“ਅੰਦਰੋਂ ਅਵਾਜ਼ ਆਉਂਦੀ ਹੈ, ਐ ਮੂਰਖ ਇਨਸਾਨ ਸਰੀਰ ਨੂੰ ਬਾਹਰੋਂ ਧੋਤਿਆਂ ...”
(17 ਫਰਵਰੀ 2025)
ਛੋਟੇ ਹੁੰਦਿਆਂ ਤੋਂ ਇਹ ਕਹਾਵਤ ਸੁਣਦੇ ਆ ਰਹੇ ਹਾਂ ਕਿ “ਇਹ ਕਿਹੜਾ ਕੁੰਭ ਦਾ ਮੇਲਾ ਹੈ, ਜਿਹੜਾ ਬਾਰ੍ਹੀਂ ਸਾਲੀਂ ਆਉਣਾ ਹੈ” ਜਾਣੀ ਕਿ ਅਜਿਹਾ ਮੌਕਾ ਕਿਹੜਾ ਛੇਤੀ ਆ ਜਾਣਾ ਹੈ। ਪਰ ਜੋ ਅੱਜਕੱਲ੍ਹ ਚੱਲ ਰਿਹਾ ਹੈ, ਉਸ ਨੂੰ ਮਹਾ-ਕੁੰਭ ਇਸ ਕਰਕੇ ਆਖਿਆ ਗਿਆ ਹੈ, ਕਿਉਂਕਿ ਇਹ ਇੱਕ ਸੌ ਚੁਤਾਲੀ ਸਾਲ, ਭਾਵ ਡੇਢ ਸਦੀ ਦੇ ਨੇੜੇ-ਤੇੜੇ ਆਇਆ ਹੈ। ਸਾਇੰਸ ਜੋ ਮਨੁੱਖਾਂ ਵਿੱਚੋਂ ਵਿਗਿਆਨੀਆਂ ਦੀ ਕਾਢ ਹੋਣ ਕਰਕੇ ਇਸ ਮਹਾ-ਕੁੰਭ ਨੂੰ ਡਿਜਿਟਲ ਬਣਾਓ ਦੀ ਸੰਘ ਪਾੜਵੀਂ ਅਵਾਜ਼ ਵਿੱਚ ਇਸ ਸੰਬੰਧੀ ਹੋਕਾ ਦਿੱਤਾ ਜਾਂਦਾ ਹੈ ਅਤੇ ਦਿੱਤਾ ਗਿਆ, ਇਸ ਰੌਲੇ ਸੰਬੰਧੀ ਆਖਰਾਂ ਦੀ ਇਸ਼ਤਿਹਾਰਬਾਜ਼ੀ ਸਮੇਤ ਸੰਬੰਧਤ ਸੂਬੇ ਦੇ ਮੁੱਖ ਮੰਤਰੀ ਨੇ ਇਨਵੀਟੇਸ਼ਨ ਭਾਵ ਵੱਖ-ਵੱਖ ਲੋਕਾਂ ਨੂੰ ਨਿਉਂਦੇ ਵੀ ਦਿੱਤੇ। ਟੈਲੀਵਿਜ਼ਨ ਅਤੇ ਅਖਬਾਰੀ ਇਸ਼ਤਿਹਾਰ ਰਾਹੀਂ ਕਰੋੜਾਂ ਲੋਕਾਂ ਦੇ ਇਸ਼ਾਨਾਨ ਕਰਨ ਬਾਰੇ ਪ੍ਰਚਾਰਿਆ ਗਿਆ। ਯੂ ਪੀ ਦੇ ਪਰਿਆਗਰਾਜ ਵਿੱਚ ਮਹਾ-ਕੁੰਭ ਦਾ ਇਸ਼ਾਨਾਨ ਕਰਨ ਵਾਸਤੇ ਸ਼ਰਧਾਲੂਆਂ ਲਈ ਨਹਾਉਣ ਵਾਸਤੇ ਪੱਕੇ ਘਾਟ ਬਣਾਏ ਗਏ। ਗੰਦ ਨਾ ਪਵੇ, ਸੌਚ ਦੇ ਵੱਡੇ ਪੈਮਾਨੇ ਦਾ ਪ੍ਰਬੰਧ ਕੀਤਾ। ਟੈਂਟਾਂ ਰਾਹੀਂ ਨਵੇਂ ਰਿਹਾਇਸ਼ੀ ਕਮਰੇ ਤਿਆਰ ਕੀਤੇ ਗਏ। ਗੱਲ ਕੀ, ਹਰ ਤਰ੍ਹਾਂ ਪ੍ਰਬੰਧ ਕਰਨ ਦਾ ਵੱਡੇ ਲੈਵਲ ’ਤੇ ਪ੍ਰਚਾਰ ਕਰਕੇ ਆਮ ਜਨਤਾ ਨੂੰ ਜਾਣੂ ਕਰਾਇਆ ਗਿਆ। ਸੀ ਸੀ ਟੀ ਵੀ ਕੈਮਰਿਆਂ ਦਾ ਵੱਡੇ ਪੱਧਰ ’ਤੇ ਇੰਤਜ਼ਾਮ ਕਰਨ ਦਾ ਦਾਅਵਾ ਕੀਤਾ ਗਿਆ। ਮਿਥੇ ਸਮੇਂ ਤੇ ਲੱਖਾਂ ਤੋਂ ਲੈ ਕੇ ਕਰੋੜਾਂ ਤਕ ਸ਼ਰਧਾਲੂਆਂ ਨੇ ਆਉਣਾ ਸ਼ੁਰੂ ਕੀਤਾ, ਜਿਸ ਕਰਕੇ ਅਸੀਂ ਵੀ ਡੁਬਕੀ ਲਾ ਕੇ ਜੀਵਨ ਉਤਾਰਾ ਕਰਨ ਦੀ ਸੋਚੀ। ਅਜੇ ਤਿਆਰੀਆਂ ਵਿੱਚ ਹੀ ਸਾਂ ਕਿ ਅਚਾਨਕ ਪਹਿਲੀ-ਦੂਜੀ ਭਗਦੜ ਮਚ ਗਈ, ਜਿਸ ਵਿੱਚ ਅਨੇਕਾਂ ਸ਼ਰਧਾਲੂ ਕੁਚਲ ਕੇ ਮਾਰੇ ਗਏ ਤੇ ਕਈ ਵੱਖ-ਵੱਖ ਸੱਟਾਂ ਕਰਕੇ ਹਸਪਤਾਲ ਵਿੱਚ ਭਰਤੀ ਹੋਏ। ਅਨੇਕ ਸ਼ਰਧਾਲੂ ਗੁੰਮ ਹੋ ਗਏ, ਜਿਨ੍ਹਾਂ ਬਾਬਤ ਬੜਾ ਰੌਲਾ ਪਿਆ। ਪਛੜ ਕੇ ਮਿਲੀ ਜਾਣਕਾਰੀ ਅਨੁਸਾਰ ਤੀਹ ਦੇ ਲਗਭਗ ਸ਼ਰਧਾਲੂ ਮਾਰੇ ਗਏ, ਸੱਠ ਦੇ ਕਰੀਬ ਜ਼ਖ਼ਮੀ ਹੋ ਗਏ। ਗੁੰਮ ਹੋਏ ਸ਼ਰਧਾਲੂ ਇਹ ਸਤਰਾਂ ਲਿਖਣ ਤਕ ਅਜੇ ਪੂਰੇ ਨਹੀਂ ਮਿਲੇ। ਮਰਨ ਵਾਲੇ ਸ਼ਰਧਾਲੂਆਂ ਦੇ ਕਈਆਂ ਪਰਿਵਾਰਾਂ ਨੂੰ ਗੰਭੀਰ ਰੋਸਾ ਹੈ ਕਿ ਕਈਆਂ ਮੁਰਦਿਆਂ ਦਾ ਪੋਸਟ ਮਾਰਟਮ ਨਹੀਂ ਹੋਇਆ। ਉਹ ਬਣਦੀ ਸਰਕਾਰੀ ਮਦਦ ਕਿਵੇਂ ਲੈ ਸਕਣਗੇ? ਜਦੋਂ ਪੋਸਟ ਮਾਰਟਮ ਨਹੀਂ ਹੋਇਆ ਤਾਂ ਗਿਣਤੀ ਦਾ ਰਿਕਾਰਡ ਕਿਵੇਂ ਪੂਰਾ ਕੀਤਾ ਜਾਵੇਗਾ? ਜੋ ਗਿਣਤੀ ਸਰਕਾਰ ਨੇ ਦੱਸੀ ਹੈ, ਉਸ ’ਤੇ ਆਮ ਜਨਤਾ ਯਕੀਨ ਕਿਵੇਂ ਅਤੇ ਕਿਉਂ ਕਰੇ? ਅਚਾਨਕ ਭੀੜ ਦੇ ਪੈਰਾਂ ਥੱਲੇ ਆਣ ਕੇ ਮਰੇ ਸ਼ਰਧਾਲੂਆਂ ਬਾਰੇ ਇੱਕ ਅਖੌਤੀ ਸਾਧੂ ਜੋ ਬਾਬਾ ਬਗੇਸ਼ਵਰ ਨਾਂਅ ਨਾਲ ਪ੍ਰਸਿੱਧ ਹੈ, ਅਜਿਹੀ ਮੌਤ ਨੂੰ ਮੋਕਸ਼ ਪ੍ਰਾਪਤੀ ਦੱਸ ਕੇ ਸੰਬੰਧਤ ਵਾਰਸਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਿਹਾ ਹੈ।
ਸਰਕਾਰੀ ਰਿਪੋਰਟਾਂ ਮੁਤਾਬਕ ਢਾਈ ਤੋਂ ਤਿੰਨ ਸੌ ਦੇ ਕਰੀਬ ਟੈਂਟ ਕਮਰੇ ਸੜ ਕੇ ਸਵਾਹ ਹੋ ਗਏ ਹਨ। ਦੋ ਤੋਂ ਚਾਰ ਤਕ ਕਾਰਾਂ ਅਗਨੀ ਭੇਟ ਹੋ ਚੁੱਕੀਆਂ ਹਨ। ਇੱਥੋਂ ਤਕ ਇੱਕ ਤਿੰਨ ਸੌ ਟੈਂਟ ਵਾਲੀ ਕਲੋਨੀ ਵੀ ਅੱਗ ਲੱਗਣ ਕਰਕੇ ਸਵਾਹ ਹੋ ਚੁੱਕੀ ਹੈ, ਜੋ ਸੌ ਫੀਸਦ ਪ੍ਰਸ਼ਾਸਨ ਦੀਆਂ ਨਿਗਾਹਾਂ ਸਾਹਮਣੇ ਜ਼ੋਰਾਵਰਾਂ ਵੱਲੋਂ ਨਜਾਇਜ਼ ਬਣਾਈ ਗਈ ਸੀ। ਅਜਿਹਾ ਕਿਵੇਂ ਅਤੇ ਕਿਉਂ, ਕਿਸ ਤਰ੍ਹਾਂ ਹੋਇਆ ਇਹ ਤਾਂ ਬਾਅਦ ਵਿੱਚ ਜਨਤਾ ਸਾਹਮਣੇ ਆਵੇਗਾ।
ਕਹਿੰਦੇ ਹਨ ਜਾਂ ਆਮ ਪ੍ਰਚਾਰਿਆ ਜਾਂਦਾ ਹੈ ਕਿ ਕੁੰਭ ਜਾ ਕੇ ਇਸ਼ਨਾਨ ਕਰਨ ਨਾਲ ਅੰਦਰੂਨੀ ਪਾਪ ਧੋਤੇ ਜਾਂਦੇ ਹਨ। ਤਰਕਸ਼ੀਲ ਸੋਚ ਨਾਲ ਜੁੜੇ ਹੋਣ ਕਰਕੇ ਅੰਦਰੋਂ ਅਵਾਜ਼ ਆਉਂਦੀ ਹੈ, ਐ ਮੂਰਖ ਇਨਸਾਨ ਸਰੀਰ ਨੂੰ ਬਾਹਰੋਂ ਧੋਤਿਆਂ ਅੰਦਰ ਕਿਵੇਂ ਸਾਫ਼ ਹੋ ਜਾਵੇਗਾ? ਫਿਰ ਨਾਨਕ-ਕਬੀਰ-ਫਰੀਦ ਬਾਣੀ ਵਿੱਚ ਆਖੀਆਂ ਗੱਲਾਂ ਦਿਮਾਗ਼ ਵਿੱਚ ਖਲਬਲੀ ਮਚਾਉਣ ਲੱਗ ਪੈਂਦੀਆਂ ਹਨ, ਜੋ ਉੱਚੀ-ਉੱਚੀ ਆਖਦੀਆਂ ਹਨ ਕਿ ਐ ਮੂਰਖ ਇਨਸਾਨ ਜੇ ਇਸ਼ਨਾਨ ਕੀਤਿਆਂ ਮੁਕਤੀ ਮਿਲਦੀ ਹੁੰਦੀ ਤਾਂ ਪਾਣੀ ਦੇ ਜੀਵ-ਜੰਤੂ ਕਦੋਂ ਦੇ ਆਪਣੀ ਜੂਨ ਬਦਲ ਲੈਂਦੇ। ਜਿਹੜੇ ਪਾਣੀ ਵਿੱਚ ਰਹਿੰਦਿਆਂ ਵੀ ਡਰ ਕੇ ਰਹਿੰਦੇ ਹਨ ਜਿਵੇਂ ਛੋਟੀ ਮੱਛੀ ਵੱਡੀ ਮੱਛੀ ਤੋਂ ਇਸ ਕਰਕੇ ਡਰਦੀ ਰਹਿੰਦੀ ਹੈ ਕਿ ਵੱਡੀ ਮੱਛੀ ਨਿਗਲ ਨਾ ਜਾਵੇ। ਗੁਰੂਆਂ ਦੀ ਬਾਣੀ ਨੇ ਤਾਂ ਇਹ ਵੀ ਚਾਨਣਾ ਪਾਇਆ ਕਿ ਅਗਰ ਨਹਾਉਣ ਧੋਣ ਨਾਲ ਅਖੌਤੀ ਰੱਬ ਮਿਲਦਾ ਹੁੰਦਾ ਤਾਂ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਕਦੋਂ ਦਾ ਮਿਲ ਚੁੱਕਾ ਹੁੰਦਾ।
ਫਿਰ ਮੈਂ ਕੁੰਭ ਵਿੱਚ ਜਾ ਕੇ ਇਸ਼ਨਾਨ ਕਰਨ ਦਾ ਵਿਚਾਰ ਰੋਕ ਕੇ ਟੀ ਵੀ ਸਾਹਮਣੇ ਬੈਠ ਗਿਆ। ਦੇਖਦੇ-ਦੇਖਦੇ ਰੇਲ ਗੱਡੀ ਦਾ ਦ੍ਰਿਸ਼ ਦਿਖਾਈ ਦਿੰਦਾ ਹੈ, ਜਿਸ ਦ੍ਰਿਸ਼ ਵਿੱਚ ਗੱਡੀ ਮਨੁੱਖੀ ਸਰੀਰਾਂ ਨਾਲ ਖਚੋਖਚ ਭਰੀ ਖਲੋਤੀ ਹੈ। ਸਭ ਦਰਵਾਜ਼ੇ ਬੰਦ ਹਨ। ਬਾਹਰੋਂ ਦਰਵਾਜ਼ੇ ਬੰਦ ਹੋਣ ਕਰਕੇ ਲੰਬੇ ਬਾਂਸ ਨਾਲ ਬਾਹਰ ਖੜ੍ਹੇ ਬੰਦੇ ਸ਼ੀਸ਼ੇ ਤੋੜ ਕੇ ਗਾਲ੍ਹੀ ਗਲੋਚ ਕਰਦੇ ਹਨ। ਲਗਦਾ ਹੈ ਬਾਂਸ ਸਿੱਧਾ ਮਾਰਨ ਨਾਲ ਅੰਦਰਲੇ ਸ਼ਰਧਾਲੂ ਜ਼ਰੂਰ ਜ਼ਖ਼ਮੀ ਹੋ ਰਹੇ ਹਨ। ਅੰਦਰੋਂ-ਬਾਹਰੋਂ ਇੱਕ ਦੂਜੇ ਨੂੰ ਸ਼ਰਧਾਲੂ ਗਾਲੀ ਗਲੋਚ ਕਰਦੇ ਨਜ਼ਰ ਆ ਰਹੇ ਹਨ।
ਫਿਰ ਸੜਕਾਂ ਦਾ ਦ੍ਰਿਸ਼ ਦਿਖਾਇਆ ਜਾਂਦਾ ਹੈ। ਕੋਈ ਦਸਾਂ ਘੰਟਿਆਂ, ਕੋਈ ਪੰਦਰ੍ਹਾਂ ਘੰਟਿਆਂ ਤੋਂ, ਕੋਈ ਰਾਤ ਤੋਂ ਹੀ ਸੜਕੀ ਜਾਮ ਵਿੱਚ ਫਸੇ ਹੋਣ ਦੀ ਗੱਲ ਕਰ ਰਿਹਾ ਹੈ। ਆਪਣੇ ਤਰੀਕੇ ਨਾਲ ਸੰਬੰਧਤ ਪ੍ਰਬੰਧਕਾਂ ਨੂੰ ਕੋਸ ਰਿਹਾ। ਪੰਜਾਹ ਕਿਲੋਮੀਟਰ ਜਾਮ ਦੀ ਗੱਲ ਹੋ ਰਹੀ ਹੈ। ਆਲੇ ਦੁਆਲੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕੀਂ ਆਪਣੇ ਆਪ ਨੂੰ ਘਰੀਂ ਨਜ਼ਰਬੰਦ ਕਰੀ ਬੈਠੇ ਹਨ। ਅਜਿਹੇ ਜਾਮ ਸਦਕਾ ਬੱਚੇ ਸਕੂਲਾਂ ਕਾਲਜਾਂ ਵਿੱਚ ਜਾਣ ਤੋਂ ਅਸਮਰੱਥ ਹਨ। ਜੋ ਜਨਤਾ ਸ਼ਹਿਰ ਜਾਂ ਕਚਹਿਰੀਆਂ ਜਾਣਾ ਚਾਹੁੰਦੀ ਹੈ, ਉਹ ਵੀ ਘਰੀਂ ਬੇਵੱਸ ਬੈਠੀ ਹੈ। ਛੋਟੇ ਟਰਾਂਸਪੋਰਟਰਾਂ ਦਾ ਕੰਮ ਠੱਪ ਗਿਆ ਹੈ। ਸਭ ਪਾਸੇ ਜਾਮ ਹੋਣ ਕਰਕੇ ਟੈਂਪੂ, ਰਿਕਸ਼ੇ, ਕਾਰਾਂ ਸਭ ਬੰਦ ਹੋਈਆਂ ਪਈਆਂ ਹਨ। ਮੌਜੂਦਾ ਸਰਕਾਰ ਨੇ ਅਰਬਾਂ ਖਰਚ ਕੇ ਆਪਣੀ ਬੱਲੇ ਬੱਲੇ ਕਰਾਉਣ ਲਈ ਅਜਿਹਾ ਕੀਤਾ ਲਗਦਾ ਹੈ। ਪੈਦਲ ਤੁਰਨ ਵਾਲਿਆਂ ਨੂੰ ਨਿਸ਼ਾਨੇ ’ਤੇ ਪਹੁੰਚਣ ਲਈ ਘੱਟੋ-ਘੱਟ 10, 20, 30 ਮੀਲ ਤੁਰਨਾ ਪੈਂਦਾ ਹੈ। ਬਹੁਤੇ ਨੇੜੇ ਪਹੁੰਚ ਕੇ ਇਸ ਕਰਕੇ ਵਾਪਸ ਮੁੜ ਰਹੇ ਹਨ ਕਿ ਉਹ ਅਗਾਂਹ ਚੱਲ ਨਹੀਂ ਸਕਦੇ। ਅਜਿਹੇ ਲੋਕ ਜ਼ਿਆਦਾ ਬਜ਼ੁਰਗ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਦੇ ਬੰਦੇ ਇੱਕ ਥਾਂ ਛੱਡ ਕੇ ਆਪ ਇਸ਼ਨਾਨ ਕਰਨ ਜਾਂਦੇ ਹਨ। ਅਜੇ ਮੈਂ ਅਜਿਹਾ ਨਜ਼ਾਰਾ ਟੀ ਵੀ ’ਤੇ ਦੇਖ ਹੀ ਰਿਹਾ ਸੀ ਕਿ ਘਰਵਾਲੀ ਨੇ ਅਵਾਜ਼ ਮਾਰੀ, “ਪਿੰਡ ਦੀ ਟੈਂਕੀ ਦਾ ਪਾਣੀ ਆ ਗਿਆ ਹੈ, ਉੱਠੋ ਨਹਾਓ ਤੇ ਖਾਣਾ ਖਾਓ।”
ਮੈਂ ਠੰਢੇ ਪਾਣੀ ਨਾਲ ਹੀ ਬਾਥਰੂਮ ਵਿੱਚ ਇਹ ਸੋਚ ਕੇ ਨਹਾ ਲੈਂਦਾ ਹਾਂ ਕਿ ਇਹ ਜਲ ਕਿਤੇ ਗੰਗਾ ਜਲ ਨਾਲੋਂ ਜ਼ਿਆਦਾ ਠੰਢਾ ਅਤੇ ਘੱਟ ਸਾਫ਼ ਨਹੀਂ। ਇਸ ਇਸ਼ਨਾਨ ਤੋਂ ਬਾਅਦ ਮੈਨੂੰ ਸਭ ਕੁਝ ਸਮਝ ਕੇ ਇੱਕ ਪੂਰਨ ਤਸੱਲੀ ਹੋ ਗਈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)