“ਮੁਢਲੀ ਜਾਣਕਾਰੀ ਮੁਤਾਬਕ ਭਾਵੇਂ ਇਸ ਹੁਸੀਨਾ ਕੋਲੋਂ 17.71 ਗ੍ਰਾਮ ਹੀ ਚਿੱਟਾ ਮਿਲਿਆ, ਪਰ ...”
(10 ਅਪਰੈਲ 2025)
ਪਿਛਲੇ ਇੱਕ ਹਫ਼ਤੇ ਤੋਂ ਚਰਚਾ ਵਿੱਚ ਆਈ ਇੱਕ ਹੁਸੀਨ ਮੁਟਿਆਰ ਨੇ ਸਭ ਦਾ ਧਿਆਨ ਆਪਣੇ ਵੱਲ ਕੇਂਦ੍ਰਤ ਕੀਤਾ ਹੋਇਆ ਹੈ, ਜਿਸਦੇ ਕਾਰਨਾਮਿਆਂ ਨੂੰ ਦੇਖ ਕੇ ਸਹਿਜੇ ਹੀ ਆਪ-ਮੁਹਾਰੇ ਮੂੰਹੋਂ ਨਿਕਲਦਾ ਹੈ ਕਿ ਅੱਜ ਦੇ ਯੁਗ ਵਿੱਚ ਇੱਕ ਔਰਤ ਮਨੁੱਖ ਦੇ ਬਰਾਬਰ ਕੀ ਕੁਝ ਨਹੀਂ ਕਰ ਸਕਦੀ? ਜੇ ਭਾਰਤੀ ਮੂਲ ਦੀ ਮੁਟਿਆਰ ਸੁਨੀਤਾ ਵਿਲੀਅਮਜ਼ 9 ਦਿਨ ਦੀ ਬਜਾਏ 9 ਮਹੀਨੇ ਪੁਲਾੜ ਵਿੱਚ ਰਹਿ ਕੇ ਇੱਕ ਰਿਕਾਰਡ ਕਾਇਮ ਕਰ ਸਕਦੀ ਹੈ ਤਾਂ ਇੱਕ ਔਰਤ ਲਈ ਨਸ਼ਿਆਂ ਦਾ ਵਪਾਰ ਕਰਨਾ ਕਿੰਨੀ ਕੁ ਔਖਾ ਹੈ? ਪੁਲਿਸ ਦੀ ਕਾਂਸਟੇਬਲ ਅਮਨਦੀਪ ਕੌਰ ਨੇ ਸਮਾਣਾ ਜੇਲ੍ਹ ਵਿੱਚ ਭਰਤੀ ਹੋ ਕੇ ਸਰਵਿਸ ਕਰਨ ਲਈ ਜ਼ਿਲ੍ਹਾ ਬਠਿੰਡਾ ਦਾ ਨੰਬਰ ਪ੍ਰਾਪਤ ਕੀਤਾ। ਉੱਥੇ ਇਸਨੇ ਸਖ਼ਤ ਡਿਊਟੀ ਨਹੀਂ ਕੀਤੀ, ਜਿਹੜੀ ਇੱਕ ਆਮ ਕਾਂਸਟੇਬਲ ਨੂੰ ਕਰਨੀ ਪੈਂਦੀ ਹੈ, ਉਹ ਕਿਹੜੀ ਸ਼ਕਤੀ ਹੈ, ਜਿਸ ਨੇ ਇਸ ਨੂੰ ਬਠਿੰਡੇ ਦੇ ਇੱਕ ਹਸਪਤਾਲ ਵਿੱਚ ਸੁਖਾਲੀ ਨੌਕਰੀ ਕਰਵਾਈ। ਨੌਕਰੀ ਵੀ ਉਦੋਂ ਪ੍ਰਾਪਤ ਕੀਤੀ, ਜਦੋਂ ਨਾ ਇਸ ਪਾਸ ਕੋਈ ਨਰਸਿੰਗ ਜਾਂ ਡਾਕਟਰੀ ਦਾ ਅਭਿਆਸ ਸੀ। ਇਸ ਅਮਨਦੀਪ ਕੌਰ ਦੀ ਹੁਸ਼ਿਆਰੀ ਉਸ ਵੇਲੇ ਤੁਹਾਡੇ ’ਤੇ ਇੱਕ ਅਸਰ ਛੱਡਦੀ ਹੈ, ਜਦੋਂ ਤੁਹਾਨੂੰ ਇਹ ਗਿਆਨ ਹੁੰਦਾ ਹੈ ਕਿ ਕਿਸ ਤਰ੍ਹਾਂ ਇਸ ਨੇ ਇੱਕ ਮੁਲਾਕਾਤ ਵਿੱਚ ਬਲਵਿੰਦਰ ਸਿੰਘ, ਐਂਬੂਲੈਂਸ ਦੇ ਡਰਾਈਵਰ ਨੂੰ ਆਪਣੇ ਮੱਕੜਜਾਲ਼ ਵਿੱਚ ਫਸਾ ਕੇ ਵੱਡੀ ਕਮਾਈ ਕਰਨ ਦਾ ਸੁਪਨਾ ਦਿਖਾਇਆ। ਜਿਵੇਂ ਸਭ ਜਾਣਦੇ ਹਨ ਕਿ ਕਰੋਨਾ ਕਾਲ ਤੋਂ ਲੈ ਕੇ ਹੁਣ ਤਕ ਆਮ ਕਰਕੇ ਐਂਬੂਲੈਂਸ ਨੂੰ ਆਮ ਪੁਲਿਸ ਨਾਕਿਆ ’ਤੇ ਰੋਕਿਆ ਨਹੀਂ ਜਾਂਦਾ। ਬੱਸ ਫਿਰ ਕੀ ਸੀ, ਇਸ ਬੀਬੀ ਅਤੇ ਇਸ ਕਾਕੇ ਦੀ ਦੋ ਦੂਣੀ ਚਾਰ, ਚਾਰ ਦੂਣੀ ਅੱਠ, ਕਮਾਈ ਸਿਖਰਾਂ ਛੂਹਣ ਲੱਗੀ।
ਮੁਢਲੀ ਜਾਣਕਾਰੀ ਮੁਤਾਬਕ ਭਾਵੇਂ ਇਸ ਹੁਸੀਨਾ ਕੋਲੋਂ 17.71 ਗ੍ਰਾਮ ਹੀ ਚਿੱਟਾ ਮਿਲਿਆ, ਪਰ ਇਸਦੀਆਂ ਐਨਕਾਂ, ਘੜੀਆਂ ਅੱਧੀ ਦਰਜਨ ਵੱਖ-ਵੱਖ ਕਾਰਾਂ, ਮੋਟਰਸਾਈਕਲ ਅਤੇ ਸਕੂਟਰ, ਦੋ ਕਰੋੜ ਦੀ ਕੋਠੀ ਅਤੇ ਕੋਠੀ ਦੇ ਪਿਛਵਾੜੇ ਆਰਾਮਦਾਇਕ ਕੁਰਸੀਆਂ, ਰਾਜਿਆਂ ਵਰਗੀ ਜ਼ਿੰਦਗੀ ਵੱਲ ਇਸ਼ਾਰਾ ਕਰ ਰਹੀਆਂ ਹਨ।
ਪਹਿਲਾ ਪਿਆਰ ਵਿਆਹ ਇਸਨੇ ਇੱਕ ਟੀਚਰ ਨਾਲ ਕੀਤਾ, ਜੋ ਪਹਿਲਾਂ ਤੋਂ ਹੀ ਇਸਦੀ ਪੜ੍ਹਾਈ ਵਿੱਚ ਯੋਗਦਾਨ ਪਾ ਰਿਹਾ ਸੀ। ਉਸ ਨੂੰ ਇਸਨੇ ਗੱਡੀ ਦਾ ਟਾਇਰ ਬਦਲਣ ਵਾਂਗ ਇੱਕ ਝਟਕੇ ਨਾਲ ਹੀ ਆਪਣੇ ਤੋਂ ਅਲੱਗ ਕਰ ਦਿੱਤਾ। ਬਹੁਤਾ ਰੌਲਾ ਨਾ ਪਾਊ, ਦਾਜ-ਦਹੇਜ ਦੇ ਕੇਸ ਉਸਦੇ ਪਰਿਵਾਰ ’ਤੇ ਫਿੱਟ ਕਰ ਦਿੱਤੇ, ਜਿਸ ਕਾਰਨ ਕਰਕੇ ਇਸਦੇ ਰਿਸ਼ਤੇ ਵਿੱਚ ਲੱਗਦੇ ਸਹੁਰਾ ਸਾਹਿਬ ਵੀ ਇਸ ਜਹਾਨ ਨੂੰ ਅਚਾਨਕ ਅਲਵਿਦਾ ਕਹਿ ਗਏ। ਫਿਰ ਇਹ ਆਪਣੇ ਜਾਲ ਵਿੱਚ ਇੱਕ ਵਿਆਹੇ ਹੋਏ ਬਲਵਿੰਦਰ ਸਿੰਘ ਡਰਾਈਵਰ ਨੂੰ ਫਸਾਉਂਦੀ ਹੈ, ਜਿਹੜਾ ਇਸਦੇ ਜਾਲ ਵਿੱਚ ਫਸ ਕੇ ਆਪਣੀ ਪਤਨੀ ਅਤੇ ਬੱਚੀਆਂ ਨੂੰ ਭੁੱਲ ਬੈਠਦਾ ਹੈ।
ਅਗਰ ਇਸ ਹੁਸੀਨਾ ਦੇ ਪੁਲਿਸ ਨਾਲ ਸੰਬੰਧਾਂ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਵਿੱਚ ਕੋਈ ਮਾਈ ਦਾ ਲਾਲ ਆਪਣਾ ਹੱਥ ਨਹੀਂ ਖੜ੍ਹਾ ਕਰ ਸਕਦਾ ਕਿ ਮੈਂ ਅਮਨਦੀਪ ਕੌਰ ਦੇ ਯਤਨਾਂ ਦੇ ਬਾਵਜੂਦ ਉਸਦੇ ਜਾਲ ਵਿੱਚ ਨਹੀਂ ਫਸਿਆ। ਅਸਪਸ਼ਟ ਖ਼ਬਰਾਂ ਮੁਤਾਬਕ ਜਲੰਧਰ ਦਾ ਵੱਡਾ ਅਫਸਰ, ਜੋ ਲੁਧਿਆਣੇ ਬਦਲੀ ਕਰਵਾ ਗਿਆ ਜਾਂ ਸਰਕਾਰ ਨੇ ਕਰਵਾ ਦਿੱਤੀ ਜਾਂ ਕਰ ਦਿੱਤੀ, ਜਿਸ ਬਾਰੇ ਇਹ ਵੀ ਇੱਕ ਰੌਲਾ ਹੈ ਕਿ ਇਹ ਲੁਧਿਆਣੇ ਦੀ ਜ਼ਿਮਨੀ ਚੋਣ ਜਿਤਾਉਣ ਖਾਤਰ ਉੱਥੇ ਲਾਇਆ ਗਿਆ। ਖ਼ਬਰਾਂ ਮੁਤਾਬਕ ਉਸਦੀਆਂ ਪਿਆਰ-ਪੀਂਘਾਂ ਦੀ ਚਰਚਾ ਅਮਨਦੀਪ ਕੌਰ ਨਾਲ ਹੋ ਰਹੀ ਹੈ।
ਅਮਨਦੀਪ ਕੌਰ ਇੰਨੀ ਚੁਸਤ ਅਤੇ ਚਲਾਕ ਹੈ ਕਿ ਉਹ ਇੱਕ ਸਾਧੂ ਸੰਤ ’ਤੇ ਵੀ ਜਬਰ ਜ਼ਨਾਹ ਦਾ ਕੇਸ ਪਾ ਕੇ ਸਮਝੌਤਾ ਕਰ ਚੁੱਕੀ ਹੈ। ਇਹ ਉਹ ਅਮਨਦੀਪ ਕੌਰ ਹੈ, ਜਿਹੜੀ ਐੱਸ ਆਈ ਤੋਂ ਲੈ ਕੇ ਡੀ ਐੱਸ ਪੀ ਤਕ ਪੁਲਿਸ ਦੇ ਅਹੁਦੇਦਾਰਾਂ ਨਾਲ ਕੀੜੇ-ਮਕੌੜਿਆ ਵਾਂਗ ਵਿਹਾਰ ਕਰਦੀ ਸੀ। ਬਹਾਦਰ ਆਈ ਪੀ ਐੱਸ ਅਫਸਰ ਧਾਲੀਵਾਲ, ਜਿਸ ਨੇ ਇਸ ਨੂੰ ਰਾਊਂਡ-ਅੱਪ ਕੀਤਾ, ਉਹ ਇੱਕ ਬਹੁਤ ਵੱਡੀ ਵਧਾਈ ਦੇ ਹੱਕਦਾਰ ਹਨ। ਉਨ੍ਹਾਂ ਦੀ ਜਿੰਨੀ ਸਿਫ਼ਤ ਕੀਤੀ ਜਾਵੇ, ਓਨੀ ਥੋੜ੍ਹੀ ਹੈ। ਉਸ ਅੱਗੇ ਜਿਵੇਂ ਹੁਸੀਨਾ ਅਮਨਦੀਪ ਕੌਰ ਨੇ ਉੱਚ ਅਫਸਰਾਂ ਨੂੰ ਫੋਨ ਕਰਨ ਦੇ ਹਾੜ੍ਹੇ ਕੱਢੇ, ਉਹ ਜਾਣਨਯੋਗ ਹਨ। ਮੌਕੇ ਦੇ ਇਮਾਨਦਾਰ ਅਫਸਰ ਧਾਲੀਵਾਲ ਸਾਹਿਬ ਨੇ ਮੁਲਜ਼ਮ ਦੇ ਦੋਵੇਂ ਆਈ ਫੋਨ ਕਬਜ਼ੇ ਵਿੱਚ ਲੈ ਕੇ ਇੱਕ ਇਸਤਰੀ ਪੁਲਸਮੈਨ ਰਾਹੀਂ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਪੁਰਾਣੇ ਸਮਿਆਂ ਵਿੱਚ ਪਸ਼ੂਆਂ ਦੀ ਚੋਰੀ ਸਮੇਂ ਚੋਰ ਨੂੰ ਫੜਨ ਲਈ ਪਹਿਲਾਂ ਉਨ੍ਹਾਂ ਦੀ ਪੈੜ ਨੱਪੀ ਜਾਂਦੀ ਸੀ, ਫਿਰ ਦੋਸ਼ੀ ਖੋਜਿਆ ਜਾਂਦਾ ਸੀ। ਠੀਕ ਉਸੇ ਤਰ੍ਹਾਂ 17.71 ਗ੍ਰਾਮ ਇਹ ਛੋਟੀ ਰਿਕਵਰੀ ਇਨਵੈਸਟੀਗੇਸ਼ਨ ਅਥਾਰਟੀ ਨੂੰ ਉਸ ਸਟੌਕ ਤਕ ਪਹੁੰਚਾਵੇਗੀ, ਜਿਸ ਸਟੌਕ ਵਿੱਚ ਐਨਕਾਂ ਤੇ ਪਹਿਨਿਆ ਹੋਇਆ ਸੋਨਾ ਤੇ 25 ਲੱਖ ਦੀ ਰੋਲੈਕਸ ਘੜੀ ਨੇ ਜਨਮ ਲਿਆ। ਇਹ ਸਭ ਕੁਝ ਆਪ-ਮੁਹਾਰੇ ਨਹੀਂ ਚੱਲਣਾ, ਇਸ ਵਿੱਚ ਕਾਫ਼ੀ ਰੁਕਾਵਟਾਂ ਪੇਸ਼ ਆਉਣਗੀਆਂ, ਜਿਨ੍ਹਾਂ ਰੁਕਾਵਟਾਂ ਵਿੱਚ ਰੋੜੇ ਦਾ ਕੰਮ ਪੁਲਿਸ ਕਰਮਚਾਰੀ, ਸਿਆਸੀ ਰਸੂਖ, ਮੌਜੂਦਾ ਪੰਜਾਬ ਸਰਕਾਰ ਦੇ ਮੰਤਰੀ ਤਕ ਵੀ ਹੋ ਸਕਦੇ ਹਨ। ਇਸ ਵਰਤਮਾਨ ਘਟਨਾ ਨੇ ਵਾਕਿਆ ਹੀ ਪੰਜਾਬ ਸਰਕਾਰ ਨੂੰ ਅਤੇ ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਕਰੜੇ ਇਮਤਿਹਾਨ ਵਿੱਚ ਪਾ ਦਿੱਤਾ ਹੈ ਕਿ ਪਕੜੀ ਹੋਈ ਨਾਰ ਤੇ ਕਾਲੀ ਥਾਰ ਰਾਹੀਂ ਚਿੱਟੇ ਦਾ ਵਪਾਰ ਮਲੀਆਮੇਟ ਕਰਨ ਲਈ ਕੀ ਸੱਚਮੁੱਚ ਬੁਲਡੋਜ਼ਰ ਹੈ ਤਿਆਰ ਜਾਂ ਮੌਕੇ ’ਤੇ ਉਹ ਵੀ ਹੋ ਜਾਵੇਗਾ ਖਰਾਬ!
ਸਭ ਉਹ ਲੋਕ, ਜੋ ਸਰਕਾਰ ਨੂੰ ਆਪਣੀ ਸਮਝਦੇ ਹਨ, ਜਿਹੜੇ ਵਿਰੋਧੀ ਹੋ ਕੇ ਆਲੋਚਕਾਂ ਦਾ ਰੋਲ ਅਦਾ ਕਰ ਰਹੇ ਹਨ ਅਤੇ ਇੱਕ ਹਿੱਸਾ ਉਹ ਵੀ, ਜੋ ਹਰ ਚੰਗੀ-ਮਾੜੀ ਘਟਨਾ ’ਤੇ ‘ਸਾਨੂੰ ਕੀ’ ਕਹਿ ਕੇ ਗੱਲ ਅੱਗੇ ਤੋਰ ਦਿੰਦੇ ਹਨ, ਦੀਆਂ ਨਿਗਾਹਾਂ ਉਸ ਦਿਨ ’ਤੇ ਲੱਗੀਆਂ ਹੋਈਆਂ ਹਨ ਜਿਸ ਦਿਨ ਇਸ ਡਰਾਮੇ ਦਾ ਆਖਰੀ ਦ੍ਰਿਸ਼ ਪੇਸ਼ ਹੋਵੇਗਾ। ਅੱਜ ਦੇ ਦਿਨ ਇਹ ਸਭ ਕੁਝ ਭਵਿੱਖ ਦੀ ਕੁੱਖ ਵਿੱਚ ਪਿਆ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (