“ਗ੍ਰਹਿ ਮੰਤਰੀ ਨੇ ਜੋ ਵੀ ਕਿਹਾ, ਜਿਸ ਤਰ੍ਹਾਂ ਵੀ ਕਿਹਾ, ਉਹ ਉਸਦੇ ਅਹੁਦੇ ਅਤੇ ਕੱਦ ਮੁਤਾਬਕ ਨਹੀਂ ਹੈ ...”
(24 ਦਸੰਬਰ 2024)
ਉਸ ਭਾਰਤੀ ਸੰਵਿਧਾਨ ’ਤੇ ਰਾਜ ਸਭਾ ਵਿੱਚ ਅਮਿਤ ਸ਼ਾਹ ਹੋਈ ਬਹਿਸ ’ਤੇ ਆਪਣਾ ਜਵਾਬ ਦੇ ਰਹੇ ਸਨ, ਜਿਸ ਸੰਵਿਧਾਨ ਨੂੰ ਬਣਾਉਣ ਵਿੱਚ ਅਜੋਕੀ ਭਾਜਪਾ ਦਾ ਕੋਈ ਰੋਲ ਨਹੀਂ। ਨਾ ਹੀ ਜਿਸ ਦੇਸ਼ ਵਿੱਚ ਲਾਗੂ ਹੈ, ਉਸ ਦੇਸ਼ ਦੀ ਅਜ਼ਾਦੀ ਵਿੱਚ ਕੋਈ ਰੋਲ ਹੈ, ਪਰ ਇਹ ਜ਼ਰੂਰ ਸੱਚ ਹੈ ਕਿ ਉਹ ਪਿਛਲੇ ਦਸ ਸਾਲਾਂ ਤੋਂ ਦੇਸ਼ ਦਾ ਰਾਜ-ਭਾਗ ਚਲਾ ਰਹੀ ਹੈ। ਬਣਦਾ ਸਹੀ ਜਵਾਬ ਦੇਣਾ ਸੀ, ਪਰ ਜਵਾਬ ਦਿੰਦੇ-ਦਿੰਦੇ ਇੰਨੇ ਉਤੇਜਿਤ ਕਿਉਂ ਹੋ ਗਏ? ਇਸਦਾ ਸਹੀ ਉੱਤਰ ਉਹ ਹੀ ਦੇ ਸਕਦੇ ਹਨ। ਕਿਹੜੇ ਕਾਰਨਾਂ ਕਰਕੇ ਗ੍ਰਹਿ ਮੰਤਰੀ ਜੀ ਨੇ ਗੁੱਸੇ ਭਰੇ ਲਹਿਜੇ ਵਿੱਚ ਲਗਾਤਾਰ ਅੱਧੀ ਦਰਜਨ ਦੇ ਕਰੀਬ ਅੰਬੇਦਕਰ-ਅੰਬੇਦਕਰ-ਅੰਬੇਦਕਰ ਕਹਿ ਕੇ ਕਿਹਾ ਕਿ ਇੰਨਾ ਜਪਣ ਨਾਲ ਤਾਂ ਸਵਰਗ ਮਿਲ ਜਾਂਦਾ ਹੈ, ਜਿਸ ’ਤੇ ਤਕਰੀਬਨ ਸਭ ਵਿਰੋਧੀ ਪਾਰਟੀਆਂ ਇਤਰਾਜ਼ ਜਤਾ ਰਹੀਆਂ ਹਨ। ਕਾਂਗਰਸ ਪਾਰਟੀ ਨੇ ਤਾਂ ਆਪਣੇ ਵਿਤ ਮੁਤਾਬਕ ਸਮੁੱਚੇ ਭਾਰਤ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਅਗਰ ਮੇਰੀ ਜਾਣਕਾਰੀ ਅਧੂਰੀ ਨਾ ਹੋਵੇ ਤਾਂ ਕਾਂਗਰਸ ਪਾਰਟੀ ਇਸ ਅੰਦੋਲਨ ਵਿੱਚ ਆਪਣੇ ਦੋ ਕਾਰਕੁਨ ਵੀ ਗੁਆ ਚੁੱਕੀ ਹੈ।
ਇਸ ਸੰਬੰਧ ਵਿੱਚ ਅਮਿਤ ਸ਼ਾਹ ਜੀ ਸਭ ਕਾਸੇ ਤੋਂ ਇਨਕਾਰ ਕਰ ਰਹੇ ਹਨ ਅਤੇ ਅੱਗੋਂ ਕਾਂਗਰਸ ’ਤੇ ਦੋਸ਼ ਮੜ੍ਹ ਰਹੇ ਹਨ ਕਿ ਉਨ੍ਹਾਂ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ, ਜੋ ਕਿ ਸਰਾਸਰ ਗਲਤ ਹੈ। ਇਸ ’ਤੇ ਅਸੀਂ ਦੇਸ਼ ਦੇ ਹੋਮ ਮਨਿਸਟਰ ਨੂੰ ਇੱਕ ਕਾਨੂੰਨੀ ਸਲਾਹ ਦੇਵਾਂਗੇ ਕਿ ਸਵਾਲ-ਜਵਾਬ ਦੇ ਝਮੇਲੇ ਵਿੱਚ ਪੈਣ ਤੋਂ ਬਚਣ ਲਈ ਉਨ੍ਹਾਂ ਨੂੰ ਕਾਂਗਰਸ ਦੇ ਸੰਬੰਧਤ ਲੀਡਰ ’ਤੇ ਮਾਣਹਾਨੀ ਦਾ ਨੋਟਿਸ ਦੇ ਕੇ ਕੇਸ ਕਰ ਦੇਣਾ ਚਾਹੀਦਾ ਹੈ। ਉੱਥੇ ਤੁਹਾਡੇ ਦਿੱਤੇ ਭਾਸ਼ਣ ਬਾਰੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਉਂਜ ਆਮ ਜਨਤਾ ਵੀ ਸਵਾਲ ਕਰ ਰਹੀ ਹੈ ਕਿ ਇੰਨੀ ਉੱਚੀ ਅਵਾਜ਼ ਵਿੱਚ ਇੰਨੀ ਵਾਰ ਲਗਾਤਾਰ ਅੰਬੇਦਕਰ ਸ਼ਬਦ ਉਚਾਰਨ ਦੀ ਕੀ ਲੋੜ ਸੀ? ਰਾਜ-ਭਾਗ ਵਿੱਚ ਹੋਣ ਕਰਕੇ ਤੁਹਾਨੂੰ ਵੀ ਸੰਵਿਧਾਨ ਪੜ੍ਹਨਾ ਪਿਆ ਹੋਵੇਗਾ, ਜਿਸ ਤੋਂ ਤੁਸੀਂ ਜਾਣ ਚੁੱਕੇ ਹੋਵੋਗੇ ਕਿ ਸੰਵਿਧਾਨਘਾੜੇ ਕਮੇਟੀ ਦੇ ਚੇਅਰਮੈਨ ਵੀ ਅਤੇ ਸੰਵਿਧਾਨ ਨੂੰ ਹਰ ਤਰ੍ਹਾਂ ਅਮੀਰ ਬਣਾਉਣ ਵਿੱਚ ਜੋ ਰੋਲ ਡਾਕਟਰ ਅੰਬੇਦਕਰ ਸਾਹਿਬ ਦਾ ਸੀ, ਉਹ ਹੋਰ ਕਿਸੇ ਦਾ ਨਹੀਂ ਸੀ। ਜਿਨ੍ਹਾਂ ਗਰੀਬਾਂ ਨੂੰ ਅੱਗੇ ਵਧਾਉਣ ਲਈ ਤੁਹਾਡੇ ਕੋਲ ਸਮਾਂ ਤੇ ਸਕੀਮਾਂ ਨਹੀਂ ਹਨ, ਅੰਬੇਦਕਰ ਜੀ ਉਨ੍ਹਾਂ ਦੇ ਮਸੀਹਾ ਸਨ। ਜੋ ਤੁਸੀਂ ਉਨ੍ਹਾਂ ਦੀ ਪਹਿਲੀ ਹਾਰ ਨੂੰ ਕਾਂਗਰਸ ਦੀ ਝੋਲੀ ਪਾਉਂਦੇ ਹੋ, ਉਹ ਵੀ ਸਰਾਸਰ ਗਲਤ ਪ੍ਰਾਪੇਗੰਡਾ ਹੈ। ਦਰਅਸਲ ਉਨ੍ਹਾਂ ਨੂੰ ਉਸ ਵੇਲੇ ਦੇ ਉੱਘੇ ਅਜ਼ਾਦੀ ਘੁਲਾਟੀਏ ਕਾਮਰੇਡ ਐੱਸ ਏ ਡਾਂਗੇ ਨੇ ਹਰਾਇਆ ਸੀ। ਤੁਹਾਡੇ ਉਲਟ ਡਾਕਟਰ ਅੰਬੇਦਕਰ ਦੇ ਹਾਰਨ ਤੋਂ ਬਾਅਦ ਉਸ ਵੇਲੇ ਕਾਂਗਰਸੀਆਂ ਨੇ ਉਨ੍ਹਾਂ ਨੂੰ ਕਾਨੂੰਨ ਮੰਤਰੀ ਬਣਾਇਆ ਸੀ। ਸ਼ਾਹ ਜੀ, ਜਿਵੇਂ ਤੁਹਾਡੀ ਸਮੁੱਚੀ ਪਾਰਟੀ ਅੰਦਰੋਂ ਹਿੰਦੂ-ਹਿੰਦੀ-ਹਿੰਦੋਸਤਾਨ ਦੀ ਸਮਰਥਕ ਹੈ, ਅਗਰ ਬਾਬਾ ਜੀ ਜਿਊਂਦੇ ਹੁੰਦੇ ਤਾਂ ਉਹ ਕਦੇ ਵੀ ਤੁਹਾਡੇ ਵੱਲੋਂ ਦਿੱਤਾ ‘ਭਾਰਤ ਰਤਨ’ ਕਬੂਲ ਨਾ ਕਰਦੇ। ਕਾਰਨ ਸਾਫ਼ ਹੈ, ਤੁਸੀਂ ਰਾਮ ਮੰਦਰ ਤਾਂ ਬਣਾ ਦਿੱਤਾ, ਪਰ ਕੋਵਿੰਦ ਸਾਹਿਬ ਨੂੰ ਅੰਦਰਲੇ ਦਰਸ਼ਨ ਨਹੀਂ ਕਰਾਏ। ਤੁਸੀਂ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਤਾਂ ਬਣਾਈ, ਪਰ ਰਾਸ਼ਟਰਪਤੀ ਜੀ ਪਾਸੋਂ ਉਦਘਾਟਨ ਨਹੀਂ ਕਰਾਇਆ? ਕਾਰਨ, ਤੁਸੀਂ ਹੀ ਨਹੀਂ, ਸਭ ਜਨਤਾ ਜਾਣਦੀ ਹੈ।
ਗ੍ਰਹਿ ਮੰਤਰੀ ਨੇ ਜੋ ਵੀ ਕਿਹਾ, ਜਿਸ ਤਰ੍ਹਾਂ ਵੀ ਕਿਹਾ, ਉਹ ਉਸਦੇ ਅਹੁਦੇ ਅਤੇ ਕੱਦ ਮੁਤਾਬਕ ਨਹੀਂ ਹੈ, ਜਿਸ ’ਤੇ ਇਕੱਲੀ ਕਾਂਗਰਸ ਹੀ ਨਹੀਂ ਬਲਕਿ ਸਮੁੱਚੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਭਾਜਪਾ ਦਾ ਦਫਤਰ ਘੇਰਿਆ। ਸਮਾਜਵਾਦੀ ਪਾਰਟੀ ਨੇ ਵੀ ਆਪਣੇ ਵੱਲੋਂ ਵੱਧ ਤੋਂ ਵੱਧ ਰੋਸ ਪ੍ਰਗਟਾਇਆ। ਕਾਰਨ! ਅੱਜ ਦੇ ਦਿਨ ਬਾਬਾ ਸਾਹਿਬ ਅੰਬੇਦਕਰ ਇਕੱਲੇ ਭਾਰਤ ਦੇ ਹੀ ਨਹੀਂ, ਬਲਕਿ ਸਮੁੱਚੇ ਸੰਸਾਰ ਵਿੱਚ ਪੂਜਣਯੋਗ ਹਨ। ਉਨ੍ਹਾਂ ਦੇ ਸੰਵਿਧਾਨ ਸਦਕਾ ਹੀ ਅੱਜ ਹਰੇਕ ਭਾਰਤੀ ਜਾਗਰੂਕ ਹੋ ਰਿਹਾ ਹੈ। ਇਹ ਅਲੱਗ ਗੱਲ ਹੈ ਕਿ ਤੁਸੀਂ ਪਬਲਿਕ ਸੈਕਟਰ ਦੀ ਬਜਾਏ ਨਿੱਜੀਕਰਨ ’ਤੇ ਵੱਧ ਜ਼ੋਰ ਦੇ ਰਹੇ ਹੋ। ਸਕੂਲਾਂ, ਕਾਲਜਾਂ ਦੀ ਬਜਾਏ ਮੰਦਰਾਂ ਨੂੰ ਪਹਿਲ ਦੇ ਰਹੇ ਹੋ। ਸੰਵਿਧਾਨ ਵਿੱਚੋਂ ‘ਸੈਕੂਲਰ’ ਸ਼ਬਦ ਹਟਾਉਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਉੱਥੋਂ ਤੁਹਾਨੂੰ ਖੈਰ ਨਹੀਂ ਪਈ। ਰਿਜ਼ਰਵ ਬੈਂਕ ਵਰਗਾ ਅਦਾਰਾ ਵੀ ਸ੍ਰੀ ਅੰਬੇਦਕਰ ਦੇ ਯਤਨਾਂ ਕਰਕੇ ਹੋਂਦ ਵਿੱਚ 1965 ਵਿੱਚ ਆਇਆ ਸੀ। ਇਸ ਕਰਕੇ ਅਸੀਂ ਸਮੁੱਚੀ ਭਾਜਪਾ ਨੂੰ ਦੱਸਣਾ ਚਾਹੁੰਦੇ ਹਾਂ ਕਿ ਬਾਬਾ ਜੀ ਦੇ ਸਿਧਾਂਤਾਂ ’ਤੇ ਚੱਲ ਕੇ ਉਨ੍ਹਾਂ ਨੂੰ ਅਪਣਾਇਆ ਜਾ ਸਕਦਾ ਹੈ, ਉਨ੍ਹਾਂ ਦੇ ਬੁੱਤ ਬਣਾ ਕੇ ਅਤੇ ਉਨ੍ਹਾਂ ਨੂੰ ‘ਭਾਰਤ ਰਤਨ’ ਦੇ ਕੇ ਬਿਲਕੁਲ ਨਹੀਂ। ਅੱਜ ਦੇ ਦਿਨ ਭਾਜਪਾ ਦੀ ਮੈਂਬਰਸ਼ਿੱਪ ਲਗਭਗ ਬਾਰਾਂ ਕਰੋੜ ਦੱਸੀ ਜਾ ਰਹੀ ਹੈ, ਫਿਰ ਵੀ ਭਾਜਪਾ ਚੋਣਾਂ ਬੈਲਟ ਪੇਪਰ ਰਾਹੀਂ ਕਰਾ ਕੇ ਸਦਾ ਲਈ ਵਿਰੋਧੀਆਂ ਦਾ ਮੂੰਹ ਬੰਦ ਕਰਾਉਣ ਦਾ ਹੌਸਲਾ ਨਹੀਂ ਕਰ ਰਹੀ ਅਤੇ ਨਾ ਹੀ ਕਰੇਗੀ।
ਅਗਲੀ ਗੱਲ, ਅਮਿਤ ਸ਼ਾਹ ਨੂੰ ਵੀ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਦੇਸ਼, ਅਜ਼ਾਦੀ, ਸੰਵਿਧਾਨ, ਪਾਰਲੀਮੈਂਟ ਅਤੇ ਨਿਆਂ ਪਾਲਿਕਾ ਵਰਗੇ ਅਦਾਰੇ ਤੁਹਾਨੂੰ ਸਭ ਵਿਰਸੇ ਵਿੱਚ ਹੀ ਮਿਲੇ ਹਨ। ਬੀਤੇ ਸਮੇਂ ਵਿੱਚ ਕਾਂਗਰਸ ਗਲਤ ਸਾਬਤ ਹੋਣ ’ਤੇ ਤੁਹਾਨੂੰ ਰਾਜ-ਭਾਗ ਮਿਲਿਆ ਹੈ। ਹੁਣ ਤਾਂ ਪਿਛਲਾ ਰੋਣਾ ਛੱਡੋ। ਚੰਗੀਆਂ ਲੀਹਾਂ ਦਾ ਆਗਾਜ਼ ਕਰੋ ਅਤੇ ਬਾਕੀਆਂ ਨੂੰ ਉਨ੍ਹਾਂ ’ਤੇ ਚੱਲਣ ਲਈ ਪ੍ਰੇਰੋ। ਸੰਵਿਧਾਨ ਨੂੰ ਮੱਥੇ ਤੋਂ ਹਟਾ ਕੇ ਮਨ ਵਿੱਚ ਵਸਾਓ। ਪੂਜਣ ਦੀ ਜਗਾ ਇਸ ਨੂੰ ਪੜ੍ਹੋ, ਸਮਝੋ ਅਤੇ ਬਾਕੀਆਂ ਨੂੰ ਪੜ੍ਹਾਓ ਤੇ ਸਮਝਾਓ ਵੀ। ਸਮਝ ਨਹੀਂ ਆਉਂਦੀ, ਨਾਲੇ ਤੁਸੀਂ ਕਾਂਗਰਸੀਆਂ ਨੂੰ ਖ਼ਤਮ ਹੋਏ ਸਮਝਦੇ ਹੋ, ਨਾਲੇ ਸਭ ਤੋਂ ਜ਼ਿਆਦਾ ਗਾਣ ਵੀ ਉਨ੍ਹਾਂ ਦਾ ਹੀ ਕਰਦੇ ਹੋ। ਅਗਰ ਤੁਸੀਂ ਭਾਰਤੀ ਸੰਵਿਧਾਨ ਨੂੰ ਸੱਚਮੁੱਚ ਹੀ ਮੰਨਣ ਵਾਲੇ ਹੋ ਤਾਂ ਅੱਜ ਤੋਂ ਹੀ ਤੁਹਾਨੂੰ ਨੌਜਵਾਨੀ ਦੀ ਪੜ੍ਹਾਈ, ਸਿਹਤ ਅਤੇ ਰੁਜ਼ਗਾਰ ਵੱਲ ਤਵੱਜੋ ਦੇਣੀ ਚਾਹੀਦੀ ਹੈ ਤਾਂ ਕਿ ਦੇਸ਼ ਵਿੱਚੋਂ ਬਾਹਰ ਜਾ ਰਹੀ ਨੌਜਵਾਨੀ ਅਤੇ ਸਮੁੱਚੇ ਦੇਸ਼ ਦਾ ਪੈਸਾ ਰੁਕੇ।
ਦਰਅਸਲ ਤੁਹਾਡੇ ਪਾਸ ਸਭ ਕੁਝ ਹੈ, ਪਰ ਜਿੰਨਾ ਚਿਰ ਤੁਹਾਡੀ ਅਤੇ ਤੁਹਾਡੀ ਸਰਕਾਰ ਦੀ ਨੀਅਤ ਸਾਫ਼ ਨਹੀਂ, ਉਦੋਂ ਤਕ ਕੁਝ ਹੋਣ ਵਾਲਾ ਨਹੀਂ। ਉਦੋਂ ਤਕ ਅਮਿਤ ਸ਼ਾਹ ਵਰਗੇ ਵਿਵਾਦਤ ਬਿਆਨ ਦੇ ਕੇ ਜਾਂ ਸਰਕਾਰ ਬੇਲੋੜੇ ‘ਇਕ ਦੇਸ਼ ਇੱਕ ਚੋਣ’ ਵਰਗੇ ਨਾਅਰੇ ਦੇ ਕੇ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਹਟਾਉਂਦੀ ਰਹੇਗੀ। ਸਰਕਾਰ ਸਹੀ ਪਾਸੇ ਵਧੇ, ਬੇਲੋੜੇ ਸ਼ਬਦਾਂ ਤੋਂ ਬਚੇ, ਪਾਰਲੀਮੈਂਟ ਪੂਰੀ ਦੀ ਪੂਰੀ ਚੱਲੇ, ਇਸ ਸਭ ਦਾ ਖਿਆਲ ਰੱਖਣਾ ਸਰਕਾਰ ਦਾ ਹੀ ਕੰਮ ਹੁੰਦਾ ਹੈ। ਸਵਾਲ ਪੁੱਛਣੇ, ਗੱਲ ਦਾ ਜਵਾਬ ਲੈਣਾ ਵਿਰੋਧੀਆਂ ਦਾ ਕੰਮ ਹੁੰਦਾ ਹੈ। ਅਸੀਂ ਆਸ ਕਰਦੇ ਹਾਂ ਕਿ ਅਮਿਤ ਸ਼ਾਹ ਜੀ ਨਿਮਰਤਾ ਦਾ ਪੱਲਾ ਫੜਨਗੇ ਤਾਂ ਕਿ ਸਦਨ ਇੱਕ ਪਰਿਵਾਰ ਵਾਂਗ ਚੱਲੇ।
* *
ਭੁਲੇਖਾ
ਜਦੋਂ ਇਸ ਲੇਖ ਦੇ ਸਿਰਲੇਖ ਵਿੱਚ ਵਰਤੇ ਗਏ ਸ਼ਬਦ ‘ਤੜੀਪਾਰ’ ਬਾਰੇ ਮੈਨੂੰ ਕਿਸੇ ਪਾਸਿਓਂ ਕੋਈ ਜਾਣਕਾਰੀ ਨਾ ਲੱਭੀ ਤਾਂ ਮੈਂ ਈਮੇਲ ਰਾਹੀਂ ਸ਼ੁਗਲੀ ਸਾਹਿਬ ਨੂੰ ਈਮੇਲ ਰਾਹੀਂ ਬੇਨਤੀ ਕੀਤੀ:
ਭਾਈ ਸਾਹਿਬ, ਤੁਸੀਂ ਆਪਣੇ ਲੇਖ ਦੇ ਸਿਰਲੇਖ ਵਿੱਚ ਸ਼ਬਦ ‘ਤੜੀਪਾਰ’ ਵਰਤਿਆ ਹੈ। ਮੇਰੇ ਲਈ ਇਹ ਸ਼ਬਦ ਬਿਲਕੁਲ ਨਵਾਂ ਜਾਂ ਕਹਿ ਲਵੋ ਕਿ ਓਪਰਾ ਹੈ। ਮੈਂ ਇਸ ਨੂੰ ਇਵੇਂ ਸਮਝਦਾ ਹਾਂ:
ਤੜੀ = ਧਮਕੀ, ਡਰਾਵਾ, ਦਬਕਾ।
ਤੜੀ ਦੇਣਾ = ਧਮਕੀ ਦੇਣਾ, ਡਰਾਵਾ ਦੇਣਾ, ਦਬਕਾ ਮਾਰਨਾ।
ਤੜੀਮਾਰ = ਦਬਕੇ ਮਾਰਨ ਵਾਲਾ।
ਤੁਸੀਂ ਮੈਨੂੰ ‘ਤੜੀਪਾਰ’ ਬਾਰੇ ਜਾਣੂ ਕਰਵਾ ਦਿਓ, ਧੰਨਵਾਦੀ ਹੋਵਾਂਗਾ।
ਜਲਦੀ ਹੀ ਸ਼ੁਗਲੀ ਸਾਹਿਬ ਵੱਲੋਂ ਜਵਾਬ ਆ ਗਿਆ:
ਪੰਜਾਬੀ ਵਿੱਚ ਤੜੀਪਾਰ ਦਾ ਠੀਕ ਮਾਇਨਾ 10 ਨੰਬਰੀ ਹੁੰਦਾ ਹੈ। ਅਮਿਤ ਸ਼ਾਹ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਤੜੀਪਾਰ ਘੋਸ਼ਿਤ ਹੋਇਆ ਸੀ।
ਮੇਰੇ ਵਾਂਗ ਹੋਰ ਪਾਠਕਾਂ ਦਾ ਵੀ ਹੁਣ, ਜਿਹੜੇ ‘ਤੜੀਪਾਰ’ ਦੇ ਅਰਥ ਤੋਂ ਅਣਜਾਣ ਸਨ, ਭੁਲੇਖਾ ਦੂਰ ਹੋ ਗਿਆ ਹੋਵੇਗਾ --- ਅਵਤਾਰ ਗਿੱਲ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5556)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)