“ਜਦੋਂ ਦੇਸ਼ ਵਿੱਚ ਦਿਨੋ-ਦਿਨ ਅਨਪੜ੍ਹਤਾ ਵਧ ਰਹੀ ਹੈ, ਬੇਰੁਜ਼ਗਾਰੀ ਵਿੱਚ ...”
(20 ਜਨਵਰੀ 2025)
ਅਜ਼ਾਦੀ ਤੋਂ ਪੌਣੀ ਸਦੀ ਬਾਅਦ ਵੀ ਇੰਜ ਲਗਦਾ ਹੈ ਕਿ ਜਿਵੇਂ ਸਾਡੀ ਸੋਚ ਨੇ ਸਮੇਂ ਦੀ ਹਾਣੀ ਬਣਨ ਦਾ ਕਤਈ ਉਪਰਾਲਾ ਨਾ ਕੀਤਾ ਹੋਵੇ। ਹਰ ਪਾਰਟੀ ਨੇ ਆਪੋ-ਆਪਣੀ ਪਾਰਟੀ ਵਿੱਚ ਅਜਿਹੇ ਸੈੱਲ ਬਣਾਏ ਜਾਂ ਗਠਿਤ ਕੀਤੇ ਹੋਏ ਹਨ, ਜਿਹੜੇ ਸਮੇਂ-ਸਮੇਂ ਆਪੋ-ਆਪਣੀਆਂ ਪਾਰਟੀਆਂ ਦੇ ਬਿਆਨਾਂ ਨੂੰ ਲੋੜ ਪੈਣ ’ਤੇ ਸਪਸ਼ਟ ਕਰਦੇ ਰਹਿੰਦੇ ਹਨ। ਇਵੇਂ ਹੀ ਲੋੜ ਪੈਣ ’ਤੇ ਬਾਕੀ ਪਾਰਟੀਆਂ ਦੇ ਬਿਆਨਾਂ ’ਤੇ ਲੋੜ ਪੈਣ ’ਤੇ ਸਪਸ਼ਟਤਾ ਮੰਗਦੇ ਰਹਿੰਦੇ ਹਨ ਤਾਂ ਕਿ ਸੰਬੰਧਤ ਪਾਰਟੀ ਦਾ ਉੱਤਰ ਜਨਤਾ ਵਿੱਚ ਕਿਸੇ ਕਿਸਮ ਦਾ ਘਚੋਲਾ ਨਾ ਪਾਵੇ। ਪਰ ਕਈ ਵਾਰ ਪਬਲਿਕ ਵਿੱਚ ਆਪਣੇ ਨੰਬਰ ਬਣਾਉਣ ਦੀ ਖਾਤਰ ਅਜਿਹੇ ਅਸੂਲਾਂ ਨੂੰ ਛਿੱਕੇ ਟੰਗ ਕੇ ਸੰਬੰਧਤ ਖ਼ਬਰ ਬਾਰੇ ਅਜਿਹਾ ਘਚੋਲਾ ਪਾ ਦਿੱਤਾ ਜਾਂਦਾ ਹੈ ਕਿ ਬਾਅਦ ਵਿੱਚ ਵੱਡੀ ਲੀਡਰਸ਼ਿੱਪ ਨੂੰ ਅੱਗੇ ਆਣ ਕੇ ਸਪਸ਼ਟ ਕਰਨਾ ਪੈਂਦਾ ਹੈ, ਅਤੇ ਕਈ ਵਾਰ ਦੁੱਖ ਵੀ ਪ੍ਰਗਟ ਕਰਨਾ ਪੈਂਦਾ ਹੈ, ਜਿਸ ਨਾਲ ਸੰਬੰਧਤ ਪਾਰਟੀ ਦਾ ਕੱਦ ਮਧਰਾ ਵੀ ਹੋ ਜਾਂਦਾ ਹੈ।
ਪਿਛਲੇ ਦਿਨੀਂ ਜਨਤਾ ਨੇ ਸਮੇਤ ਸਾਡੇ ਪਾਠਕਾਂ ਦੇ, ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਸ੍ਰੀ ਭਾਗਵਤ ਦਾ ਬਿਆਨ ਸੁਣਿਆ ਹੋਵੇਗਾ, ਜਿਸ ਵਿੱਚ ਉਨ੍ਹਾਂ ਭਾਰਤ ਦੀ ਅਜ਼ਾਦੀ ਦਾ ਆਗਾਜ਼ ਪਿਛਲੇ ਸਾਲ ਦੇ ਪ੍ਰਾਣ ਪ੍ਰਤਿਸ਼ਟਤਾ ਦਿਨ ਤੋਂ ਮੰਨਿਆ ਹੈ। ਇਸਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਉਸ ਦਿਨ ਤੋਂ ਪਹਿਲਾਂ ਅਸੀਂ ਸਭ ਕੁਝ ਗੁਲਾਮੀ ਵਿੱਚ ਹੀ ਕਰਦੇ ਰਹੇ ਹਾਂ। ਸਿਆਸਤ ’ਤੇ ਨੀਝ ਨਾਲ ਨਜ਼ਰ ਰੱਖਣ ਵਾਲਿਆਂ ਨੂੰ ਇਹ ਵੀ ਯਾਦ ਹੋਵੇਗਾ ਕਿ ਅਜਿਹਾ ਬਚਗਾਨਾ ਬਿਆਨ ਪਹਿਲਾਂ ਵੀ ਬੀ ਜੇ ਪੀ ਦੀ ਨਵੀਂ-ਨਵੀਂ ਬਣੀ ਮੈਂਬਰ ਪਾਰਲੀਮੈਂਟ ਬੀਬੀ ਕੰਗਣਾ ਰਣੌਤ ਨੇ ਇਹ ਕਹਿ ਕੇ ਆਪਣੀ ਅਕਲ ਦਾ ਦੀਵਾਲਾ ਕੱਢਿਆ ਸੀ ਕਿ ਅਸਲ ਵਿੱਚ ਭਾਰਤ ਵੀਹ ਸੌ ਚੌਦਾਂ (2014) ਵਿੱਚ ਹੀ ਅਜ਼ਾਦ ਹੋਇਆ ਸੀ। ਉਸ ਨੇ ਅਜਿਹਾ ਬਿਆਨ ਆਪਣੇ ਗਿਆਨ ਦੀ ਘਾਟ ਕਰਕੇ ਨਹੀਂ ਦਿੱਤਾ ਸੀ, ਸਗੋਂ ਪ੍ਰਧਾਨ ਮੰਤਰੀ ਨੂੰ ਖੁਸ਼ ਕਰਨ ਅਤੇ ਆਪਣੇ ਨੰਬਰ ਬਣਾਉਣ ਵਾਸਤੇ ਦਿੱਤਾ ਸੀ, ਜਿਸ ’ਤੇ ਉਸ ਦੀ ਕਾਫ਼ੀ ਥੂਹ-ਥੂਹ ਹੋਈ ਸੀ। ਇਸ ਕਰਕੇ ਸ੍ਰੀ ਭਾਗਵਤ ਦੇ ਤਾਜ਼ਾ ਬਿਆਨ ਨੇ ਸਮਾਜ ਵਿੱਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਸ੍ਰੀ ਭਾਗਵਤ ਸਾਹਿਬ ਨੂੰ ਸਭ ਕੁਝ ਸਪਸ਼ਟ ਕਰ ਦੇਣਾ ਚਾਹੀਦਾ ਸੀ। ਦਰਅਸਲ ਆਰ ਐੱਸ ਐੱਸ ਅਤੇ ਬੀ ਜੇ ਪੀ ਉਹ ਪਾਰਟੀਆਂ ਹਨ, ਜਿਹੜੀਆਂ ਭਾਰਤ ਦੀ ਅਜ਼ਾਦੀ ਸਮੇਂ ਅਜੇ ਗਰਭ ਵਿੱਚ ਹੀ ਸਨ। ਫਿਰ ਹੋਂਦ ਵਿੱਚ ਆਉਣ ਤੋਂ ਬਾਅਦ ਕਈ ਚਿਰ ਇਨ੍ਹਾਂ ਦੇਸ਼ ਦਾ ਰਾਸ਼ਟਰੀ ਗੀਤ ਅਤੇ ਰਾਸ਼ਟਰੀ ਤਿਰੰਗਾ ਝੰਡਾ ਆਪਣੇ ਦਫਤਰਾਂ ’ਤੇ ਨਾ ਝੁਲਾ ਕੇ ਆਪਣੀ ਨਫ਼ਰਤ ਦਾ ਪੂਰਾ ਸਬੂਤ ਦਿੱਤਾ। ਇਸੇ ਤਰ੍ਹਾਂ ਇਨ੍ਹਾਂ ਭਾਰਤੀ ਸੰਵਿਧਾਨ ਪ੍ਰਤੀ ਆਪਣੀ ਬੇਰੁਖੀ ਦਿਖਾਈ, ਜਿਸਦਾ ਸਬੂਤ ਗ੍ਰਹਿ ਮੰਤਰੀ ਦਾ ਉਹ ਭਾਸ਼ਣ ਹੈ, ਜਿਸ ਵਿੱਚ ਉਨ੍ਹਾਂ ਪੰਜ-ਛੇ ਵਾਰ ਲਗਾਤਾਰ ਅੰਬੇਦਕਰ-ਅੰਬੇਦਕਰ ਕਹਿ ਕੇ ਬੋਲਿਆ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਬਿਨਾਂ ਅਜ਼ਾਦੀ ਦੇ ਮੋਦੀ ਜੀ ਤੋਂ ਪਹਿਲਾਂ ਦੇ ਪ੍ਰਧਾਨ ਮੰਤਰੀ ਰਾਸ਼ਟਰੀ ਝੰਡਾ ਝੁਲਾਉਂਦੇ ਰਹੇ। ਮੋਦੀ ਜੀ ਵੀ ਇਹੋ ਝੰਡਾ ਮੁੱਖ ਮੰਤਰੀ ਸਮੇਂ ਵੀ ਝੁਲਾਉਂਦੇ ਰਹੇ। ਭਾਰਤ ਕਦੋਂ ਅਜ਼ਾਦ ਹੋਇਆ? ਕਿਨ੍ਹਾਂ ਕਰਕੇ ਹੋਇਆ? ਕਿਹੜੇ-ਕਿਹੜੇ ਲੋਕਾਂ ਦੀਆਂ ਕੁਰਬਾਨੀਆਂ ਕਰਕੇ ਹੋਇਆ? ਕਿਹੜੀਆਂ-ਕਿਹੜੀਆਂ ਕੌਮਾਂ ਨੇ ਕਿੰਨੀ-ਕਿੰਨੀ ਗਿਣਤੀ ਵਿੱਚ ਆਪਣੇ ਗੱਲ ਵਿੱਚ ਰੱਸਾ ਪਾ ਕੇ ਸ਼ਹਾਦਤਾਂ ਦਿੱਤੀਆਂ? ਅਗਰ ਇਹ ਸਭ ਤੁਸੀਂ ਨਹੀਂ ਜਾਣਦੇ ਤਾਂ ਸਭ ਦੁਨੀਆ ਜਾਣਦੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਨੂੰ ਅਜ਼ਾਦ ਕਰਾਉਣ ਵਾਸਤੇ ਹੀ ਭਾਰਤੀਆਂ ਨੇ ਕੁਰਬਾਨੀਆਂ ਨਹੀਂ ਦਿੱਤੀਆਂ, ਸਗੋਂ ਸੰਸਾਰ ਦੇ ਹੋਰ ਦੇਸ਼ਾਂ ਦੀ ਅਜ਼ਾਦੀ ਵਿੱਚ ਵੀ ਹਿੱਸਾ ਪਾਇਆ ਹੈ।
ਭਾਗਵਤ ਜੀ, ਤੁਸੀਂ ਆਪਣੇ-ਆਪ ਨੂੰ ਭਾਵੇਂ ਗੈਰ ਸਿਆਸੀ ਸੰਗਠਨ ਐਲਾਨਦੇ ਹੋ, ਪਰ ਚੋਣਾਂ ਸਮੇਂ ਤੁਹਾਡੀਆਂ ਕਰਾਈਆਂ ਹਜ਼ਾਰਾਂ ਮੀਟਿੰਗਾਂ ਦਾ ਜਨਤਾ ਨੂੰ ਪਤਾ ਲੱਗ ਚੁੱਕਾ ਹੈ। ਇਹ ਵੀ ਪਤਾ ਲੱਗ ਚੁੱਕਾ ਹੈ ਕਿ ਕਿਨ੍ਹਾਂ ਵਾਸਤੇ ਤੁਹਾਡਾ ਅਖੌਤੀ ਗੈਰ ਸਿਆਸੀ ਸੰਗਠਨ ਦਿਨ-ਰਾਤ ਕੰਮ ਕਰ ਰਿਹਾ ਹੈ, ਤੁਸੀਂ ਕਿਹੜੇ ਡਿਪਾਰਟਮੈਂਟ ਵਿੱਚ ਘੁਸਪੈਠ ਕੀਤੀ ਹੈ। ਇਸ ਨੂੰ ਜਾਣਨ ਤੋਂ ਬਾਅਦ ਹੀ ਸ੍ਰੀ ਰਾਹੁਲ ਗਾਂਧੀ ਨੇ ਤੁਹਾਡੇ ਸਮੇਤ ਭਾਜਪਾ ਅਤੇ ਤੁਹਾਡੇ ਦੁਆਰਾ ਸਟੇਟ ’ਤੇ ਕੀਤੇ ਕਬਜ਼ੇ ਖ਼ਿਲਾਫ਼ ਲੜਨ ਦੀ ਗੱਲ ਆਖੀ ਹੈ।
ਤੁਸੀਂ ਸਟੇਟ ਅਤੇ ਸਰਕਾਰ ਵਿੱਚ ਫ਼ਰਕ ਨਾ ਸਮਝ ਸਕੇ, ਤੁਸੀਂ ਸਭ ਸੰਬੰਧਤ ਲਾਣਾ ਤਿਲਮਲਾ ਉੱਠੇ ਹੋ। ਆਪਣੇ ਦੇਸ਼ ਵਿੱਚ ਰਹਿ ਕੇ ਦੇਸ਼ ਵਿੱਚ ਹੋ ਰਹੇ ਗਲਤ ਕੰਮਾਂ ਖ਼ਿਲਾਫ਼ ਲੜਾਈ ਦੇਣਾ ਅਤੇ ਦੇਸ਼ ਨੂੰ ਉਨ੍ਹਾਂ ਕੁਰੀਤੀਆਂ ਤੋਂ ਅਜ਼ਾਦ ਕਰਾਉਣਾ ਦੇਸ਼ ਧ੍ਰੋਹੀ ਨਹੀਂ ਹੁੰਦਾ ਬਲਕਿ ਦੇਸ਼-ਪ੍ਰੇਮ ਹੁੰਦਾ ਹੈ। ਉਂਜ ਵੀ ਭਾਗਵਤ ਜੀ, ਆਪਣੇ ਪਿਓ ਅਤੇ ਆਪਣੀ ਦਾਦੀ ਨੂੰ ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਹੁੰਦੇ ਦੇਖਣਾ ਦੇਸ਼ ਧ੍ਰੋਹੀ ਕਿਵੇਂ ਹੋ ਸਕਦਾ ਹੈ? ਗੈਰ ਸਿਆਸੀ ਸੰਗਠਨ ਗੈਰ ਸਿਆਸੀ ਸੰਗਠਨ ਹੀ ਰਹਿਣਾ ਚਾਹੀਦਾ ਹੈ। ਇੱਕ ਸੈਕੂਲਰ ਸਟੇਟ ਵਿੱਚ ਹਜ਼ਾਰਾਂ ਕਰੋੜ ਇੱਕ ਧਰਮ ਨੂੰ ਚਮਕਾਉਣ ਦੀ ਖਾਤਰ ਲਾਉਣਾ ਕਿਸ ਸਿਆਣਪ ਦੀ ਗੱਲ ਹੈ? ਜਦੋਂ ਪ੍ਰਧਾਨ ਮੰਤਰੀ ਜੀ ਦੇ ਆਪਣੇ ਸ਼ਬਦਾਂ ਮੁਤਾਬਕ ਉਹ ਪੰਚਾਸੀ ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਮੁਹਈਆ ਕਰਵਾ ਰਹੇ ਹਨ, ਇਹ ਕਿੱਧਰ ਦੀ ਬਹਾਦਰੀ ਹੈ? ਜਦੋਂ ਦੇਸ਼ ਵਿੱਚ ਦਿਨੋ-ਦਿਨ ਅਨਪੜ੍ਹਤਾ ਵਧ ਰਹੀ ਹੈ, ਬੇਰੁਜ਼ਗਾਰੀ ਵਿੱਚ ਵਾਧਾ ਹੋ ਰਿਹਾ ਹੈ, ਦੇਸ਼ ਦੀ ਨੌਜਵਾਨੀ ਬਾਹਰਲੇ ਦੇਸ਼ਾਂ ਵੱਲ ਮੂੰਹ ਕਰ ਚੁੱਕੀ ਹੈ, ਪੇਪਰਾਂ ਵਿੱਚ ਆਉਣ ਵਾਲੇ ਸਵਾਲ ਇਮਤਿਹਾਨ ਹੋਣ ਤੋਂ ਪਹਿਲਾਂ ਲੀਕ ਹੋ ਰਹੇ ਹਨ। ਪੇਪਰ ਦੁਬਾਰਾ ਕਰਾਏ ਜਾਣ, ਇਸ ਸਵਾਲ ’ਤੇ ਸੰਬੰਧਤ ਸਰਕਾਰਾਂ ਟੱਸ ਤੋਂ ਮੱਸ ਨਹੀਂ ਹੋ ਰਹੀਆਂ। ਦੇਸ਼ ਦਾ ਲਗਭਗ ਸਮੁੱਚਾ ਕਿਸਾਨ ਆਪਣੇ ਬਣਦੇ ਹੱਕ ਲੈਣ ਲਈ ਭੁੱਖ ਹੜਤਾਲਾਂ ਸਮੇਤ, ਠੰਢ ਦੇ ਦਿਨਾਂ ਵਿੱਚ ਅਕਾਸ਼ ਦੇ ਥੱਲੇ ਸੜਕਾਂ ’ਤੇ ਬੈਠ ਅਤੇ ਸੌਂ ਕੇ ਦਿਨ ਕਟੀ ਕਰ ਰਿਹਾ ਹੈ। ਦੇਸ਼ ਦੇ ਸਮੁੱਚੇ ਹਾਕਮ ਘੁਰਾੜੇ ਮਾਰ ਕੇ ਸੌਂ ਰਹੇ ਹਨ। ਅਸੀਂ ਮੌਕੇ ਦੀ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਾਂਗੇ ਕਿ ਤੁਸੀਂ ਕਿਸਾਨ ਦਾ ਸਬਰ ਚੈੱਕ ਨਾ ਕਰੋ। ਰਹਿੰਦੇ ਸਮੇਂ ਵਿੱਚ ਤੁਹਾਨੂੰ ਘੱਟੋ-ਘੱਟ ਉਹ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਆਪਣੀ ਭਗਤੀ ਵਿੱਚ ਕਮੀ ਕਹਿ ਕੇ ਸਵੀਕਾਰ ਕਰ ਚੁੱਕੇ ਹੋ। ਮੋਦੀ ਜੀ, ਇਹ ਉਹੀ ਕਿਸਾਨ ਹਨ, ਜੋ ਸਮੁੱਚੇ ਭਾਰਤ ਦਾ ਢਿੱਡ ਭਰਦੇ ਹਨ ਅਤੇ ਅਨਾਜ ਮੁਹਈਆ ਕਰਾਉਂਦੇ ਹਨ ਤਾਂ ਕਿ ਤੁਸੀਂ ਅਮਨ-ਅਮਾਨ ਨਾਲ ਆਪਣੇ ਘਰਾਂ ਬੈਠ ਕੇ ਖਾ ਸਕੋ। ਦੇਸ਼ ਦੇ ਜਵਾਨ ਅੱਤ ਦੀ ਸਰਦੀ ਅਤੇ ਅੱਤ ਦੀ ਗਰਮੀ ਵਿੱਚ ਸਰਹੱਦਾਂ ’ਤੇ ਆਪਣੀ ਜਾਨ ਤਲੀ ’ਤੇ ਰੱਖ ਕੇ ਦਿਨ-ਰਾਤ ਪਹਿਰਾ ਦਿੰਦੇ ਹਨ। ਅਖੀਰ ਵਿੱਚ ਸਾਡੀ ਸਭ ਧਿਰਾਂ ਨੂੰ ਅਪੀਲ ਹੈ ਕਿ ਜੋ ਬਿਆਨ ਸਾਫ਼ ਨਾ ਹੋਵੇ, ਉਸ ਬਾਰੇ ਬੋਲਣ ਤੋਂ ਪਹਿਲਾਂ ਸਪਸ਼ਟੀਕਰਨ ਲਵੋ ਅਤੇ ਦਿਓ, ਫਿਰ ਦਲੀਲਪੂਰਵਕ ਬੋਲੋ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)