“ਗਠਜੋੜ ਧਰਮ ਇਹੀ ਮੰਗ ਕਰਦਾ ਹੈ ਕਿ ਅਸੀਂ ਗਠਜੋੜ ਦੇ ਉਮੀਦਵਾਰਾਂ ਨੂੰ ਆਪਣਾ ਸਮਝ ਕੇ ...”
(5 ਨਵੰਬਰ 2024)
ਅੱਜਕੱਲ ਭਾਰਤੀ ਲੋਕ ਆਪੋ-ਆਪਣੇ ਤਿਉਹਾਰਾਂ ਵਿੱਚ ਗੜੁੱਚ ਹਨ। ਇਨ੍ਹਾਂ ਤਿਉਹਾਰਾਂ ਸਦਕਾ ਭੋਲੇ-ਭਾਲੇ ਲੋਕ ਹਰ ਤਰ੍ਹਾਂ ਲੁੱਟੇ ਜਾਣਗੇ ਅਤੇ ਇੱਕ ਤਬਕਾ ਲੁੱਟ ਰਿਹਾ ਹੋਵੇਗਾ। ਸਿਰੇ ਦੀ ਮਿਲਾਵਟ ਨਾਲ ਮਨ-ਭਾਉਂਦੀਆਂ ਮਿਠਾਈਆਂ ਤਿਆਰ ਕਰਕੇ ਪਰੋਸੀਆਂ ਜਾਣਗੀਆਂ। ਸਭ ਆਪੋ-ਆਪਣੀ ਸਮਰੱਥਾ ਮੁਤਾਬਕ ਖਰੀਦ ਕਰਕੇ ਖਾਣਗੇ। ਮੌਜੂਦਾ ਹੁਕਮਰਾਨਾਂ ਸਦਕਾ ਸਭ ਤੋਂ ਅਮੀਰ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਇੱਕ ਭੁਲੇਖੇ ਰਾਹੀਂ ਐਤਕੀਂ ਦੀਵਾਲੀ ਲਗਭਗ ਦੋ ਦਿਨ ਦੀ ਕਰ ਦਿੱਤੀ ਗਈ ਹੈ। ਦੀਵਾਲੀ ਮਨਾਉਣ ਲਈ ਆਮ ਜਨਤਾ ਸਿਰਫ਼ ਮਠਿਆਈ ਅਤੇ ਪਟਾਕੇ ਹੀ ਨਹੀਂ ਖਰੀਦਦੀ, ਬਲਕਿ ਇਨ੍ਹਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖਰੀਦਦੇ ਹਨ। ਉਹ ਇਸ ਖਰੀਦ ਵਿੱਚ ਸੋਨੇ ਤੋਂ ਲੈ ਕੇ ਉਹ ਹਰ ਚੀਜ਼ ਖਰੀਦਦੇ ਹਨ, ਜੋ ਉਨ੍ਹਾਂ ਦੀ ਪਹੁੰਚ ਵਿੱਚ ਹੁੰਦੇ ਹਨ। ਜਿਵੇਂ ਵੱਖ-ਵੱਖ ਤਰ੍ਹਾਂ ਦੇ ਭਾਂਡੇ, ਸਾਈਕਲ, ਸਕੂਟਰ, ਕਾਰ ਅਤੇ ਸਭ ਤੋਂ ਵਧੀਆ ਕਾਰ ਤਕ ਪੁੱਜ ਜਾਂਦੇ ਹਨ। ਕਾਰਨ, ਦੀਵਾਲੀ ਨੂੰ ਸ਼ੁਭ ਦਿਨ ਮੰਨ ਕੇ ਅਜਿਹਾ ਸਭ ਕੁਝ ਕੀਤਾ ਜਾਂਦਾ ਹੈ, ਜਿਸ ਰਾਹੀਂ ਜਾਣੇ-ਅਣਜਾਣੇ ਸਭ ਦਾ ਮੁਨਾਫ਼ਾ ਕਾਰਪੋਰੇਟ ਜਗਤ ਦੀ ਜੇਬ ਵਿੱਚ ਚਲਾ ਜਾਂਦਾ ਹੈ। ਮੁਨਾਫ਼ਾ ਇਸ ਕਰਕੇ ਉਨ੍ਹਾਂ ਦੀ ਜੇਬ ਵਿੱਚ ਚਲਾ ਜਾਂਦਾ ਹੈ, ਕਿਉਂਕਿ ਹਰ ਆਈਟਮ ਲਗਭਗ ਉਨ੍ਹਾਂ ਰਾਹੀਂ ਤਿਆਰ ਕੀਤੀ ਹੁੰਦੀ ਹੈ।
ਪਰ ਭਾਰਤ ਦੇ ਕਈ ਸੂਬਿਆਂ ਵਿੱਚ ਨਵੰਬਰ ਦੇ ਅੱਧ ਤੋਂ ਬਾਅਦ ਫਿਰ ਦਸਹਿਰਾ-ਦੀਵਾਲੀ ਮਨਾਈ ਜਾਵੇਗੀ। ਜਿਵੇਂ ਮਹਾਰਾਸ਼ਟਰ-ਝਾਰਖੰਡ, ਯੂ ਪੀ ਅਤੇ ਪੰਜਾਬ ਆਦਿ ਵਿੱਚ। ਕਾਰਨ, ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਅਸੰਬਲੀ ਚੋਣਾਂ ਅਤੇ ਯੂ ਪੀ ਅਤੇ ਪੰਜਾਬ ਆਦਿ ਵਿੱਚ ਕੁਝ ਜ਼ਿਮਨੀ ਚੋਣਾਂ ਹੋਣੀਆਂ ਬਾਕੀ ਹਨ। ਇਹ ਚੋਣਾਂ ਕਈਆਂ ਲਈ ਨੱਕ ਦਾ ਸਵਾਲ ਬਣੀਆਂ ਹੋਈਆਂ ਹਨ। ਯੂ ਪੀ ਵਿੱਚ ਯੋਗੀ ਜੀ, ਪੰਜਾਬ ਵਿੱਚ ਰਾਜ ਕਰਦੀ ਭਗਵੰਤ ਮਾਨ ਲਈ ਇਹ ਜ਼ਿਮਨੀ ਚੋਣਾਂ ਇੱਕ ਖਾਸ ਮਹੱਤਤਾ ਰੱਖਦੀਆਂ ਹਨ। ਪਰ ਝਾਰਖੰਡ ਅਤੇ ਮਹਾਰਾਸ਼ਟਰ ਦੀਆਂ ਆਪੋ-ਆਪਣੀਆਂ ਆਸਾਂ ਅਤੇ ਮੁਸ਼ਕਲਾਂ ਹਨ। ਝਾਰਖੰਡ ਵਿੱਚ ਅਸਲ ਨੇਤਾ ਪਛੜੀਆਂ ਜਾਤਾਂ ਦਾ ਕੌਣ ਹੈ, ਮਹਾਰਾਸ਼ਟਰ ਵਿੱਚ ਅਸਲ-ਨਕਲ ਦਾ ਸਵਾਲ ਬਣਿਆ ਹੋਇਆ ਹੈ। ਜਿਵੇਂ ਸ਼ਿਵ ਸੈਨਾ ਟੁੱਟ ਕੇ ਦੋ ਹਿੱਸਿਆਂ ਵਿੱਚ ਵੰਡੀ ਗਈ ਹੈ। ਇੱਕ ਦਾ ਨੇਤਾ ਊਧਵ ਠਾਕਰੇ ਹੈ, ਜਦੋਂ ਕਿ ਸ਼ਿਵ ਸੈਨਾ ਦੇ ਦੋ ਟੋਟੇ ਕਰਕੇ ਸ਼ਿੰਦਾ ਸਾਹਿਬ ਲੀਡਰ ਬਣੇ ਹੋਏ ਹਨ। ਜਿੱਥੋਂ ਤਕ ਇਨ੍ਹਾਂ ਦੇ ਚੋਣ ਨਿਸ਼ਾਨ ਦੀ ਲੜਾਈ ਸੀ, ਹਾਲ ਦੀ ਘੜੀ ਉਹ ਗਿਣਤੀ ਵਿੱਚ ਜ਼ਿਆਦਾ ਹੋਣ ਕਰਕੇ ਸ਼ਿੰਦੇ ਨੂੰ ਮਿਲ ਗਿਆ ਹੈ। ਇਸੇ ਤਰ੍ਹਾਂ ਐੱਨ ਸੀ ਪੀ ਨੂੰ ਤੋੜ ਕੇ ਸ੍ਰੀ ਸ਼ਰਦ ਪਵਾਰ ਦਾ ਭਤੀਜਾ ਜ਼ਿਆਦਾ ਮੈਂਬਰ ਆਪਣੇ ਨਾਲ ਲੈ ਕੇ ਸ਼ਿੰਦੇ ਮੁੱਖ ਮੰਤਰੀ ਦੀ ਸਰਕਾਰ ਵਿੱਚ ਮੰਤਰੀ ਬਣ ਗਿਆ ਅਤੇ ਹਾਲ ਦੀ ਘੜੀ ‘ਘੜੀ’ ਚੋਣ ਨਿਸ਼ਾਨ ਉਸ ਪਾਸ ਹੈ। ਪਰ ਸ੍ਰੀ ਸ਼ਰਦ ਪਵਾਰ ਨੇ ਸੁਪਰੀਮ ਕੋਰਟ ਤਕ ਆਪਣਾ ਦਾਅਵਾ ਜਿਤਾਇਆ ਸੀ। ਅਜੋਕੀ ਚੋਣ ਪ੍ਰਣਾਲੀ ਬਾਰੇ ਮਰਹੂਮ ਇਕਬਾਲ ਸਾਹਿਬ ਨੇ ਆਖਿਆ ਸੀ ਕਿ
ਜਮਹੂਰੀਅਤ ਇੱਕ ਤਰਜਮੇ ਹਕੂਮਤ ਹੈ,
ਜਿਨ ਪੇ ਲੋਗੋ ਕੋ ਗਿਨਾ ਕਰਤੇ ਹੈਂ ਤੋਲਾ ਨਹੀਂ ਜਾਤਾ।
ਭਾਵ ਜਿੱਧਰ ਜ਼ਿਆਦਾ ਲੋਕ ਹੋਣ, ਉਹੀ ਜਿੱਤਦਾ ਹੈ। ਸੋ ਇਸ ਹਿਸਾਬ ਨਾਲ ਦੋਹਾਂ ਪਾਰਟੀਆਂ ਦੇ ਚੋਣ ਨਿਸ਼ਾਨ ਬਾਗੀਆਂ ਪਾਸ ਹਨ। ਅਸਲੀ ਕੌਣ ਹੈ ਅਤੇ ਨਕਲੀ ਕੌਣ ਹੈ, ਇਸਦਾ ਫੈਸਲਾ ਜਨਤਾ ਦੀ ਕਚਹਿਰੀ ਵਿੱਚ ਹੋਵੇਗਾ। ਮਹਾਰਾਸ਼ਟਰ ਵਿੱਚ ਪਿਛਲੇ ਪੰਜਾਂ ਸਾਲਾਂ ਵਿੱਚ ਦੋ ਸਰਕਾਰਾਂ ਰਹੀਆਂ। ਦੋਵੇਂ ਤਕਰੀਬਨ ਢਾਈ-ਢਾਈ ਸਾਲ ਰਹੀਆਂ। ਇਨ੍ਹਾਂ ਢਾਈ ਸਾਲਾਂ ਵਿੱਚ ਕਿਹੜੀ ਸਰਕਾਰ ਨੇ ਚੰਗਾ ਕੰਮ ਕੀਤਾ, ਇਸ ਗੱਲ ਦਾ ਸਰਟੀਫਿਕੇਟ ਵੀ ਜਨਤਾ ਹੀ ਦੇਵੇਗੀ। ਮਹਾਰਾਸ਼ਟਰ ਵਿੱਚ ਅਜੋਕੀ ਲੜਾਈ ਐੱਨ ਡੀ ਏ ਅਤੇ ਇੰਡੀਆ ਮਹਾਗੱਠਜੋੜ ਵਿਚਕਾਰ ਹੈ। ਅੱਜ ਦੇ ਦਿਨ ਦੋਵੇਂ ਗਠਜੋੜ ਛੋਟੀਆਂ-ਮੋਟੀਆਂ ਢਿੱਲਾਂ ਦੇ ਸ਼ਿਕਾਰ ਹਨ। ਦੋਵਾਂ ਵਿੱਚ ਘਮਸਾਨ ਜਿਹਾ ਵੀ ਲਗਦਾ ਹੈ, ਪਰ ਇਹ ਸਭ ਉਮੀਦਵਾਰਾਂ ਦੀ ਵਾਪਸੀ ਤੋਂ ਬਾਅਦ ਸਾਫ਼ ਹੋਵੇਗਾ। ਜਿੱਥੋਂ ਤਕ ਐੱਨ ਡੀ ਏ ਗਰੁੱਪ ਦਾ ਸਵਾਲ ਹੈ, ਉਹ ਘਬਰਾਇਆ ਹੋਇਆ ਲਗਦਾ ਹੈ, ਜਿਸ ਨੇ “ਸਭ ਕਾ ਸਾਥ ਸਭ ਕਾ ਵਿਕਾਸ” ਦਾ ਨਾਅਰਾ ਤਿਆਗ ਕੇ ਇੱਕ ਕੌਮ ਨੂੰ ਇਕੱਠਾ ਕਰਨ ਦੇ ਇਰਾਦੇ ਨਾਲ ਨਵਾਂ ਨਾਅਰਾ ਦਿੱਤਾ ਹੈ, ਜੋ ਸਭ ਥਾਈਂ ਗੂੰਜਣ ਲੱਗ ਪਿਆ ਹੈ। ਉਹ ਨਾਅਰਾ ਹੈ: “ਵਟੋਗੇ ਤੋ ਕਟੋਗੇ”। ਭਾਵ ਹਿੰਦੂ ਲਾਣਾ ਇਕੱਠਾ ਰਹਿਣਾ ਚਾਹੀਦਾ ਹੈ। ਤਾਂ ਹੀ ਅਸੀਂ ਜਿੱਤ ਸਕਾਂਗੇ। ਇਸ ਨਾਅਰੇ ਦੀ ਉਪਜ ਇਸ ਕਰਕੇ ਵੀ ਹੋਈ ਹੈ ਕਿ ਭਾਜਪਾ ਦੀ ਮਾਂ ਆਰ ਐੱਸ ਐੱਸ ਆਪਣੇ ਸੌ ਸਾਲ ਪੂਰੇ ਕਰਨ ਤੋਂ ਬਾਅਦ ਆਪਣਾ ਅਸਲੀ ਨਾਅਰਾ ਪੂਰਾ ਕਰਨ ਲਈ ਅਜਿਹੇ ਨਾਅਰੇ ਨਾਲ ਖੜ੍ਹੀ ਹੈ ਤਾਂ ਕਿ ਉਹ “ਹਿੰਦੂ-ਹਿੰਦੀ ਅਤੇ ਹਿੰਦੋਸਤਾਨ” ਵੱਲ ਹੋਰ ਵਧ ਸਕਣ, ਜਿਸ ਨੂੰ ਭਾਰਤ ਦੀਆਂ ਸੈਕੂਲਰ ਸੋਚ ਦੀਆਂ ਪਾਰਟੀਆਂ ਪੂਰਾ ਨਹੀਂ ਹੋਣ ਦੇਣਗੀਆਂ।
ਮੌਜੂਦਾ ਭਾਜਪਾ ਸਰਕਾਰ ਨੇ ਲੋਕਾਂ ਨੂੰ ਪੱਕੇ ਤੌਰ ’ਤੇ ਜੋੜਨ ਲਈ “ਤੁਸੀਂ ਵੋਟਾਂ ਪਾਓ ਪੰਦਰਾਂ ਲੱਖ ਤੁਹਾਡੇ ਖਾਤੇ ‘ਚ” ਵਰਗੇ ਝੂਠੇ ਲਾਰੇ ਦਿੱਤੇ, ਜਿਹੜੇ ਅੱਜ ਤਕ ਪੂਰੇ ਨਹੀਂ ਹੋਏ। ਮਹਿੰਗਾਈ ਅਸਮਾਨ ਛੂਹ ਰਹੀ ਹੈ। ਫਜ਼ੂਲ ਵਿੱਚ ਸ਼ਹਿਰਾਂ-ਸਟੇਸ਼ਨਾਂ ਅਤੇ ਮਾਰਗਾਂ ਦੇ ਨਾਂਅ ਬਦਲ ਕੇ ਆਪਣੀ ਪਿੱਠ ਥਪਥਪਾ ਰਹੀ ਹੈ। ਹਰ ਸਰਕਾਰੀ ਮੁਨਾਫ਼ੇ ਵਾਲੇ ਮਹਿਕਮੇ ਨੂੰ ਪ੍ਰਾਈਵੇਟ ਹੱਥਾਂ ਵਿੱਚ ਵੇਚ ਰਹੀ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਬਣਾਉਣ ਦੀ ਥਾਂ ਅਨਪੜ੍ਹ ਲੋਕਾਂ ਨੂੰ ਖੁਸ਼ ਕਰਨ ਲਈ ਮੰਦਰਾਂ ਦਾ ਨਿਰਮਾਣ ਕਰਵਾ ਰਹੀ ਹੈ ਤਾਂ ਕਿ ਅੰਧ-ਭਗਤ ਜ਼ਿਆਦਾ ਪੈਦਾ ਹੋ ਸਕਣ। ਜਦੋਂ ਤੋਂ ਯੋਗੀ ਸਾਹਿਬ ਆਪਣੇ ਸੂਬੇ ਵਿੱਚ ਵੀਹ ਦੇ ਲਗਭਗ ਪਾਰਲੀਮੈਂਟ ਸੀਟਾਂ ਹਾਰੇ ਹਨ, ਉਸ ਤੋਂ ਬਾਅਦ ਉਨ੍ਹਾਂ ਆਪਣੇ ਸੂਬੇ ਵਿੱਚ ਕਾਊਂਟਰਾਂ-ਹਾਫ ਕਾਊਂਟਰਾਂ ਦਾ ਸਿਲਸਿਲਾ ਵਧਾ ਦਿੱਤਾ ਹੈ। ਪਰ ਯੂ ਪੀ ਵਿੱਚ ਅਪਰਾਧ ਅਜਿਹੇ ਹਨ ਕਿ ਉਹ ਰੁਕਣ ਦਾ ਨਾਂਅ ਨਹੀਂ ਲੈ ਰਹੇ। ਅੱਜਕੱਲ ਨੌਂ ਜ਼ਿਮਨੀ ਚੋਣਾਂ ਨੇ ਚਿੰਤਾ ਵਧਾਈ ਹੋਈ ਹੈ। ਉੱਧਰ ਸਮਾਜਵਾਦੀ ਪਾਰਟੀ ਦੇ ਪ੍ਰਚਾਰ ਨੇ ਹਿਲਾ ਦਿੱਤਾ ਹੈ। ਕਾਰਨ, ਉਹ ਬਰਾਬਰ ਦੀ ਚੋਟ ਬਣ ਚੁੱਕੀ ਹੈ।
ਅਜਿਹੇ ਹਾਲਾਤ ਵਿੱਚ ਇੰਡੀਆ ਮਹਾ-ਗਠਜੋੜ ਹੋਰ ਮਜ਼ਬੂਤ ਹੋਇਆ ਹੈ। ਉਸ ਨੇ ਹਰਿਆਣਾ ਹਾਰ ਤੋਂ ਪੂਰਾ ਸਬਕ ਲੈ ਕੇ ਜਾਤੀ ਸੀਟਾਂ ਤੋਂ ਉੱਪਰ ਉੱਠ ਕੇ ਪੂਰੇ ਇੰਡੀਆ ਮਹਾਗੱਠਜੋੜ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਤਹੱਈਆ ਕੀਤਾ ਹੋਇਆ ਹੈ। ਅਜਿਹੇ ਸਮੇਂ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਇੰਡੀਆ ਮਹਾ-ਗਠਜੋੜ ਦੇ ਹਿਮਾਇਤੀ ਜਿੱਥੇ ਵੀ ਹੋਣ, ਉਹ ਜਿਸ ਤਰ੍ਹਾਂ ਦੀ ਵੀ ਮਦਦ ਕਰ ਸਕਦੇ ਹੋਣ, ਕਰਕੇ ਹਿੱਸਾ ਪਾਉਣਾ ਚਾਹੀਦਾ ਹੈ। ਗਠਜੋੜ ਧਰਮ ਇਹੀ ਮੰਗ ਕਰਦਾ ਹੈ ਕਿ ਅਸੀਂ ਗਠਜੋੜ ਦੇ ਉਮੀਦਵਾਰਾਂ ਨੂੰ ਆਪਣਾ ਸਮਝ ਕੇ ਅਪਣਾਈਏ। ਕਿਸੇ ਤੇਰ-ਮੇਰ (ਤੇਰਾ-ਮੇਰਾ) ਤੋਂ ਬਗੈਰ ਵੋਟ ਪਾਈਏ ਅਤੇ ਪੁਆਈਏ, ਆਪ ਭੁਗਤੀਏ ਤੇ ਬਾਕੀਆਂ ਨੂੰ ਭੁਗਤਾਈਏ। ਸਾਥੀਓ ਯਾਦ ਰੱਖਣਯੋਗ ਗੱਲ ਇਹ ਹੈ ਕਿ ਜਦੋਂ, ਜਿੱਥੇ ਲੋਕ ਇਕੱਠੇ ਹੋ ਜਾਂਦੇ ਹਨ, ਉੱਥੇ ਮੰਦਰ, ਗੁਰਦਵਾਰੇ ਅਤੇ ਮਸੀਤਾਂ ਵਾਲੇ ਲੋਕ ਨਾਲ ਹੋ ਜਾਂਦੇ ਹਨ। ਫਿਰ ਅਜਿਹੇ ਲੋਕ ਰਲ ਕੇ ਅਯੁੱਧਿਆ ਵਰਗੇ ਨਤੀਜੇ ਵੀ ਆਪਣੇ ਹੱਕ ਵਿੱਚ ਕਰ ਲੈਂਦੇ ਹਨ।
ਅਖੀਰ ਵਿੱਚ ਇਹੋ ਕਹਿੰਦਾ ਹਾਂ ਕਿ ਇਸ ਧਰਤੀ ’ਤੇ ਵਸਦੇ ਰਾਜੇ/ਰਾਣਿਓਂ, ਜ਼ਿੰਦਗੀ ਦੀ ਅੱਖ ਵਿੱਚ ਅੱਖ ਪਾਉਣੀ ਸਿੱਖੋ, ਜ਼ਿੰਦਗੀ ਜਿਊਣ ਦਾ ਹੁਨਰ ਸਿੱਖੋ … ਅਤੇ ਆਪਣੇ ਰਿਸ਼ਤਿਆਂ ਤੋਂ ਨਾ ਖੋਵੋ ਉਹ ਦੁਨੀਆਂ … ਜਿਹੜੀ ਸਿਰਫ ਅਤੇ ਸਿਰਫ, ਤੁਹਾਡੀ ਹੋਂਦ ਦੇ ਕਾਰਨ ਹੀ ਹੱਸ ਰਹੀ ਹੈ, ਵਸ ਰਹੀ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5419)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)