“ਉਂਜ ਦੇਸ਼ ਵਿੱਚ ਰਾਜ ਕਰਦੀ ਪਾਰਟੀ ਭਾਜਪਾ ਬਿਲਕੁਲ ਦੁੱਧ ਧੋਤੀ ਨਹੀਂ। ਜੋ ਪਾਰਟੀ ਅਤੇ ਉਸ ਦੁਆਰਾ ਨਿਯੁਕਤ ਕੀਤੇ ...”
(15 ਅਕਤੂਬਰ 2024)
ਜਿਵੇਂ ਹੁਣੇ ਹੋਈਆਂ ਹਰਿਆਣਾ ਅਸੰਬਲੀ ਚੋਣਾਂ ਨੇ ਸਮੇਤ ਭਾਜਪਾ ਅਤੇ ਸਭ ਖੱਬੀ ਖਾਨ ਪੱਤਰਕਾਰਾਂ ਨੂੰ ਹੈਰਾਨ ਕੀਤਾ ਹੈ, ਇਵੇਂ ਚੋਣਾਂ ਦੇ ਇਤਿਹਾਸ ਵਿੱਚ ਬਹੁਤ ਘੱਟ ਹੁੰਦਾ ਹੈ। ਚੋਣ ਨਤੀਜੇ ਤੋਂ ਪਹਿਲਾਂ ਹਰ ਕੋਈ ਮਾਈ ਦਾ ਲਾਲ ਇਵੇਂ ਨਹੀਂ ਬੋਲ ਰਿਹਾ ਸੀ, ਜਿਵੇਂ ਸਭ ਨਤੀਜਾ ਨਿਕਲਣ ਤੋਂ ਬਾਅਦ ਬੋਲ ਰਹੇ ਹੋਣ। ਦਸ ਸਾਲ ਦੇ ਭਾਜਪਾ ਦੇ ਰਾਜ ਤੋਂ ਨਾਖੁਸ਼ ਹੋ ਕੇ ਤਰ੍ਹਾਂ-ਤਰ੍ਹਾਂ ਦੇ ਲੋਕ ਕਾਂਗਰਸ ਦਾ ਗੁਣਗਾਣ ਕਰ ਰਹੇ ਸਨ, ਜਿਸਦੇ ਸਦਕਾ ਕਾਂਗਰਸੀ ਸਮਝਦੇ ਸਨ, “ਅਬ ਕੀ ਬਾਰ, ਕਾਂਗਰਸ ਸਰਕਾਰ।” ਬੱਸ ਇਹੀ ਭਰਮ ਕਾਂਗਰਸ ਨੂੰ ਲੈ ਬੈਠਾ। ਕੰਮ ਯੋਜਨਾਬੱਧ ਤਰੀਕੇ ਨਾਲ ਨਹੀਂ ਹੋਇਆਂ ਜਾਂ ਨਹੀਂ ਕੀਤਾ ਗਿਆ। ਦੂਜੇ ਪਾਸੇ ਭਾਜਪਾ ਅੱਜ ਜੋ ਮਰਜ਼ੀ ਆਖੇ, ਉਸ ਦੇ ਅੰਦਰਲੇ ਡਰ ਨੇ ਉਸ ਤੋਂ ਚੁੱਪ-ਚਾਪ ਕੰਮ ਕਰਾਇਆ, ਜਦੋਂ ਕਿ ਨਤੀਜਿਆਂ ਨੇ ਦੱਸਿਆ ਕਿ ਕਾਂਗਰਸੀਆਂ ਦਾ ਚੋਣ ਰੌਲਾ ਜ਼ਿਆਦਾ ਸੀ, ਜ਼ਮੀਨੀ ਕੰਮ ਕਿਤੇ ਘੱਟ ਹੋਇਆ। ਸ਼ੁਰੂਆਤ ਜਿੱਤ ਦਾ ਭੁਲੇਖਾ ਹੋਣ ਕਰਕੇ ‘ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ-ਚਾਹੁੰਦਾ ਹਾਂ, ਦੀਆਂ ਹੇਕਾਂ ਨਿਕਲਣੀਆਂ ਸ਼ੁਰੂ ਹੋ ਗਈਆਂ, ਜਿਸ ਕਰਕੇ ਹਾਈ ਕਮਾਂਡ (ਰਾਹੁਲ) ਵੋਲੋਂ ਦੋਵਾਂ ਧਿਰਾਂ ਦੇ ਸ਼ਰੇਆਮ ਹੱਥ ਮਿਲਾਏ ਗਏ, ਪਰ ਉਹ ਉਨ੍ਹਾਂ ਦੇ ਦਿਲ ਨਹੀਂ ਮਿਲਾ ਸਕੇ।
ਜਿਸ ਪ੍ਰਧਾਨ ਮੰਤਰੀ ਨੇ ਆਪਣੀ ਪਾਰਟੀ ਤੋਂ ਇਲਾਵਾ ਐੱਨ ਡੀ ਏ ਗਠਜੋੜ ਦੇ ਸਦਕਾ ਤੀਜੀ ਵਾਰ ਸਹੁੰ ਚੁੱਕੀ ਹੈ, ਉਸ ਨੇ ਉਸ ਦਿਨ ਤੋਂ ਹੀ ‘ਮੋਦੀ ਗਰੰਟੀ’ ਦੀ ਰਟ ਲਾਉਣੀ ਛੱਡੀ ਹੋਈ ਹੈ, ਪਰ ਅਚਾਨਕ ਆਸ ਦੇ ਉਲਟ ਨਤੀਜੇ ਆਉਣ ਤੋਂ ਬਾਅਦ ਫਿਰ ਭਾਜਪਾ ਕਹਿ ਰਹੀ ਹੈ ਕਿ ਇਹ ਸਭ ਮੋਦੀ ਜੀ ਦਾ ਹੀ ਕ੍ਰਿਸ਼ਮਾ ਹੈ, ਜੋ ਸਰਾਸਰ ਗਲਤ ਹੈ। ਅਜਿਹਾ ਹੁੰਦਾ ਤਾਂ ਜੰਮੂ-ਕਸ਼ਮੀਰ ਵੀ ਭਾਜਪਾ ਦੀ ਪਹੁੰਚ ਵਿੱਚ ਹੁੰਦਾ। ਹਾਰਨ ਵਾਲਿਆਂ ਵਿੱਚੋਂ ਕੌਣ ਕਸੂਰਵਾਰ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜੋ ਚੋਣਾਂ ਦੇ ਸ਼ੁਰੂਆਤ ਵਿੱਚ ਰਾਹੁਲ ਨੇ ਬਿਨਾਂ ਮੰਗੇ ਆਪ ਪਾਰਟੀ, ਕਮਿਊਨਿਸਟ ਪਾਰਟੀ (ਮਾਰਕਸੀ) ਅਤੇ ਐੱਸ ਪੀ ਨੂੰ ਸੀਟਾਂ ਛੱਡ ਕੇ ਸਮੁੱਚੀ ਚੋਣ ਨੂੰ ‘ਇੰਡੀਆ ਫਰੰਟ’ ਨਾਲ ਜੋੜਨ ਦਾ ਯਤਨ ਕੀਤਾ, ਜਿਹੜਾ ਅਖੀਰ ਸਿਰੇ ਨਾ ਚੜ੍ਹਿਆ, ਜੋ ਸਾਡੇ ਮੁਤਾਬਕ ਅਖੀਰ ਕਾਂਗਰਸ ਦੀ ਹਾਰ ਦਾ ਕਾਰਨ ਵੀ ਬਣਿਆ। ਇਹ ਗੱਲ ਸਭ ਜਾਣਦੇ ਹਨ ਅਤੇ ਸੱਚ ਦੇ ਵੀ ਨੇੜੇ ਹੈ ਕਿ ਭਾਰਤ ਵਿੱਚ ਭਾਜਪਾ ਤੋਂ ਬਾਅਦ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੈ, ਜੋ ਤਕਰੀਬਨ ਦੇਸ਼ ਦੇ ਹਰ ਸੂਬੇ ਵਿੱਚ ਪਾਈ ਜਾਂਦੀ ਹੈ। ਨਤੀਜੇ ਭਾਵੇਂ ਜੰਮੂ-ਕਸ਼ਮੀਰ ਵਿੱਚ ਵੀ ਬਹੁਤ ਵਧੀਆ ਨਹੀਂ ਆਏ, ਪਰ ਭਾਜਪਾ ਨੂੰ ਅੱਜ ਦੀ ਘੜੀ ਸੱਤਾ ਤੋਂ ਦੂਰ ਰੱਖਣ ਵਿੱਚ ਸਹਾਈ ਹੋਏ ਹਨ।
ਹਰਿਆਣਾ ਵਿੱਚ ਕਾਂਗਰਸ ਦੀ ਹਾਰ ਇਸ ਕਰਕੇ ਦੁਖੀ ਕਰਦੀ ਹੈ ਕਿ ਸ਼ੁਰੂਆਤ ਕਾਂਗਰਸ ਦੀ ਹਾਲਤ ਇੰਨੀ ਚੰਗੀ ਸੀ ਕਿ ਹਰੇਕ ਬੱਚਾ-ਬੁੱਢਾ ਮਰਦ-ਔਰਤ, ਛੋਟੇ-ਵੱਡੇ ਦੀ ਜ਼ੁਬਾਨ ’ਤੇ ਕਾਂਗਰਸ ਦੀ ਜਿੱਤ ਸੀ, ਪਰ ਕਾਂਗਰਸੀਆਂ ਵੱਲੋਂ ਮਿਲ ਕੇ ਮਿਹਨਤ ਨਾ ਕਰਨੀ, ਕਿਸੇ ਜਾਤ ਦਾ ਵੱਧ ਗੁਣਗਾਣ ਕਰਨਾ ਵੀ ਉਸ ਨੂੰ ਲੈ ਬੈਠਾ। ਸਹਿਯੋਗੀ ਪਾਰਟੀਆਂ ਨਾਲ ਸਹਿਯੋਗ ਨਾ ਸਿਰੇ ਚੜ੍ਹਾਉਣਾ ਵੀ ਹਾਰ ਦਾ ਇੱਕ ਕਾਰਨ ਹੈ। ਜਿਵੇਂ ਆਪ ਨੇ ਜਿੱਤ ਭਾਵੇਂ ਕਿਸੇ ਸੀਟ ’ਤੇ ਵੀ ਪ੍ਰਾਪਤ ਨਹੀਂ ਕੀਤੀ, ਪਰ ਅੱਧੀ ਦਰਜਨ ਸੀਟਾਂ ’ਤੇ ਹਰਾਇਆ ਜ਼ਰੂਰ ਹੈ, ਜਿਸ ਕਰਕੇ ਗੋਦੀ ਮੀਡੀਆ ਬਿਨਾਂ ਕਿਸੇ ਕਾਰਨ ਦੇ ਆਪਸੀ ਮੱਤਭੇਦਾਂ ਦਾ ਰੌਲਾ ਪਾ ਰਿਹਾ ਹੈ, ਜਿਸ ਕਰਕੇ ਕਾਂਗਰਸ ਨੂੰ ਇੰਡੀਆ ਗਠਜੋੜ ਵਿੱਚ ਵੱਡੇ ਭਰਾ ਵਾਲਾ ਰੋਲ ਅਦਾ ਕਰਨਾ ਚਾਹੀਦਾ ਹੈ। ਲੋੜ ਵੇਲੇ ਅਤੇ ਸਮੇਂ ਅਨੁਸਾਰ ਕੁਰਬਾਨੀ ਲਈ ਤਿਆਰ ਰਹਿਣਾ ਚਾਹੀਦਾ ਹੈ। ਅਗਰ ਇੰਝ ਹੋਵੇਗਾ ਤਾਂ ਆਉਣ ਵਾਲੇ ਸਮੇਂ ਵਿੱਚ ਮਹਾਰਾਸ਼ਟਰ ਅਤੇ ਦਿੱਲੀ ਤੁਹਾਡੇ ਗਠਜੋੜ ਦੀ ਹੋਵੇਗੀ।
ਹਰਿਆਣੇ ਦੀ ਚੋਣ ਸੰਬੰਧੀ ਜੋ ਰੈਲੀਆਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਚੋਣਾਂ ਦੌਰਾਨ ਕੀਤੀਆਂ ਗਈਆਂ ਹਨ, ਉਨ੍ਹਾਂ ਕੋਈ ਜਾਦੂਮਈ ਪ੍ਰਭਾਵ ਨਹੀਂ ਛੱਡਿਆ। ਸਬੂਤ ਵਜੋਂ ਤੁਸੀਂ ਉਨ੍ਹਾਂ ਦਿਨਾਂ ਦੀਆਂ ਅਖਬਾਰਾਂ ਪੜ੍ਹ ਕੇ ਦੇਖ ਸਕਦੇ ਹੋ। ਲੋੜ ਨਾਲੋਂ ਵੱਧ ਜਿੱਤ ਤੇ ਜਿੱਤ ਦੀ ਖੁਸ਼ੀ ਦਿਖਾਉਣ ਲਈ ਨਤੀਜੇ ਵਾਲੇ ਦਿਨ ਭਾਜਪਾ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਨੂੰ ਸੱਦ ਕੇ ਭਾਜਪਾਈਆਂ ਵਿੱਚ ਜਾਨ ਪਾਉਣ ਖਾਤਰ ਜਿੱਤ ਦੀ ਖੁਸ਼ੀ ਵਿੱਚ ਇੱਕ ਅਡੰਬਰ ਰਚਾਇਆ ਗਿਆ ਹੈ। ਅਗਰ ਉਂਜ ਦੇਖਿਆ ਜਾਵੇ ਕਾਂਗਰਸ ਅਤੇ ਭਾਜਪਾ ਦੀ ਵੋਟ ਹਾਸਲ ਕਰਨ ਦੀ ਪ੍ਰਤੀਸ਼ਤ ਤਕਰੀਬਨ ਬਰਾਬਰ ਹੈ। ਕੁੱਲ ਲਈਆਂ ਵੋਟਾਂ ਵੀ ਤਕਰੀਬਨ ਬਰਾਬਰ ਹਨ। ਜਿੱਤ ਦੀ ਖੁਸ਼ੀ ਸਿਰਫ਼ ਇਸ ਵਿੱਚ ਹੈ ਕਿ ਤੀਜੀ ਵਾਰ ਤਕਰੀਬਨ ਹਾਰੀ ਹੋਈ ਪਾਰਟੀ ਫਿਰ ਕਾਂਗਰਸ ਪਾਰਟੀ ਦੀ ਨਲਾਇਕੀ ਕਰਕੇ ਜਿੱਤ ਗਈ ਹੈ।
ਸਮੁੱਚੇ ਹਰਿਆਣੇ ਵਿੱਚ ਭਾਜਪਾ ਡਰਦੀ-ਡਰਦੀ ਆਪਣੇ ਸਹਿਯੋਗੀਆਂ ਦੇ ਸਹਿਯੋਗ ਸਦਕਾ ਬਿਨਾਂ ਕਿਸੇ ਸ਼ੋਰ-ਸ਼ਰਾਬੇ ਦੇ ਕੰਮ ਕਰਦੀ ਰਹੀ। ਭਾਜਪਾ ਇਹ ਜਾਣਦੀ ਹੋਈ ਲੜ ਰਹੀ ਸੀ ਕਿ ਅਸੀਂ ਇਸ ਵਾਰ ਹਾਰਨਾ ਹੀ ਹਾਰਨਾ ਹੈ, ਲੜ ਕੇ ਇੰਨੀਆਂ ਸੀਟਾਂ ਲੈ ਜਾਈਏ ਕਿ ਸਾਡਾ ਨੱਕ ਰਹਿ ਜਾਵੇ। ਇਹ ਵੀ ਇੱਕ ਚਿੱਟਾ ਸੱਚ ਹੈ ਕਿ ਭਾਜਪਾ ਇੱਕ ਅਨੁਸ਼ਾਸਤ ਕੇਡਰ ਵਾਲੀ ਪਾਰਟੀ ਹੈ। ਇਹ ਅਨੁਸ਼ਾਸਨ ਉਨ੍ਹਾਂ ਨੂੰ ਆਰ ਐੱਸ ਐੱਸ ਵੱਲੋਂ ਸਿਖਾਇਆ ਜਾਂਦਾ ਹੈ। ਕਾਂਗਰਸ ਮੁੜ ਸੁਰਜੀਤ ਹੋ ਰਹੀ ਇੱਕ ਪਾਰਟੀ ਹੈ। ਅਜਿਹੇ ਦੇ ਉਲਟ ਅਖੀਰ ਕਾਂਗਰਸ ਆਪਣੇ ਸਹਿਯੋਗੀਆਂ ਤੋਂ ਬਗੈਰ ਹਰਿਆਣਾ ਚੋਣ ਵਿੱਚ ਕੁੱਦੀ। ਹੁਣ ਤੁਸੀਂ ਕਾਂਗਰਸ ਦਾ ਗਠਜੋੜ ਨਾ ਹੋਣ ਦਾ ਨੁਕਸਾਨ ਦੇਖੋ। ਆਮ ਆਦਮੀ ਪਾਰਟੀ ਤਕਰੀਬਨ ਪੌਣੇ ਦੋ ਫੀਸਦੀ ਵੋਟਾਂ ਲੈ ਕੇ ਗਈ। ਕਾਂਗਰਸ ਜਿਹੜੀਆਂ ਸੀਟਾਂ ਵਿੱਚੋਂ ਹਾਰੀ ਹੈ, ਉਨ੍ਹਾਂ ਵਿੱਚੋਂ ਅੱਧੀ ਦਰਜਨ ਉਹ ਸੀਟਾਂ ਹਨ, ਜਿੰਨੀਆਂ ਵੋਟਾਂ ’ਤੇ ਹਾਰੀ ਹੈ, ਉਸ ਤੋਂ ਵੱਧ ਵੋਟਾਂ ਉਨ੍ਹਾਂ ਸੀਟਾਂ ਤੋਂ ਆਪ ਲੈ ਗਈ ਹੈ। ਅਗਰ ਚੋਣ ਸਮਝੌਤਾ ਹੋਂਦ ਵਿੱਚ ਹੁੰਦਾ ਤਾਂ ਜ਼ਰੂਰੀ ਹੈ ਕਿ ਹਰਿਆਣੇ ਵਿੱਚ ‘ਉੱਤਰ ਕਾਟੋ ਮੈਂ ਚੜ੍ਹਾਂ’ ਵਾਲੀ ਗੱਲ ਹੋ ਜਾਣੀ ਸੀ। ਅੱਜ ਸਭ ਬੋਲ ਰਹੇ ਹਨ, ਪਰ ਨਤੀਜਾ ਆਉਣ ਤੋਂ ਪਹਿਲਾਂ ਸਭ ਅੱਜ ਦੇ ਉਲਟ ਬੋਲ ਰਹੇ ਸਨ। ਸਾਰੀ ਤਰ੍ਹਾਂ ਦੇ ਸਾਰੇ ਅਨੁਮਾਨ ਲਾਉਣ ਵਾਲੇ ਸਭ ਗਲਤ ਸਾਬਤ ਹੋਏ ਹਨ। ਭਾਜਪਾ ਦੀ ਲਾਟਰੀ ਨਿਕਲਣ ਕਰਕੇ ਅਜ਼ਾਦ ਉਮੀਦਵਾਰ ਵੀ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਅਜਿਹੀ ਨਾ ਉਮੀਦ ਜਿੱਤ ’ਤੇ ਕਾਂਗਰਸ ਦੀ ਸੀਨੀਅਰ ਲੀਡਰਸ਼ਿੱਪ ਵੱਲੋਂ ਕਈ ਤਰ੍ਹਾਂ ਦੇ ਗੰਭੀਰ ਦੋਸ਼ ਇਲੈਕਸ਼ਨ ਕਮਿਸ਼ਨ ਪਾਸ ਪਹੁੰਚ ਕੇ ਸਬੂਤਾਂ ਸਮੇਤ ਲਾਏ ਹਨ। ਜਮਹੂਰੀਅਤ ਦੇਸ਼ ਵਿੱਚ ਸਭ ਸੰਬੰਧਤ ਦੋਸ਼ਾਂ ਦੀ ਗੰਭੀਰਤਾਪੂਰਵਕ ਛਾਣਬੀਣ ਹੋਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਲੋਕਾਂ ਦਾ ਵਿਸ਼ਵਾਸ ਚੋਣ ਪ੍ਰਣਾਲੀ ਵਿੱਚ ਵਧੇਗਾ।
ਉਂਜ ਦੇਸ਼ ਵਿੱਚ ਰਾਜ ਕਰਦੀ ਪਾਰਟੀ ਭਾਜਪਾ ਬਿਲਕੁਲ ਦੁੱਧ ਧੋਤੀ ਨਹੀਂ। ਜੋ ਪਾਰਟੀ ਅਤੇ ਉਸ ਦੁਆਰਾ ਨਿਯੁਕਤ ਕੀਤੇ ਅਧਿਕਾਰੀ ਚੰਡੀਗੜ੍ਹ ਦੀਆਂ ਮੇਅਰ ਚੋਣਾਂ ਵਿੱਚ ਸਿਰਫ਼ ਉੰਨੀ ਵੋਟਾਂ ਸਹੀ ਤਰੀਕੇ ਨਾਲ ਗਿਣ ਨਹੀਂ ਸਕੇ, ਇਹ ਗਿਣਤੀ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੂੰ ਕਰਕੇ ਭਾਜਪਾ ਦੁਆਰਾ ਨਿਯੁਕਤ ਅਫਸਰਾਂ ਦਾ ਫੈਸਲਾ ਬਦਲਣਾ ਪਿਆ। ਜ਼ਰਾ ਸੋਚੋ, ਅਗਰ ਉੰਨੀ ਵੋਟਾਂ ਵਿੱਚ ਅਜਿਹਾ ਹੋ ਸਕਦਾ ਹੈ ਤਾਂ ਫਿਰ ਲੱਖਾਂ ਵੋਟਾਂ ਵਿੱਚ ਕਿਉਂ ਨਹੀਂ। ਇਹ ਧਾਰਨਾ ਜਾਂ ਨੀਤੀ ਬਿਲਕੁਲ ਗਲਤ ਹੈ ਕਿ ਈ ਵੀ ਐੱਮ ਮਸ਼ੀਨਾਂ ਵਿੱਚ ਕੁਝ ਗਲਤ ਨਹੀਂ ਹੋ ਸਕਦਾ। ਨੋਟਬੰਦੀ ਕਰਕੇ ਮੌਜੂਦਾ ਸਰਕਾਰ ਨੇ ਆਪਣੇ ਤੋਂ ਸਿਵਾਏ ਸਭ ਨੰਗ ਕਰ ਸੁੱਟੇ ਹਨ। ਚੰਦਾ ਲੈਣ ਲੱਗਿਆਂ ਸਭ ਬਦਨਾਮ ਕੰਪਨੀਆਂ ਤੋਂ ਬਾਂਡ ਦੇ ਰੂਪ ਵਿੱਚ ਚੰਦਾ ਲੈ ਕੇ ਸਰਕਾਰ ਬਰਾਬਰ ਪੈਸਾ ਇਕੱਠਾ ਕੀਤਾ ਅਤੇ ਵਿਰੋਧੀਆਂ ਦੇ ਖਾਤੇ ਬੰਦ ਕਰਵਾ ਕੇ ਦੇਸ਼ ਦਾ ਢਾਂਚਾ ਖਰੀਦ ਰਹੇ ਹਨ, ਮਨਮਰਜ਼ੀਆਂ ਕਰ ਰਹੇ ਹਨ। ਅਜਿਹਾ ਸਭ ਕੁਝ ਬੰਦ ਹੋਵੇ, ਅਜਿਹੇ ਵਿੱਚ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਜੋਕਾ ਸਮਾਂ ਗਠਜੋੜ ਵਾਲਾ ਚੱਲ ਰਿਹਾ ਹੈ। ਗਠਜੋੜ ਦੀ ਨੀਤੀ ਅਪਣਾਓ। ਵੱਡੇ ਸਾਂਝੇ ਦੁਸ਼ਮਣ ਦੀ ਪਛਾਣ ਕਰਕੇ ਉਸ ਵਿਰੁੱਧ ਲਾਮਬੰਦ ਹੋਵੋ। ਫਿਰ ਕਾਮਯਾਬੀ ਤੁਹਾਡਾ ਸਿਰਨਾਵਾਂ ਪੁੱਛੇਗੀ। ਕਿਸੇ ਜਾਤੀ ਨਾਅਰੇ ਤੋਂ ਬਚੋ। ਆਪਾਂ ਕਿਸੇ ਜਾਤ ਵਿਰੁੱਧ ਨਹੀਂ, ਬਲਕਿ ਸਾਂਝੇ ਦੁਸ਼ਮਣ ਦੇ ਵਿਰੁੱਧ ਲੜਨਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5364)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: