“ਅਜਿਹਾ ਦੁੱਖ ਵੱਧ ਉਹੀ ਮਹਿਸੂਸ ਕਰ ਸਕਦੇ ਹਨ, ਜਿਨ੍ਹਾਂ ਨਾਲ ਜਾਂ ਜਿਨ੍ਹਾਂ ਦੀ ਹਾਜ਼ਰੀ ਵਿੱਚ ...”
(25 ਅਪਰੈਲ 2021)
ਕਰੋਨਾ ਦੀ ਖਾਤਰ ਜਿਹੜੇ ਬੱਚਿਆਂ ਨੇ ਆਪਣੀਆਂ ਗੋਲਕਾਂ ਤੋੜ ਕੇ ਆਪਣਾ ਸਾਰਾ ਜੋੜਿਆ ਹੋਇਆ ਪੈਸਾ ਭਾਰਤ ਦੇ ਪ੍ਰਧਾਨ ਮੰਤਰੀ ਦੀ ਇੱਕ ਅਪੀਲ ’ਤੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਸੀ, ਅੱਜ ਉਹੀ ਬੱਚੇ ਆਪਣੇ ਮਾਂ-ਪਿਓ ਨੂੰ ਬਿਨਾਂ ਆਕਸੀਜ਼ਨ ਦੇ ਹਸਪਤਾਲਾਂ ਵਿੱਚ ਮਰਦੇ ਦੇਖ ਕੇ ਚੀਕ-ਚਿਹਾੜਾ ਪਾ ਰਹੇ ਹਨ। ਜਿਵੇਂ ਆਕਸੀਜ਼ਨ ਦੀ ਘਾਟ ਕਰਕੇ ਜਾਂ ਆਕਸੀਜ਼ਨ ਬੰਦ ਹੋਣ ਕਰਕੇ ਨਾਸਿਕ (ਮਹਾਰਾਸ਼ਟਰ) ਵਿੱਚ ਚੌਵੀ ਮਰੀਜ਼ ਆਪਣੇ ਸਕਿਆਂ-ਸੰਬੰਧੀਆਂ ਦੀ ਹਾਜ਼ਰੀ ਵਿੱਚ ਦਮ ਤੋੜ ਗਏ, ਉਸ ਤਰ੍ਹਾਂ ਹੀ ਬੰਬਈ ਦੇ ਇੱਕ ‘ਵਿਰਾਰ’ ਹਸਪਤਾਲ ਵਿੱਚ ਰਾਤ ਨੂੰ ਅਚਾਨਕ ਅੱਗ ਲੱਗਣ ਨਾਲ ਤੇਰਾਂ ਹੋਰ ਕਰੋਨਾ ਮਰੀਜ਼ ਤੜਫਦੇ-ਤੜਫਦੇ ਆਪਣਿਆਂ ਨੂੰ ਅਲਵਿਦਾ ਆਖ ਗਏ। ਅਜਿਹਾ ਦੁੱਖ ਵੱਧ ਉਹੀ ਮਹਿਸੂਸ ਕਰ ਸਕਦੇ ਹਨ, ਜਿਨ੍ਹਾਂ ਨਾਲ ਜਾਂ ਜਿਨ੍ਹਾਂ ਦੀ ਹਾਜ਼ਰੀ ਵਿੱਚ ਅਜਿਹਾ ਵਾਪਰਿਆ ਹੋਵੇ। ਵਿਸ਼ਵ ਵਿੱਚ ਕਰੋਨਾ ਕਹਿਰ ਦੀ ਗੰਭੀਰਤਾ ਨੂੰ ਪਹਿਚਾਣਦਿਆਂ ਹੋਇਆਂ ਬੇਟੀ ਥਨਬਰਗ ਨੇ ਕੋਵਿਡ ਵੈਕਸੀਨ ਲੋੜਵੰਦਾਂ ਲਈ ਇੱਕ ਲੱਖ ਯੂਰੋ ਦਾ ਦਾਨ ਕੀਤਾ ਹੈ। ਇਸੇ ਲਈ ਬੱਚੀ ਵਿਸ਼ਵ ਵਧਾਈ ਦੀ ਪਾਤਰ ਹੈ।
ਸ਼ੁੱਕਰਵਾਰ ਯਾਨੀ 23 ਅਪ੍ਰੈਲ ਦੀ ਸਵੇਰ ਦੀਆਂ ਖ਼ਬਰਾਂ ਸੁਣਨ ’ਤੇ ਪਤਾ ਲੱਗਾ ਕਿ ਅੱਜ ਕਈ ਪਿਛਲੇ ਰਿਕਾਰਡ ਟੁੱਟੇ ਹਨ। ਇਨ੍ਹਾਂ ਖ਼ਬਰਾਂ ਮੁਤਾਬਕ ਭਾਰਤ ਨੇ ਸਿਰਫ਼ ਆਪਣਾ ਰਿਕਾਰਡ ਹੀ ਨਹੀਂ ਤੋੜਿਆ, ਬਲਕਿ ਸਵਾ ਦੋ ਲੱਖ ਤੋਂ ਵੱਧ ਦਾ ਮਰੀਜ਼ਾਂ ਦਾ ਅੰਕੜਾ ਛੂਹ ਕੇ ਵਰਲਡ ਰਿਕਾਰਡ ਵੀ ਬਣਾਇਆ ਹੈ। ਸੈਂਟਰ ਸਰਕਾਰ ਅਤੇ ਬਾਕੀ ਸਭ ਸੂਬਾ ਸਰਕਾਰਾਂ ਭਾਵੇਂ ਆਪਣੀ ਔਸਤਨ ਰਫ਼ਤਾਰ ਨਾਲੋਂ ਧੀਮੀਆਂ ਚੱਲ ਰਹੀਆਂ ਹਨ, ਪਰ ਇਸ ਸਭ ਦੇ ਬਾਵਜੂਦ ਭਾਰਤੀ ਨਿਆਂ ਪਾਲਕਾਵਾਂ, ਸਣੇ ਸੁਪਰੀਮ ਕੋਰਟ ਦੇ ਆਪਣਾ ਫ਼ਰਜ਼ ਖੂਬ ਪਹਿਚਾਣਿਆ ਹੈ। ਲਗਭਗ ਇੱਕ ਦਰਜਨ ਦੇ ਕਰੀਬ ਦੇਸ਼ ਦੀਆਂ ਹਾਈਕੋਰਟਾਂ ਨੇ ਮੌਜੂਦਾ ਕਰੋਨਾ ਕਹਿਰ, ਜਿਸ ਕਹਿਰ ਵਿੱਚ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਦਾਖ਼ਲਾ ਨਹੀਂ ਮਿਲ ਰਿਹਾ - ਦਾਖਲੇ ਤੋਂ ਬਾਅਦ ਮਰੀਜ਼ਾਂ ਨੂੰ ਬੈੱਡ ਮੁਹਈਆ ਨਹੀਂ ਹੋ ਰਹੇ, ਇੱਕ-ਇੱਕ ਬੈੱਡ ’ਤੇ ਦੋ-ਦੋ ਮਰੀਜ਼ ਅਡਜਸਟ ਹੋ ਰਹੇ ਹਨ, ਉਨ੍ਹਾਂ ਨੂੰ ਆਕਸੀਜ਼ਨ ਦੀ ਤੋਟ ਆ ਰਹੀ ਹੈ। ਦਵਾਈਆਂ ਦੀ ਘਾਟ ਰੜਕ ਰਹੀ ਹੈ। ਮਰੀਜ਼ਾਂ ਦੇ ਪਰਿਵਾਰਾਂ ਨੂੰ ਆਕਸੀਜ਼ਨ ਦਾ ਪ੍ਰਬੰਧ ਆਪ ਕਰਨ ਨੂੰ ਕਿਹਾ ਜਾ ਰਿਹਾ ਹੈ। ਕਈ ਮਰੀਜ਼ ਹਸਪਤਾਲਾਂ ਦੀ ਖੋਜ ਵਿੱਚ ਆਪਣੀਆਂ ਗੱਡੀਆਂ ਜਾਂ ਐਂਬੂਲੈਂਸਾਂ ਵਿੱਚ ਹੀ ਦਮ ਤੋੜ ਰਹੇ ਹਨ। ਦਮ ਤੋੜਨ ਤੋਂ ਬਾਅਦ ਉਨ੍ਹਾਂ ਨੂੰ ਸ਼ਮਸ਼ਾਨ ਘਾਟ ਤਕ ਲਿਜਾਣ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ। ਸ਼ਮਸ਼ਾਨ ਘਾਟ ਪਹੁੰਚੀਆਂ ਲਾਸ਼ਾਂ ਦੇ ਅੰਤਮ ਸੰਸਕਾਰਾਂ ਦਾ ਪੂਰਾ ਪ੍ਰਬੰਧ ਨਹੀਂ ਹੈ। ਅਜਿਹੀਆਂ ਘਟਨਾਵਾਂ ਦਾ ਨੋਟਿਸ ਲੈ ਕੇ ਸੰਬੰਧਤ ਸੂਬਿਆਂ ਦੀਆਂ ਹਾਈਕੋਰਟਾਂ ਨੇ ਸੰਬੰਧਤ ਸੂਬਿਆਂ ਅਤੇ ਜ਼ਰੂਰੀ ਮਹਿਕਮਿਆਂ ਨੂੰ ਪਾਰਟੀਆਂ ਬਣਾ ਕੇ ਜਵਾਬ ਮੰਗਿਆ ਹੈ। ਇਸ ਸੰਬੰਧ ਵਿੱਚ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਵੀ ਇਸ ਸਭ ਕਾਸੇ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਸੈਂਟਰ ਸਰਕਾਰ ਦੀ ਖਿਚਾਈ ਕਰਦਿਆਂ ਜਵਾਬ ਤਲਬੀ ਕੀਤੀ ਹੈ। ਉਸ ਨੇ ਆਪ ਨੋਟਿਸ ਲੈਂਦਿਆਂ ਆਖਿਆ ਹੈ ਕਿ ਦੇਸ਼ ਵਿੱਚ ਐਮਰਜੈਂਸੀ ਦੇ ਹਾਲਾਤ ਬਣੇ ਹੋਏ ਹਨ। ਸੁਪਰੀਮ ਕੋਰਟ ਨੇ ਸਖ਼ਤ ਲਹਿਜ਼ੇ ਵਿੱਚ ਕੇਂਦਰ ਨੂੰ ਇਸ ਸੰਬੰਧੀ ਇੱਕ ਰਾਸ਼ਟਰੀ ਨੀਤੀ ਬਣਾਉਣ ਲਈ ਕਿਹਾ ਹੈ। ਅਦਾਲਤ ਦੀ ਸੁਣਵਾਈ ਮੰਗਲਵਾਰ ਤਕ ਮੁਲਤਵੀ ਕਰ ਦਿੱਤੀ ਹੈ।
ਇਨ੍ਹਾਂ ਖ਼ਬਰਾਂ ਵਿੱਚ ਇੱਕ ਪ੍ਰਮੁੱਖ ਖ਼ਬਰ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਨੇ ਆਪਣਾ ਬੰਗਾਲ ਦਾ ਦੌਰਾ ਰੱਦ ਕਰ ਦਿੱਤਾ ਹੈ। ਖਬਰਾਂ ਮੁਤਾਬਕ ਹੁਣ ਉਹ ਅਜਿਹੀਆਂ ਆਫਤਾਂ ’ਤੇ ਕੰਟਰੋਲ ਕਰਨ ਲਈ ਲਗਾਤਾਰ ਮੀਟਿੰਗਾਂ ਕਰ ਕੇ ਸਮੁੱਚੀ ਮਸ਼ੀਨਰੀ ਨੂੰ ਹਰਕਤ ਵਿੱਚ ਲਿਆਉਣਗੇ। ਕਿੰਨੀ ਹਰਕਤ ਵਿੱਚ ਆਉਂਦੀ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਸਭ ਹਕੀਕਤ ਜਾਣਦੇ ਹੋਏ ਵੀ ਕੇਂਦਰੀ ਲੀਡਰਸ਼ਿੱਪ ਨੇ, ਸਣੇ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਦੇ ਕਿਸੇ ਨੇ ਵੀ ਕੁੰਭ ਦੇ ਮੇਲੇ ਦਾ ਸਮਾਂ ਘਟਾਉਣ ਅਤੇ ਚੋਣ-ਰਾਜਾਂ ਵਿੱਚ ਰੈਲੀਆਂ ਨਾ ਕਰਨ ਦਾ ਫ਼ੈਸਲਾ ਨਹੀਂ ਲਿਆ। ਬੰਗਾਲ ਬਾਰੇ ਭਾਜਪਾ ਨੇ ਜੋ ਫੈਸਲਾ ਹੁਣ ਕੀਤਾ ਹੈ, ਉਹ ਉਸ ਨੂੰ ਬਹੁਤ ਚਿਰ ਪਹਿਲਾਂ ਕਰਨਾ ਚਾਹੀਦਾ ਸੀ। ਜਿਨ੍ਹਾਂ ਪਾਰਟੀਆਂ ਨੇ ਪਹਿਲਾਂ ਵੱਡੀਆਂ ਰੈਲੀਆਂ ਨਾ ਕਰਨ ਦਾ ਫੈਸਲਾ ਕੀਤਾ, ਉਨ੍ਹਾਂ ’ਤੇ ਭਾਜਪਾ ਨੇ ਤਰ੍ਹਾਂ-ਤਰ੍ਹਾਂ ਦੇ ਤਨਜ਼ ਕੱਸੇ। ਸਭ ਤੋਂ ਵੱਡੀ ਪਾਰਟੀ ਦਾ ਸਭ ਤੋਂ ਬਾਅਦ ਫੈਸਲਾ ਲੈਣਾ ਦਰਸਾਉਂਦਾ ਹੈ ਕਿ ਬੰਗਾਲ ਦੀਆਂ ਚੋਣਾਂ ਤੋਂ ਅੰਦਰੋਂ-ਅੰਦਰੀ ਭਾਜਪਾ ਕਿੰਨੀ ਡਰੀ ਹੋਈ ਲਗਦੀ ਹੈ, ਜੋ ਹਾਰ ਦੇ ਡਰੋਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ। ਇਸੇ ਕਰਕੇ ਹੀ ਸਾਰੀ ਦੀ ਸਾਰੀ ਕੇਂਦਰੀ ਲੀਡਰਸ਼ਿੱਪ ਬੰਗਾਲ ਡੇਰੇ ਲਾਈ ਬੈਠੀ ਸੀ ਅਤੇ ਪ੍ਰਧਾਨ ਮੰਤਰੀ ਵੀ ਸਾਰਾ ਦਿਨ ਬੰਗਾਲ ਜਾ ਕੇ ਸ਼ਾਮ ਨੂੰ ਦੇਸ਼ ਦੇ ਨਾਂਅ ਸੰਦੇਸ਼ ਦਿੰਦੇ ਸਨ। ਮਮਤਾ ਦੀ ਦਲੇਰੀ ਦੀ ਦਾਦ ਦੇਣੀ ਬਣਦੀ ਹੈ ਜਿਸ ਨੇ ਬੰਗਾਲ ਵਿੱਚ ਵੱਡੀਆਂ ਚੋਣ ਰੈਲੀਆਂ ਨਾ ਕਰਨ ਦਾ ਐਲਾਨ ਭਾਜਪਾ ਤੋਂ ਪਹਿਲਾਂ ਲਿਆ।
ਕਰੋਨਾ ਕਹਿਰ ਕਦੇ ਵੀ ਅੱਜ ਦੇ ਹਾਲਾਤ ਨੂੰ ਨਾ ਪਹੁੰਚਦਾ ਜੇਕਰ ਕੇਂਦਰ ਸਰਕਾਰ ਆਪਣੀ ਅਗਵਾਈ ਵਿੱਚ ਇਸ ਸਭ ਕਾਸੇ ਦਾ ਪ੍ਰਬੰਧ ਆਪ ਅਤੇ ਬਾਕੀ ਸੂਬਿਆਂ ਤੋਂ ਪਹਿਲਾਂ ਕਰਵਾਉਂਦੀ। ਸਰਕਾਰ ਇਹ ਜਾਣਦੀ ਹੋਈ ਵੀ ਕਿ ਕਾਰ ਵਿੱਚ ਬੈਠੇ ਇੱਕ ਵਿਅਕਤੀ ਲਈ ਵੀ ਮਾਸਕ ਪਾਉਣਾ ਇੰਨਾ ਜ਼ਰੂਰੀ ਹੈ ਕਿ ਫੜੇ ਜਾਣ ’ਤੇ ਚਲਾਨ ਜ਼ਰੂਰੀ ਹੈ, ਪਰ ਉਹ ਬਿਨਾਂ ਮਾਸਕ ਹਜ਼ਾਰਾਂ ਵਿਅਕਤੀਆਂ ਦੀਆਂ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ। ਇਸ ਸੰਬੰਧ ਵਿੱਚ ਇਲੈਕਸ਼ਨ ਕਮਿਸ਼ਨਰ ਵੀ ਫੇਲ ਹੋਇਆ ਹੈ। ਉਸ ਨੇ ਵੀ ਇਸ ਸੰਬੰਧ ਵਿੱਚ ਸਿਰਫ਼ ਹਦਾਇਤਾਂ ਹੀ ਜਾਰੀ ਕੀਤੀਆਂ, ਪਰ ਅਮਲ ਕਰਾਉਣ ਲਈ ਕੋਈ ਸਖ਼ਤੀ ਨਹੀਂ ਦਿਖਾਈ, ਜਿਸ ਕਰਕੇ ਬੰਗਾਲ ਹਾਈਕੋਰਟ ਨੇ ਇਸ ਸੰਬੰਧ ਵਿੱਚ ਆਪਣੀ ਨਰਾਜ਼ਗੀ ਪ੍ਰਗਟਾਉਂਦਿਆਂ ਇਲੈਕਸ਼ਨ ਕਮਿਸ਼ਨਰ ਨੂੰ ਝਾੜ ਪਾਈ ਹੈ।
ਹੁਣ ਯਾਦ ਕਰੋ ਇਸ ਸਰਕਾਰ ਦੇ ਉਹ ਫਰਮਾਨ, ਜਿਸ ਵਿੱਚ ਇਸ ਨੇ ਜਿਨ੍ਹਾਂ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣ ਦੀ ਮੁਹਿੰਮ ਚਲਾਈ ਸੀ, ਉਨ੍ਹਾਂ ਨੂੰ ਇਹ ਸਮਾਰਟ ਸਿਟੀ ਤਾਂ ਬਣਾ ਨਹੀਂ ਸਕੀ, ਬਲਕਿ ਉਨ੍ਹਾਂ ਨੂੰ ਸ਼ਮਸ਼ਾਨ ਸਿਟੀ ਬਣਾ ਦਿੱਤਾ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਇਹ ਇੱਕ ਦਿਨ ਹੋਣਾ ਹੀ ਸੀ, ਕਿਉਂਕਿ ਅਸੀਂ ਅੱਜ ਤਕ ਰਲ ਕੇ ਕਦੇ ਵੀ ਸਿੱਖਿਆ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਬਣਾਉਣ, ਸਿਹਤ ਸਹੂਲਤਾਂ, ਹਸਪਤਾਲਾਂ, ਆਪਣੇ ਮੌਲਿਕ ਅਧਿਕਾਰਾਂ ਆਦਿ ਦੀ ਲੜਾਈ ਲੜੀ ਹੀ ਨਹੀਂ। ਅਸੀਂ ਤਾਂ ਅਜੇ ਹਿੰਦੂ-ਮੁਸਲਿਮ, ਮੰਦਰਾਂ-ਮਸੀਤਾਂ, ਹਿੰਦ-ਪਾਕਿ ਦੀ ਲੜਾਈ ਤੋਂ ਵਿਹਲੇ ਨਹੀਂ ਹੋਏ, ਨਾ ਹੀ ਸਾਨੂੰ ਮੌਜੂਦਾ ਸਰਕਾਰ ਨੇ ਆਪਣੇ ਗੋਦੀ ਮੀਡੀਏ ਦੇ ਪ੍ਰਚਾਰ ਰਾਹੀਂ ਵਿਹਲੇ ਹੋਣ ਦਿੱਤਾ ਹੈ, ਨਾ ਹੀ ਹੋਣ ਦੇਣਾ ਹੈ। ਇਹ ਸਭ ਤਾਂ ਸਾਨੂੰ ਸਭ ਦੇਸ਼ ਪ੍ਰੇਮੀਆਂ, ਦੇਸ਼ ਭਗਤਾਂ ਨੂੰ ਇਕੱਠੇ ਹੋ ਕੇ ਸੋਚਣਾ ਪਵੇਗਾ ਕਿ ਕੀ ਗਲਤ ਹੈ ਅਤੇ ਕੀ ਠੀਕ ਹੈ? ਫਿਰਕੂ ਸਰਕਾਰਾਂ ਫ਼ਿਰਕੂ ਸੋਚ ਨੂੰ ਹੀ ਸ਼ਹਿ ਦਿੰਦੀਆਂ ਹਨ, ਜਦ ਤਕ ਅਜੋਕਾ ਨੌਜਵਾਨ ਅਤੇ ਵਿਦਿਆਰਥੀ ਵਰਗ ਬਾਕੀ ਨਿੱਗਰ ਸੋਚ ਵਾਲਿਆਂ ਨੂੰ ਨਾਲ ਲੈ ਕੇ ਹੰਭਲਾ ਨਹੀਂ ਮਾਰੇਗਾ, ਅੰਧ ਭਗਤਾਂ ਨੂੰ ਮਾਤ ਨਹੀਂ ਦੇਵੇਗਾ, ਤਦ ਤਕ ਬਿਮਾਰਾਂ ਨੂੰ ਹਸਪਤਾਲ ਵਿੱਚ ਜਗ੍ਹਾ ਨਹੀਂ ਮਿਲੇਗੀ ਅਤੇ ਮਰਨ ਉਪਰੰਤ ਸ਼ਮਸ਼ਾਨ ਘਾਟਾਂ ਵਿੱਚ ਜਗ੍ਹਾ ਨਹੀਂ ਮਿਲੇਗੀ। ਮੌਜੂਦਾ ਸਿਸਟਮ ਵਿੱਚ ਮੁੱਲ ਦੀ ਆਕਸੀਜ਼ਨ ਖ਼ਰੀਦ ਕੇ ਕਿੰਨਾ ਚਿਰ ਜਿਊਂਦੇ ਰਹਿ ਸਕੋਗੇ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2731)
(ਸਰੋਕਾਰ ਨਾਲ ਸੰਪਰਕ ਲਈ: