ ਅੰਦੋਲਨ ਬੜੀ ਮਜ਼ਬੂਤੀ ਨਾਲ ਚਲਾਇਆ। ਉਸੇ ਸਾਲ ਵਿੱਚ ਕਿਸਾਨਾਂ ਨੇ ਆਪੋ-ਆਪਣੇ ਟਰੈਕਟਰਾਂ ਨਾਲ ਸਾਰੇ ਦਾ ਸਾਰਾ ਵਾਸ਼ਿੰਗਟਨ ਟਰੈਕਟਰ ਖੜ੍ਹੇ ਕਰਕੇ ਭਰ ਦਿੱਤਾ ਸੀ। ਸਭ ਕੁਝ ਜਾਮ ਹੋ ਗਿਆ ਸੀ। ਪਰ ਦੂਜੇ ਦੇਸ਼ਾਂ ਦੇ ਅੰਦੋਲਨਾਂ ਵਾਂਗ ਅਮਰੀਕੀ ਕਿਸਾਨ ਵੀ ਅਖੀਰ ਹਾਸ਼ੀਏ ’ਤੇ ਚਲਾ ਗਿਆ। ਭਾਰਤ ਦੀ ਸਰਕਾਰ ਵੀ ਅਜਿਹੇ ਸਮੇਂ ਦੀ ਉਡੀਕ ਵਿੱਚ ਹੈ ਅਤੇ ਊਠ ਦਾ ਬੁੱਲ੍ਹ ਡਿਗਦਾ ਦੇਖਣਾ ਚਾਹੁੰਦੀ ਹੈ। ਪਰ ਅੱਜ ਦੀ ਭਾਰਤੀ ਕਿਸਾਨੀ ਦੀ ਅਜੋਕੀ ਸਿਆਣੀ ਲੀਡਰਸ਼ਿੱਪ ਅਜਿਹਾ ਹੋਣ ਨਹੀਂ ਦੇਵੇਗੀ। ਹੁਣ ਕਿਸਾਨੀ ਲੀਡਰਸ਼ਿੱਪ ਆਪਣੇ ਰੋਜ਼ਾਨਾ ਦੇ ਸਮੂਹਕ ਫੈਸਲਿਆਂ ਨਾਲ ਸਿਆਣੀ ਹੋ ਰਹੀ ਹੈ। ਜਿਸ ਦਿਨ ਤੋਂ ਅਜੋਕਾ ਸਾਰੀਆਂ ਜਥੇਬੰਦੀਆਂ ਦਾ ਸਾਂਝਾ ਅੰਦੋਲਨ ਹੋਂਦ ਵਿੱਚ ਆਇਆ ਹੈ, ਉਸ ਨੇ ਆਪਣੇ ਅੰਦੋਲਨ ਨੂੰ ਸਹੀ ਦਿਸ਼ਾ ਵਿੱਚ ਰੱਖਣ ਲਈ ਕਈ ਛਾਨਣੇ ਲਾਏ ਹਨ। ਜੋ ਤੱਤ, ਤੱਤੇ ਨਾਅਰੇ ਲਾ ਕੇ ਇਸਦਾ ਸਰੂਪ ਵਿਗਾੜਨਾ ਚਾਹੁੰਦੇ ਸਨ, ਸਣੇ ‘26 ਜਨਵਰੀ’ ਦੇ ਉਨ੍ਹਾਂ ਨੂੰ ਬਾਹਰ ਕੀਤਾ। ਜਿਵੇਂ ਸਿਆਣਾ ਜੱਟ ਆਪਣੀ ਗੁੜ ਦੀ ਪੱਤ ਨਿਖਾਰਦਾ ਹੈ, ਉਵੇਂ ਹੀ ਅਜੋਕੀ ਸਮੂਹਿਕ ਲੀਡਰਸ਼ਿੱਪ ਨੇ ਪੂਰੇ ਦੇ ਪੂਰੇ ਅੰਦੋਲਨ ਨੂੰ ਦਿਨੋ-ਦਿਨ ਨਿਖਾਰਿਆ ਹੈ। ਇਸ ਕਰਕੇ ਪੌਣੇ ਸਾਲ ਤੋਂ ਵੱਧ ਸਮਾਂ ਬੀਤਣ ਅਤੇ 600 ਦੇ ਕਰੀਬ ਸ਼ਹੀਦ ਹੋਣ ਦੇ ਬਾਵਜੂਦ ਅਜੋਕਾ ਅੰਦੋਲਨ ਸਹੀ ਦਿਸ਼ਾ ਵੱਲ ਵਧ ਰਿਹਾ ਹੈ। ਇਸੇ ਕਰਕੇ ਸਾਰੇ ਸੰਸਾਰ ਦੀ ਨਿਗ੍ਹਾ ਇਸ ’ਤੇ ਲੱਗੀ ਹੋਈ ਹੈ। ਇਸ ਅੰਦੋਲਨ ਦਾ ਨਿਸ਼ਚਾ ਹੈ ਕਿ ਪੁਰਅਮਨ ਰਹਿ ਕੇ ਮੈਂ ਆਪਣੀ ਜਿੱਤ ਨਿਸ਼ਚਿਤ ਕਰਾਂਗਾ। ਅਜੋਕੀ ਕਿਸਾਨ ਲੀਡਰਸ਼ਿੱਪ ਇਹ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਕਿ ਜਿੰਨਾ ਘੋਲ ਅਸੀਂ ਪੁਰਅਮਨ ਰਹਿ ਕੇ ਕਰਾਂਗੇ, ਉੰਨੀ ਹੀ ਸਾਡੀ ਜਿੱਤ ਯਕੀਨੀ ਹੋਵੇਗੀ। ਇਸ ਕਰਕੇ ਇਸ ਗੱਲ ਦਾ ਲਗਾਤਾਰ ਖਿਆਲ ਰੱਖਿਆ ਜਾ ਰਿਹਾ ਹੈ ਕਿ ਕੋਈ ਸ਼ਰਾਰਤੀ ਤੱਤ ਇਸ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼ ਨਾ ਕਰ ਸਕੇ।
ਅਜੋਕੀ ਸਮੂਹਿਕ ਕਿਸਾਨੀ ਲੀਡਰਸ਼ਿੱਪ ਨੇ ਜੋ ਜੰਗ ਦਾ ਐਲਾਨ ਕੀਤਾ ਹੋਇਆ ਹੈ, ਉਸ ਮੁਤਾਬਕ ਉਸ ਨੇ ਕਈ ਜੰਗਾਂ ’ਤੇ ਫਤਹਿ ਪਾ ਲਈ ਹੈ। ਉਹ ਸ਼ੁਰੂ ਵਿੱਚ ਅੱਤ ਦੀ ਸਰਦੀ ਵਿੱਚ ਲਗਾਤਾਰ ਲੜਾਈ ਦੇ ਕੇ ਆਪਣੇ ਲਈ ਲੋੜੀਂਦੀਆਂ ਸਹੂਲਤਾਂ ਪ੍ਰਾਪਤ ਕਰ ਚੁੱਕੀ ਹੈ। ਕੋਈ ਵੀ ਅੱਤ ਦੀ ਠੰਢ ਤੋਂ ਡਰਿਆ ਨਹੀਂ। ਇਸੇ ਤਰ੍ਹਾਂ ਹੀ ਉਸ ਨੇ ਆਪਣੀ ਲੜਾਈ ਦੌਰਾਨ ਦੂਜੀ ਫਤਹਿ ਅੱਤ ਦੀ ਗਰਮੀ ’ਤੇ ਪਾਈ। ਉਸ ਨੇ ਆਪਣੀ ਏਕਤਾ ਸਦਕਾ ਨੌਜਵਾਨ ਜੁੜੀ ਪੀੜ੍ਹੀ ਸਦਕਾ ਸਭ ਲੋੜੀਂਦੀਆਂ ਸਹੂਲਤਾਂ ’ਤੇ ਜਿੱਤ ਪ੍ਰਾਪਤ ਕੀਤੀ। ਹੁਣ ਉਹ ਬਰਸਾਤ ਵਿੱਚ ਵੀ ਆਪਣੇ ਹੌਸਲੇ ਬੁਲੰਦ ਰੱਖ ਕੇ ਅੱਗੇ ਵਧ ਰਿਹਾ ਹੈ। ਸਰਕਾਰ ਵੱਲੋਂ ਸਮੇਂ-ਸਮੇਂ ਖੜ੍ਹੀਆਂ ਕੀਤੀਆਂ ਗਈਆਂ ਸਭ ਔਕੜਾਂ ਪਾਰ ਕਰਦਿਆਂ ਅੱਜ ਦੇ ਦਿਨ, ਪਾਰਲੀਮੈਂਟ ਤੋਂ ਦੋ ਸੌ ਕਦਮ ਦੀ ਦੂਰੀ ’ਤੇ ਆਪਣੀ ਕਿਸਾਨ ਪਾਰਲੀਮੈਂਟ ਚਲਾ ਰਿਹਾ ਹੈ, ਜਿਸ ਵਿੱਚ ਰੋਜ਼ਾਨਾ ਦੋ ਸੌ ਤੋਂ ਵੱਧ ਕਿਸਾਨ ਇੱਕ ਸਮਝੌਤੇ ਮੁਤਾਬਕ ਹਿੱਸਾ ਲੈ ਕੇ ਮੁਕਾਬਲੇ ਦੀ ਪਾਰਲੀਮੈਂਟ ਚਲਾ ਕੇ ਕਿਸਾਨ ਦੇ ਜਾਗਰੂਕ ਹੋਣ ਦਾ ਸਬੂਤ ਦੇ ਰਿਹਾ ਹੈ। ਇਹ ਸਭ ਸਰਕਾਰ ਦੀ ਖੈਰ ’ਤੇ ਨਹੀਂ, ਬਲਕਿ ਕਿਸਾਨ ਆਪਣੇ ਜਨ ਅੰਦੋਲਨ ਦੇ ਦਬਾਅ ਸਦਕਾ ਕਰ ਰਿਹਾ ਹੈ।
ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਜੋ ਸਮੇਂ-ਸਮੇਂ ਸਰਕਾਰ ਵੱਲੋਂ ਅਤੇ ਸਰਕਾਰੀ ਏਜੰਸੀਆਂ ਵੱਲੋਂ ਦੋਸ਼ ਲਗਾਏ ਜਾਂਦੇ ਰਹੇ, ਉਨ੍ਹਾਂ ਮੁਤਾਬਕ ਕਿਸਾਨ ਅੰਦੋਲਨ ਨਾ ਤਾਂ ਇਕੱਲੇ ਪੰਜਾਬ ਦਾ, ਨਾ ਹੀ ਅੱਤਵਾਦੀਆਂ, ਨਾ ਹੀ ਨਕਸਲੀਆਂ ਦਾ, ਨਾ ਹੀ ਖਾਲਿਸਤਾਨੀਆਂ ਦਾ, ਨਾ ਹੀ ਮੁਸਲਮਾਨਾਂ ਦਾ ਅਤੇ ਨਾ ਹੀ ਪਾਕਿਸਤਾਨੀਆਂ ਦਾ ਨਿਕਲਿਆ। ਸਮੇਂ ਨੇ ਦਰਸਾ ਦਿੱਤਾ ਹੈ ਕਿ ਇਹ ਨਿਰੋਲ ਕਿਸਾਨਾਂ ਦਾ, ਉਹ ਵੀ ਪੂਰੇ ਭਾਰਤ ਦੇ ਕਿਸਾਨਾਂ ਦਾ ਅੰਦੋਲਨ ਹੈ, ਜਿਸ ਨੇ ਸਾਰਿਆਂ ਸੂਬਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਰੱਖਿਆ ਹੈ।
ਆਉਣ ਵਾਲੀਆਂ ਪੰਜ ਰਾਜਾਂ ਦੀਆਂ ਚੋਣਾਂ ਨੇ ਆਪ-ਮੁਹਾਰੇ ਚੋਣਾਂ ਬਾਬਤ ਹਲਚਲ ਪੈਦਾ ਕਰ ਦਿੱਤੀ ਹੈ। ਖੱਬੀ ਧਿਰ ਦੀਆਂ ਪਾਰਟੀਆਂ ਨੂੰ ਛੱਡ ਕੇ ਬਾਕੀ ਸਭ ਰਾਜਨੀਤਕ ਪਾਰਟੀਆਂ ਸਮੇਤ ਚੜੂਨੀ ਸਾਹਿਬ ਦੇ ਤਿਆਰੀ ਕਰ ਰਹੀਆਂ ਹਨ, ਜਿਸ ਨਾਲ ਕਿਸਾਨੀ ਨਾਲ ਜੁੜਿਆ ਕਿਸਾਨ ਚੋਣਾਂ ਵੇਲੇ ਆਪਣੀ ਪਾਰਟੀ ਪ੍ਰਤੀ ਹੀ ਸੋਚੇਗਾ। ਇਸ ਨਾਲ ਕਿਸਾਨੀ ਅੰਦੋਲਨ ’ਤੇ ਅਸਰ ਪੈਣਾ ਲਾਜ਼ਮੀ ਹੈ। ਅਜਿਹੀਆਂ ਸਭ ਪਾਰਟੀਆਂ ਇਸ ਗੱਲੋਂ ਅਣਜਾਣ ਹਨ ਕਿ ਜੇਕਰ ਅੰਦੋਲਨ ਜਿੱਤਿਆ ਤਾਂ ਸਰਕਾਰਾਂ ਜਿੱਤੀਆਂ ਹੋਈਆਂ ਵੀ ਹਾਰੀਆਂ ਵਰਗੀਆਂ ਹੋਣਗੀਆਂ। ਜੇਕਰ ਅੰਦੋਲਨ ਨੂੰ ਧੱਕਾ ਲੱਗਦਾ ਹੈ ਤਾਂ ਵੀ ਜਿੱਤੀਆਂ ਹੋਈਆਂ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਕੁਝ ਵੀ ਸੰਵਾਰਨ ਜੋਗੀਆਂ ਨਹੀਂ ਰਹਿਣਗੀਆਂ। ਚੜੂਨੀ ਦਾ ਭਾਵੁਕ ਫੈਸਲਾ ਵੀ ਇਸ ਕਿਸਾਨੀ ਅੰਦੋਲਨ ਨੂੰ ਨੁਕਸਾਨ ਪਹੁੰਚਾਵੇਗਾ। ਖੱਬੀ ਧਿਰ ਦੀ ਲੀਡਰਸ਼ਿੱਪ ਤੇ ਕੇਡਰ ਨੇ ਜੋ ਮੋਹਰਲੀਆਂ ਕਤਾਰਾਂ ਵਿੱਚ ਰਹਿ ਕੇ ਕਿਸਾਨੀ ਦੀ ਵੱਡੀ ਲੀਡਰਸ਼ਿੱਪ ਦਾ ਦਿਲ ਜਿੱਤਿਆ ਹੈ, ਜਿਸ ਕਰਕੇ ਉਹ ਵਧਾਈ ਦੇ ਪਾਤਰ ਹਨ। ਚੋਣਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਫਿਰ ਲੜੀਆਂ ਜਾ ਸਕਦੀਆਂ ਹਨ, ਇਸ ਕਰਕੇ ਅਜੋਕਾ ਸਮਾਂ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦਾ ਹੈ। ਅਜਿਹਾ ਏਕਾ ਹੀ ਬੰਗਾਲ ਵਾਂਗ ਯੂ ਪੀ ਵਿੱਚੋਂ ਅਤੇ ਬਾਕੀ ਰਾਜਾਂ ਵਿੱਚੋਂ ਭਾਜਪਾ ਦਾ ਸਫਾਇਆ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਸਭ ਨੂੰ ਮਿਲ ਕੇ ਆਪਣੇ ਹਿਤਾਂ ਤੋਂ ਉੱਪਰ ਉੱਠ ਕੇ ਦੇਸ਼ ਹਿਤ ਵਿੱਚ ਸਰਕਾਰ ਦੁਆਲੇ ਘੇਰਾ ਹੋਰ ਮਜ਼ਬੂਤੀ ਨਾਲ ਤੰਗ ਕਰਨਾ ਹੋਵੇਗਾ। ਸਭ ਨੇ ਆਪਣੀ ਜ਼ਿੰਦਗੀ ਵਿੱਚ ਅਜਿਹਾ ਮਜ਼ਬੂਤ, ਇੰਨਾ ਲੰਬਾ, ਇੰਨਾ ਸੰਗਠਤ, ਇੰਨਾ ਅਨੁਸ਼ਾਸਿਤ ਮੋਰਚਾ ਨਹੀਂ ਦੇਖਿਆ ਹੋਵੇਗਾ। ਅੱਜ ਦੇ ਦਿਨ ਤੱਕ ਕਿਸਾਨ ਮੋਰਚੇ ਨੇ ਸਾਫ਼ ਕਰ ਦਿੱਤਾ ਹੈ ਕਿ ਸਾਨੂੰ ਸੱਤਾ ਨਹੀਂ ਚਾਹੀਦੀ, ਨਾ ਹੀ ਅਸੀਂ ਇਸਦੇ ਭਾਗੀਦਾਰ ਬਣਾਂਗੇ। ਸਾਡੀਆਂ ਮੰਗਾਂ ਪੂਰੀਆਂ ਕਰੋ, ਵਰਨਾ ਲੋੜ ਪੈਣ ’ਤੇ ਅਸੀਂ ਆਪ ਸੱਤਾ ਹਾਸਲ ਕਰ ਲਵਾਂਗੇ। ਆਓ ਸਭ ਮਿਲ ਕੇ ਇਸ ਅੰਦੋਲਨ ਦੀ ਮਜ਼ਬੂਤੀ ਲਈ ਆਪੋ-ਆਪਣਾ ਯੋਗਦਾਨ ਪਾਈਏ ਤਾਂ ਕਿ ਅੰਦੋਲਨ ਆਪਣੇ ਟੀਚੇ ’ਤੇ ਪਹੁੰਚ ਸਕੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2942)
(ਸਰੋਕਾਰ ਨਾਲ ਸੰਪਰਕ ਲਈ: