“ਅਜਿਹਾ ਮਾਹੌਲ ਬਣਾਉਣ ਲਈ ਭਾਜਪਾ ਦੀਆਂ ਸਭ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ...”
(22 ਮਾਰਚ 2025)
ਕਰੋੜਾਂ ਦੇਵੀ-ਦੇਵਤਿਆਂ ਅਤੇ ਭਾਰਤ ਦੇ ਸਭ ਤਰ੍ਹਾਂ ਦੇ ਹਿੰਦੂਆਂ ਅਤੇ ਹਿੰਦੂ ਰਾਜਿਆਂ ਦੇ ਹੁੰਦਿਆਂ ਭਾਰਤ ਮਾਤਾ ਕੋਈ ਡੇਢ ਸਦੀ ਦੇ ਲਗਭਗ ਗੁਲਾਮ ਰਹੀ। ਗੁਲਾਮੀ ਵੀ ਆਪਣੀ ਕਿਸਮ ਦੀ ਸੀ, ਜਿਸ ਵਿੱਚ ਭਾਰਤ ਮਾਤਾ ਆਪਣੇ ਆਪ ਨੂੰ ਜ਼ੰਜੀਰਾਂ ਵਿੱਚ ਜਕੜੀ ਹੋਈ ਮਹਿਸੂਸ ਕਰਦੀ ਸੀ। ਅਜਿਹੀਆਂ ਜ਼ੰਜੀਰਾਂ ਨੂੰ ਤੋੜਨ ਲਈ ਵੱਖ-ਵੱਖ ਸਮੇਂ ਵੱਖ-ਵੱਖ ਕੌਮਾਂ ਅਤੇ ਵੱਖ-ਵੱਖ ਯੋਧਿਆਂ ਨੇ ਆਪਣੀਆਂ ਕੁਰਬਾਨੀਆਂ ਬਿਨਾਂ ਕਿਸੇ ਝਿਜਕ ਦੇਣੀਆਂ ਸ਼ੁਰੂ ਰੱਖੀਆਂ, ਭਲਾ ਕਦੋਂ ਤਕ? ਜਦੋਂ ਤਕ ਸਭ ਰਲ ਕੇ ਭਾਰਤ ਮਾਤਾ ਦੀਆਂ ਜ਼ੰਜੀਰਾਂ ਤੋੜ ਨਹੀਂ ਸਕੇ। ਅਖੀਰ ਸਭ ਦੀਆਂ ਕੁਰਬਾਨੀਆਂ ਅਤੇ ਸੰਘਰਸ਼ਾਂ ਕਰਕੇ ਮੌਕੇ ਦੇ ਹਾਕਮ ਨੂੰ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਨੂੰ ਆਪਣੇ ਹੱਥ ਖੜ੍ਹੇ ਕਰਨੇ ਪਏ। ਆਪਣੀ ਚਤਰਾਈ ਨਾਲ ਉਹ ਭਾਰਤ ਨੂੰ ਦੋ ਖਿੱਤਿਆਂ ਵਿੱਚ ਵੰਡ ਆਪ ਲਾਂਭੇ ਹੋ ਗਿਆ। ਭਾਰਤ ਮਾਤਾ ਨੂੰ ਅਜ਼ਾਦ ਕਰਾਉਣ ਲਈ ਸਮੇਤ ਸਭ ਕਾਂਗਰਸੀਆਂ, ਮੁਸਲਮਾਨਾਂ, ਸਿੱਖਾਂ ਅਤੇ ਈਸਾਈਆਂ ਆਪੋ-ਆਪਣੇ ਵਿੱਤ ਮੁਤਾਬਕ ਹਿੱਸਾ ਪਾਇਆ। ਘੱਟ-ਗਿਣਤੀ ਸਿੱਖਾਂ ਅਤੇ ਮੁਸਲਮਾਨਾਂ ਨੇ ਆਪਣੇ ਵਿਤ ਤੋਂ ਵਧ-ਚੜ੍ਹ ਕੇ ਹਿੱਸਾ ਪਾਇਆ। ਫਾਂਸੀ ਤੋਂ ਲੈ ਕੇ ਉਮਰ ਕੈਦਾਂ ਖੁਸ਼ੀ-ਖੁਸ਼ੀ ਕੱਟੀਆਂ।
ਅਜਿਹੀ ਗਾਥਾ ਤੋਂ ਅਭਾਗੀ ਪਾਰਟੀ ਵੀ ਹੈ ਇੱਕ, ਜੋ ਉਦੋਂ ਤਕ ਜਨਮ ਨਹੀਂ ਲੈ ਸਕੀ ਸੀ, ਜੋ ਅੱਜਕੱਲ ਸੱਤਾ ਵਿੱਚ ਹੋਣ ਕਰਕੇ ਆਪਣਾ ਪਛੜੇਵਾ ਕੱਢਣ ਖਾਤਰ ਤਰ੍ਹਾਂ-ਤਰ੍ਹਾਂ ਦੇ ਪ੍ਰਯੋਗ ਕਰਨ ਦੇ ਡਰਾਮੇ ਰਚਾ ਰਹੀ ਹੈ। ਆਪਣੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿੱਦਿਆ ਦਾ ਬਜਟ ਘੱਟ ਕਰਕੇ ਆਪਣੇ ਅੰਧ-ਭਗਤ ਗੋਦੀ ਮੀਡੀਏ ਰਾਹੀਂ ਤਿਆਰ ਕਰ ਲਏ ਹਨ, ਜੋ ਇੱਕ ਫੌਜ ਦੀ ਤਰ੍ਹਾਂ ਤਿਆਰ-ਬਰ-ਤਿਆਰ ਰਹਿੰਦੇ ਹਨ। ਇਹ ਭਗਤ ਦਿਨ ਨੂੰ ਰਾਤ ਅਤੇ ਰਾਤ ਨੂੰ ਦਿਨ ਆਖਣ ਤਕ ਵਚਨਬੱਧ ਹਨ। ਇਹ ਖਾਲੀ ਥਾਲੀਆਂ ਅਤੇ ਚਮਚਿਆਂ ਦੀ ਸਹਾਇਤਾ ਨਾਲ ਅਜਿਹੀ ਤਾੜੀ ਵਜਾਉਂਦੇ ਹਨ, ਜਿਸ ਨੂੰ ਦੇਖ-ਸੁਣਕੇ ਕਰੋਨਾ ਵਰਗੀ ਮਹਾਂਮਾਰੀ ਅਲੋਪ ਹੋ ਜਾਂਦੀ ਹੈ, ਜਿਸਦੀ ਮਸਤੀ ਸਦਕਾ ਮਹਿੰਗਾਈ ਨਾ ਦਿਸਦੀ ਹੈ ਅਤੇ ਨਾ ਹੀ ਮਹਿਸੂਸ ਹੁੰਦੀ ਹੈ। ਜੇ ਕਿਤੇ ਮਹਿੰਗਾਈ ਦੀ ਗੱਲ ਛੇੜਨ ਤਾਂ ਉਨ੍ਹਾਂ ਨੂੰ ਪਾਕਿਸਤਾਨ ਵੱਲ ਝਾਤੀ ਮਰਵਾ ਕੇ ਸਮਝਾਇਆ ਜਾਂਦਾ ਹੈ, “ਔਹ ਦੇਖ, ਦੁਸ਼ਮਣ ਕਿਵੇਂ ਡਰਿਆ ਹੋਇਆ ਹੈ, ਤੁਸੀਂ ਮਹਿੰਗਾਈ ਦੀ ਗੱਲ ਛੇੜ ਕੇ ਵਿਰੋਧੀਆਂ ਦੇ ਇਸ਼ਾਰੇ ’ਤੇ ਨੱਚਣਾ ਚਾਹੁੰਦੇ ਹੋ। ਮਹਿੰਗਾਈ ਤਾਂ ਇੱਕ ਦਿਨ ਖ਼ਤਮ ਹੋ ਜਾਣੀ ਹੈ, ਤਦ ਤਕ ਸਨਾਤਨ-ਸਨਾਤਨ ਅਤੇ ਹਿੰਦੂ-ਹਿੰਦੂ ਦਾ ਜਾਪ ਕਰੋ। ਡਰਨ ਦੀ ਕੋਈ ਲੋੜ ਨਹੀਂ ਜੋ ‘ਹਿੰਦੂ-ਹਿੰਦੂ’ ਨਹੀਂ ਕਰਦੇ, ਉਨ੍ਹਾਂ ਦੀਆਂ ਔਲਾਦਾਂ ਸਰਹੱਦਾਂ ’ਤੇ ਅਸੀਂ ਤਾਇਨਾਤ ਕੀਤੀਆਂ ਹੋਈਆਂ ਹਨ। ਸਮੁੱਚੇ ਭਾਰਤ ਦੀ ਤਰੱਕੀ ਲਗਭਗ ਮੁਸਲਮਾਨਾਂ ਦੀਆਂ ਹਰਕਤਾਂ ਕਰਕੇ ਰੁਕੀ ਹੋਈ ਹੈ। ਇਨ੍ਹਾਂ ਨੂੰ ਇੱਕ ਛਾਣਨਾ ਉੱਨੀ ਸੌ ਸੰਤਾਲੀ ਵਿੱਚ ਲਾ ਦਿੱਤਾ ਸੀ। ਇੱਕ ਛਾਣਨਾ ਹੋਰ ਲਾਉਣਾ ਹੈ। ਜੋ ਪਾਕਿਸਤਾਨ ਜਾਣਾ ਚਾਹੁੰਦਾ ਹੈ, ਉਹ ਜਲਦੀ ਜਾਵੇ।
“ਅਸੀਂ ਤਾਂ ਦਿਨ-ਰਾਤ ਅਜਿਹੀ ਹਾਲਤ ਵਿੱਚ ਸੋਚਵਾਨ ਰਹਿੰਦੇ ਹਾਂ ਕਿ ਮੁਸਲਮਾਨ ਫਸਾਦੀਆਂ ਕੋਲੋਂ ਕਦੋਂ ਅਤੇ ਕਿਵੇਂ ਛੇਤੀ ਛੁਟਕਾਰਾ ਪਾਇਆ ਜਾਵੇ। ਜਿਵੇਂ ਜਿਉਂ ਹੀ ਸਾਨੂੰ ਪਤਾ ਲੱਗਾ ਔਰੰਗਜ਼ੇਬ ਨੇ ਆਪਣੇ ਰਾਜ-ਭਾਗ ਦੌਰਾਨ ਕਿੰਨਾ ਜ਼ੁਲਮ ਹਿੰਦੂ, ਸਿੱਖਾਂ ’ਤੇ ਢਾਹਿਆ, ਉਸਦੇ ਜ਼ੁਲਮਾਂ ਦਾ ਬਦਲਾ ਲੈਣ ਲਈ ਅਸੀਂ ਹਰ ਜਗਾ ਆਪਣੇ ਗੋਦੀ ਮੀਡੀਏ ਦੇ ਪ੍ਰਚਾਰ ਰਾਹੀਂ ਆਪਣੇ ਅੰਧ-ਭਗਤਾਂ ਨੂੰ ਆਪਣੀ ਤਰ੍ਹਾਂ ਦੀ ਨਫ਼ਰਤ ਕਰਨ ਅਤੇ ਫੈਲਾਉਣ ਲਈ ਤਿਆਰ ਕਰ ਰਹੇ ਹਾਂ। ਅਸੀਂ ਇਸ ਏਜੰਡੇ ਨੂੰ ਅੱਗੇ ਵਧਾਉਣ ਅਤੇ ਤੇਜ਼ ਕਰਨ ਲਈ ਇੱਕ ਅਤੇ ਅਨੋਖਾ ਪ੍ਰੋਗਰਾਮ ਤਿਆਰ ਕੀਤਾ ਹੈ। ਅਸੀਂ ਆਪਣੇ ਸਭ ਅੰਧ-ਭਗਤਾਂ ਨੂੰ ਨਾਲ ਲੈ ਕੇ ਉਸ ਜ਼ਾਲਮ ਦੀ ਇੱਕ ਦਿਨ ਕਬਰ ਪੁੱਟ ਕੇ, ਉਖਾੜ ਕੇ ਸੱਤ-ਸਮੰਦਰੋਂ ਪਾਰ ਅਜਿਹੀ ਬੁਰੀ ਤਰ੍ਹਾਂ ਸੁੱਟਾਂਗੇ ਕਿ ਇਨ੍ਹਾਂ ਦੀਆਂ ਆਉਣ ਵਾਲੀਆਂ ਨਸਲਾਂ ਵੀ ਕੀ ਯਾਦ ਰੱਖਣਗੀਆਂ। ...”
ਅਜਿਹਾ ਮਾਹੌਲ ਬਣਾਉਣ ਲਈ ਭਾਜਪਾ ਦੀਆਂ ਸਭ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਸਿਰ ਪਰਨੇ ਹੋਈ ਪਈ ਹੈ। ਭਾਜਪਾ ਸਮੇਤ ਅੰਧ-ਭਗਤ ਲਾਣਾ ਸਭ ਜਾਣਦਾ ਹੈ ਕਿ ਅਜਿਹੇ ਐਕਸ਼ਨ ਕਰਨ ਵੇਲੇ ਇੱਕ ਤਾਂ ਸਰਕਾਰੀ ਕਵਚ ਉਨ੍ਹਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ’ਤੇ ਮਿਲਿਆ ਹੀ ਰਹੇਗਾ, ਦੂਜੀ ਘੱਟ-ਗਿਣਤੀ ਰਹਿ ਰਹੀ ਮੁਸਲਿਮ ਅਬਾਦੀ ਭਾਰਤ ਵਿੱਚ ਡਰੀ-ਡਰੀ ਰਹੇਗੀ। ਘੱਟੋ-ਘੱਟ ਹਿੰਦੂਆਂ ਦੇ ਦੰਦ ਤਾਂ ਤਿੱਖੇ ਹੋਣਗੇ। ਵੱਖ-ਵੱਖ ਸੂਬਿਆਂ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਸਿਹਤ ਸੰਬੰਧੀ ਜੋ ਧਰਨੇ, ਜਲੂਸ ਹੋ ਰਹੇ ਹਨ, ਗੋਦੀ ਮੀਡੀਆ ਉਨ੍ਹਾਂ ਵੱਲ ਧਿਆਨ ਘੱਟ ਦੇ ਕੇ ਅਸਲ ਮੁੱਦਿਆਂ ਨੂੰ ਪਿੱਛੇ ਸੁੱਟੇਗਾ ਅਤੇ ਔਰੰਗਜ਼ੇਬ ਦੀ ਕਬਰ ਪੁੱਟਣ ਦਾ ਜ਼ਿਆਦਾ ਤੋਂ ਜ਼ਿਆਦਾ ਰੌਲਾ ਪਾ ਕੇ ਅਜਿਹੇ ਨਕਾਰਾਤਮਕ ਮੁੱਦਿਆਂ ਨੂੰ ਉਛਾਲੇਗਾ। ਇਸ ਕਰਕੇ ਸਮੁੱਚੇ ਭਾਰਤੀਆਂ ਨੂੰ ਸਮਝਣਾ ਪਵੇਗਾ ਕਿ ਇਹ ਉਦੋਂ ਤਕ ਸ਼ਰੇਆਮ ਹੁੰਦਾ ਰਹੇਗਾ, ਜਦੋਂ ਤਕ ਆਮ ਜਨਤਾ ਵਿੱਚ ਅਜਿਹੀਆਂ ਨਕਾਰਾਤਮਕ ਕਾਰਵਾਈਆਂ ਦੇਖਣ-ਸੁਣਨ ਅਤੇ ਸਹਿਣ ਦੀ ਆਦਤ ਬਣੀ ਰਹੇਗੀ। ਅਗਰ ਤੁਸੀਂ-ਅਸੀਂ ਸਭ ਚਾਹੁੰਦੇ ਹਾਂ ਕਿ ਅਜਿਹਾ ਸਭ ਬੰਦ ਹੋਣਾ ਚਾਹੀਦਾ ਹੈ ਤਾਂ ਸਾਨੂੰ ਵੀ ਉਨ੍ਹਾਂ ਸ਼ਕਤੀਆਂ ਦਾ ਹਰ ਤਰ੍ਹਾਂ ਸਾਥ ਦੇਣਾ ਚਾਹੀਦਾ ਹੈ, ਜਿਹੜੀਆਂ ਅਜਿਹੇ ਮਸਲਿਆਂ ਖ਼ਿਲਾਫ਼ ਆਪਣੇ ਵਿਤ ਮੁਤਾਬਕ ਆਵਾਜ਼ ਉਠਾ ਰਹੀਆਂ ਹਨ। ਅਸੀਂ ਲਿਖ ਕੇ, ਬੋਲ ਕੇ ਅਜਿਹੀ ਆਵਾਜ਼ ਨਾਲ ਰਲ਼ ਕੇ, ਮਾਲੀ ਸਹਾਇਤਾ ਕਰਕੇ ਜਾਂ ਹੋਰ ਤਰੀਕਿਆਂ ਨਾਲ ਦੇਸ਼ ਨੂੰ ਵੰਡਣ ਵਾਲਿਆਂ ਖ਼ਿਲਾਫ਼ ਇਕੱਠੇ ਹੋ ਕੇ ਅਜਿਹੀ ਨਫ਼ਰਤ ਦੀ ਚੱਲ ਰਹੀ ਹਨੇਰੀ ਨੂੰ ਠੱਲ੍ਹ ਪਾ ਸਕਦੇ ਹਾਂ। ਅੰਧ-ਭਗਤ ਭੁਲੇਖੇ ਵਿੱਚ ਹਨ ਕਿ ਅਜਿਹੀਆਂ ਕਾਰਵਾਈਆਂ ਦੇਸ਼ ਹਿਤ ਵਿੱਚ ਹਨ। ਦਰਅਸਲ ਹਿੰਦੂ, ਸਿੱਖ, ਈਸਾਈ, ਮੁਸਲਮਾਨ ਏਕਾ ਹੀ ਦੇਸ਼ ਨੂੰ ਦਰਪੇਸ਼ ਮੁਸ਼ਕਲਾਂ ਤੋਂ ਛੁਟਕਾਰਾ ਦੁਆ ਸਕਦਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (