“ਕਦੋਂ ਜਾਗੋਗੇ ਅਤੇ ਅਸਲੀਅਤ ਨੂੰ ਪਛਾਣ ਕੇ ਦੇਸ਼ ਅਤੇ ਦੇਸ਼ਵਾਸੀਆਂ ਦੀ ਸਲਾਮਤੀ ਲਈ ...”
(2 ਮਈ 2021)
ਦੇਸ਼ ਦਾ ਹਰ ਲੇਖਕ ਜੋ ਇਸਦਾ ਸ਼ੁਭ ਚਿੰਤਕ ਹੈ, ਉਹ ਜਿੱਥੇ ਵੀ ਬੈਠਾ ਹੈ, ਉਹ ਜਿਸ ਪਾਰਟੀ ਨਾਲ ਵੀ ਸੰਬੰਧਤ ਹੈ, ਜਿਸ ਵੀ ਭਾਸ਼ਾ ਵਿੱਚ ਲਿਖ ਰਿਹਾ ਹੈ, ਜਿਸ ਵੀ ਸਥਿਤੀ ਵਿੱਚ ਹੈ, ਦੇਸ਼ ਪ੍ਰਤੀ ਫਿਕਰਮੰਦ ਹੈ। ਵਰਤਮਾਨ ਸਥਿਤੀ ਵਿੱਚ ਦੇਸ਼ ਜਿਸ ਹਾਲਾਤ ਨੂੰ ਪਹੁੰਚ ਗਿਆ ਹੈ, ਇਸਦੀ ਕਲਪਨਾ ਕਰਨੀ ਵੀ ਨਾ-ਮੁਮਕਿਨ ਸੀ।
ਸਮੁੱਚੇ ਦੇਸ਼ ਦੀ ਲੀਡਰਸ਼ਿੱਪ ਇਸ ਸਮੇਂ ਇੰਨੀ ਨਿਕੰਮੀ ਸਿੱਧ ਹੋ ਰਹੀ ਹੈ ਕਿ ਇਸ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਦੇਸ਼ ਵਿੱਚ ਮੌਜੂਦਾ ਘੋਰ ਸੰਕਟ ਕਰੋਨਾ ਅਤੇ ਆਕਸੀਜ਼ਨ ਘਾਟ ਕਰਕੇ ਹੈ। ਜਿਸ ਆਕਸੀਜ਼ਨ ਨੂੰ ਅਸੀਂ ਮੰਗਲ ਗ੍ਰਹਿ ’ਤੇ ਲੱਭਦੇ ਪਏ ਸੀ, ਉਹ ਹੁਣ ਸਾਨੂੰ ਆਪਣੇ ਦੇਸ਼ ਵਿੱਚ ਪੂਰੀ ਨਹੀਂ ਮਿਲ ਰਹੀ। ਇਹ ਉਸ ਦੇਸ਼ ਦੀ ਗੱਲ ਹੈ, ਜੋ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ। ਜਾਪਦਾ ਹੈ ਦੇਸ਼ ਦੀ ਮੌਜੂਦਾ ਲੀਡਰਸ਼ਿੱਪ ਨੂੰ ਕੁਝ ਸੁੱਝ ਨਹੀਂ ਰਿਹਾ ਕਿ ਕੀ ਠੀਕ ਹੋ ਰਿਹਾ ਹੈ ਅਤੇ ਕੀ ਗਲਤ ਹੋ ਰਿਹਾ ਹੈ। ਉਹ ਪੰਚਾਇਤੀ ਚੋਣਾਂ ਤੋਂ ਲੈ ਕੇ ਪਾਰਲੀਮੈਂਟ ਦੀਆਂ ਚੋਣਾਂ ਤਕ ਵਧ-ਚੜ੍ਹ ਕੇ ਹਿੱਸਾ ਲੈ ਰਹੀ ਹੈ। ਉਹ ਅਜੇ ਤਕ ਇਹ ਫੈਸਲਾ ਵੀ ਨਹੀਂ ਕਰ ਸਕੀ ਅਤੇ ਨਾ ਹੀ ਇਕਮੱਤ ਹੋ ਸਕੀ ਹੈ ਕਿ ਕੀ ਚੋਣ ਰੈਲੀਆਂ, ਰੋਡ ਮਾਰਚਾਂ ਅਤੇ ਚੋਣ ਜਲਸਿਆਂ ਰਾਹੀਂ ਕਰੋਨਾ ਫੈਲਦਾ ਹੈ ਜਾਂ ਨਹੀਂ। ਭਾਜਪਾ ਵਿੱਚ ਕੋਈ ਇਸ ਬਾਰੇ ਕੁਝ ਆਖ ਰਿਹਾ ਹੈ, ਕੋਈ ਕੁਝ। ਅਜੇ ਦੋ ਦਿਨ ਪਹਿਲਾਂ ਹੀ ਇੱਕ ਚੈਨਲ ’ਤੇ (ਐੱਨ ਡੀ ਟੀ ਵੀ) ਬੰਗਾਲ ਭਾਜਪਾ ਪ੍ਰਧਾਨ ਇੰਟਰਵਿਊ ਦਿੰਦਿਆਂ ਥਾਪੀਆਂ ਮਾਰ-ਮਾਰ ਕੇ ਆਖ ਰਿਹਾ ਸੀ ਕਿ ਚੋਣਾਂ ਕਰਕੇ ਇੱਕ ਪ੍ਰਸੈਂਟ ਵੀ ਕਰੋਨਾ ਨਹੀਂ ਫੈਲਦਾ। ਜਿਸ ਨੇ ਇਸ ਸੰਬੰਧੀ ਗੱਲ ਕਰਨੀ ਹੈ, ਮੇਰੇ ਨਾਲ ਕਰੋ।
ਪਰ ਉਪਰੋਕਤ ਗੱਲ ਦੇ ਐੱਨ ਉਲਟ ਦੇਸ਼ ਦੀਆਂ ਦਰਜਨਾਂ ਭਰ ਹਾਈਕੋਰਟਾਂ ਨੇ ਇਸਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਸੰਬੰਧਤ ਇਲੈਕਸ਼ਨ ਕਮਿਸ਼ਨਰਾਂ ਨੂੰ ਝਾੜਾਂ ਵੀ ਪਾਈਆਂ ਹਨ। ਉਨ੍ਹਾਂ ਏ ਟੂ ਜ਼ੈੱਡ ਇਤਿਹਾਦ ਵਰਤਣ ਲਈ ਆਖਿਆ। ਇਲੈਕਸ਼ਨ ਕਮਿਸ਼ਨ ਨੇ ਜਿਵੇਂ ਮੌਜੂਦਾ ਕੇਂਦਰ ਸਰਕਾਰ ਨਾਲ ਮਰਨ-ਜੀਣ ਦਾ ਸਾਥ ਨਿਭਾਇਆ ਹੈ, ਉਹ ਵੀ ਦੇਸ਼ ਦੀ ਜਨਤਾ ਦੇ ਚੇਤੇ ਵਿੱਚ ਵਸਿਆ ਰਹੇਗਾ। ਯੂ ਪੀ ਪ੍ਰਦੇਸ਼ ਦਾ ਮੁਖੀ ਜੋ ਨਾ ਦਿੱਖ ਤੋਂ, ਨਾ ਹੀ ਆਪਣੀ ਬੋਲਬਾਣੀ ਤੋਂ ਮੁੱਖ ਮੰਤਰੀ ਲਗਦਾ ਹੈ, ਨਾ ਹੀ ਆਪਣੇ ਵਿਵਹਾਰ ਤੋਂ ਚੁਣਿਆ ਹੋਇਆ ਜਨਤਾ ਦਾ ਸੇਵਕ ਲੱਗਦਾ ਹੈ, ਬਲਕਿ ਇੱਕ ਡਿਕਟੇਟਰ ਦੀ ਤਰ੍ਹਾਂ ਵਿਵਹਾਰ ਕਰ ਰਿਹਾ ਹੈ। ਉਸ ਦੇ ਆਪਣੇ ਪ੍ਰਦੇਸ਼ ਵਿੱਚ ਕਰੋਨਾ ਕਾਲ ਦੌਰਾਨ ਪੰਚਾਇਤੀ ਚੋਣਾਂ (ਜੋ ਕਰੋਨਾ ਕਰਕੇ ਬੜੀ ਅਸਾਨੀ ਨਾਲ ਅੱਗੇ ਪਾਈਆਂ ਜਾ ਸਕਦੀਆਂ ਸਨ) ਕਰਾਉਂਦਿਆਂ ਕੋਈ ਇੱਕ ਸੌ ਪੈਂਤੀ ਮੁਲਾਜ਼ਮ ਆਪਣਾ ਅਧੂਰਾ ਅੰਤਿਮ ਸਫ਼ਰ ਪੂਰਾ ਕਰ ਗਏ ਹਨ, ਜਿਸ ਬਾਬਤ ਨਿਰਪੱਖ ਇਨਕੁਆਰੀ ਕਰਾ ਕੇ ਸੰਬੰਧਤ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਅਜਿਹੀਆਂ ਕੁਤਾਹੀਆਂ ਰੁਕ ਸਕਣ।
ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਹੁੰਦਿਆਂ ਹੋਇਆਂ ਵੀ ਅਸੀਂ ਆਕਸੀਜ਼ਨ ਦੀ ਜਿਸ ਮੌਜੂਦਾ ਕਿੱਲਤ ਨੂੰ ਪਹੁੰਚ ਗਏ ਹਾਂ, ਇਸ ਬਾਰੇ ਜਿੱਥੇ ਅਸੀਂ ਸਭ ਜ਼ਿੰਮੇਵਾਰ ਹਾਂ, ਉੱਥੇ ਪਲਾਂਟਾਂ ਰਾਹੀਂ, ਮਸ਼ੀਨਾਂ ਰਾਹੀਂ ਆਕਸੀਜ਼ਨ ਪੈਦਾ ਕਰਨ ਲਈ ਸਾਰੀ ਦੀ ਸਾਰੀ ਮੌਜੂਦਾ ਸਰਕਾਰ ਜ਼ਿੰਮੇਵਾਰ ਹੈ। ਜੋ ਮੌਤਾਂ ਹਸਪਤਾਲਾਂ ਵਿੱਚ ਆਕਸੀਜ਼ਨ ਦੀ ਘਾਟ ਨਾਲ ਹੋਈਆਂ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਹੋ ਕੇ ਸੰਬੰਧਤ ਕਸੂਰਵਾਰ ਵਿਅਕਤੀਆਂ ਨੂੰ ਵੀ ਲਟਕਾਇਆ ਜਾਵੇ ਤਾਂ ਕਿ ਆਉਣ ਵਾਲੀ ਲੀਡਰਸ਼ਿੱਪ ਲਈ ਨਮੂਨਾ ਬਣ ਸਕੇ। ਇਸ ਬਾਬਤ ਭਾਰਤੀ ਜੁਡੀਸ਼ਰੀ ਨੇ ਵੀ ਆਪਣੇ ਫੈਸਲਿਆਂ ਵਿੱਚ ਇਸ਼ਾਰਾ ਕੀਤਾ ਹੈ।
ਕਰੋਨਾ ’ਤੇ ਜਿੱਤ ਪ੍ਰਾਪਤ ਕਰਨ ਲਈ ਜਿੱਥੇ ਸਾਨੂੰ ਇਹਤਿਆਤ ਰੱਖਣ ਬਾਰੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ, ਇਸ ਬਾਰੇ ਅਜੋਕੇ ਹਾਲਾਤ ਦੱਸਦੇ ਹਨ ਕਿ ਅਸੀਂ ਇਸ ਬਾਰੇ ਸਭ ਫੇਲ ਹੋਏ ਹਾਂ। ਕਰੋਨਾ ਤੋਂ ਬਚਣ ਲਈ ਦਵਾਈ ਬਹੁਤ ਹੀ ਜ਼ਰੂਰੀ ਹੈ, ਜਿਸ ਨੂੰ ਮੁਹਈਆ ਕਰਨ ਵਿੱਚ ਵੀ ਸਰਕਾਰ ਲਗਭਗ ਫੇਲ ਹੋਈ ਹੈ। ਰਹੀ ਗੱਲ ਟੀਕਾਕਰਨ ਦੀ, ਇਸ ਦੀ ਪੂਰਤੀ ਵੀ ਸਰਕਾਰ ਨਹੀਂ ਕਰ ਪਾ ਰਹੀ। ਕਾਰਨ ਸਾਫ਼ ਹੈ ਕਿ ਸਰਕਾਰ ਨੇ ਸਭ ਜਾਣਦਿਆਂ ਹੋਇਆਂ ਵੀ ਪੌਣੇ ਸੱਤ ਕਰੋੜ ਦੇ ਲਗਭਗ ਟੀਕਾ ਬਾਹਰ ਭੇਜਿਆ ਹੈ ਜਦ ਕਿ ਸਭ ਤੋਂ ਪਹਿਲਾਂ ਸਾਨੂੰ ਆਪਣੀ ਲੋੜ ਵੱਲ ਧਿਆਨ ਦੇਣਾ ਚਾਹੀਦਾ ਹੈ। ਦੇਸ਼ ਵਿੱਚ ਵੈਕਸੀਨ ਸੰਬੰਧੀ ਕਾਣੀ ਵੰਡ ਨੇ ਇਹ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਕਈ ਸੂਬੇ ਇੱਕ ਮਈ ਨੂੰ ਵੈਕਸੀਨ ਦੀ ਘਾਟ ਕਰਕੇ ਟੀਕਾਕਰਨ ਨਹੀਂ ਕਰ ਸਕਣਗੇ। ਮੁੱਲ ਦੀ ਵੈਕਸੀਨ ਵਿੱਚ ਵੀ ਇੱਕ ਦੇਸ਼ ਵਿੱਚ ਇੱਕ ਦਵਾਈ ਦੇ ਵੱਖ-ਵੱਖ ਰੇਟ ਹਨ, ਜਿਸ ਸਦਕਾ ਲੋਕਾਂ ਵਿੱਚ ਅਤੇ ਸਰਕਾਰਾਂ ਵਿੱਚ ਰੋਸ ਫੈਲਣਾ ਕੁਦਰਤੀ ਹੈ। ਇਸ ਬਾਰੇ ਸੁਪਰੀਮ ਕੋਰਟ ਨੇ ਵੀ ਕਈ ਸਵਾਲ ਖੜ੍ਹੇ ਕੀਤੇ ਹਨ।
ਮੌਜੂਦਾ ਕਰੋਨਾ ਕਹਿਰ ਬਾਬਤ ਪ੍ਰਧਾਨ ਮੰਤਰੀ ਸਮੇਤ ਆਪਣੀ ਕੈਬਨਿਟ, ਕਿੰਨੇ ਫਿਕਰਮੰਦ ਸਨ, ਉਹ ਤੁਹਾਨੂੰ ਉਨ੍ਹਾਂ ਦੇ ਚੋਣ ਦੌਰਿਆਂ ਤੋਂ ਹੀ ਪਤਾ ਲੱਗ ਜਾਵੇਗਾ। ਕਿਸੇ ਹੋਰ ਦੀ ਚਰਚਾ ਨਾਲੋਂ ਅਸੀਂ ਆਪਣੇ ਪ੍ਰਧਾਨ ਮੰਤਰੀ ਬਾਰੇ ਗੱਲ ਕਰਾਂਗੇ, ਜੋ ਹਵਾਈ ਸਫ਼ਰ ਦੇ ਸਦਕਾ ਦਿਨੇ ਰੈਲੀਆਂ ਵਿੱਚ ਅਤੇ ਰਾਤ ਨੂੰ ਦੇਸ਼ ਨੂੰ ਸੰਬੋਧਨ ਕਰਦੇ ਸਨ, ਜਿਨ੍ਹਾਂ ਬਾਰੇ ਇੱਕ ਰਿਕਾਰਡ ਵਿੱਚ ਦਰਜ ਹਨ ਕਿ ਉਨ੍ਹਾਂ ਮੁਤਾਬਕ ਕਰੋਨਾ ਰੋਕਣ ਅਤੇ ਸੂਬਿਆਂ ਦੀਆਂ ਚੋਣਾਂ ਜਿੱਤਣ ਖਾਤਰ ਬਿਹਾਰ ਵਿੱਚ 12, ਕੇਰਲ ਵਿੱਚ 5, ਤਾਮਿਲਨਾਡੂ ਵਿੱਚ 7 ਅਤੇ ਪੱਛਮੀ ਬੰਗਾਲ ਵਿੱਚ 18 ਰੈਲੀਆਂ ਕੀਤੀਆਂ। ਉਹ ਵੱਖਰੀ ਗੱਲ ਹੈ ਕਿ ਚੋਣਾਂ ਦੇ ਪੂਰਵ ਅਨੁਮਾਨ ਮੁਤਾਬਕ ਕੇਂਦਰ ਸਰਕਾਰ ਦੀ ਭੱਜ-ਨੱਠ ਦੇ ਬਾਵਜੂਦ ਕੁਝ ਖਾਸ ਨਵਾਂ ਨਹੀਂ ਹੋ ਰਿਹਾ। ਜਿਸ ਦੀਦੀ ਨੂੰ ਲੰਬੀਆਂ-ਲੰਬੀਆਂ ਹੇਕਾਂ ਲਾ ਕੇ ਮੈਦਾਨ ਵਿੱਚੋਂ ਭੱਜਣ ਦੀ ਗੱਲ ਆਖ ਰਹੇ ਸਨ, ਉਹ ਜਿੱਤ ਦਾ ਪਟਕਾ ਗੱਲ ਵਿੱਚ ਪਾਉਣ ਲਈ ਤਿਆਰ ਬੈਠੀ ਹੈ। ਬਾਕੀ ਸੂਬਿਆਂ ਵਿੱਚ ਵੀ ਜਨਤਾ ਆਪਣੀ ਸਿਆਣਪ ਦਾ ਸਬੂਤ ਦੇ ਰਹੀ ਹੈ, ਜਿਸਦੇ ਸਦਕਾ ਬੀਜੇਪੀ ਦਾ ਨਾਅਰਾ ‘ਕਰੋ ਜਾਂ ਮਰੋ’ ਫੇਲ ਹੋ ਰਿਹਾ ਹੈ।
ਪਿਛਲੇ ਸਮੇਂ ਦੌਰਾਨ ਇਲੈਕਸ਼ਨ ਕਮਿਸ਼ਨ ਨੇ ਜੁਡੀਸ਼ਰੀ ਦੀਆਂ ਸਮੇਂ-ਸਮੇਂ ਸਿਰ ਝਿੜਕਾਂ ਖਾ ਕੇ ਕੋਈ ਅਕਲ ਦੀ ਗੱਲ ਕੀਤੀ ਹੈ ਤਾਂ ਉਹ ਇਹ ਹੈ ਕਿ ਚੋਣਾਂ ਜਿੱਤਣ ਤੋਂ ਬਾਅਦ ਜਿੱਤ ਦੇ ਜਲੂਸਾਂ ਆਦਿ ’ਤੇ ਪਾਬੰਦੀ ਲਾ ਦਿੱਤੀ ਹੈ, ਜਿਸ ਕਰਕੇ ਕਰੋਨਾ ਵਧਣ ਨੂੰ ਸ਼ਹਿ ਨਹੀਂ ਮਿਲ ਸਕੇਗੀ। ਚੋਣਾਂ ਦੌਰਾਨ ਇਲੈਕਸ਼ਨ ਕਮਿਸ਼ਨ ਕੋਲ ਨਿਰਪੱਖ ਚੋਣਾਂ ਕਰਾਉਣ ਲਈ ਅਥਾਹ ਸ਼ਕਤੀਆਂ ਹੁੰਦੀਆਂ ਹਨ, ਪਰ ਵਰਤਮਾਨ ਸਰਕਾਰਾਂ ਤੋਂ ਉਹ ਦਕਸ਼ਨਾਂ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਗਗੋਈ ਵਾਂਗ ਹੋਰ ਅਹੁਦੇ ਲੋਚਦੇ ਹਨ, ਜਿਸ ਕਰਕੇ ਨਿਰਪੱਖ ਰਹਿਣਾ ਮੁਸ਼ਕਲ ਹੁੰਦਾ ਹੈ।
ਦੇਸ਼ ਵਿੱਚ ਸਮੇਂ-ਸਮੇਂ ਚੋਣਾਂ ਜਿੱਤਣ ਅਤੇ ਆਪਣਾ ਨਾਂਅ ਹੋਰ ਉੱਚਾ ਕਰਨ ਲਈ ਜਿਹੜਾ ਪ੍ਰਧਾਨ ਮੰਤਰੀ ਰਾਮ ਮੰਦਰ ਲਈ 2500 ਕਰੋੜ, ਕੁੰਭ ਦੇ ਮੇਲੇ ਲਈ 4200 ਕਰੋੜ, ਪਟੇਲ ਦੀ ਮੂਰਤੀ ਲਈ 3000 ਕਰੋੜ, ਜਿਸ ’ਤੇ ਇੰਗਲੈਂਡ ਸਰਕਾਰ ਨੇ ਵੀ ਮਦਦ ਦੀ ਗੱਲ ਆਖੀ ਹੈ। ਮਿੱਤਰ ਟਰੰਪ ਖਾਤਰ, ਜੋ ਕਰੋਨਾ ਫੈਲਾਅ ਗਿਆ ਤੇ ਅਖੀਰ ਆਪਣੇ ਦੇਸ਼ ਵਿੱਚ ਹਾਰ ਗਿਆ, ਉਸ ਦੀ ਫੇਰੀ ਵਾਸਤੇ 125 ਕਰੋੜ ਅਤੇ ਆਪਣੇ ਲਈ ਜਹਾਜ਼ਾਂ ਦੇ ਝੂਟੇ ਲੈਣ ਲਈ 700 ਕਰੋੜ ਖਰਚ ਸਕਦਾ ਹੈ - ਪਤਾ ਨਹੀਂ ਕਿਉਂ ਦੇਸ਼ ਵਾਸੀਆਂ ਦੀ ਜਿੱਤ ਲਈ, ਇੱਕ ਅਪੀਲ ’ਤੇ ਇਕੱਠਾ ਹੋਇਆ ਕਰੋੜਾਂ ਵਿੱਚ ਭਾਰੀ ਫੰਡ ਸਮੇਤ ਪੈਸਾ ਖਰਚਣ ਵਿੱਚ ਕੰਜੂਸੀ ਅਤੇ ਦੇਰੀ ਕਿਉਂ? ਜਿਹਨਾਂ ਪ੍ਰਧਾਨ ਮੰਤਰੀ ਦੇ ਕਹਿਣ ’ਤੇ ਤਾਲੀਆਂ ਅਤੇ ਥਾਲੀਆਂ ਪਿਛਲੀ ਵਾਰ ਕੁੱਟੀਆਂ ਸਨ, ਉਹ ਹੁਣ ਆਪਣਿਆਂ ਦੇ ਜਾਣ ਤੋਂ ਬਾਅਦ ਛਾਤੀਆਂ ਪਿੱਟ ਰਹੇ ਹਨ।
ਕਰੋਨਾ ਕਾਰਨ ਮੌਤਾਂ ਇੰਨੀਆਂ ਹੋ ਰਹੀਆਂ ਹਨ, ਜਿਨ੍ਹਾਂ ਦੀ ਗਿਣਤੀ ਆਮ ਜਨਤਾ ਤੋਂ ਲੁਕੋਈ ਜਾ ਰਹੀ ਹੈ। ਸੱਚ ਸਾਹਮਣੇ ਆਉਣ ’ਤੇ ਪਤਾ ਲੱਗੇਗਾ ਕਿ ਮੌਜੂਦਾ ਸੂਬਾ ਸਰਕਾਰਾਂ ਸਮੇਤ ਸੈਂਟਰ ਸਰਕਾਰ ਦੇ ਕਿੰਨੀਆਂ ਨਲਾਇਕ ਸਾਬਤ ਹੋਈਆਂ ਹਨ। ਮੌਤਾਂ ਬਾਰੇ ਤਾਂ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ਮਸ਼ਾਨ ਘਾਟਾਂ ਦੀ ਘਾਟ ਮਹਿਸੂਸ ਹੋ ਰਹੀ ਹੈ। ਖੜ੍ਹੇ ਪੈਰ ਵੱਡੀ ਗਿਣਤੀ ਵਿੱਚ ਅੰਤਿਮ ਸੰਸਕਾਰ ਕਰਨ ਲਈ ਸ਼ਮਸ਼ਾਨ ਘਾਟ ਬਣ ਰਹੇ ਹਨ, ਜਿਨ੍ਹਾਂ ਨੂੰ ਸਰਕਾਰ ਤੋਂ ਇਲਾਵਾ ਹੋਰ ਐੱਨ ਜੀ ਓ ਜਥੇਬੰਦੀਆਂ ਵੀ ਬਣਾ ਕੇ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਜੇ ਸ਼ਮਸ਼ਾਨ ਘਾਟਾਂ ਦੀ ਘਾਟ ਦੀ ਗੱਲ ਛਿੜੀ ਹੀ ਹੈ ਤਾਂ ਇਹ ਵੀ ਸੁਣੋ ਕਿ ਇਸ ਤੋਂ ਵੱਡੀ ਸਾਡੇ ਤੁਹਾਡੇ ਲਈ ਹੋਰ ਕਿਹੜੀ ਨਮੋਸ਼ੀ ਦੀ ਗੱਲ ਹੋ ਸਕਦੀ ਹੈ ਕਿ ਇਸ ਘਾਟ ਨੂੰ ਪੂਰਾ ਕਰਨ ਲਈ ਸਾਨੂੰ ਕੁੱਤਿਆਂ ਦੇ ਸ਼ਮਸ਼ਾਨ ਘਾਟ ਵੀ ਵਰਤਣੇ ਪਏ।
ਕਦੇ ਪੜ੍ਹਿਆ ਸੀ, ਚੇਤੇ ਆ ਰਿਹਾ ਹੈ ਕਿ ਜਦ ਹਿਟਲਰ ਨੂੰ ਪਤਾ ਲੱਗਾ ਜਾਂ ਗਿਆਨ ਹੋ ਗਿਆ ਕਿ ਦੇਸ਼ ਤਾਂ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਤਾਂ ਉਸ ਨੇ ਵੀ ਉਸ ਸ਼ੁਭ ਦਿਹਾੜੇ 30 ਅਪਰੈਲ ਨੂੰ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ, ਜਿਸ ਦਿਨ ਨੂੰ ਇਟਲੀ ਦੇ ਦੇਸ਼ ਭਗਤਾਂ ਨੇ ਡਿਕਟੇਟਰ ਮੁਸੋਲਿਨੀ ਨੂੰ ਮਾਰ ਮੁਕਾਇਆ ਸੀ। ਪਰ ਮੇਰੇ ਮਹਾਨ ਦੇਸ਼ ਦੇ ਨੇਤਾ ਅਜੇ ਇਸ ਬਾਬਤ ਮੀਟਿੰਗਾਂ ’ਤੇ ਮੀਟਿੰਗਾਂ ਹੀ ਕਰ ਰਹੇ ਹਨ। ਕਦੋਂ ਜਾਗੋਗੇ ਅਤੇ ਅਸਲੀਅਤ ਨੂੰ ਪਛਾਣ ਕੇ ਦੇਸ਼ ਅਤੇ ਦੇਸ਼ਵਾਸੀਆਂ ਦੀ ਸਲਾਮਤੀ ਲਈ, ਦੇਸ਼ਵਾਸੀਆਂ ਦੀ ਸ਼ਮੂਲੀਅਤ ਨਾਲ, ਦੇਸ਼ ਨੂੰ ਬਚਾਉਣ ਲਈ ਅੱਗੇ ਆਓਗੇ? ਚੋਣਾਂ ਦੇ ਨਤੀਜੇ ਅਤੇ ਕਰੋਨਾ-ਆਕਸੀਜਨ ਕਹਿਰ ਦੌਰਾਨ ਸਰਕਾਰ ਤੋਂ ਇਲਾਵਾ ਜਨਤਾ ਦੀ ਸਿਆਣਪ ਇਨ੍ਹਾਂ ਜੰਗਾਂ ਵਿੱਚ ਸ਼ਮੂਲੀਅਤ ਲਈ ਧੀਰਜ ਬੰਨ੍ਹਾਉਂਦੀ ਹੈ। ਜਨਤਾ ਦੀ ਸਿਆਣਪ ਅਤੇ ਇਸਦਾ ਇਕੱਠ ਹੀ ਸਭ ਰੋਗਾਂ ਦਾ ਦੁਆ-ਦਾਰੂ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2745)
(ਸਰੋਕਾਰ ਨਾਲ ਸੰਪਰਕ ਲਈ: