“ਅਜਿਹੀ ਅਣਕਿਆਸੀ ਜਿੱਤ ਭਾਜਪਾ ਨੂੰ ਐਨੀ ਅਸਾਨੀ ਨਾਲ ਜਾਂ ਇਕੱਠੇ ਭਾਜਪਾ ਯਤਨਾਂ ...”
(24 ਫਰਵਰੀ 2025)
ਅੱਜ ਤੋਂ ਲਗਭਗ ਪੰਜਾਹ ਕੁ ਸਾਲ ਪਹਿਲਾਂ ਦੀ ਗੱਲ ਹੋਵੇਗੀ, ਜਦੋਂ ਪਿੰਡਾਂ ਵਿੱਚ ਸਿਆਸਤ ਦਾ ਜ਼ਿਆਦਾ ਬੋਲਬਾਲਾ ਨਹੀਂ ਹੁੰਦਾ ਸੀ। ਉਦੋਂ ਪਿੰਡਾਂ ਵਿੱਚ ਪੰਚਾਇਤਾਂ ਜ਼ਿਆਦਾ ਕਰਕੇ ਸਰਬਸੰਮਤੀ ਨਾਲ ਚੁਣਨ ਦਾ ਰਿਵਾਜ਼ ਹੁੰਦਾ ਸੀ। ਉਦੋਂ ਲੋੜ ਤੋਂ ਜ਼ਿਆਦਾ ਸਿਆਣਿਆ ਦਾ ਗਰੁੱਪ ਇੱਕ ਸਲਾਹ ਹੋ ਕੇ ਜਿਸ ਨੂੰ ਪੰਚਾਇਤ ਮੁਖੀ ਬਣਨ ਤੋਂ ਰੋਕਣਾ ਹੁੰਦਾ ਸੀ, ਉਸ ਨੂੰ ਇਕੱਠ ਵਿੱਚ ਸੱਦ ਕੇ ਸਰਦਾਰ ਜੀ ਜਾਂ ਚੌਧਰੀ ਦਾ ਨਾਂਅ ਲੈ ਕੇ ਆਖਿਆ ਜਾਂਦਾ ਸੀ ਕਿ ਉੱਠੋ, ਤੁਸੀਂ ਜਿਸ ਨੂੰ ਪਿੰਡ ਦਾ ਸਰਪੰਚ ਬਣਾਉਣਾ ਚਾਹੁੰਦੇ ਹੋ, ਉਸ ਦੇ ਨਾਂਅ ਦਾ ਐਲਾਨ ਕਰੋ, ਜਿਸਦਾ ਸਾਫ਼ ਮਤਲਬ ਹੁੰਦਾ ਸੀ ਕਿ ਘੱਟੋ-ਘੱਟ ਨਾਂਅ ਲੈਣ ਵਾਲਾ ਤਾਂ ਨਹੀਂ ਬਣੇਗਾ। ਇਹੀ ਤਰੀਕਾ ਪਿਛਲੇ ਕੁਝ ਸਮੇਂ ਤੋਂ ਬੀ ਜੇ ਪੀ ਵੱਖ-ਵੱਖ ਸੂਬਿਆਂ ਵਿੱਚ ਵਰਤ ਰਹੀ ਹੈ। ਸਮਝਣ ਲਈ ਜ਼ਰਾ ਧਿਆਨ ਦਿਓ, ਰਾਜਸਥਾਨ ਵਿੱਚ ਵਸੁੰਦਰਾ ਰਾਜੇ ਨੂੰ ਲਾਂਭੇ ਕਰਨ ਲਈ ਚੁੱਪ-ਚੁਪੀਤੇ ਰਾਜਨਾਥ ਸਿੰਘ ਨੇ ਨਾਲ ਬੈਠੀ ਰਾਜੇ ਨੂੰ ਚਿੱਟ ਫੜਾ ਦਿੱਤੀ ਕਿ ਨਾਂਅ ਤੁਸੀਂ ਅਨਾਊਂਸ ਕਰਨਾ ਹੈ, ਜਿਸਦਾ ਸਿੱਧਾ ਸੌ ਫੀਸਦੀ ਮਾਇਨਾ ਇਹੀ ਨਿਕਲਦਾ ਹੈ ਕਿ ਘੱਟੋ-ਘੱਟ ਤੁਸੀਂ ਨਹੀਂ ਬਣ ਰਹੇ। ਇਵੇਂ ਹੀ ਦਿੱਲੀ ਦੇ ਮੁੱਖ ਮੰਤਰੀ ਦੀ ਚੋਣ ਸਮੇਂ ਹੋਇਆ। ਜਿਸ ਪ੍ਰਵੇਸ਼ ਵਰਮਾ ਨੇ 4090 ਤੋਂ ਵੱਧ ਵੋਟਾਂ ਨਾਲ ਅਰਵਿੰਦ ਕੇਜਰੀਵਾਲ ਨੂੰ ਚਿੱਤ ਕੀਤਾ, ਜਿਸਦਾ ਨਾਂਅ ਮੁੱਖ ਮੰਤਰੀ ਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਸੀ, ਉਸ ਨੂੰ ਭਰੋਸੇ ਵਿੱਚ ਲੈ ਕੇ ਨਾਂਅ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ, ਜਿਸ ਨੇ ਮਜਬੂਰੀ ਵਿੱਚ ਮਿਥੇ ਪ੍ਰੋਗਰਾਮ ਮੁਤਾਬਕ ਸ੍ਰੀਮਤੀ ਰੇਖਾ ਗੁਪਤਾ ਦਾ ਨਾਂਅ ਦਿੱਲੀ ਦੀ ਮੁੱਖ ਮੰਤਰੀ ਲਈ ਪੇਸ਼ ਕੀਤਾ। ਉਂਜ ਸ੍ਰੀਮਤੀ ਰੇਖਾ ਗੁਪਤਾ ਨਿਰੀ ਸਪੇਅਰ ਪਾਰਟਸ ਵਪਾਰੀ ਦੀ ਧਰਮ ਪਤਨੀ ਹੀ ਨਹੀਂ, ਬਲਕਿ ਆਪਣੇ ਕਾਲਜ ਦਿਨਾਂ ਤੋਂ ਜੁਝਾਰੂ ਸਟੂਡੈਂਟ ਰਹੀ ਹੈ, ਜੋ ਵੱਖ-ਵੱਖ ਸਮੇਂ ਵੱਖ-ਵੱਖ ਚੋਣਾਂ ਜਿੱਤਦੀ ਅਤੇ ਹਾਰਦੀ ਵੀ ਰਹੀ। ਸ੍ਰੀਮਤੀ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਬਣਾ ਕੇ ਕੇਜਰੀਵਾਲ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਵੀ ਮੁੱਖ ਮੰਤਰੀ ਬਾਣੀਆ ਬਰਾਦਰੀ ਵਿੱਚੋਂ ਬਣਾਈ ਹੈ। ਉਹ ਵੀ ਪੈਸਾ ਇਕੱਠਾ ਕਰਨਾ ਅਤੇ ਸਿਆਣਪ ਨਾਲ ਖਰਚ ਕਰਨਾ ਜਾਣਦੀ ਹੈ। ਇਸ ਲਈ ਵੀ ਕਿ ਬਾਣੀਏ ਮੁੱਖ ਮੰਤਰੀ ਤੋਂ ਇਹ ਅਹੁਦਾ ਖੋਹਿਆ ਹੈ।
ਭਾਜਪਾ ਨੂੰ ਦਿੱਲੀ ਵਿੱਚ ਆਪਣਾ ਅਧੂਰਾ ਸੁਪਨਾ ਪੂਰਾ ਕਰਨ ਲਈ ਲਗਭਗ ਢਾਈ ਤੋਂ ਤਿੰਨਾਂ ਕੁੰਭਾਂ ਜਿੰਨਾ ਸਮਾਂ ਲੱਗਾ, ਜਿਸ ਵਿੱਚ ਪੂਰਨ ਭਾਰਤ ਵਿੱਚੋਂ ਭਾਜਪਾ ਸਮਰਥਕ ਅਤੇ ਐੱਨ ਡੀ ਏ ਲੀਡਰਸ਼ਿੱਪ ਨੂੰ ਬੁਲਾ ਕੇ ਵੱਧ ਤੋਂ ਵੱਧ ਇਕੱਠਾ ਕਰਕੇ ਇੱਕ ਮਿਨੀ ਕੁੰਭ ਦੀ ਸ਼ਕਲ ਉਸ ਰਾਮਲੀਲਾ ਗਰਾਊਂਡ ਵਿੱਚ ਦਿੱਤੀ, ਜਿੱਥੇ ਜੇ ਪੀ (ਜਨਤਾ ਪਾਰਟੀ) ਦੇ ਜਨਮ ਸਮੇਂ ਇੱਕ ਵੱਡਾ ਇਕੱਠ ਕੀਤਾ ਗਿਆ। ਜਿੱਥੇ ਕੇਜਰੀਵਾਲ ਨੇ ਨਵੀਂ ਪਾਰਟੀ ਬਣਾ ਕੇ ਇੱਕ ਵੱਡੇ ਇਕੱਠ ਵਿੱਚ ਸਹੁੰ ਚੁੱਕੀ ਸੀ। ਉਸ ਜਗਾਹ ਹੀ ਅੰਤਾਂ ਦਾ ਪੈਸਾ ਖਰਚ ਕਰਕੇ ਭਾਜਪਾ ਨੇ ਉਸ ਨਮੋਸ਼ੀ ਤੋਂ ਛੁਟਕਾਰਾ ਪਾਇਆ, ਜਿਸ ਨੂੰ ਦਿੱਲੀ ਨਾ ਜਿੱਤਣ ਦੀ ਨਮੋਸ਼ੀ ਭੁਗਤਣੀ ਪੈਂਦੀ ਸੀ। ਅਜਿਹਾ ਵੀ ਉਹ ਤਦ ਕਰ ਸਕੀ, ਜਿਵੇਂ ਪੰਜਾਬੀ ਅਖਾਣ ਮੁਤਾਬਕ ਜਿਹੜੀ ਕੁੜੀ ਕਿਸੇ ਕਾਰਨ ਮੰਗ-ਵਿਆਹ ਨਾ ਹੋਵੇ, ਉਹ ਉਦੋਂ ਸੁਹਾਗਣ ਬਣ ਜਾਂਦੀ ਹੈ, ਜਦੋਂ ਉਸ ਦੇ ਚਾਚੇ-ਤਾਏ, ਭੂਆ-ਫੁੱਫੜ, ਮਾਮੇ-ਮਾਮੀਆਂ ਸਾਰੇ ਰਿਸ਼ਤੇਦਾਰ ਰਲ ਕੇ ਜ਼ੋਰ ਲਗਾਉਂਦੇ ਹਨ ਤਾਂ ਉਹ ਵਿਆਹੀ ਜਾਂਦੀ ਹੈ, ਜਿਸ ਵਿੱਚ ਦਾਜ ਦਹੇਜ ਵੀ ਵੱਧ ਦਿੱਤਾ ਜਾਂਦਾ ਹੈ। ਇਵੇਂ ਹੀ ਦਿੱਲੀ ਅਧੂਰੇ ਸੂਬੇ ਬਾਬਤ ਕੀਤਾ ਗਿਆ, ਜਿਸ ਵਿੱਚ ਪੀਅਨ ਤੋਂ ਲੈ ਕੇ ਪੀ ਐੱਮ ਤਕ, ਸਭ ਭਾਜਪਾ ਸੂਬਿਆਂ ਦੇ ਮੁੱਖ ਮੰਤਰੀ, ਸੈਂਟਰ ਦੀ ਪੂਰਨ ਲੀਡਰਸ਼ਿੱਪ ਅਖੀਰਲੇ ਦਿਨ ਤਕ ਵਾਅਦਿਆਂ ਦੀ ਬੁਛਾੜ ਨਾਲ ਪ੍ਰਚਾਰ ਕਰਦੀ ਰਹੀ। ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੱਖ-ਵੱਖ ਕੋਟੇ ਅਲਾਟ ਕੀਤੇ ਗਏ। ‘ਅਗਰ ਐਤਕੀਂ ਨਹੀਂ ਤਾਂ ਫਿਰ ਕਦੇ ਨਹੀਂ’ ਨਾਅਰੇ ਹੇਠ ਪੈਸੇ ਦੇ ਜ਼ੋਰ ਨਾਲ, ਚੋਣ ਕਮਿਸ਼ਨ ਨੂੰ ਹਿਲਜੁਲ ਨਾ ਕਰਨ ਦੀ ਹਦਾਇਤ ਬਾਅਦ ‘ਜਿੱਤ-ਲਾੜੀ’ ਘਰ ਲਿਆਂਦੀ, ਜਿਸਦਾ ਜਸ਼ਨ ਬੀਤੇ ਦਿਨ ਵੀਰਵਾਰ ਦਿੱਲੀ ਕੁੰਭ ਰਚਾ ਕੇ ਮਨਾਇਆ।
ਅਜਿਹੀ ਅਣਕਿਆਸੀ ਜਿੱਤ ਭਾਜਪਾ ਨੂੰ ਐਨੀ ਅਸਾਨੀ ਨਾਲ ਜਾਂ ਇਕੱਠੇ ਭਾਜਪਾ ਯਤਨਾਂ ਨਾਲ ਨਹੀਂ ਹੋਈ, ਇਸ ਵਿੱਚ ਜਾਣੇ-ਅਣਜਾਣੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਮੂਰਖਤਾ ਕਰਕੇ ‘ਇੰਡੀਆ’ ਮਹਾਗੱਠਜੋੜ ਦੇ ਮੈਂਬਰ ਹੋਣ ਦੇ ਬਾਵਜੂਦ ਸਮਝੌਤਾ ਨਾ ਕਰਨਾ, ਨੇ ਵੀ ਭਾਜਪਾ ਨੂੰ ਮੰਜ਼ਲ ’ਤੇ ਪਹੁੰਚਣ ਲਈ ਮਦਦ ਕੀਤੀ। ਅਗਰ ਤੁਸੀਂ ਥੋੜ੍ਹਾ ਜਿਹਾ ਧਿਆਨ ਦਿਓ ਤਾਂ ਤੁਹਾਨੂੰ ਬੜੀ ਅਸਾਨੀ ਨਾਲ ਗਿਆਨ ਹੋ ਜਾਵੇਗਾ ਕਿ ਲਗਭਗ ਪੰਦਰਾਂ ਕੁ ਸੀਟਾਂ ’ਤੇ ਆਮ ਪਾਰਟੀ ਜਿੰਨੀਆਂ ਵੋਟਾਂ ’ਤੇ ਹਾਰੀ ਹੈ, ਉਸ ਤੋਂ ਵੱਧ ਵੋਟਾਂ ਕਾਂਗਰਸ ਆਪਣੀ ਝੋਲੀ ਵਿੱਚ ਲੈ ਕੇ ਹਾਰੀ ਹੈ। ਮੁੱਕਦੀ ਗੱਲ ਅਗਰ ਦੋਹਾਂ ਵਿਚਕਾਰ ਹੰਕਾਰ ਨੂੰ ਲਾਂਭੇ ਕਰਕੇ ਗਠਜੋੜ ਕੀਤਾ ਹੁੰਦਾ ਤਾਂ ਅੱਜ ਦੇ ਦਿਨ ਭਾਵ ਜਿਸ ਦਿਨ ਭਾਜਪਾ ਵਾਲੇ ਤਾੜੀਆਂ ਮਾਰ ਰਹੇ ਸਨ, ਉਹ ਤਾੜੀਆਂ ਦੀ ਜਗਾਹ ਆਪਣੇ ਹੱਥਾਂ ’ਤੇ ਦੰਦੀਆਂ ਵੱਢ ਰਹੇ ਹੁੰਦੇ।
ਜਦੋਂ ਤੁਸੀਂ ਭਾਜਪਾ ਦੀ ਜਿੱਤ ਬਾਬਤ ਗੱਲ ਕਰ ਰਹੇ ਹੋ ਤਾਂ ਤੁਹਾਨੂੰ ਸਾਫ਼ ਨਜ਼ਰ ਆਵੇਗਾ ਕਿ ਭਾਜਪਾ ਦਿੱਲੀ ਵਿੱਚ ਉਵੇਂ ਅਸਾਨੀ ਨਾਲ ਨਹੀਂ ਜਿੱਤੀ, ਜਿਵੇਂ ਸੂਬਿਆਂ ਵਿੱਚ ਸੂਬੇ ਦੀਆਂ ਪਾਰਟੀਆਂ ਅਸਾਨੀ ਨਾਲ ਜਿੱਤ ਪ੍ਰਾਪਤ ਕਰ ਲੈਂਦੀਆਂ ਹਨ। ਦਿੱਲੀ ਦੀ ਇਸ ਚੋਣ ਨੇ ਭਾਜਪਾ ਦੀਆਂ ਗੋਡਣੀਆਂ ਲਵਾ ਦਿੱਤੀਆਂ ਹਨ। ਇਕੱਲੀ ਅਕਾਲੀ ਪਾਰਟੀ ਕਈ ਵਾਰ ਪੰਜਾਬ, ਤ੍ਰਿਣਮੂਲ ਕਾਂਗਰਸ ਬੰਗਾਲ ਵਿੱਚ, ਆਮ ਆਦਮੀ ਪਾਰਟੀ ਪੰਜਾਬ ਅਤੇ ਦਿੱਲੀ ਵਿੱਚ, ਕੇਰਲਾ ਦੀ ਜਿੱਤ ਆਦਿ ਕਈ ਚੋਣਾਂ ਸੂਬਿਆਂ ਦੀਆਂ ਪਾਰਟੀਆਂ ਹੀ ਸਮੇਂ-ਸਮੇਂ ਜਿੱਤਦੀਆਂ ਰਹੀਆਂ। ਇਹ ਚੋਣ ਆਮ ਆਦਮੀ ਪਾਰਟੀ ਬਨਾਮ ਭਾਰਤ ਸਰਕਾਰ ਸੀ, ਨਾ ਕਿ ਭਾਜਪਾ। ਜਿੱਤ ਦੀ ਖੁਸ਼ੀ ਵਿੱਚ ਭਾਜਪਾ ਵੱਲੋਂ ਕਰੋੜਾਂ ਖਰਚ ਕਰਕੇ ਕੀਤਾ ਇਕੱਠ ਛੋਟੇ ਕੁੰਭ ਵਾਂਗ ਲਗਦਾ ਸੀ। ਅਜਿਹੇ ਕੁੰਭ ਇਕੱਠ ਨੇ ਦਿੱਲੀ ਵਾਸੀਆਂ ਦੀਆਂ ਉਮੀਦਾਂ ਹੋਰ ਵਧਾ ਦਿੱਤੀਆਂ ਹਨ। ਅਗਰ ਭਾਜਪਾ ਨੇ ਵੱਖਰੇ ਤੌਰ ’ਤੇ ਦਿੱਲੀ ’ਤੇ ਵੱਖਰਾ ਧਿਆਨ ਦੇ ਕੇ ਦਿੱਲੀ ਨੂੰ ਸੁਧਾਰਨ ਦੀ ਸ਼ੁਰੂਆਤ ਕਰਕੇ ਮੁਸ਼ਕਲਾਂ ਦਾ ਅੰਤ ਕੀਤਾ ਤਾਂ ਫਿਰ ਭਾਜਪਾ ਦੀ ਮੂਲੀ ਜੜ ਸਾਬਤ ਹੋਵੇਗੀ, ਨਹੀਂ ਤਾਂ ਇਹ ਗੁੱਛਾ ਜੜ ਸਾਬਤ ਹੋਵੇਗੀ।
ਅਖੀਰ ਵਿੱਚ ਅਸੀਂ ਹਾਲ ਦੀ ਘੜੀ ਰੇਖਾ ਗੁਪਤਾ ਜੀ ਪਾਸੋਂ ਇਸ ਕਰਕੇ ਆਸਵੰਦ ਹਾਂ ਕਿ ਉਹ ਸਟੂਡੈਂਟ ਜੀਵਨ ਤੋਂ ਹੀ ਸਿਆਸਤ ਨੂੰ ਸਮਝਦੀ ਹੈ। ਸਿਆਸਤ ਦੀ ਕਾਫ਼ੀ ਗਿਆਨਵਾਨ ਹੋਣ ਕਰਕੇ, ਇੱਕ ਔਰਤ ਹੋਣ ਕਰਕੇ, 2002 ਤੋਂ ਭਾਜਪਾ ਨਾਲ ਸੰਬੰਧਤ ਹੋਣ ਕਰਕੇ, ਕੁਝ ਨਵਾਂ ਕਰਨ ਦੀ ਖਾਹਿਸ਼ ਕਰਕੇ, ‘ਸਭ ਕਾ ਸਾਥ, ਸਭ ਕਾ ਵਿਕਾਸ’ ਨਾਅਰੇ ਨੂੰ ਧਿਆਨ ਵਿੱਚ ਰੱਖ ਕੇ, ਪਾਰਟੀ ਲਾਭਾਂ ਤੋਂ ਉੱਪਰ ਉੱਠ ਕੇ ਸਮੁੱਚੇ ਦਿੱਲੀ ਵਾਸੀਆਂ ਵਾਸਤੇ ਕੰਮ ਕਰਕੇ ਦਿਖਾਏਗੀ। ਵਰਨਾ ਜੋ ਪਹਿਲੇ ਮੁੱਖ ਮੰਤਰੀਆਂ ਨਾਲ ਹੁੰਦਾ ਆਇਆ ਹੈ, ਉਸ ਵਾਸਤੇ ਉਸ ਨੂੰ ਵੀ ਤਿਆਰ ਰਹਿਣਾ ਹੋਵੇਗਾ। ਉਂਜ ਦੋ ਦਲ-ਬਦਲੂਆਂ ਨੂੰ ਵਜ਼ੀਰੀਆਂ ਨਾਲ ਨਿਵਾਜ਼ ਕੇ ਹਾਈਕਮਾਂਡ ਨੇ ਸਭ ਦਾ ਧਿਆਨ ਖਿੱਚਿਆ ਹੈ। ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਭ ਭਾਜਪਾ ਕਾਰਕੁਨ ਜਮਨਾ ਨਦੀ ਵਿੱਚ ਨਹਾ ਕੇ ਹੋਰ ਪਵਿੱਤਰ ਹੋਣਗੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)