“ਜੇ ਤੁਸੀਂ ਬਾਕੀਆਂ ਨੂੰ ਰੋਕਣ ਯੋਗੇ ਨਹੀਂ ਹੋ ਤਾਂ ਆਪਣੇ ਹਵਾਈ ਜਹਾਜ਼ਾਂ ਰਾਹੀਂ ...”
(11 ਫਰਵਰੀ 2025)
ਮਨੁੱਖ ਨੇ ਪਰਵਾਸ ਸ਼ਾਇਦ ਪੰਛੀਆਂ ਤੋਂ ਉਤਸ਼ਾਹਿਤ ਹੋ ਕੇ ਸ਼ੁਰੂ ਕੀਤਾ ਹੋਵੇ, ਜਿਨ੍ਹਾਂ ਦਾ ਅਸੂਲ ਹੈ ਕਿ ਉਹ ਜਿੱਥੇ ਵੀ ਰਹਿੰਦੇ ਹਨ, ਉੱਥੋਂ ਆਪਣੇ ਭੋਜਨ ਦੀ ਭਾਲ ਵਿੱਚ ਰੁੱਤਾਂ ਮੁਤਾਬਕ ਦਿਸ਼ਾ ਬਦਲਦੇ ਰਹਿੰਦੇ ਹਨ, ਪਰ ਅਖੀਰ ਕਬੀਲੇ ਕੋਲ ਸੂਰਜ ਡੁੱਬਣ ਤੋਂ ਪਹਿਲਾਂ ਪਹੁੰਚ ਜਾਂਦੇ ਹਨ। ਪਹਿਲy ਸਮਿਆਂ ਵਿੱਚ ਮਨੁੱਖ ਭਾਵੇਂ ਬਾਰ੍ਹੀਂ ਸਾਲੀਂ ਮੁੜੇ, ਜ਼ਰੂਰ ਆਪਣੀ ਜਨਮ ਭੂਮੀ ’ਤੇ ਪਹੁੰਚ ਜਾਂਦਾ ਸੀ, ਜਿਸਦੀ ਗਵਾਹੀ ਪੰਜਾਬੀ ਬੋਲੀ ਭਰਦੀ ਹੈ, ਬਾਰੀਂ ਬਰਸੀਂ ਖੱਟਣ ਗਿਆ ਸੀ … … ’ ਅੱਜ ਦੇ ਯੁਗ ਵਿੱਚ ਸਭ ਵਿਗਿਆਨਕ ਸਹੂਲਤਾਂ ਹੋਣ ਕਰਕੇ ਮਨੁੱਖ ਦੀ ਜਾਣਕਾਰੀ ਬੜੀ ਤੇਜ਼ੀ ਨਾਲ ਵਧਣ ਕਰਕੇ ਉਹ ਵੱਖ-ਵੱਖ ਦੇਸ਼ਾਂ ਦੀਆਂ ਵੱਖ-ਵੱਖ ਸਹੂਲਤਾਂ ਬਾਰੇ ਪੜ੍ਹ ਜਾਂ ਸੁਣ ਕੇ ਜਾਣ ਚੁੱਕਾ ਹੈ, ਜਿਸ ਕਰਕੇ ਪੈਸਾ ਕਮਾਉਣ ਲਈ ਉਹ ਵੱਖ-ਵੱਖ ਦੇਸਾਂ ਵੱਲ ਗਿਆ ਅਤੇ ਜਾ ਰਿਹਾ ਹੈ। ਉਨ੍ਹਾਂ ਵਿੱਚੋਂ ਕਈ ਪੈਸਾ ਕਮਾਉਣ ਅਤੇ ਕਈ ਦੇਸ਼ ਵਿੱਚ ਬੇਰੁਜ਼ਗਾਰੀ ਹੋਣ ਕਰਕੇ ਪਰਿਵਾਰ ਦਾ ਢਿੱਡ ਭਰਨ ਖਾਤਰ ਘਰਦਿਆਂ ਦੀਆਂ ਅੱਖਾਂ ਤੋਂ ਦੂਰ ਜਾਇਜ਼ ਜਾਂ ਨਜਾਇਜ਼ ਤਰੀਕੇ ਨਾਲ ਉਡਾਰੀ ਮਾਰ ਰਿਹਾ ਹੈ। ਜਿਨ੍ਹਾਂ ਦੇਸ਼ਾਂ ਵਿੱਚ ਕਾਨੂੰਨੀ ਜਾਂ ਗੈਰ-ਕਾਨੂੰਨੀ ਪਰਵਾਸ ਜ਼ਿਆਦਾ ਹੋਣ ਕਰਕੇ ਸੰਬੰਧਤ ਦੇਸ਼ ਦੇ ਵਾਸੀ ਜਾਂ ਸਰਕਾਰ ਮਹਿਸੂਸ ਕਰਨ ਲਗਦੀ ਹੈ ਤਾਂ ਫਿਰ ਅਜਿਹੇ ਪਰਵਾਸੀਆਂ ਦਾ ਸੰਬੰਧਤ ਦੇਸ਼ ਵਿੱਚੋਂ ਨਿਕਾਲਾ ਸ਼ੁਰੂ ਹੁੰਦਾ ਹੈ। ਅਜਿਹਾ ਨਿਕਾਲਾ ਭਾਰਤੀਆਂ ਨੂੰ ਪਹਿਲਾਂ ਮਿਲ ਵੀ ਚੁੱਕਾ ਹੈ, ਪਰ ਜਿਸ ਨਿਕਾਲੇ ਨੇ ਮੈਨੂੰ ਰਾਤ ਭਰ ਉਨੀਂਦਰਾ ਰੱਖਿਆ ਹੈ, ਉਹ ਹੈ ਉਹ ਦੇਸ਼, ਜਿਸਦਾ ਮੁਖੀ ਸਾਡੇ ਦੇਸ਼ ਦੇ ਮੁਖੀ ਦਾ ਮਿੱਤਰ ਪਿਆਰਾ, ਜਿਸ ਬਾਬਤ ਕਦੀ ਅਮਰੀਕਾ ਵਸੇ ਭਾਰਤੀਆਂ ਨੇ ਸਾਡੇ ਮੁਖੀ ਦੇ ਕਹਿਣ ’ਤੇ ਕਿਹਾ ਸੀ, “ਅਬ ਕੀ ਬਾਰ ਟਰੰਪ ਸਰਕਾਰ - ਅਬ ਕੀ ਬਾਰ ਟਰੰਪ ਸਰਕਾਰ’ ਨਾਲ ਹੀ ਮੋਦੀ-ਮੋਦੀ ਨਾਲ ਵੀ ਸੰਬੰਧਤ ਇਲਾਕਾ ਗੂੰਜ ਉੱਠਿਆ ਸੀ।
ਪਿਛਲੇ ਸਾਲ ਹੋਈਆਂ ਅਮਰੀਕੀ ਚੋਣਾਂ ਵਿੱਚ ਭਾਵੇਂ ਜ਼ਿਆਦਾ ਭਾਰਤੀਆਂ ਨੇ ਬੀਬੀ ਕਮਲਾ ਹੈਰਿਸ ਨੂੰ ਕਈ ਕਾਰਨਾਂ ਕਰਕੇ ਆਪਣੀਆਂ ਵੋਟਾਂ ਦਾ ਭੁਗਤਾਨ ਕੀਤਾ ਸੀ, ਪਰ ਅੰਤ ਜਿੱਤ ਪਿਛਲੀ ਵਾਰ ਹਾਰੇ ਹੋਏ ਟਰੰਪ ਦੀ ਹੋਈ, ਜਿਸ ਸਦਕਾ ਉਹ 20 ਜਨਵਰੀ ਨੂੰ ਸਹੁੰ ਚੁੱਕਣ ਵਿੱਚ ਕਾਮਯਾਬ ਹੋਇਆ। ਉਸ ਨੇ ਸਹੁੰ ਚੁੱਕਣ ਤੋਂ ਬਾਅਦ ਕਈ ਅਹਿਮ ਐਲਾਨ ਕੀਤੇ ਤਾਂ ਕਿ ਦੇਸ਼ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਨ੍ਹਾਂ ਵਿੱਚੋਂ ਇੱਕ ਸੀ ਕਿ ਸਮੁੱਚੇ ਅਮਰੀਕਾ ਵਿੱਚੋਂ ਗੈਰ-ਕਾਨੂੰਨੀ ਲੋਕਾਂ ਨੂੰ ਕੱਢਿਆ ਜਾਵੇਗਾ, ਉਹ ਭਾਵੇਂ ਜਿਸ ਦੇਸ਼ ਨਾਲ ਮਰਜ਼ੀ ਸੰਬੰਧ ਰੱਖਦੇ ਹੋਣ। ਇਸਦੇ ਸੰਬੰਧ ਵਿੱਚ ਉਸ ਨੇ ਇੱਕ ਗੈਰ-ਕਾਨੂੰਨੀ ਗਏ ਭਾਰਤੀਆਂ ਦੀ ਸੂਚੀ ਬਣਾ ਕੇ ਭਾਰਤ ਨੂੰ ਸੂਚਿਤ ਕੀਤਾ, ਜਿਸ ਨੂੰ ਭਾਰਤ ਨੇ ਮੰਨ ਲਿਆ। ਪਰ ਉਨ੍ਹਾਂ ਨੂੰ ਉੱਥੋਂ ਲਿਆਉਣ ਦਾ ਕੋਈ ਪ੍ਰਬੰਧ ਨਹੀਂ ਕੀਤਾ। ਗੱਲ ਲਮਕਦੀ ਦੇਖ ਅਮਰੀਕਾ ਨੇ ਫੌਜ ਦਾ ਸਮਾਨ ਢੋਣ ਵਾਲੇ ਜਹਾਜ਼ ਤਿਆਰ ਕੀਤਾ, ਜਿਸ ਵਿੱਚ ਕੁਰਸੀਆਂ ਆਦਿ ਨਹੀਂ ਲੱਗੀਆਂ ਹੁੰਦੀਆਂ। ਉਸ ਜਹਾਜ਼ ਵਿੱਚ 104 ਵਿਅਕਤੀਆਂ ਨੂੰ ਤੂੜ ਕੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਆਣ ਲਾਹਿਆ, ਜਿਨ੍ਹਾਂ ਵਿੱਚ 25 ਔਰਤਾਂ ਅਤੇ 12 ਨਾਬਾਲਗ ਵੀ ਸਨ। ਉਹ ਹੱਥਕੜੀਆਂ ਸਮੇਤ ਅਣ-ਮਨੁੱਖੀ ਤਰੀਕੇ ਨਾਲ ਲਿਆਂਦੇ ਗਏ, ਜਿਨ੍ਹਾਂ ਦਾ ਅਮਰੀਕਾ ਵਿੱਚ ਕੋਈ ਅਪਰਾਧਕ ਰਿਕਾਰਡ ਮੌਜੂਦ ਨਹੀਂ ਸੀ। ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਉਨ੍ਹਾਂ ਦੇ ਕਹਿਣ ਦੇ ਬਾਵਜੂਦ ਮੋਦੀ ਸਰਕਾਰ ਨੇ ਆਪਣੇ ਹਵਾਈ ਜਹਾਜ਼ ਕਿਉਂ ਨਹੀਂ ਭੇਜੇ? ਫਿਰ ਅਮਰੀਕਾ ਨੇ ਜੇ ਭੇਜਣਾ ਹੀ ਸੀ ਤਾਂ ਉਸ ਨੇ ਫੌਜੀ ਹਵਾਈ ਜਹਾਜ਼ (ਉਹ ਵੀ ਭਾਰ ਢੋਣ ਵਾਲਾ) ਰਾਹੀਂ ਕਿਉਂ ਭੇਜਿਆ? ਜੇ ਅਮਰੀਕਾ ਨੇ ਇਸ ਤਰੀਕੇ ਨਾਲ ਭੇਜ ਕੇ ਗਲਤੀ ਕੀਤੀ ਸੀ ਤਾਂ ਫਿਰ ਭਾਰਤ ਸਰਕਾਰ ਨੇ ਅਜਿਹੇ ਫੌਜੀ ਹਵਾਈ ਜਹਾਜ਼ ਨੂੰ ਉੱਤਰਨ ਦੀ ਆਗਿਆ ਕਿਵੇਂ ਦਿੱਤੀ। ਜੇ ਕੋਲੰਬੀਆ ਵਰਗਾ ਦੇਸ਼, ਜੋ ਚਿੜੀ ਦੇ ਪੌਂਚੇ ਜਿੱਡਾ ਹੈ, ਅਮਰੀਕੀ ਫੌਜੀ ਜਹਾਜ਼ ਨੂੰ ਉੱਤਰਨ ਦੀ ਮਨਾਹੀ ਕਰ ਸਕਦਾ ਹੈ ਤਾਂ ਕੀ ਅਜਿਹੀ ਹਿੰਮਤ ਅਤੇ ਹੌਸਲਾ ਭਾਰਤ ਨਹੀਂ ਰੱਖਦਾ? ਇੰਨੀ ਗੱਲ ਵਾਸਤੇ ਗੋਡੇ ਟੇਕਣ ਦੀ ਕੀ ਲੋੜ ਸੀ? ਕੀ ਅਖੌਤੀ ਵਿਸ਼ਵ ਗੁਰੂ ਅਜਿਹੀ ਕੀਤੀ ਕੁਤਾਹੀ ਦਾ ਤਸੱਲੀਬਖ਼ਸ਼ ਉੱਤਰ ਦੇਵੇਗਾ? ਸੰਸਾਰ ਵਿੱਚ ਤੀਜੀ ਮਹਾ ਸ਼ਕਤੀ ਬਣਨ ਦੀਆਂ ਡੀਂਗਾਂ ਮਾਰਨ ਵਾਲਾ ਦੇਸ਼ ਅਜਿਹੀ ਕਾਰਵਾਈ ਦਾ ਨੋਟਿਸ ਲਵੇਗਾ? ਉਂਜ ਤਾਂ ਦੇਸ਼ ਪਹਿਲਾਂ ਹੀ ਜਾਣ ਚੁੱਕਾ ਹੈ ਕਿ ਜਿਸ ਟਰੰਪ ਨੇ ਆਪਣੇ ਸਹੁੰ ਚੁੱਕ ਸਮਾਗਮ ਵਿੱਚ ‘ਵੱਡੇ ਮਹਾ-ਪੁਰਸ਼’ ਨੂੰ ਨਿਉਂਦਾ ਨਾ ਦੇ ਕੇ ਪਹਿਲਾਂ ਹੀ ਸਭ ਕੁਝ ਸਾਫ਼ ਕਰ ਦਿੱਤਾ ਹੈ, ਪਰ ਦੇਸ਼ ਵਾਸੀਆਂ ਨੂੰ ਆਪਣੀ ਥਾਂ ਕਾਫ਼ੀ ਗੁੱਸਾ ਹੈ। ਆਏ ਬੰਦਿਆਂ ਦੀ ਲਿਸਟ ਪੜ੍ਹ ਕੇ ਪਤਾ ਲਗਦਾ ਹੈ ਪੰਜਾਬ ਨਾਲੋਂ ਜ਼ਿਆਦਾ ਤਾਂ ਉਸ ਜਹਾਜ਼ ਵਿੱਚ ਗੁਜਰਾਤੀ ਸਨ। ਕਿਤੇ ਇਹ ਤੁਹਾਡੀ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੇ ਇੱਕ ਹਿੱਸੇ ਵਜੋਂ ਇੱਕ ਸੋਚੀ-ਸਮਝੀ ਚਾਲ ਵਜੋਂ ਤਾਂ ਨਹੀਂ ਵਾਪਰ ਰਿਹਾ? ਕਿਉਂਕਿ ਲੱਖ ਕੋਸ਼ਿਸ਼ਾਂ ਦੇ ਬਾਅਦ ਭਾਜਪਾ ਦਾ ਸਿਆਸੀ ਬੂਟਾ ਪੰਜਾਬ ਵਿੱਚ ਨਹੀਂ ਪਣਪ ਰਿਹਾ।
ਸਾਨੂੰ ਤਾਂ ਉਹ ਦਿਨ ਵੀ ਯਾਦ ਹਨ, ਜਦੋਂ ਵਿਸ਼ਵ ਗੁਰੂ ਨੇ ਕੋਰੋਨਾ ਮਹਾਂਮਾਰੀ ਦੌਰਾਨ ਕਰੋੜਾਂ ਖ਼ਰਚ ਕਰਕੇ ਇਸੇ ਟਰੰਪ ਦਾ ਆਉ ਭਗਤ ਕੀਤੀ ਸੀ। ਤੁਹਾਡੇ ਸੌ ਯਤਨਾਂ ਦੇ ਬਾਵਜੂਦ ਉਦੋਂ ਟਰੰਪ ਸਾਹਿਬ ਨੇ ਹਾਰ ਤੋਂ ਨਿਰਾਸ਼ ਹੋ ਕੇ ਸਰਕਾਰੀ ਦਫਤਰਾਂ ’ਤੇ ਕਬਜ਼ਾ ਕਰਨਾ ਚਾਹਿਆ ਸੀ। ਵਿਸ਼ਵ ਗੁਰੂ ਜੀ, ਜਿਸ ਦਿਨ ਤੁਸੀਂ ਰੇਨ ਕੋਟ ਪਾ ਕੇ, ਡਰ ਦੇ ਮਾਰੇ ਰੱਸੀ ਨੂੰ ਘੁੱਟ ਕੇ ਫੜ ਕੇ ਦਿਖਾਵੇ ਦਾ ਇਸ਼ਨਾਨ ਕਰ ਰਹੇ ਸੀ, ਠੀਕ ਉਸ ਵਕਤ ਕਿਸਮਤ ਮਾਰੇ ਭਾਰਤੀ ਅਮਰੀਕਾ ਦੇ ਫੌਜੀ ਮਾਲ ਜਹਾਜ਼ ਵਿੱਚ ਕੁਰਲਾ ਰਹੇ ਸਨ। ਵੱਖ-ਵੱਖ ਦੇਸਾਂ ਵਿੱਚੋਂ ਪਿਛਲੇ 40-45 ਸਾਲ ਤੋਂ ਭਾਰਤੀ ਵੱਖ-ਵੱਖ ਸਮੇਂ ਡਿਪੋਰਟ ਹੋ ਰਹੇ ਹਨ, ਪਰ ਇਉਂ ਕਦੇ ਨਹੀਂ ਹੋਇਆ, ਜਿਵੇਂ ਤੁਹਾਡੇ ਅਖੌਤੀ ਯਾਰ ਨੇ ਮੋੜੇ ਹਨ। ਪਤਾ ਲੱਗਾ ਹੈ ਕਿ ਤੁਸੀਂ ਅਗਲੇ ਹਫ਼ਤੇ ਫਿਰ ਅਮਰੀਕਾ ਜਾ ਰਹੇ ਹੋ। ਇਹੀ ਅਮਰੀਕਾ ਅਗਲੀ ਕਿਸ਼ਤ ਭੇਜਣ ਦੀ ਤਿਆਰੀ ਕਰ ਰਿਹਾ ਹੈ। ਜੇ ਤੁਸੀਂ ਬਾਕੀਆਂ ਨੂੰ ਰੋਕਣ ਯੋਗੇ ਨਹੀਂ ਹੋ ਤਾਂ ਆਪਣੇ ਹਵਾਈ ਜਹਾਜ਼ਾਂ ਰਾਹੀਂ ਸਤਿਕਾਰ ਨਾਲ ਉਨ੍ਹਾਂ ਨੂੰ ਲਿਆਓ। ਲਗਦਾ ਹੈ ਤੁਹਾਡੇ ਯਾਰ ਨੇ ਫੌਜੀ ਮਾਲ ਵਾਹਕ ਜਹਾਜ਼ ਵਿੱਚ ਬੰਦੇ ਹੱਥਕੜੀਆਂ ਸਮੇਤ ਭੇਜ ਕੇ ਮੌਜੂਦਾ ਸਰਕਾਰ ਨੂੰ ਦਿਨੇ ਤਾਰੇ ਦਿਖਾਉਣ ਵਾਲਾ ਅਜਿਹਾ ਕਾਰਜ ਕੀਤਾ ਹੈ, ਜਿਸ ਨੂੰ ਨਾ ਭਾਰਤੀ ਮਹਾ ਕੁੰਭ ਦੀ ਸ਼ਕਤੀ, ਨਾ ਤੁਹਾਡੀ ਦਿਖਾਵੇ ਦੀ ਭਗਤੀ ਬਚਾ ਸਕੀ ਹੈ। ਹੁਣ ਤੋਂ ਹੀ ਸੋਚਣਾ ਸ਼ੁਰੂ ਕਰੋ ਕਿ ਅਗਾਂਹ ਕਿਵੇਂ ਵਰਤਣਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)