“ਅਡਵਾਨੀ, ਜੋਸ਼ੀ, ਸੁਬਰਾਮਨੀਅਮ ਸਵਾਮੀ ਵਾਂਗ ਹੁਣ ਪ੍ਰਧਾਨ ਸੇਵਕ ਨੂੰ ਆਪਣੇ ਵਾਅਦੇ ...”
(31 ਮਾਰਚ 2025)
ਪੁਰਾਤਨ ਇਤਿਹਾਸ ਮੁਤਾਬਕ ‘ਇੰਡੀਆ’ ਸ਼ਬਦ, ਜਿਸ ਨੂੰ ਅਸੀਂ ਆਪਣੇ ਮੁਲਕ ਨੂੰ ਪੁਕਾਰਨ ਵਾਸਤੇ ਵਰਤਦੇ ਹਾਂ, ਯੂਨਾਨੀ ਲੋਕਾਂ ਨੇ ਸਿੰਧ ਨਦੀ ਤੋਂ ਪ੍ਰਭਾਵਤ ਹੋ ਕੇ ਰੱਖਿਆ ਲਗਦਾ ਹੈ। ਕਾਰਨ, ਯੂਨਾਨੀ ਲੋਕਾਂ ਨੇ ਸਿੰਧ ਨਦੀ ਨੂੰ ਇੰਦੂ ਕਿਹਾ, ਜੋ ਵਿਗੜਦਾ-ਵਿਗੜਦਾ ਇੰਡੀਆ ਨਾਂਅ ਬਣਿਆ। ਇਸੇ ਤਰ੍ਹਾਂ ਇਤਿਹਾਸ ਮੁਤਾਬਕ ਫਾਰਸੀ ਲੋਕਾਂ ਨੇ ਸਿੰਧ ਨੂੰ ਹਿੰਦੂ ਆਖਿਆ ਅਤੇ ਯੂਨਾਨੀਆਂ ਨੇ ਇਸ ਨੂੰ ਹੌਲੀ-ਹੌਲੀ ਇੰਡੋਸ ਬਣਾ ਦਿੱਤਾ। ਇਸ ਕਰਕੇ ਯੂਨਾਨੀ ਅਤੇ ਰੋਮਨ ਯੁਗ ਵੇਲੇ ‘ਇੰਡੀਆ’ ਸ਼ਬਦ ਨੂੰ ਉਨ੍ਹਾਂ ਆਪਣੀਆਂ ਕਿਤਾਬਾਂ ਅਤੇ ਲਿਖਤਾਂ ਵਿੱਚ ਵਰਤਣਾ ਆਮ ਸ਼ੁਰੂ ਕਰ ਦਿੱਤਾ। ਅੰਗਰੇਜ਼ਾਂ ਨੇ ਆਪਣੇ ਸਮੇਂ ਦੌਰਾਨ ਇਸ ਸ਼ਬਦ ਦੀ ਆਮ ਵਰਤੋਂ ਹੁੰਦੀ ਦੇਖ ਕੇ ਇੰਡੀਆ ਸ਼ਬਦ ਨੂੰ ਸਰਕਾਰੀ ਲਿਖਤਾਂ ਅਤੇ ਨਕਸ਼ਾ ਬਣਾਉਣ ਵੇਲੇ ਇਹ ਸ਼ਬਦ ਪੱਕਾ ਕਰ ਦਿੱਤਾ। ਕੁਝ ਵੀ ਹੋਵੇ, ਇਹ ਇੰਡੀਆ ਇੱਕ ਵੇਲੇ ਹਿੰਦੋਸਤਾਨ ਨਾਂਅ ਨਾਲ ਵੀ ਮਸ਼ਹੂਰ ਹੋ ਚੁੱਕਾ ਹੈ। ਸਮੇਂ-ਸਮੇਂ ਇਸਦੀਆਂ ਹੱਦਾਂ ਵਿੱਚ ਵਾਧਾ-ਘਾਟਾ ਮੌਕੇ ਦੇ ਹਾਕਮਾਂ ਕਰਕੇ ਹੁੰਦਾ ਰਿਹਾ।
ਆਪਣੇ ਇਸ ਦੇਸ਼ ਨੂੰ ਅਸੀਂ ਜਿਸ ਨਾਂਅ ਨਾਲ ਮਰਜ਼ੀ ਪੁਕਾਰੀਏ, ਇਸ ਦੇਸ਼ ਦੀ ਸਮੁੱਚੀ ਮਾਲਕ ਅਸਲ ਵਿੱਚ ਇਸਦੀ ਜਨਤਾ ਹੀ ਰਹੀ ਹੈ। ਰਾਜ-ਭਾਗ ’ਤੇ ਬੈਠਾ ਮੌਜੂਦਾ ਲਾਣਾ ਭਾਵੇਂ ਭਾਰਤ-ਇੰਡੀਆ-ਹਿੰਦੋਸਤਾਨ ਨੂੰ ਹਿੰਦੂ ਰਾਜ ਵਿੱਚ ਬਦਲਣ ਦੀਆਂ ਯੋਜਨਾਵਾਂ ਦਿਨ-ਰਾਤ ਬਣਾ ਰਿਹਾ ਹੈ, ਅਜਿਹੀ ਕਿਸੇ ਹਾਲਤ ਵਿੱਚ ਵੀ ਦੇਸ਼ ਦੀ ਮਾਲਕ ਸਮੁੱਚੀ ਜਨਤਾ ਹੀ ਹੋਵੇਗੀ। ਅੱਜ ਦੇ ਦਿਨ ਜਾਂ ਅਜ਼ਾਦੀ ਦੀ ਪੌਣੀ ਸਦੀ ਬਾਅਦ ਵੀ ਅਨਪੜ੍ਹਤਾ ਦਾ ਐਨਾ ਰੌਲਾ ਹੈ ਕਿ ਜਿਨ੍ਹਾਂ ਦੀ ਆਵਾਜ਼ ਵਿੱਚ ਪੜ੍ਹਿਆਂ-ਲਿਖਿਆਂ ਦੇ ਕੀਮਤੀ ਸ਼ਬਦ, ਸੁਝਾਅ ਗੁੰਮ ਹੋ ਜਾਂਦੇ ਹਨ। ਭਾਵ ਕੁਝ ਸੁਣਾਈ ਨਹੀਂ ਦਿੰਦਾ। ਦਿਨ ਚੜ੍ਹੇ ਜਾਂ ਨਾ, ਰਾਤ ਹੋਵੇ ਜਾਂ ਨਾ, ਰੋਟੀ ਮਿਲੇ ਜਾਂ ਨਾ, ਸਿਹਤ ਠੀਕ ਹੋਵੇ ਜਾਂ ਨਾ, ਕੋਲ ਖੜ੍ਹੇ ਆਪਣੇ ਹੋਣ ਜਾਂ ਨਾ, ਕੋਈ ਕੁਝ ਨਹੀਂ ਦੇਖਦਾ, ਜਿੱਧਰ ਦੇਖੋ ਹਿੰਦੂ-ਮੁਸਲਮਾਨ, ਹਿੰਦੂ-ਮੁਸਲਮਾਨ ਹੀ ਹੋ ਰਹੀ ਹੈ। ਲਗਦਾ ਹੈ ਜਦੋਂ ਤਕ ਇੱਕ ਧਿਰ ਖੂੰਜੇ ਨਹੀਂ ਲੱਗੇਗੀ, ਅਜਿਹਾ ਅਲਾਪ ਹੁੰਦਾ ਰਹੇਗਾ। ਇਸਦਾ ਮੁੱਖ ਕਾਰਨ ਇਹ ਹੈ ਕਿ ਆਮ ਨਿਰਪੱਖ ਮਨੁੱਖ ਵੀ ਸਮੇਂ ਦੀ ਸਰਕਾਰ ਨੂੰ ਸਵਾਲ ਕਰਨੋਂ ਡਰਦਾ ਹੈ, ਸਵਾਲ ਨਾ ਕਰਨ ਵਿੱਚ ਆਪਣਾ ਭਲਾ ਸਮਝਦਾ ਹੈ। ਅੱਜ ਦੇ ਦਿਨ ਜਿਵੇਂ ਜਨਤਾ ਦੀ ਬਹੁਗਿਣਤੀ ਨੂੰ ਨਾ ਕੁਝ ਸੁਣਦਾ ਹੋਵੇ, ਨਾ ਕੁਝ ਦਿਸਦਾ ਹੋਵੇ, ਨਾ ਕੁਝ ਬੋਲ ਸਕਦੇ ਹੋਣ। ਬੋਲਣ ਵਾਲਿਆਂ ਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਹੈ। ਬਹੁਤਿਆਂ ਨੂੰ ਦੇਸ਼-ਧ੍ਰੋਹੀ ਗਰਦਾਨਿਆਂ ਜਾ ਰਿਹਾ ਹੈ। ਹੋਰ ਤਾਂ ਹੋਰ, ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਰੋਕਿਆ ਅਤੇ ਟੋਕਿਆ ਜਾ ਰਿਹਾ ਹੈ। ਜਿਨ੍ਹਾਂ ਬੋਲਣ ਦਾ ਮੌਕਾ ਦੇਣਾ ਹੁੰਦਾ ਹੈ, ਉਹਨਾਂ ਦੀ ਚੁੱਪ ਵਿੱਚੋਂ ਸ਼ਰਾਰਤ ਉੱਭਰ ਰਹੀ ਹੁੰਦੀ ਹੈ।
ਦੇਸ਼ ਦੇ ਪ੍ਰਮੁੱਖ ਸੇਵਾਦਾਰ ਨੂੰ ਦੇਸ਼ ਚਲਾਉਂਦਿਆਂ ਦਸ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ। ਮੁੱਖ ਸੇਵਕ ਫਕੀਰ ਅੱਜ ਤਕ ਦੇਸ਼ ਦਾ ਵੀਹ-ਪੱਚੀ ਅਰਬ ਰੁਪਇਆ ਆਪਣੇ ਵਿਦੇਸ਼ੀ ਦੌਰਿਆਂ ’ਤੇ ਖਰਚ ਚੁੱਕਾ ਹੈ, ਜਿਸ ਦੇ ਆਉਣ ਸਮੇਂ ਆਪਣਾ ਝੋਲਾ ਚੁੱਕ ਤੁਰ ਜਾਣ ਦੀਆਂ ਅਫ਼ਵਾਹਾਂ ਚੱਲ ਪਈਆਂ ਹਨ; ਜਿਸ ਨੇ ਆਪਣੇ ਰਾਜ-ਭਾਗ ਦੌਰਾਨ ਨਫ਼ਰਤ ਦਾ ਸਭ ਤੋਂ ਜ਼ਿਆਦਾ ਵਿਓਪਾਰ ਕੀਤਾ ਹੈ; ਜਿਹੜਾ ਆਪਣੀ ਡਿਗਰੀ ਗੁਆਚਣ ਕਰਕੇ ਗੁੱਸੇ ਵਿੱਚ ਆਪਣੇ ਪਿਛਲੇ ਦਸ ਸਾਲਾਂ ਵਿੱਚ ਦੇਸ਼ ਨੂੰ ਇੱਕ ਵੀ ਨਵੀਂ ਯੂਨੀਵਰਸਿਟੀ ਬਣਾ ਕੇ ਨਹੀਂ ਦੇ ਸਕਿਆ, ਉਲਟਾ ਕਈ ਯੂਨੀਵਰਸਿਟੀਆਂ ਖ਼ਤਮ ਕਰਨੀਆਂ ਉਸਦੇ ਏਜੰਡੇ ’ਤੇ ਹਨ। ਮੈਨੂੰ ਡਰ ਹੈ ਕਿ ਦੇਸ਼ ਵਿੱਚ ਬਿਨਾਂ ਕਿਸੇ ਗੱਲੋਂ ‘ਹਿੰਦੂ-ਮੁਸਲਮਾਨ, ਹਿੰਦੂ-ਮੁਸਲਮਾਨ, ਹੋ ਰਿਹਾ ਹੈ ਕਿ ਇੱਕ ਦਿਨ ਸੱਚੀਂ-ਮੁੱਚੀਂ ਅਜਿਹਾ ਦਿਨ ਉਸ ਸ਼ੇਰ ਵਾਂਗ ਨਾ ਜਾਵੇ ਕਿ ਸ਼ੇਰ ਸੱਚ-ਮੁੱਚ ਆ ਜਾਵੇ ਤੇ ਹਿੰਦੂ-ਮੁਸਲਮਾਨ ਦੀ ਰਟ ਲਾਉਣ ਵਾਲੇ ਬਾਹਰ ਹੀ ਨਾ ਆਉਣ।
ਜਿਵੇਂ ਦਿੱਲੀ ਦੀ ਆਮ ਆਦਮੀ ਪਾਰਟੀ ਨੇ ਸਭ ਉਹ ਪਾਰਟੀ ਵਾਲੇ ਬਾਹਰ ਕੱਢ ਦਿੱਤੇ, ਜਿਨ੍ਹਾਂ ਦਾ ਜਦੋਂ ਵੀ ਕੱਦ ਕੇਜਰੀਵਾਲ ਸਾਹਿਬ ਤੋਂ ਵੱਡਾ ਲੱਗਾ, ਠੀਕ ਇਸੇ ਤਰ੍ਹਾਂ ਦੇਸ਼ ਦੇ ਪ੍ਰਮੁੱਖ ਪ੍ਰਧਾਨ ਸੇਵਕ ਨੇ ਵੀ ਦੇਖਦੇ-ਦੇਖਦੇ ਉਹ ਸਭ ਮਾਰਗ-ਦਰਸ਼ਕ ਬਣਾ ਕੇ ਘਰ ਬਿਠਾ ਦਿੱਤੇ, ਜਿਨ੍ਹਾਂ ਦਾ ਵਾਕਿਆ ਹੀ ਕੱਦ ਜਨਾਬ ਤੋਂ ਉੱਚਾ ਦਿਖਾਈ ਦਿੰਦਾ ਸੀ। ਅਡਵਾਨੀ, ਜੋਸ਼ੀ, ਸੁਬਰਾਮਨੀਅਮ ਸਵਾਮੀ ਵਾਂਗ ਹੁਣ ਪ੍ਰਧਾਨ ਸੇਵਕ ਨੂੰ ਆਪਣੇ ਵਾਅਦੇ ਮੁਤਾਬਕ ਆਪਣੀ ਕੁਰਸੀ ਆਉਣ ਵਾਲੇ ਸਮੇਂ ਵਿੱਚ ਛੱਡਣੀ ਪੈਣੀ ਹੈ। ਦੇਖੀਏ ਊਠ ਕਿਸੇ ਕਰਵਟ ਬੈਠਦਾ ਹੈ ਜਾਂ ਨਹੀਂ। ਅਜਿਹੇ ਵਾਅਦੇ ਅਤੇ ਡਰਾਮੇ ਕਰਕੇ ਯੂ ਪੀ ਯੋਧਾ, ਜੋ ਯੋਗੀ ਘੱਟ ਅਤੇ ਕਰੋਧੀ ਜ਼ਿਆਦਾ ਹੈ, ਜਿਸ ਨੇ ਯੂ ਪੀ ਵਿੱਚ ਬੁੱਲਡੋਜ਼ਰ ਖਿਡੌਣੇ ਵਾਂਗ ਵਰਤਿਆ, ਨੂੰ ਦਿੱਲੀ ਨੇੜੇ ਦਿਖਾਈ ਦੇ ਰਹੀ ਹੈ ਅਤੇ ਯੂ ਪੀ ਦੀ ਯਾਦ ਵੀ ਸਤਾ ਰਹੀ ਹੈ, ਜਿਸ ਕਰਕੇ ਸਮੁੱਚੇ ਦੇਸ਼ ਖਾਸ ਕਰਕੇ ਉੱਤਰੀ ਖੇਤਰ ਵਿੱਚ ਹਿੰਦੂ-ਮੁਸਲਮਾਨ - ਹਿੰਦੂ-ਮੁਸਲਮਾਨ ਅਜੇ ਵੀਹ ਸੌ ਸਤਾਈ ਤਕ ਲਗਾਤਾਰ ਚਲਦਾ ਹੀ ਰਹਿਣ ਦੇ ਆਸਾਰ ਹਨ, ਜਿਸ ਕਰਕੇ ਆਗਰਾ, ਦਿੱਲੀ, ਮਹਾਰਾਸ਼ਟਰ ਦਾ ਨਾਗਪੁਰ, ਯੂ ਪੀ ਵਿੱਚ ਸੰਭਲ ਵਰਗੇ ਇਲਾਕੇ ਅਜੇ ਸੰਭਲਣ ਦਾ ਨਾਂਅ ਨਹੀਂ ਲੈਣਗੇ ਅਤੇ ਨਾ ਹੀ ਰਾਜ ਕਰਦਾ ਲਾਣਾ ਸੰਭਲਣ ਦਾ ਮੌਕਾ ਦੇਵੇਗਾ।
ਮੌਜੂਦਾ ਰਾਜ ਕਰਦਾ ਲਾਣਾ ਕਿਸੇ ਅਣ-ਮਨੁੱਖੀ ਘਟਨਾ ਦੇ ਡਰੋ ਅਜੇ ਕੁੰਭ ਦਾ ਪ੍ਰਭਾਵ ਭੁੱਲਣ ਨਹੀਂ ਦੇਣਾ ਚਾਹੁੰਦਾ। ਅੱਜ ਦੇ ਦਿਨ ਵੀ ਗੋਦੀ ਮੀਡੀਆ ਇੰਜ ਦਿਖਾ ਰਿਹਾ ਹੈ, ਜਿਵੇਂ ਸੱਚ-ਮੁੱਚ ਪੇਡ ਖ਼ਬਰਾਂ ਹੋਣ। ਨਾ ਹੀ ਇਹ ਹਿੰਦੂ-ਮੁਸਲਮਾਨ ਦਾ ਸੌਦਾ ਵੇਚਣੋ ਹਟਣਗੇ। ਪੂਰੇ ਭਾਰਤ ਵਿੱਚ ਇੱਕ ਅਜਿਹੀ ਖੋਜ ਲਗਾਤਾਰ ਹੋ ਰਹੀ ਹੈ, ਜਿਹੜੀ ਖੋਜ ਨਾ ਡਿਗਰੀਆਂ ਲੱਭ ਸਕੀ, ਨਾ ਹੀ ਕਾਲਜ ਲੱਭ ਸਕੀ, ਨਾ ਹੀ ਅਧਿਆਪਕ ਜਾਂ ਪ੍ਰਿੰਸੀਪਲ ਸਾਹਿਬ ਪਛਾਣ ਪਾਈ, ਨਾ ਕੋਈ ਜਮਾਤੀ ਲੱਭ ਸਕੀ, ਨਾ ਹੀ ਯੂਨੀਵਰਸਿਟੀ ਦਾ ਖੁਰਾ-ਖੋਜ ਲੱਭ ਸਕੀ, ਸੰਬੰਧਤ ਸਾਹਿਬ ਨੂੰ ਨਾ ਰੋਲ ਨੰਬਰ ਯਾਦ ਆ ਰਿਹਾ ਹੈ, ਨਾ ਹੀ ਕੋਈ ਕੁੱਲ ਨੰਬਰਾਂ ਬਾਰੇ ਪਤਾ ਲਾ ਸਕਿਆ ਹੈ। ਉਹ ਲਾਣਾ ਜ਼ਰੂਰ ਖੂੰਜੇ ਲਾ ਦਿੱਤਾ, ਜੋ ਦਿਨ-ਰਾਤ ਅਜਿਹੀ ਮੰਗ ਕਰ ਰਿਹਾ ਸੀ। ਪਰ ਖੋਜ-ਖੁਦਾਈ ਦਾ ਕੰਮ ਇੰਨੀ ਸਫ਼ਲਤਾ ਨਾਲ ਚੱਲ ਰਿਹਾ ਹੈ ਕਿ ਪ੍ਰਤੀ ਦਿਨ, ਪ੍ਰਤੀ ਸਪਤਾਹ, ਪ੍ਰਤੀ ਮਹੀਨਾ ਖੁਦਾਈ ਮੰਦਰਾਂ ਦੀ ਗਿਣਤੀ ਵਿੱਚ ਵਾਧਾ ਕਰ ਰਿਹਾ ਹੈ।
ਇੱਕ ਹੋਰ ਭੇਦ ਦੀ ਗੱਲ ਇਹ ਹੈ ਕਿ ਜੋ ਦੇਸ਼ ਤਰੱਕੀ ਕਰਦਾ ਹੈ, ਉਸ ਵਿੱਚ ਬਹੁਤਾ ਹਿੱਸਾ ਉਸ ਬੇਨਾਮ ਇਮਾਨਦਾਰ ਜਨਤਾ ਦਾ ਹੁੰਦਾ ਹੈ, ਜੋ ਦਿਨ-ਰਾਤ ਮਿਹਨਤ ਕਰਦੀ ਹੈ। ਮਜ਼ਦੂਰ, ਮਜ਼ਦੂਰੀ ਕਰਕੇ ਆਪਣੇ ਵਿੱਤੋਂ ਵੱਧ ਹਿੱਸਾ ਪਾਉਂਦਾ ਹੈ, ਫੌਜੀ ਜਵਾਨ ਦਿਨ-ਰਾਤ ਬਾਰਡਰਾਂ ’ਤੇ ਡਿਊਟੀ ਦੇ ਕੇ ਦੇਸ਼ ਨੂੰ ਵਿਦੇਸ਼ੀ ਹਮਲਿਆਂ ਤੋਂ ਬਚਾਉਂਦੇ ਹਨ। ਦਰਜੀ ਕੱਪੜੇ ਸਿਉਂ ਰਹੇ ਹਨ। ਡਾਕਟਰ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਅਧਿਆਪਕ ਸਕੂਲਾਂ, ਕਾਲਜਾਂ ਵਿੱਚ ਆਪਣੀ ਡਿਊਟੀ ਦੇ ਰਹੇ ਹਨ। ਦਿਨ-ਰਾਤ ਬੱਸਾਂ, ਰੇਲਾਂ ਆਪੋ ਆਪਣੇ ਰਾਹਾਂ ’ਤੇ ਦੌੜ ਰਹੀਆਂ ਹਨ। ਮਾਵਾਂ ਬੱਚਿਆਂ ਨੂੰ ਜਨਮ ਦੇ ਕੇ ਉਨ੍ਹਾਂ ਦਾ ਪਾਲਣ-ਪੋਸਣ ਕਰ ਰਹੀਆਂ ਹਨ। ਦੇਸ਼ ਵਿੱਚ ਹਰੇਕ ਸ਼ਹਿਰੀ ਬਿਨਾਂ ਕਿਸੇ ਖਾਸ ਹੁਕਮ ਤੋਂ ਆਪਣਾ ਕੰਮ ਕਰ ਰਿਹਾ ਹੈ। ਜੋ ਨਵਾਂ ਕਰਨਾ ਹੈ, ਇਹ ਜ਼ਿੰਮਾ ਸਰਕਾਰਾਂ ਦਾ ਹੁੰਦਾ ਹੈ। ਪਰ ਸਮੇਂ ਦੀ ਸਰਕਾਰ ਲਈ ਅੱਜ ਦੀ ਘੜੀ ਕਈ ਹੋਰ ਆਪਣੇ ਮੁੱਦੇ ਅਹਿਮ ਹਨ, ਜਿਨ੍ਹਾਂ ਨੂੰ ਤੁਸੀਂ ਆਉਣ ਵਾਲੇ ਸਮੇਂ ਵਿੱਚ ਸੁਣੋਗੇ, ਪੜ੍ਹੋਗੇ ਅਤੇ ਦੇਖੋਗੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (