“ਘਰ-ਬਾਰ ਢਾਹੁਣ ਦੀ ਕਾਰਵਾਈ ਵੀ ਉਦੋਂ ਕੀਤੀ ਜਾਂਦੀ ਹੈ ਜਦੋਂ ਸੰਬੰਧਤ ਨਾਗਰਿਕ ਅਜੇ ਦੋਸ਼ਾਂ ਅਧੀਨ ...”
(25 ਮਾਰਚ 2025)
ਕੁਝ ਔਹੜ ਨਹੀਂ ਰਿਹਾ ਕਿ ਕਿਸ ਨੂੰ ਕਿੱਥੋਂ ਸ਼ੁਰੂ ਕੀਤਾ ਜਾਵੇ। ਜੋ ਅਸਲੀਅਤ ਵਿੱਚ ਵਾਪਰ ਰਿਹਾ, ਉਸ ਵੱਲ ਦੇਖ ਕੇ ਮਨ ਹੱਦੋਂ ਵੱਧ ਦੁਖੀ ਹੈ। ਦੁੱਖ ਵੀ ਅਜਿਹੇ ਦਿਸ ਰਹੇ ਹਨ ਜੋ ਕਿਸੇ ਨਾਲ ਸਾਂਝੇ ਕੀਤਿਆਂ ਵੀ ਘਟਣ ਵਾਲੇ ਨਹੀਂ ਹਨ। ਅਸੀਂ ਡਰਾਇੰਗ ਮਾਸਟਰ ਹੁੰਦਿਆਂ ਆਪਣੀ ਪੜ੍ਹਾਈ ਦੀ ਭੁੱਖ ਪੂਰੀ ਕਰਨ ਲਈ ਪੰਜਾਬੀ ਵਿੱਚ ਗਿਆਨੀ ਕਰਕੇ ਫਿਰ ਬੀ ਏ ਕਰਨ ਦੀ ਵੀ ਸੋਚੀ ਸੀ। ਗਿਆਨੀ ਕਰਦਿਆਂ-ਕਰਦਿਆਂ ਸਾਡਾ ਵਾਹ ਜਨਮ ਸਾਖੀਆਂ ਨਾਲ ਵੀ ਪਿਆ ਜੋ ਅਖੀਰ ਵਿੱਚ ਕੋਈ ਨਾ ਕੋਈ ਸੰਦੇਸ਼ ਦਿਆ ਕਰਦੀਆਂ ਸਨ। ਉਂਝ ਸਾਖੀਆਂ ਜ਼ਿਆਦਾਤਰ ਤੱਥ ਅਧਾਰਤ ਨਹੀਂ ਹੁੰਦੀਆਂ। ਪਰ ਅੱਜ ਵੀ ਸਾਨੂੰ ਕਈ ਜਨਮ ਸਾਖੀਆਂ ਯਾਦ ਹਨ, ਜਿਨ੍ਹਾਂ ਵਿੱਚੋਂ ਇੱਕ ਪ੍ਰਮੁੱਖ ਸਾਖੀ ਮੁਤਾਬਕ ਸਾਡੇ ਅਚੇਤ-ਸੁਚੇਤ ਮਨ ਵਿੱਚ ਇਉਂ ਪਈ ਹੈ। ਇਹ ਸਾਖੀ ਮੈਂ ਆਪਣੇ ਪਾਠਕਾਂ ਨਾਲ ਸਾਂਝੀ ਕਰਨਾ ਆਪਣਾ ਧਰਮ ਸਮਝਦਾ ਹਾਂ। ਜੇ ਸਾਖੀ ਕਿਸੇ ਗੱਲੋਂ ਊਣੀ ਲੱਗੇ ਤਾਂ ਮੁਆਫ਼ੀ ਦਾ ਜਾਚਕ ਹਾਂ।
“ਬਾਬਾ ਨਾਨਕ ਜੀ ਆਪਣੇ ਸਾਥੀ ਸਮੇਤ ਕਿਸੇ ਸਫ਼ਰ ’ਤੇ ਸਨ। ਅਚਾਨਕ ਰਸਤੇ ਵਿੱਚ ਉਨ੍ਹਾਂ ਦਾ ਇੱਕ ਡਾਕੂ ਨਾਲ ਟਾਕਰਾ ਹੋਇਆ। ਡਾਕੂ ਆਪਣੇ ਹਥਿਆਰਾਂ ਸਮੇਤ ਡਾਢਾ ਲੱਗ ਰਿਹਾ ਸੀ। ਉਸ ਨੇ ਬਾਬੇ ਨਾਨਕ ਨੂੰ ਸਭ ਕੁਝ ਹਵਾਲੇ ਕਰਨ ਨੂੰ ਕਿਹਾ। ਬਾਬਾ ਜੀ ਨੇ ਬੜੇ ਧੀਰਜ ਨਾਲ ਕਿਹਾ, “ਜੋ ਤੁਸੀਂ ਨਹੀਂ ਵੀ ਮੰਗਿਆ, ਮੈਂ ਉਹ ਕੁਝ ਵੀ ਤੁਹਾਡੇ ਹਵਾਲੇ ਕਰਨ ਨੂੰ ਤਿਆਰ ਹਾਂ ਪਰ ਬੇਟਾ ਤੈਨੂੰ ਮੇਰੀ ਇੱਕ ਗੱਲ ’ਤੇ ਵੀ ਧਿਆਨ ਦੇਣਾ ਪਵੇਗਾ।”
ਪੁੱਛਣ ’ਤੇ ਬਾਬੇ ਨੇ ਆਖਿਆ, “ਸਭ ਮਾਲ ਜੋ ਤੈਨੂੰ ਚਾਹੀਦਾ, ਤੂੰ ਉਸ ਨਾਲ ਆਪਣੀ ਝੋਲੀ ਭਰ ਕੇ ਇੱਕ ਵਾਰ ਸਾਡੇ ਕਹਿਣ ’ਤੇ ਆਪਣੇ ਘਰ ਜਾ ਕੇ ਘਰਦਿਆਂ ਨੂੰ ਪੁੱਛ ਕੇ ਜ਼ਰੂਰ ਆ ਕਿ ਜੋ ਰਾਤ ਸਮੇਂ ਮੈਂ ਲੁੱਟ ਖੋਹ ਕਰਦਾ ਹਾਂ, ਫੜੇ ਜਾਣ ਵਿੱਚ ਮੈਨੂੰ ਜੋ ਸਜ਼ਾ ਮਿਲੇਗੀ, ਕੀ ਤੁਸੀਂ ਵੀ ਮੇਰੇ ਨਾਲ ਉਸ ਸਜ਼ਾ ਵਿੱਚ ਭਾਗੀਦਾਰ ਬਣੋਗੇ?”
ਡਾਕੂ ਦਾ ਇਹ ਸਵਾਲ ਸੁਣਕੇ ਡਾਕੂ ਦੀ ਘਰਵਾਲੀ ਨੇ ਉੱਤਰ ਦਿੱਤਾ, “ਘਰ ਵਾਰ ਚਲਾਉਣਾ ਤੇਰਾ ਫਰਜ਼ ਹੈ। ਸਭ ਨੂੰ ਖਾਣ ਨੂੰ ਦੇਣਾ ਤੇਰੀ ਜ਼ਿੰਮੇਵਾਰੀ ਹੈ। ਤੂੰ ਜਿਵੇਂ ਮਰਜ਼ੀ ਲੁੱਟ ਖਸੁੱਟ ਕਰ, ਜਾਂ ਨੇਕ ਕਮਾਈ ਕਰ। ਸਾਡੇ ਵਿੱਚੋਂ ਕਿਸੇ ਨੇ ਵੀ ਤੇਰੇ ਅਜਿਹੇ ਕੰਮਾਂ ਵਿੱਚ ਨਾ ਸਾਥ ਦੇਣਾ ਹੈ ਨਾ ਹੀ ਕਿਸੇ ਸਜ਼ਾ ਜਾਂ ਦਿੱਤੀ ਬਦ ਦੁਆ ਦਾ ਹਿੱਸੇਦਾਰ ਬਣਨਾ ਹੈ।”
ਸਾਖੀ ਮੁਤਾਬਕ ਉਸ ਡਾਕੂ ਨੂੰ ਇੱਕ ਤਰ੍ਹਾਂ ਦਾ ਗਿਆਨ ਜਿਹਾ ਹੋ ਗਿਆ। ਉਸ ਨੇ ਵਾਅਦੇ ਮੁਤਾਬਕ ਬਾਬੇ ਨਾਲ ਮੁਲਾਕਾਤ ਕੀਤੀ ਅਤੇ ਸਭ ਲੁੱਟਿਆ ਮਾਲ ਵਾਪਸ ਕਰ ਦਿੱਤਾ। ਕਹਿੰਦੇ ਹਨ ਉਹ ਬਾਅਦ ਵਿੱਚ ਬੜਾ ਮਹਾ-ਪੁਰਖ ਬਣਿਆ।
ਭਾਰਤੀ ਸੁਪਰੀਮ ਕੋਰਟ ਦੇ ਉਸ ਹੁਕਮ ਦੀ ਅਜੇ ਸਿਆਹੀ ਨਹੀਂ ਸੁੱਕੀ ਜਿਹੜਾ ਹੁਕਮ ਉਸ ਨੇ ਤੇਰਾਂ ਦਸੰਬਰ ਨੂੰ ਬੁਲਡੋਜ਼ਰ ਸੰਬੰਧੀ ਇੱਕ ਘਮੰਡੀ ਸੂਬਾ ਮੁਖੀ ਨੂੰ ਸੁਣਾਇਆ ਸੀ। ਕਹਿਣ ਨੂੰ ਨਹੀਂ, ਦਰਅਸਲ ਅਸਲ ਵਿੱਚ ਹੀ ਜਮਹੂਰੀਅਤ ਦੇ ਚਾਰ ਪਾਵਿਆਂ ਵਿੱਚੋਂ ਸਭ ਤੋਂ ਮਜ਼ਬੂਤ ਪਾਵਾ ਅਦਾਲਤੀ ਪ੍ਰਕਿਰਿਆ ਹੈ। ਪਰ ਅੱਜ ਦੇ ਦਿਨ ਦੇਸ਼ ਦੇ ਸਭ ਤੋਂ ਵੱਡੇ ਸੂਬੇ ਵਿੱਚੋਂ ਕਾਨੂੰਨ ਦੀ ਬਜਾਏ ਇਨਸਾਫ਼ ਦੇਣ ਲਈ ਕਾਨੂੰਨੀ ਪ੍ਰਕਿਰਿਆ ਛਿੱਕੇ ਟੰਗ ਕੇ ਬੁਲਡੋਜ਼ਰ ਦਾ ਸਹਾਰਾ ਲੈਣਾ ਐਸਾ ਸ਼ੁਰੂ ਹੋਇਆ, ਜਿਹੜਾ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਮਕਾਨਾਂ ਨੂੰ ਤਹਿਸ-ਨਹਿਸ ਕਰਦਾ ਹੋਇਆ ਉਸ ਛੋਟੇ ਸੂਬੇ ਪੰਜਾਬ ਵਿੱਚ ਆਣ ਵੜਿਆ ਹੈ, ਜਿੱਥੇ ਦਿਨ-ਰਾਤ ‘ਆਮ ਆਦਮੀ ਦੀ ਸਰਕਾਰ’ ਦੀ ਦੁਹਾਈ ਦਿੱਤੀ ਜਾਂਦੀ ਹੈ। ਘਰ-ਬਾਰ ਢਾਹੁਣ ਦੀ ਕਾਰਵਾਈ ਵੀ ਉਦੋਂ ਕੀਤੀ ਜਾਂਦੀ ਹੈ ਜਦੋਂ ਸੰਬੰਧਤ ਨਾਗਰਿਕ ਅਜੇ ਦੋਸ਼ਾਂ ਅਧੀਨ ਹੁੰਦਾ ਹੈ, ਜਿਸ ਨੂੰ ਕਿਸੇ ਵੀ ਅਦਾਲਤ ਨੇ ਦੋਸ਼ੀ ਸਾਬਤ ਨਹੀਂ ਕੀਤਾ ਹੁੰਦਾ। ਨਾ ਹੀ ਦੋਸ਼ੀ ਨੂੰ ਅਪੀਲ ਵਗੈਰਾ ਦਾ ਹੱਕ ਦਿੱਤਾ ਜਾਂਦਾ ਹੈ। ਕੌਣ, ਕਿਹੜਾ ਬੰਦਾ ਇਹ ਸਾਬਤ ਕਰਨ ਦਾ ਹੱਕ ਰੱਖਦਾ ਹੈ ਕਿ ਫਲਾਨਾ ਬੰਦਾ ਇਸ ਦੋਸ਼ ਵਿੱਚ ਦੋਸ਼ੀ ਸਾਬਤ ਹੋ ਚੁੱਕਾ ਹੈ? ਜਿਹੜਾ ਘਰ ਤੋੜ ਦਿੱਤਾ ਜਾਂਦਾ ਹੈ, ਉਸ ਘਰ ਬਾਬਤ ਕਿਵੇਂ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਘਰ ਫਲਾਨੇ ਦੋਸ਼ੀ ਦਾ ਇਕੱਲੇ ਦਾ ਹੀ ਹੈ? ਜਦੋਂ ਇੱਕ ਘਰ ਬਣਾਇਆ ਜਾਂਦਾ ਹੈ ਤਾਂ ਸਭ ਘਰ ਦੇ ਮੈਂਬਰ ਲੇਬਰ ਲਈ ਚਾਹ-ਪਾਣੀ ਫੜਾਉਂਦੇ ਹਨ। ਕਈ ਘਰਾਂ ਦੇ ਬੱਚੇ ਇੱਟਾਂ-ਗਾਰਾ-ਪਾਣੀ ਆਦਿ ਤਕ ਪੁੱਜਦਾ ਕਰਕੇ ਘਰ ਵਿੱਚ ਆਪਣਾ ਹਿੱਸਾ ਪਾਉਂਦੇ ਹਨ। ਸਰਕਾਰਾਂ ਦੇ ਮੁਖੀਓ! ਕੰਨ ਖੋਲ੍ਹ ਕੇ ਸੁਣੋ- ਅਗਰ ਜਨਮ-ਸਾਖੀ ਮੁਤਾਬਕ ਡਾਕੂ ਦੇ ਘਰਦਿਆਂ ਨੂੰ ਪਤਾ ਹੈ ਕਿ ਅਸੀਂ ਕਿਸੇ ਵੀ ਸਜ਼ਾ ਦੇ ਭਾਗੀਦਾਰ ਨਹੀਂ ਹਾਂ ਤਾਂ ਅੱਜ ਦੇ ਪੜ੍ਹੇ-ਲਿਖੇ ਪਰਿਵਾਰਾਂ ਨੂੰ ਗਿਆਨ ਕਿਉਂ ਨਹੀਂ ਹੈ? ਘਰ ਢੱਠਣ ’ਤੇ ਜਦੋਂ ਹਾਕਮ ਦੀਆਂ ਤਾੜੀਆਂ ਵੱਜਦੀਆਂ ਹਨ, ਐੱਨ ਉਸੇ ਸਮੇਂ ਪਰਿਵਾਰਕ ਮੈਂਬਰਾਂ ਦੀਆਂ ਧਾਹਾਂ ਅਤੇ ਬਦ ਦੁਆਵਾਂ ਨਿਕਲਦੀਆਂ ਹਨ। ਹਾਕਮੋ! ਤੁਸੀਂ ਸਭ ਅਜ਼ਾਦ ਭਾਰਤ ਵਿੱਚ ਲੋਕ-ਰਾਜੀ ਤਰੀਕੇ ਨਾਲ ਵੱਖ-ਵੱਖ ਸੂਬਿਆਂ ਦੇ ਰਾਜੇ ਬਣੇ ਹੋ। ਜਦੋਂ ਰਾਜੇ ਤੁਸੀਂ ਕਾਨੂੰਨੀ ਪ੍ਰਕਿਰਿਆ ਰਾਹੀਂ ਬਣੇ ਹੋ ਤਾਂ ਵੱਖ-ਵੱਖ ਦੋਸ਼ਾਂ ਵਿੱਚ ਬਣਦੀਆਂ ਸਜ਼ਾਵਾਂ ਵੀ ਕਾਨੂੰਨੀ ਪ੍ਰਕਿਰਿਆ ਰਾਹੀਂ ਹੀ ਦਿਓ। ਕੋਈ ਡਿਕਟੇਟਰ ਤੁਹਾਡੇ ਤੋਂ ਕਿਵੇਂ ਵੱਖਰਾ ਹੈ? ਇੱਕ ਸ਼ਾਸਕ ਨੂੰ ਸਦਾ ਹੀ ਯਾਦ ਰੱਖਣਾ ਚਾਹੀਦਾ ਹੈ ਕਿ ਸ਼ਾਸਕ ਦੀਆਂ ਵਧੀਕੀਆਂ ਤੋਂ ਬਾਅਦ ਫਿਰ ਕਦੇ ਨਾ ਕਦੇ ਵਾਰੀ ਜਨਤਾ ਦੀ ਵੀ ਆਉਂਦੀ ਹੈ। ਉੱਥੇ ਤਕ ਨੌਬਤ ਨਾ ਆਵੇ, ਅਜਿਹਾ ਨੁਸਖਾ ਵੀ ਹੁਣ ਦੇ ਹਾਕਮਾਂ ਪਾਸ ਹੈ। ਸਭ ਹੁਕਮਰਾਨ ਆਪੋ ਆਪਣੇ ਅੰਦਰ ਨੀਝ ਨਾਲ ਝਾਕਣ, ਵੋਟਾਂ ਮੰਗਣ ਵੇਲੇ ਜੋ ਤੁਹਾਡਾ ਵਤੀਰਾ ਸੀ, ਮੁੜ ਉਸ ਵਤੀਰੇ ਅਧੀਨ ਆਉ। ਨਾ ਤੁਸੀਂ ਆਪ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਵੋ ਅਤੇ ਨਾ ਹੀ ਕਿਸੇ ਹੋਰ ਅਜਿਹਾ ਕਰਨ ਦਾ ਮੌਕਾ ਦਿਓ। ਸਰਕਾਰਾਂ ਆਪੋ-ਆਪਣੇ ਵਿਧਾਨ ਮੁਤਾਬਕ ਕਰਨ। ਜੋ ਤੁਹਾਡੇ ਹਿੱਸੇ ਦਾ ਹੈ, ਉਹ ਤੁਸੀਂ ਕਰੋ, ਜੋ ਅਦਾਲਤਾਂ ਦੇ ਹਿੱਸੇ ਆਉਂਦਾ ਹੈ, ਉਹ ਅਦਾਲਤਾਂ ਨੂੰ ਕਰਨ ਦਿਓ। ਆਪਣੇ ਬਣਾਏ ਕਾਨੂੰਨ ਮੁਤਾਬਕ ਆਪਣੇ-ਆਪਣੇ ਹੱਥ ਚੱਲੋ। ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ।
ਕਦੇ ਸ਼ਾਇਰ ਇਕਬਾਲ ਸ਼ਾਇਰ ਨੇ ਲਿਖਿਆ ਸੀ:
“ਜਮਹੂਰੀਅਤ ਇੱਕ ਤਰਜ਼ੇ ਹਕੂਮਤ ਹੈ,
ਜਿਸ ਮੇ ਲੋਗੋ ਕੋ ਗਿਨਾ ਕਰਤੇ ਹੈਂ ਤੋਲਾ ਨਹੀਂ।”
ਸਭ ਰਾਜ ਸਰਕਾਰਾਂ ਇਸ ਕਰਕੇ ਰਾਜ ਭਾਗ ਵਿੱਚ ਹਨ ਕਿ ਚੁਣੇ ਹੋਏ ਸਿਰ ਉਨ੍ਹਾਂ ਵੱਲ ਜ਼ਿਆਦਾ ਹਨ। ਉਨ੍ਹਾਂ ਸਿਰਾਂ ਵੱਲ ਹੀ ਸੰਬੋਧਤ ਹੋ ਕੇ ਆਖ ਰਹੇ ਹਾਂ ਕਿ ਲੋਕ ਹਮੇਸ਼ਾ ਤਬਦੀਲੀ ਚਾਹੁੰਦੇ ਹਨ। ਤੁਸੀਂ ਵੀ ਆਪਣੇ ਸਮੇਂ ਤਬਦੀਲੀ ਵਿੱਚੋਂ ਨਿਕਲੇ ਹੋ। ਅਗਲੀ ਵਾਰ ਜਨਤਾ ਦੀ ਚੋਣ ਬਦਲ ਜਾਣੀ ਹੈ। ਅਜਿਹੀਆਂ ਸਭ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਰਹਿੰਦੇ ਸਮੇਂ ਜਨਤਾ ਦੀ ਸੇਵਾ ਕਰੋ। ਤੁਹਾਡੇ ਕੀਤੇ ਨੇ ਤੁਹਾਡੇ ਰਾਹਾਂ ’ਤੇ ਕੰਡੇ ਜਾਂ ਫੁੱਲ ਵਿਛਾਉਣੇ ਹਨ। ਆਹਾਂ ਅਤੇ ਅਫ਼ਵਾਹਾਂ ਤੋਂ ਬਚੋ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (