“ਮਤ-ਭੇਦ ਭੁਲਾਓ, ਗਲਵੱਕੜੀ ਪਾਓ, ਨਿੱਜੀ ਮੁਫ਼ਾਦਾਂ ਅਤੇ ਪਾਰਟੀ ਮਤਭੇਦਾਂ ਤੋਂ ਉੱਪਰ ਉੱਠ ਕੇ ...”
(18 ਸਤੰਬਰ 2023)
ਪਿਛਲੇ ਦਿਨੀਂ ਜਿੰਨੀ ਧੂਮ-ਧਾਮ ਨਾਲ ਜੀ-20 ਸੰਮੇਲਨ ਸ਼ੁਰੂ ਹੋਇਆ, ਉੰਨੀ ਹੀ ਧੂਮ-ਧਾਮ ਨਾਲ ਸਮਾਪਤ ਹੋ ਗਿਆ। ਇਸ ਸੰਮੇਲਨ ਨਾਲ ਵਾਕਿਆ ਹੀ ਦੇਸ਼ ਦਾ ਕੱਦ ਹੋਰ ਦੇਸ਼ਾਂ ਦੀਆਂ ਨਿਗਾਹਾਂ ਵਿੱਚ ਵਧਿਆ ਹੋਵੇਗਾ। ਇਸ ਸੰਮੇਲਨ ਦੇ ਫਾਇਦੇ ਜੋ ਰਾਜ ਕਰਦੀ ਪਾਰਟੀ ਗਿਣਾ ਰਹੀ ਹੈ, ਇਸਦਾ ਪਤਾ ਵੀ ਤਾਂ ਆਉਣ ਵਾਲੇ ਸਮੇਂ ਵਿੱਚ ਲੱਗੇਗਾ। ਇਸ ਸੰਮੇਲਨ ’ਤੇ ਜਨਤਾ ਦੇ ਖੂਨ-ਪਸੀਨੇ ਦੀ ਕਿੰਨੀ ਕਮਾਈ ਭਾਜਪਾ ਨੇ ਦੇਸ਼ ਦਾ ਫਾਇਦਾ ਕਹਿ ਕੇ ਆਪਣੇ-ਆਪ ਨੂੰ ਨਿਖਾਰਨ ਵਿੱਚ ਖ਼ਰਚੀ ਹੈ, ਇਸ ਸਭ ਦਾ ਵੇਰਵਾ ਅਤੇ ਨਿਰਣਾ ਆਉਣ ਵਾਲੇ ਸਮੇਂ ਵਿੱਚ ਜਨਤਾ ਜਾਣ ਸਕੇਗੀ। ਇਸ ਬਾਰੇ ਵੀ ਸਭ ਜਨਤਾ ਜਾਣ ਜਾਵੇਗੀ ਕਿ ਇਸ ਸੰਮੇਲਨ ਦੀ ਚਮਕ ਲਈ ਅਤਿ ਗਰੀਬ ਜਨਤਾ ਦਾ ਉਜਾੜਾ ਕਰਾਇਆ ਗਿਆ। ਜਨਤਾ ਦੇ ਟੈਕਸ ਦੀ ਕਮਾਈ ਖਰਚਣ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਨਾਦਰਸ਼ਾਹੀ ਹੁਕਮ ਨਾਲ ਜਬਰੀ ਸਫ਼ਾਈ, ਰੌਸ਼ਨੀ ਅਤੇ ਹੋਰ ਸਜਾਵਟ ਲਈ ਮਜਬੂਰ ਅਤੇ ਆਪੋ-ਆਪਣੇ ਕਾਰੋਬਾਰ ਨੂੰ ਸੰਮੇਲਨ ਦੌਰਾਨ ਬੰਦ ਰੱਖਣ ਲਈ ਮਜਬੂਰ ਕੀਤਾ ਗਿਆ।
ਭਾਜਪਾ ਨੇ, ਜੋ ਹਮੇਸ਼ਾ ਨਫ਼ਰਤ ਅਤੇ ਜਾਤ-ਪਾਤ ਦੇ ਘੋੜੇ ’ਤੇ ਸਵਾਰ ਰਹਿੰਦੀ ਹੈ, ਅੱਜਕੱਲ ਘਸਿਆ-ਪਿਟਿਆ ਨਵਾਂ ਮੁੱਦਾ ‘ਸਨਾਤਨ’ ਦਾ ਲਿਆ ਖੜ੍ਹਾ ਕਰ ਦਿੱਤਾ ਹੈ, ਜਿਸਦਾ ਸਮੁੱਚੀ ਜਨਤਾ ਨਾਲ ਕੋਈ ਵਾਸਤਾ ਨਹੀਂ। ਨਾ ਹੀ ਇਸ ਮੁੱਦੇ ਨਾਲ ਅਜੋਕੀ ਸਿਖ਼ਰ ਪਹੁੰਚੀ ਹੋਈ ਮਹਿੰਗਾਈ, ਬੇਰੁਜ਼ਗਾਰੀ, ਸਿੱਖਿਆ, ਸਿਹਤ ਸਮੱਸਿਆਵਾਂ ਅਤੇ ਹੋਰ ਸਮਾਜੀ ਕੋਹੜ ਦਾ ਹੱਲ ਹੋਣ ਵਾਲਾ ਹੈ, ਸਗੋਂ ਇਸ ਨਾਲ ਆਪਸ ਵਿੱਚ ਪਿਆਰ ਨਾਲ ਰਹਿ ਰਹੇ ਵੱਖ-ਵੱਖ ਫਿਰਕਿਆਂ ਵਿੱਚ ਨਫ਼ਰਤ ਦੇ ਬੀਜ ਉੱਗਣ ਦਾ ਡਰ ਲਗਾਤਾਰ ਬਰਕਰਾਰ ਰਹੇਗਾ। ਅਜਿਹਾ ਸਭ ਇਸ ਕਰਕੇ ਹੋ ਰਿਹਾ ਹੈ ਕਿ ਸੱਚ-ਮੁੱਚ ਹੀ ਭਾਜਪਾ ਸਰਕਾਰ ਅੰਦਰੋਂ ਬਹੁਤ ਡਰੀ ਹੋਈ ਹੈ। ਜੀ-20 ਸੰਮੇਲਨ ਦੇ ਪੂਰੇ ਪ੍ਰਾਹੁਣੇ ਅਜੇ ਗਏ ਨਹੀਂ ਸਨ ਕਿ ਭਾਜਪਾ ਨੇ ਇੱਕਦਮ ਘਬਰਾ ਕੇ ਮੀਟਿੰਗਾਂ-ਦਰ-ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੰਮੇਲਨ ਦੀ ਸਫ਼ਲਤਾ ਦੇ ਗੁਣ-ਗਾਣ ਵਿੱਚ ਅਚਾਨਕ ਭਾਜਪਾ ਦਾ ਧਿਆਨ ਦੇਸ਼ ਵਿੱਚ ਵੱਖ-ਵੱਖ ਸੂਬਿਆਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਨੇ ਮੱਲ ਲਿਆ।
ਪਾਠਕੋ! ਜਾਣੋ ਕਿ ਜੋ ਵੱਖ-ਵੱਖ ਸੂਬਿਆਂ ਵਿੱਚ ਜ਼ਿਮਨੀ ਚੋਣਾਂ ਹੋਈਆਂ, ਉਸ ਵਿੱਚ ਸਭ ਤੋਂ ਵੱਧ ਭਾਜਪਾ ਸਮੇਤ, ਬੁਲਡੋਜ਼ਰ ਮੁੱਖ ਮੰਤਰੀ (ਯੂ ਪੀ) ਜੋ ਆਪਣੇ-ਆਪ ਨੂੰ ਆਉਣ ਵਾਲੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਸਮਝਦਾ ਸੀ, ਦੇ ਸੁਪਨੇ ਚਕਨਾਚੂਰ ਹੋਏ, ਜਦੋਂ ਉਸ ਦੇ ਸੂਬੇ, ਘੋਸੀ ਉਪ-ਚੋਣ ਦਾ ਨਤੀਜਾ ਸਾਹਮਣੇ ਆਇਆ, ਜਿਸਦਾ ਉਮੀਦਵਾਰ ਦਲ-ਬਦਲੀ ਕਰਕੇ ਅਤੇ 22 ਹਜ਼ਾਰ ਵੋਟ ’ਤੇ ਜਿੱਤਿਆ ਸੀ, ਅੱਜ ਭਾਜਪਾ ਦੇ ਉਮੀਦਵਾਰ ਵਜੋਂ 42 ਹਜ਼ਾਰ ਵੋਟਾਂ ਨਾਲ ਹਾਰ ਜਾਂਦਾ ਹੈ। ਇਸ ਵਾਰ ਫ਼ਰਕ ਇਹ ਸੀ ਕਿ ਜ਼ਿਮਨੀ ਚੋਣਾਂ ਵਿੱਚ ਮੁਕਾਬਲਾ ਐੱਨ ਡੀ ਏ ਬਨਾਮ ਇੰਡੀਆ ਆਈ ਐੱਨ ਡੀ ਆਈ ਏ ਵਿੱਚ ਹੋਇਆ। ਇੰਡੀਆ ਡਾਟ-ਕਾਮ ਵਾਲਾ ਭੂਤ ਸਾਹਮਣੇ ਦੇਖ ਕੇ ਭਾਜਪਾ ਹਿੱਲ ਗਈ। ਉਹ ਵੀ ਉਦੋਂ ਜਦੋਂ ਇੰਡੀਆ-ਗੱਠਜੋੜ ਅਜੇ ਮਸਾਂ ਡੇਢ ਕੁ ਮਹੀਨੇ ਦਾ ਸੀ।
ਜਿੱਤ ਹਾਰ ਤਾਂ ਆਉਂਦੀ-ਜਾਂਦੀ ਰਹਿੰਦੀ ਹੈ, ਪਰ ਦੂਜਾ ਧੱਕਾ ਜੋ ਭਾਜਪਾ ਨੇ ਮਹਿਸੂਸ ਕੀਤਾ, ਉਹ ਹੈ ਪੱਛਮੀ ਬੰਗਾਲ ਦਾ। ਇਹ ਸੀਟ ਵੀ ਭਾਜਪਾ ਆਪਣੀ ਜਿੱਤੀ ਹੋਈ ਸੀਟ ਹਾਰੀ ਹੈ, ਇਹ ਵੀ ਉਦੋਂ ਜਦੋਂ ਪੱਛਮੀ ਬੰਗਾਲ ਵਿੱਚ ਇੰਡੀਆ ਗੱਠਜੋੜ ਆਪਸ ਵਿੱਚ ਇੱਕਮੁੱਠ ਨਹੀਂ ਵਿਚਰਿਆ ਸੀ। ਇਹ ਸੀਟ ਸੀ ‘ਧੁਨਗੁੜੀ’, ਜਿਸ ਸੀਟ ’ਤੇ ਭਾਜਪਾ ਨੇ ਇੱਕ ਸ਼ਹੀਦ ਦੀ ਵਿਧਵਾ ਨੂੰ ਉਮੀਦਵਾਰ ਨੂੰ ਟਿਕਟ ਦੇ ਕੇ ਖੇਡ ਖੇਡੀ ਸੀ। ਇਸ ਕਰਕੇ ਭਾਜਪਾ ਦੀ ਹੁਣ ਨਵੀਂ ਨੀਤੀ ਇਹ ਹੈ ਕਿ ਜਿੱਥੇ ਉਹ ਕਮਜ਼ੋਰ ਹੈ, ਉੱਥੇ ਸੀਟਾਂ ਦਾ ਐਲਾਨ ਪਹਿਲਾਂ ਕਰੋ, ਅਤੇ ਇਹ ਕੀਤਾ ਜਾ ਰਿਹਾ ਹੈ।
ਮਨੀਪੁਰ, ਹਰਿਆਣਾ ਵਿੱਚ ਅਖੌਤੀ ਉਪਰਾਲਿਆਂ ਦੇ ਬਾਵਜੂਦ ਸਥਿਤੀ ਕੰਟਰੋਲ ਨਹੀਂ ਹੋ ਰਹੀ। ਜੀ-20 ਦੇ ਸੰਮੇਲਨ ਅਤੇ ਜਸ਼ਨਾਂ ਦੌਰਾਨ ਮਨੀਪੁਰ ਵਿੱਚ ਇੱਕ ਸਰਕਾਰੀ ਸ਼ਹਿ ਪ੍ਰਾਪਤ ਫਿਰਕੇ ਵੱਲੋਂ ਦੂਜੇ ਫਿਰਕੇ ਦੇ ਤਿੰਨ-ਚਾਰ ਨਾਗਰਿਕਾਂ ਨੂੰ ਗੋਲੀ ਨਾਲ ਸਦਾ ਲਈ ਮੌਤ ਹਵਾਲੇ ਕਰ ਦਿੱਤਾ ਗਿਆ। ਪਰ ਇਸ ਸਭ ਕਾਸੇ ਦੇ ਬਾਵਜੂਦ ਕੇਂਦਰ ਸਰਕਾਰ ਅੱਜ ਜੀ-20 ਦੇ ਨਸ਼ੇ ਵਿੱਚ ਧੁੱਤ ਅੱਖ ਪੁੱਟ ਕੇ ਮਨੀਪੁਰ ਵੱਲ ਦੇਖ ਨਹੀਂ ਸਕੀ।
ਸਭ ਤੋਂ ਦੁਖਦਾਈ ਖ਼ਬਰ ਜੰਮੂ-ਕਸ਼ਮੀਰ ਉਸ ਸੂਬੇ ਤੋਂ ਆਈ ਹੈ, ਜਿਸ ਬਾਰੇ ਧਾਰਾ 370 ਖ਼ਤਮ ਕਰਨ ਤੋਂ ਬਾਅਦ ‘ਸਭ ਠੀਕ ਹੈ’ ਦਾ ਗੁਣਗਾਣ ਜਾਰੀ ਹੈ। ਜਿਸ ਅਤਿ ਦੁਖਦਾਈ ਖ਼ਬਰ ਨੇ ਸਮੁੱਚੇ ਦੇਸ਼ ਵਿੱਚ ਸਨਸਨੀ ਫੈਲਾ ਦਿੱਤੀ ਹੈ, ਉਹ ਇਹ ਹੈ ਕਿ ਇੰਨੇ ਵੱਡੇ ਸਿਖਰਲੇ ਅਹੁਦੇ ’ਤੇ ਬੈਠੇ ਚਾਰ ਉੱਚ ਅਫਸਰ ਨੌਜਵਾਨਾਂ ਦੀ ਸ਼ਹਾਦਤ ਹੋਈ ਹੈ, ਜਿਸ ਨਾਲ ਸਮੁੱਚਾ ਦੇਸ਼ ਹਿੱਲ ਗਿਆ ਹੈ। ਇਹ ਅਲੱਗ ਗੱਲ ਹੈ ਇਹ ਸਤਰਾਂ ਲਿਖਣ ਤਕ ਪ੍ਰਧਾਨ ਮੰਤਰੀ ਵੱਲੋਂ ਇਨ੍ਹਾਂ ਸ਼ਹੀਦਾਂ ਬਾਬਤ ਕੁਝ ਸ਼ਬਦ ਕਹੇ ਗਏ ਹੋਣ ਪਰ ਲੇਖਕ ਦੇ ਕੰਨਾਂ ਵਿੱਚ ਸੁਣ ਨਹੀਂ ਪਾਏ ਹੋਣ।
ਇਸ ਮੌਕੇ ਹੁਣ ਸਭ ਨੂੰ ਸੰਭਲਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਹਿੰਦੂ-ਮੁਸਲਮਾਨ, ਭਾਰਤ-ਪਾਕਿਸਤਾਨ ਸੰਬੰਧੀ ਨਫ਼ਰਤ ਭਰੇ ਨਾਅਰੇ ਗੋਦੀ-ਮੀਡੀਆ ਰਾਹੀਂ ਬੁਲਾ ਕੇ ਭੋਲੀ-ਭਾਲੀ ਜਨਤਾ ਦੇ ਜਜ਼ਬਾਤਾਂ ਨਾਲ ਖੇਡਿਆ ਜਾਵੇਗਾ। ਅੰਦਰ ਘੁਸ ਕੇ ਮਾਰਨ ਦੀਆਂ ਭਬਕੀਆਂ ਸੁਣੋਗੇ, ਬੰਬਾਂ ਦੀਆਂ ਆਵਾਜ਼ਾਂ ਸੁਣੋਗੇ। ਜਿਉਂ-ਜਿਉਂ ਤੁਸੀਂ ਜਜ਼ਬਾਤੀ ਹੋਵੋਗੇ, ਸਰਕਾਰ ਇਸਦਾ ਨਜਾਇਜ਼ ਫਾਇਦਾ ਉਠਾਵੇਗੀ। ਬੇਤੁਕੇ ਨਾਅਰਿਆਂ ’ਤੇ ਚੋਣ ਲੜੀ ਜਾਵੇਗੀ। ਬਹਾਨੇ ਤਹਿਤ ਇਹ ਚੋਣਾਂ ਸਰਕਾਰ ਅੱਗੇ ਵੀ ਪਾ ਸਕਦੀ ਹੈ। ਉਹ ਜੰਗ ਵੱਲ ਵੀ ਵਧਣ ਦੀ ਕੋਸ਼ਿਸ਼ ਕਰ ਸਕਦੀ ਹੈ। ਮੌਜੂਦਾ ਸਰਕਾਰ ਪਾਸ ਅਟੱਲ ਬਿਹਾਰੀ ਵਾਜਪਾਈ (ਸਾਬਕਾ ਪ੍ਰਧਾਨ ਮੰਤਰੀ) ਵਰਗੀ ਦੂਰ-ਅੰਦੇਸ਼ੀ ਨਹੀਂ ਹੈ ਕਿ ਇਹ ਸਮਝੇ ਕਿ ਜੰਗ ਹੀ ਹੱਲ ਨਹੀਂ ਹੁੰਦਾ, ਹੋਰ ਵਸੀਲੇ ਵੀ ਹੁੰਦੇ ਹਨ।
ਇਸ ਸਮੇਂ ‘ਇੱਕ ਹੀ ਸਾਂਝਾ ਦੁਸ਼ਮਣ’ ਦੀ ਨੀਤੀ ’ਤੇ ਇੰਡੀਆ ਗੱਠਜੋੜ ਚੱਲ ਰਿਹਾ ਹੈ। ਦੇਸ਼ ਦੀ ਦੁਖੀ ਜਨਤਾ ਲਈ ਇਹੀ ਇੱਕ ਆਸ ਦੀ ਕਿਰਨ ਸਾਬਤ ਹੋ ਸਕਦੀ ਹੈ। ਮਤ-ਭੇਦ ਭੁਲਾਓ, ਗਲਵੱਕੜੀ ਪਾਓ, ਨਿੱਜੀ ਮੁਫ਼ਾਦਾਂ ਅਤੇ ਪਾਰਟੀ ਮਤਭੇਦਾਂ ਤੋਂ ਉੱਪਰ ਉੱਠ ਕੇ ਦੇਸ਼ ਦੀ ਜਮਹੂਰੀਅਤ ਬਚਾਉਣ ਵਿੱਚ ਹਿੱਸਾ ਪਾਓ। ਇਹੀ ਸਮੇਂ ਦੀ ਮੰਗ ਹੈ।
ਲਗਦਾ ਹੈ ਕਿ ਭਾਜਪਾ ਆਪਣੇ ਬੇਢੰਗੇ ਮੁੱਦਿਆਂ ਵਿੱਚ ਆਪ ਹੀ ਫਸਣ ਵਾਲੀ ਹੈ। ਜਿਵੇਂ ਇਸ ਨੇ ਇੰਡੀਆ ਸ਼ਬਦ ਦੇ ਖ਼ਿਲਾਫ਼ ਮੁਹਿੰਮ ਚਲਾ ਰੱਖੀ ਹੈ, ਇਹ ਸਭ ਅਸੰਭਵ ਲੱਗਦਾ ਹੈ। ਜੇਕਰ ਸਫ਼ਲਤਾ ਵੱਲ ਵਧਣਗੇ ਵੀ ਤਾਂ ਉਸ ਚੰਦਰਯਾਨ-3 ਦਾ ਕੀ ਕਰਨਗੇ, ਜਿਸ ’ਤੇ ਇਨ੍ਹਾਂ ਆਪ, ਆਪਣੀ ਨਿਗਰਾਨੀ ਹੇਠ ‘ਆਈ ਐੱਨ ਡੀ ਆਈ ਏ’ ਸ਼ਬਦ ਲਿਖਾਇਆ ਹੋਇਆ ਹੈ। ਉਸ ਦੀ ਜਗ੍ਹਾ ਭਾਰਤ ਕਿਵੇਂ ਲਿਖਣਗੇ? ਇਹ INDIA ਸ਼ਬਦ ਵੀ ਭਾਜਪਾ ਲਈ ਗਲੇ ਦੀ ਹੱਡੀ ਬਣ ਸਕਦਾ ਹੈ। ਤੁਸੀਂ ਇੱਕ ਹੋ ਕੇ ਲੜਨਾ, ਬੋਲਣਾ, ਸਵਾਲ ਕਰਨਾ ਸਿੱਖੋ, ਨਤੀਜਾ ਤੁਹਾਡੇ ਸਾਹਮਣੇ ਆ ਜਾਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4229)
(ਸਰੋਕਾਰ ਨਾਲ ਸੰਪਰਕ ਲਈ: (