“ਬੰਗਲਾਦੇਸ਼ ਅੱਜ ਦੇ ਦਿਨ ਤੰਦਰੁਸਤ ਅਤੇ ਵਧੀਆ ਸਿੱਖਿਅਤ ਦੇਸ਼ਾਂ ਵਿੱਚ ਸ਼ੁਮਾਰ ਹੋ ਗਿਆ ਹੈ। ...”
(4 ਅਪਰੈਲ 2021)
(ਸ਼ਬਦ: 990)
ਬੀਤੀ 26 ਮਾਰਚ ਨੂੰ ਗਵਾਂਢੀ ਬੰਗਲਾਦੇਸ਼ ਨੇ ਆਪਣੀ ਅਜ਼ਾਦੀ ਦਾ ਅੱਧਾ ਸੈਂਕੜਾ ਮਾਰਿਆ, ਜਿਸ ਨੂੰ ਬੰਗਲਾਦੇਸ਼ ਵਾਸੀਆਂ ਨੇ ਬੜੇ ਹੀ ਉਤਸ਼ਾਹ ਨਾਲ ਮਨਾਇਆ। ਅਜਿਹੇ ਜਸ਼ਨ ਕੁਦਰਤੀ ਵੀ ਸਨ। ਇਨ੍ਹਾਂ ਅਜ਼ਾਦੀ ਜਸ਼ਨਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਮੁੱਖ ਮਹਿਮਾਨ ਵਜੋਂ ਵੀ ਸ਼ਾਮਲ ਹੋਏ। ਇਨ੍ਹਾਂ ਸਭ ਜਸ਼ਨਾਂ ਦੇ ਪ੍ਰੋਗਰਾਮਾਂ ਨੂੰ ਨਾਲੋ-ਨਾਲ ਟੀ ਵੀ ਚੈਨਲਾਂ ’ਤੇ ਵੀ ਦਿਖਾਇਆ ਗਿਆ। ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਪੁਸ਼ਾਕਾਂ ਬਦਲਣ ਦੇ ਸ਼ੌਕੀਨ ਮੰਨੇ ਜਾਂਦੇ ਹਨ। ਇਸ ਕਰਕੇ ਕਦੇ ਸੁਨਹਿਰੀ, ਕਦੇ ਹਰੇ ਰੰਗਾਂ ਸਮੇਤ ਬਾਕੀ ਰੰਗਾਂ ਨੇ ਵੀ ਜਨਤਾ ਦਾ ਧਿਆਨ ਖਿੱਚਿਆ।
ਇਸ ਦੌਰੇ ਦੌਰਾਨ ਜਿੱਥੇ ਪ੍ਰਧਾਨ ਮੰਤਰੀ ਦੇ ਹੋਏ ਸਵਾਗਤ ਦਾ ਸਭ ਨੇ ਧਿਆਨ ਖਿੱਚਿਆ, ਉੱਥੇ ਹੀ ਭਾਰਤੀ ਪ੍ਰਧਾਨ ਮੰਤਰੀ ਦਾ ਇਨ੍ਹਾਂ ਦੀਆਂ ਨੀਤੀਆਂ ਕਰਕੇ ਅਤੇ ਭਾਜਪਾ ਦੀ ਬੋਲਬਾਣੀ ਕਰਕੇ ਕਾਫ਼ੀ ਵਿਰੋਧ ਵੀ ਹੋਇਆ, ਜਿਸ ਕਾਰਨ ਉੱਥੇ ਦੇ ਦਰਜਨਾਂ ਨੌਜਵਾਨ ਮਾਰੇ ਵੀ ਗਏ। ਭਾਰਤੀ ਪ੍ਰਧਾਨ ਮੰਤਰੀ ਉਸ ਦੇਸ਼ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਗਏ ਸਨ, ਜਿਹੜਾ ਸਾਡੀ ਅਜ਼ਾਦੀ ਸਮੇਂ ਸਭ ਤੋਂ ਵੱਧ ਕਮਜ਼ੋਰ, ਗਰੀਬ ਅਤੇ ਖਾਸ ਕਰ ਬਟਵਾਰੇ ਤੋਂ ਬਾਅਦ ਇਹ ਪਾਕਿਸਤਾਨ ਦਾ ਸਭ ਤੋਂ ਗਰੀਬ ਅਤੇ ਪਛੜਿਆ ਹੋਇਆ ਇਲਾਕਾ ਸੀ। ਇਸ ਕਰਕੇ ਇਸ ਨੇ ਜੋ ਅੱਜ ਤਰੱਕੀ ਹਾਸਲ ਕੀਤੀ ਹੈ, ਉਹ ਬਾਕੀ ਦੇਸ਼ਾਂ ਲਈ ਇੱਕ ਅਚੰਭੇ ਵਾਲੀ ਗੱਲ ਹੈ। ਬੰਗਲਾਦੇਸ਼ ਦੇ ਹਾਕਮਾਂ ਨੇ ਆਜ਼ਾਦੀ ਤੋਂ ਬਾਅਦ ਔਰਤਾਂ ਅਤੇ ਬੱਚਿਆਂ ਦੀ ਭਲਾਈ ਵੱਲ ਖਾਸ ਧਿਆਨ ਕੇਂਦਰਤ ਕੀਤਾ, ਜਿਸ ਸਦਕਾ ਬੰਗਲਾਦੇਸ਼ ਅੱਜ ਦੇ ਦਿਨ ਤੰਦਰੁਸਤ ਅਤੇ ਵਧੀਆ ਸਿੱਖਿਅਤ ਦੇਸ਼ਾਂ ਵਿੱਚ ਸ਼ੁਮਾਰ ਹੋ ਗਿਆ ਹੈ। ਇੱਕ ਰਿਕਾਰਡ ਦੀ ਰਿਪੋਰਟ ਮੁਤਾਬਕ 98 ਫ਼ੀਸਦੀ ਇਸਦੇ ਬੱਚੇ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਪੂਰੀ ਕਰਦੇ ਹਨ। ਬੱਚਿਆਂ ਦੀ ਮੌਤ ਦਰ ਵਿੱਚ ਵੀ ਕਾਫ਼ੀ ਕਮੀ ਆਈ ਹੈ। ਬੰਗਲਾਦੇਸ਼ੀ ਅੱਜਕੱਲ੍ਹ ਖੁੱਲ੍ਹੇ ਵਿੱਚ ਜੰਗਲ-ਪਾਣੀ ਜਾਣ ਦੀ ਬਜਾਏ ਟਾਇਲਟ ਦੀ ਵਰਤੋਂ ਕਰਦੇ ਹਨ। ਇਨ੍ਹਾਂ ਮਾਮਲਿਆਂ ਵਿੱਚ ਇਹ ਭਾਰਤ ਅਤੇ ਪਾਕਿਸਤਾਨ ਤੋਂ ਅੱਗੇ ਹਨ। ਬੰਗਲਾਦੇਸ਼ ਦੀ ਤਰੱਕੀ ਦਾ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅੱਜ ਦੇ ਦਿਨ ਬੰਗਲਾਦੇਸ਼ ਦੀ ਪ੍ਰਤੀ ਵਿਅਕਤੀ ਆਮਦਨੀ ਪਾਕਿਸਤਾਨ ਦੇ ਪ੍ਰਤੀ ਵਿਅਕਤੀ ਦੀ ਆਮਦਨੀ ਤੋਂ ਕਿਤੇ ਅੱਗੇ ਵਧ ਗਈ ਹੈ। ਪਿਛਲੇ ਲਗਭਗ ਚਾਰ ਸਾਲ ਬੰਗਲਾਦੇਸ਼ ਦੀ ਆਰਥਿਕ ਵਿਕਾਸ ਦਰ ਸੱਤ ਫੀਸਦੀ ਤੋਂ ਵੱਧ ਰਹੀ, ਜੋ ਭਾਰਤ, ਪਾਕਿਸਤਾਨ ਅਤੇ ਚੀਨ ਤੋਂ ਵੀ ਵੱਧ ਸੀ। ਇਸੇ ਕਰਕੇ ਪਿੱਛੇ ਜਿਹੇ ਸੰਯੁਕਤ ਰਾਸ਼ਟਰ ਵਿਕਾਸ ਨੀਤੀ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਇਸ ਨੂੰ ਬੇਹੱਦ ਘੱਟ ਵਿਕਸਤ ਦੇ ਦਰਜੇ ਤੋਂ ਵਧਾ ਕੇ ਵਿਕਾਸਸ਼ੀਲ ਦੇਸ਼ਾਂ ਵਿੱਚ ਪਾਉਣ ਦੀ ਸਿਫ਼ਾਰਸ਼ ਕੀਤੀ ਹੈ।
ਬੰਗਲਾਦੇਸ਼ ਦੇ ਵਿਕਾਸ ਦਾ ਕਾਰਨ ਉਸਦਾ ਸਭ ਤੋਂ ਵੱਧ ਮੁਕਾਬਲੇਬਾਜ਼ ਕੱਪੜਾ ਉਦਯੋਗ ਹੈ, ਜੋ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਉਦਯੋਗ ਬਣ ਗਿਆ ਹੈ। ਕੱਪੜਾ ਉਦਯੋਗ ਨੇ ਹੀ ਔਰਤਾਂ ਦੀ ਹਾਲਤ ਬਿਹਤਰ ਕਰਨ ਵਿੱਚ ਮਦਦ ਕੀਤੀ ਹੈ। ਇਸ ਕਰਕੇ ਕੰਮ ਕਰਨ ਵਾਲੀਆਂ ਦੀ ਹਿੱਸੇਦਾਰੀ 50 ਸਾਲ ਪਹਿਲਾਂ ਦੇ ਤਿੰਨ ਫ਼ੀਸਦੀ ਤੋਂ ਵਧ ਕੇ ਛੱਤੀ ਫ਼ੀਸਦੀ ਹੋ ਗਈ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਬੰਗਲਾਦੇਸ਼ ਦੇ ਚਾਲੀ ਲੱਖ ਕੱਪੜਾ ਕਿਰਤੀਆਂ ਵਿੱਚੋਂ ਪੰਜਾਹ ਫ਼ੀਸਦੀ ਔਰਤਾਂ ਹੀ ਹਨ। ਇਸ ਕਰਕੇ ਜਿੱਥੋਂ ਤਕ ਔਰਤਾਂ ਦੇ ਸਸ਼ਕਤੀਕਰਨ ਦਾ ਸਵਾਲ ਹੈ, ਇਸ ਨੂੰ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਸਿੱਖਣ ਦੀ ਲੋੜ ਹੈ। ਇਸ ਬੰਗਲਾਦੇਸ਼ ਫੇਰੀ ਦੌਰਾਨ ਪ੍ਰਧਾਨ ਮੰਤਰੀ ਨੇ ਮਰਹੂਮ ਇੰਦਰਾ ਗਾਂਧੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ, ਜਿਸ ਦੀ ਉਹ ਹੱਕਦਾਰ ਵੀ ਬਣਦੀ ਸੀ। ਇਹ ਸਵਰਗੀ ਇੰਦਰਾ ਗਾਂਧੀ ਹੀ ਸੀ, ਜਿਸ ਨੇ 1971 ਵਿੱਚ ਆਪਣੇ ਗਵਾਂਢ ਵਿੱਚ ਹੁੰਦੀ ਜ਼ਿਆਦਤੀ ਦੇਖ ਕੇ ਉੱਥੇ ਚੱਲੀ ਅਜ਼ਾਦੀ ਦੀ ਲਹਿਰ ਵਿੱਚ ਮਰਹੂਮ ਸ਼ੇਖ ਮੁਜੀਬ ਉਰ ਰਹਿਮਾਨ ਦਾ ਸਾਥ ਦੇਣ ਦਾ ਮਨ ਬਣਾਇਆ। ਮਦਦ ਲਈ ਮੁਕਤੀ ਵਹਿਨੀ ਦੇ ਨਾਂਅ ਹੇਠ ਢਾਕੇ ਵਿੱਚ ਆਪਣੀ ਫੌਜ ਝੋਕ ਦਿੱਤੀ, ਜਿਸ ਸਦਕਾ ਅਖੀਰ ਬੰਗਲਾਦੇਸ਼ ਅਜ਼ਾਦ ਹੋ ਗਿਆ। ਉਸ ਦੇ ਸੀਨੇ ਦੀ ਲੰਬਾਈ-ਚੌੜਾਈ ਦਾ ਅੰਦਾਜ਼ਾ ਤੁਸੀਂ ਆਪ ਲਗਾਓ, ਜਿਸਦੇ ਹੌਸਲੇ ਅਤੇ ਐਕਸ਼ਨ ਸਦਕਾ ਪਾਕਿ ਦੀ ਤਕਰੀਬਨ ਇੱਕ ਲੱਖ ਫੌਜ ਨੇ ਭਾਰਤੀ ਜਰਨੈਲਾਂ ਅੱਗੇ ਆਤਮ-ਸਮਰਪਣ ਕਰ ਦਿੱਤਾ ਅਤੇ ਅਮਰੀਕੀ ਬੇੜਾ, ਜੋ ਪਾਕਿਸਤਾਨ ਦੀ ਮਦਦ ਲਈ ਆ ਰਿਹਾ ਸੀ, ਰਸਤੇ ਵਿੱਚੋਂ ਹੀ ਨੌਂ ਦੋ ਗਿਆਰਾਂ ਹੋ ਗਿਆ।
ਮਰਹੂਮ ਇੰਦਰਾ ਗਾਂਧੀ ਨੇ ਆਪਣੇ ਰਾਜ ਕਾਰਜ ਦੌਰਾਨ ਸਿਰਫ਼ ਬੰਗਲਾਦੇਸ਼ ਨੂੰ ਆਜ਼ਾਦ ਕਰਾ ਕੇ ਪਾਕਿਸਤਾਨ ਨੂੰ ਕਮਜ਼ੋਰ ਹੀ ਨਹੀਂ ਕੀਤਾ, ਸਗੋਂ ਆਪਣੀ ਇੱਛਾ-ਸ਼ਕਤੀ ਸਦਕਾ ਸਿੱਕਮ ਵੀ ਭਾਰਤ ਨਾਲ ਮਿਲ ਲਿਆ, ਪਰ ਪਤਾ ਨਹੀਂ ਕਿਉਂ ਪ੍ਰਧਾਨ ਮੰਤਰੀ ਨੇ ਇੰਦਰਾ ਗਾਂਧੀ ਦਾ ਜ਼ਿਕਰ ਕਰਦੇ ਸਮੇਂ ਆਪਣੀ ਆਦਤ ਮੁਤਾਬਕ ਇਹ ਵੀ ਆਖ ਦਿੱਤਾ ਕਿ ਇਸ ਜੰਗੇ ਆਜ਼ਾਦੀ ਦੀ ਲਹਿਰ ਵਿੱਚ ਮੈਂ ਵੀ ਜੇਲ ਗਿਆ ਸੀ। ਇਸ ਜੰਗੇ ਅਜ਼ਾਦੀ ਦਾ ਵਿਰੋਧ ਸਿਰਫ਼ ਪਾਕਿਸਤਾਨ ਜਾਂ ਫਿਰ ਕੁਝ ਬੰਗਲਾਦੇਸ਼ੀ ਕਰ ਰਹੇ ਸਨ, ਇਸ ਕਰਕੇ ਕਿਸੇ ਭਾਰਤੀ ਦਾ ਜੋ ਅਜ਼ਾਦੀ ਦੀ ਲੜਾਈ ਦਾ ਹਮਾਇਤੀ ਹੋਵੇ, ਜੇਲ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਖੈਰ, ਉਹਨਾਂ ਦੀਆਂ ਉਹ ਹੀ ਜਾਨਣ। ਅਜਿਹੀਆਂ ਗੱਲਾਂ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ ਹੈ।
ਹੁਣ ਦਿਲ ਕਰਦਾ ਹੈ ਕਿ ਪ੍ਰਧਾਨ ਮੰਤਰੀ ਜੀ ਨੂੰ ਵੀ ਨਿਮਰਤਾ-ਪੂਰਵਕ ਇੱਕ ਸਵਾਲ ਕੀਤਾ ਜਾਵੇ ਕਿ ਮਿਆਂਮਾਰ ਭਾਰਤ ਤੋਂ ਕਿੰਨੀ ਦੂਰ ਹੈ, ਜਿੱਥੇ ਇੱਕ ਫਰਵਰੀ ਨੂੰ ਰਾਜ ਪਲਟਾ ਹੋ ਕੇ ਹਟਿਆ ਹੈ। ਜਿੱਥੇ ਸ੍ਰੀਮਤੀ ਸੂ ਕੀ ਦੇ ਰਾਜ ਦਾ ਤਖ਼ਤਾ ਪਲਟ ਦਿੱਤਾ ਗਿਆ ਹੈ। ਜਿੱਥੇ ਪਿਛਲੇ ਦੋ ਮਹੀਨਿਆਂ ਵਿੱਚ ਫੌਜ ਨੇ ਆਪਣੀਆਂ ਗੋਲੀਆਂ ਨਾਲ ਵਿਰੋਧ ਕਰਦੇ ਨਿਹੱਥਿਆਂ ’ਤੇ ਗੋਲੀਆਂ ਚਲਾ ਕੇ ਕੋਈ ਢਾਈ-ਤਿੰਨ ਸੌ ਤੋਂ ਵੱਧ ਨੂੰ ਮਾਰ ਮੁਕਾਇਆ ਹੈ। ਕੀ ਪ੍ਰਧਾਨ ਮੰਤਰੀ ਨੂੰ ਬੰਗਲਾਦੇਸ਼ ਦੀ ਅਜ਼ਾਦੀ ਲਈ ਇੰਦਰਾ ਗਾਂਧੀ ਵੱਲੋਂ ਪਾਇਆ ਯੋਗਦਾਨ ਮਿਆਂਮਾਰ ਵਿੱਚ ਭਾਰਤ ਨੂੰ ਦਖ਼ਲ ਦੇਣ ਲਈ ਨਹੀਂ ਪ੍ਰੇਰਦਾ? ਕੀ ਪ੍ਰਧਾਨ ਮੰਤਰੀ ਨੂੰ ਗੁਆਂਢ ਵਿੱਚ ਹੋ ਰਿਹਾ ਨਿਰਦੋਸ਼ਾਂ ਦਾ ਖੂਨ-ਖਰਾਬਾ ਨਹੀਂ ਦਿਸਦਾ? ਤੁਹਾਡੇ ਗੁਆਂਢ ਵਿੱਚ ਲੋਕਤੰਤਰ ਦੀ ਹੱਤਿਆ ਹੋ ਰਹੀ ਹੋਵੇ ਅਤੇ ਤੁਸੀਂ ਖਾਮੋਸ਼ ਰਹੋ, ਇਸ ਤੋਂ ਵੱਡੀ ਗੱਲ ਭਾਰਤ ਦੇ ਪ੍ਰਧਾਨ ਮੰਤਰੀ ਦੀ 56 ਇੰਚ ਦੀ ਛਾਤੀ ਹੋਵੇ, ਅਜਿਹੀ ਹੋ ਜਾਵੇ, ਕੀ ਇਹ ਸਾਡੀ ਨਿਪੁੰਸਕਤਾ ਨਹੀਂ? ਅਸੀਂ ਕਿਸ ਦੇ ਸੁਨੇਹੇ ਦਾ ਇੰਤਜ਼ਾਰ ਕਰ ਰਹੇ ਹਾਂ? ਕੀ ਪ੍ਰਧਾਨ ਮੰਤਰੀ ਜੀ ਇਸ ਗੱਲੋਂ ਅਣਜਾਣ ਹਨ ਕਿ ਬਰਮਾ ਅਤੇ ਸ੍ਰੀਲੰਕਾ ਵਰਗੇ ਦੇਸ਼ ਲਗਭਗ ਇੱਕ ਸਦੀ ਪਹਿਲਾਂ ਭਾਰਤ ਦੇ ਹੀ ਹਿੱਸੇ ਸਨ? ਸਾਡੇ ਅਤੇ ਉਨ੍ਹਾਂ ਦੇ ਵੱਡੇ-ਵਡੇਰਿਆਂ ਵਿੱਚ ਕੋਈ ਫ਼ਰਕ ਨਹੀਂ। ਸਭ ਦੀਆਂ ਰਗਾਂ ਵਿੱਚ ਇੱਕ ਤਰ੍ਹਾਂ ਦਾ ਹੀ ਖ਼ੂਨ ਦੌੜ ਰਿਹਾ ਸੀ। ਫਿਰ ਮਿਆਂਮਾਰ ਵਿੱਚ ਦਖ਼ਲ ਦੇ ਕੇ ਲੋਕਤੰਤਰ ਨੂੰ ਬਚਾਉਣ ਤੋਂ ਝਿਜਕ ਕਿਸ ਗੱਲ ਦੀ? 1971 ਦੇ ਐਕਸ਼ਨ ਤੋਂ ਸਿੱਖੋ, ਦਖ਼ਲ ਦਿਓ, ਆਪਣੇ ਵੱਲੋਂ ਚੰਗੇ ਗੁਆਂਢੀ ਅਤੇ ਵੱਡੇ ਭਾਈ ਵਾਲਾ ਫ਼ਰਜ਼ ਨਿਭਾਓ। ਆਪਣੀ 56 ਇੰਚ ਦੀ ਛਾਤੀ ਨੂੰ ਐਕਸ਼ਨ ਵਿੱਚ ਲਿਆ ਕੇ ਨਵਾਂ ਇਤਿਹਾਸ ਰਚੋ। ਸਭ ਛੋਟੇ ਦੇਸ਼ਾਂ ਅਤੇ ਮਿਆਂਮਾਰ ਦੇ ਹਮਦਰਦਾਂ ਦੀਆਂ ਨਜ਼ਰਾਂ ਇਸ ਵਕਤ ਤੁਹਾਡੇ ਵੱਲ ਹਨ। ਸਾਡੇ ਖਿਆਲ ਵਿੱਚ 56 ਇੰਚ ਦਾ ਸੀਨਾ ਸਹੀ ਹੈ ਕਿ ਨਹੀਂ, ਇਸ ਨੂੰ ਦਿਖਾਉਣ ਅਤੇ ਸਾਬਤ ਕਰਨ ਦਾ ਮੌਕਾ ਬੱਸ ਇਹੀ ਹੈ। ਅਸਲ ਵਿੱਚ ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਮੋਹਰੀ ਹੈ, ਜੋ ਜਮਹੂਰੀਅਤ ਦੇ ਅਲੰਬਰਦਾਰ ਹਨ। ਇਸ ਕਰਕੇ ਵੀ ਸਾਨੂੰ ਆਪਣਾ ਬਣਦਾ ਫ਼ਰਜ਼ ਪਛਾਨਣਾ ਚਾਹੀਦਾ ਹੈ, ਦੇਰੀ ਬੁੱਚੜਾਂ ਦੇ ਹੱਕ ਵਿੱਚ ਜਾਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2689)
(ਸਰੋਕਾਰ ਨਾਲ ਸੰਪਰਕ ਲਈ: