“ਲੱਡੂਆਂ ਵਿੱਚ ਮਿਲਾਵਟ ਦੀ ਗੱਲ ਕਰੀਏ ਤਾਂ ਅੰਧ-ਭਗਤਾਂ ਅਤੇ ਅਖੌਤੀ ਸਨਾਤਨੀਆਂ ਮੁਤਾਬਕ ਇਨ੍ਹਾਂ ਭਗਵਾਨ ਦੇ ਲੱਡੂਆਂ ...”
(1 ਅਕਤੂਬਰ 2024)
ਡਾਰਵਿਨ ਮੁਤਾਬਕ ਜਦੋਂ ਮਨੁੱਖ ਵੱਖ-ਵੱਖ ਸਟੇਜਾਂ ਵਿੱਚੋਂ ਲੰਘਦਾ ਹੋਇਆ ਜੰਗਲੀ ਜੂਲਾ ਲਾਹ ਕੇ ਸੱਭਿਆ ਯੁਗ ਵਿੱਚ ਪਹੁੰਚਣ ਤੋਂ ਬਾਅਦ ਹੌਲੇ-ਹੌਲੇ ਅੱਜ ਤਕ ਦੇ ਯੁਗ ਦੇ ਸ਼ੁਰੂਆਤ ਵਿੱਚ ਪ੍ਰਵੇਸ਼ ਹੋਇਆ ਹੋਵੇਗਾ ਤਾਂ ਸੱਭਿਆ ਹੋਣ ’ਤੇ ਜੋ ਉਸ ਨੇ ਪਹਿਲੀਆਂ ਮਿਠਾਈਆਂ ਦਾ ਨਿਰਮਾਣ ਕੀਤਾ ਹੋਵੇਗਾ ਤਾਂ ਜ਼ਰੂਰੀ ਹੈ ਕਿ ਉਨ੍ਹਾਂ ਵਿੱਚੋਂ ਜ਼ਿਆਦਾ ਨਾਮਣਾ ਖੱਟਣ ਵਾਲੀ ਮਠਿਆਈ ਵਿੱਚੋਂ ਲੱਡੂ ਵੀ ਇੱਕ ਹੋਵੇਗਾ। ਅਸੀਂ ਵੀ ਉਮਰ ਦੇ ਦੋ ਜੁੜਵੇਂ ਸੱਤੇ ਲਗਭਗ ਪੂਰੇ ਕਰਨ ਵਾਲੇ ਹਾਂ। ਅਸੀਂ ਆਪਣੀ ਉਮਰ ਦੇ ਸ਼ੁਰੂ ਵਿੱਚ ਉਹ ਲੱਡੂ ਵੀ ਮਹੀਨਿਆਂ ਬੱਧੀ ਸਵੇਰ ਨੂੰ ਖਾਂਦੇ ਰਹੇ, ਜੋ ਵੱਟਿਆਂ ਵਾਂਗ ਸਖ਼ਤ ਲੰਮੇਰੀ ਉਮਰ ਭੋਗਦੇ ਸਨ। ਕਾਰਨ ਸਿਰਫ਼ ਉਨ੍ਹਾਂ ਵਿੱਚ ਸ਼ੁੱਧਤਾ ਹੁੰਦੀ ਸੀ। ਲੱਡੂ ਮਠਿਆਈ ਦੇ ਰੂਪ ਵਿੱਚ ਵੱਖ-ਵੱਖ ਤਿਉਹਾਰਾਂ ਸਮੇਂ ਘਰ ਦੀਆਂ ਮਾਵਾਂ-ਦਾਦੀਆਂ, ਭੈਣਾਂ, ਭਰਜਾਈਆਂ ਵੱਲੋਂ ਰਲ ਕੇ ਤਿਆਰ ਕੀਤੇ ਜਾਂਦੇ ਸਨ।
ਅਗਰ ਲੱਡੂਆਂ ਦੀ ਗੱਲ ਕਰੀਏ ਤਾਂ ਇਹ ਘਰ ਦੇ ਛੋਲਿਆਂ ਨੂੰ ਪੀਸ ਕੇ ਸ਼ੁੱਧ ਵੇਸਣ, ਸ਼ੁੱਧ ਘਿਓ ਅਤੇ ਸ਼ੁੱਧ ਮਿੱਠੇ ਤੋਂ ਰਾੜ੍ਹ ਕੇ ਬਣਾਏ ਜਾਂਦੇ ਸਨ। ਜਿਹੜੇ ਆਪਣੀ ਸ਼ੁੱਧਤਾ ਅਤੇ ਅਨੋਖਾ ਸਵਾਦ ਕਰਕੇ ਜਾਣੇ ਜਾਂਦੇ ਸਨ, ਪਰ ਸਮੇਂ ਦੀ ਤਬਦੀਲੀ ਦੇ ਨਾਲ-ਨਾਲ ਲੱਡੂਆਂ ਦਾ ਕੰਮ ਘਰਾਂ ਵਿੱਚੋਂ ਹਟ ਕੇ ਹਲਵਾਈਆਂ ਦੇ ਹਵਾਲੇ ਹੋ ਗਿਆ। ਇਹ ਅੱਜ ਹਰੇਕ ਹਲਵਾਈ ਦੀ ਦੁਕਾਨ ਦੇ ਸ਼ਿੰਗਾਰ ਬਣੇ ਹੋਏ ਹਨ ਅਤੇ ਕਈ ਰੂਪਾਂ ਵਿੱਚ ਮਿਲ ਰਹੇ ਹਨ। ਛੋਟੇ ਲੱਡੂ, ਵੱਡੇ ਲੱਡੂ, ਬੂੰਦੀ ਵਾਲੇ ਲੱਡੂ ਅਤੇ ਵੇਸਣ ਵਾਲੇ ਲੱਡੂ, ਇੱਥੋਂ ਤਕ ਕਿ ਘਰ ਵਾਲੇ ਲੱਡੂ ਜਾਂ ਵੰਡਣ ਵਾਲੇ ਲੱਡੂ। ਕਈ ਵਾਰ ਇਹ ਚਾਂਦੀ ਦੇ ਵਰਕਾਂ ਵਿੱਚ ਉਪਲਬਧ ਹੁੰਦੇ ਹਨ। ਘਰ ਖਾਣ ਲਈ ਹੋਰ ਹੁੰਦੇ ਹਨ, ਪਰ ਵਿਆਹ-ਸ਼ਾਦੀਆਂ ਲਈ ਹੋਰ ਹੁੰਦੇ ਹਨ। ਇਹ ਕਿੰਨੇ ਸ਼ੁੱਧ ਹੁੰਦੇ ਹਨ, ਇਹ ਬਣਾਉਣ ਵਾਲਿਆਂ ਦੇ ਧਰਮ ’ਤੇ ਨਿਰਭਰ ਕਰਦੇ ਹਨ। ਉਂਜ ਧਰਮ ਦਾ ਅੱਜਕੱਲ ਵਪਾਰੀਕਰਨ ਹੋ ਚੁੱਕਾ ਹੈ। ਆਪਣਾ ਮਾਲ ਵੇਚਣ ਦੀ ਖਾਤਰ (ਸਭ ਨਹੀਂ) ਉਹ ਨਾ ਚਾਹੁੰਦੇ ਹੋਏ ਵੀ ਤਿਲਕ ਤੋਂ ਲੈ ਕੇ ਬੋਦੀ ਰੱਖਦੇ ਹਨ। ਧਰਮੀ ਦਿੱਖ ਲਈ ਉਹ ਹਰ ਤਰ੍ਹਾਂ ਦਾ ਧਰਮੀ ਮੇਕ-ਅੱਪ ਸਵੇਰੇ-ਸਵੇਰੇ ਹੀ ਕਰ ਲੈਂਦੇ ਹਨ। ਇਹ ਸਭ ਇਸ ਕਰਕੇ ਕਰ ਲੈਂਦੇ ਹਨ ਕਿ ਭੋਲੀ-ਭਾਲੀ ਜਨਤਾ ਉਨ੍ਹਾਂ ਦੇ ਪਹਿਰਾਵੇ ਤੋਂ ਲੈ ਕੇ ਬੋਲ-ਬਾਣੀ ਉੱਪਰ ਪੂਰਾ ਭਰੋਸਾ ਕਰੇ ਤਾਂ ਕਿ ਅਜਿਹੇ ਲੋਕ ਵੱਧ ਤੋਂ ਵੱਧ ਆਪਣਾ ਮੁਨਾਫ਼ਾ ਕਾਇਮ ਰੱਖ ਸਕਣ।
ਅਗਰ ਪਾਠਕ ਥੋੜ੍ਹਾ ਜਿਹਾ ਪਿਛੋਕੜ ਵੱਲ ਧਿਆਨ ਮਾਰਨ ਤਾਂ ਉਨ੍ਹਾਂ ਨੂੰ ਝੱਟ ਯਾਦ ਆ ਜਾਵੇਗਾ ਕਿ ਅਖੌਤੀ ਹਿੰਦੂਆਂ ਅਤੇ ਅੰਧ-ਭਗਤਾਂ ਨੇ ਸਨਾਤਨ ਬਾਰੇ ਜਾਂ ਸਨਾਤਨ ਧਰਮ ਬਾਰੇ ਕਿਵੇਂ ਕਿੱਲ-ਕਿੱਲ ਕੇ ਆਪਣੇ ਆਪ ਨੂੰ ਸ਼ੁੱਧ ਸਨਾਤਨੀ ਦੱਸਿਆ ਸੀ। ਬਾਕੀਆਂ ਉੱਤੇ ਸਨਾਤਨ ਵਿਰੋਧੀ ਹੋਣ ਦਾ ਡਟ ਕੇ ਦੋਸ਼ ਲਾਉਂਦੇ ਰਹੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਦੇਸ਼ ਇੱਕ ਬਹੁ-ਧਰਮੀ ਦੇਸ਼ ਹੋਣ ਦੇ ਬਾਵਜੂਦ ਇੱਕ ਹਿੰਦੂ ਬਹੁ-ਧਰਮੀ ਹੈ, ਜਿਹੜੇ ਬਿਨਾਂ ਸ਼ੱਕ ਅੱਜਕੱਲ ਸਰਕਾਰ ਚਲਾਉਣ ਵਿੱਚ ਹਿੱਸੇਦਾਰ ਹਨ। ਅਜਿਹੇ ਲੋਕ ਬਹੁਰੂਪੀਏ ਹੋਣ ਕਰਕੇ ਹਰ ਚੰਗੇ ਤੋਂ ਚੰਗੇ ਅਤੇ ਮਾੜੇ ਤੋਂ ਮਾੜੇ ਕੰਮਕਾਰ ਚਲਾ ਰਹੇ ਹਨ ਜਾਂ ਉਨ੍ਹਾਂ ਦੇ ਹਿੱਸੇਦਾਰ ਬਣੇ ਹੋਏ ਹਨ। ਹੋਰ ਤਾਂ ਹੋਰ, ਅੱਜ ਦੇ ਦਿਨ ਇਹ ਪਵਿੱਤਰ ਹਿੰਦੂ ਦੁਨੀਆ ਭਰ ਵਿੱਚ ਮੀਟ (ਮਾਸ) ਵੇਚਣ ਵਿੱਚ ਤੀਜੇ ਨੰਬਰ ’ਤੇ ਆਉਂਦੇ ਹਨ। ਅਜਿਹੇ ਠੇਕੇਦਾਰ ਸ਼ੁੱਧ ਹਿੰਦੂ ਹਨ। ਇਨ੍ਹਾਂ ਹਿੰਦੂਆਂ ਵਿੱਚ ਉਹ ਬ੍ਰਾਹਮਣ ਵੀ ਸ਼ਾਮਲ ਹੈ, ਜਿਹੜਾ ਸਭ ਜਾਤਾਂ ਅਤੇ ਧਰਮਾਂ ਨਾਲੋਂ ਆਪਣੇ-ਆਪ ਨੂੰ ਸ਼ੁੱਧ ਮੰਨਦਾ ਹੈ। ਲਗਭਗ 95 ਪ੍ਰਤੀਸ਼ਤ ਮੰਦਰਾਂ ਵਿੱਚ ਮੁੱਖ ਪੁਜਾਰੀ ਇਹ ਬ੍ਰਾਹਮਣ, ਪੰਡਤ ਹੀ ਹਨ।
ਇਸ ਬੀਤੇ ਹਫ਼ਤੇ ਵਿੱਚ ਜਿੰਨੇ ਇਹ ਪੁਜਾਰੀ, ਭਗਤ ਵੱਡੇ ਤੋਂ ਵੱਡੇ ਨਾਮੀ ਮੰਦਰ ਚਲਾ ਰਹੇ ਹਨ, ਜਿਨ੍ਹਾਂ ਵਿੱਚ ਲੱਖਾਂ ਮਣ ਸ਼ੁੱਧ ਲੱਡੂ ਬਣਨ ਬਾਅਦ ਭਗਤਾਂ ਨੂੰ ਚੜ੍ਹਾਵੇ ਬਦਲੇ ਮੁੱਲ ਪ੍ਰਸ਼ਾਦ ਦਿੱਤਾ ਜਾਂਦਾ ਸੀ, ਜਿਸ ਨੂੰ ਸਭ ਸ਼ਰਧਾਲੂ ਅਥਾਹ ਸ਼ਰਧਾ ਕਰਕੇ ਖਾਂਦੇ ਆ ਰਹੇ ਸਨ, ਜਿਨ੍ਹਾਂ ਦੀ ਆਸਥਾ ’ਤੇ ਇੱਕ ਦਿਨ ਲੱਡੂ ਪ੍ਰਸ਼ਾਦ ਨੇ ਅਜਿਹੀ ਸੱਟ ਮਾਰੀ ਕਿ ਅਖੌਤੀ ਸਨਾਤਨੀਏ ਹੀ ਦਿਨੋਂ-ਦਿਨ ਭਗਵਾਨ ਦੇ ਲੱਡੂ ਨੂੰ ਨਵੇਂ-ਨਵੇਂ ਦੋਸ਼ਾਂ ਨਾਲ ਬਦਨਾਮ ਕਰ ਰਹੇ ਹਨ। ਤੂਫ਼ਾਨ ਦੀ ਤਰ੍ਹਾਂ ਦੂਸ਼ਣਬਾਜ਼ੀ ਹੋ ਰਹੀ ਹੈ। ਲੱਡੂਆਂ ਵਿੱਚ ਮਿਲਾਵਟ ਦੀ ਗੱਲ ਕਰੀਏ ਤਾਂ ਅੰਧ-ਭਗਤਾਂ ਅਤੇ ਅਖੌਤੀ ਸਨਾਤਨੀਆਂ ਮੁਤਾਬਕ ਇਨ੍ਹਾਂ ਭਗਵਾਨ ਦੇ ਲੱਡੂਆਂ ਵਿੱਚ ਸੂਰ ਦੀ ਚਰਬੀ ਤੋਂ ਲੈ ਕੇ ਮੱਛੀ ਦੇ ਤੇਲ ਤਕ, ਬਾਕੀ ਖੇਹ-ਸੁਆਹ ਤੋਂ ਲੈ ਕੇ ਤੰਬਾਕੂ ਤਕ ਲੱਡੂਆਂ ਵਿੱਚ ਮਿਲਾਵਟ ਹੈ। ਦੇਸੀ ਘਿਓ ਦੀ ਜਗਾਹ ਮਾੜੇ ਤੋਂ ਮਾੜੇ ਤੇਲ ਦੀ ਮਿਲਾਵਟ ਹੋਈ ਹੈ। ਕਈਆਂ ਦੀ ਆਸਥਾ ਜ਼ਖ਼ਮੀ ਹੋਈ ਹੈ। ਸ਼ਰਧਾਲੂਆਂ ਦਾ ਬਹੁਤਾ ਹਿੱਸਾ ਘੋਰ ਨਿਰਾਸਤਾ ਵਿੱਚ ਹੈ। ਕਹਿ ਰਹੇ ਹਨ ਕਿ ਅੱਜ ਦੇ ਸਮੇਂ ਕਿਸ ’ਤੇ ਯਕੀਨ ਕੀਤਾ ਜਾਵੇ? ਸਭ ਬੇਈਮਾਨ ਹਨ। ਪਿਛਲੇ ਜਿਹੇ ਜਦੋਂ ਸਿਆਸੀ ਪਾਰਟੀਆਂ ਦੁਆਰਾਂ ਅਮੀਰਾਂ ਅਤੇ ਕੰਪਨੀਆਂ ਤੋਂ ਚੰਦਾ ਲੈਣ ਦੀ ਸਮੁੱਚੀ ਕਹਾਣੀ ਦੇਸ਼ ਸਾਹਮਣੇ ਆਈ ਤਾਂ ਪਤਾ ਲੱਗਾ ਕਿ ਬੀਫ ਕੰਪਨੀਆਂ ਤੋਂ ਚੰਦਾ ਖਾਣ ਅਤੇ ਲੈਣ ਵਾਲੇ ਵੀ ਸ਼ੁੱਧ ਹਿੰਦੂ ਨਿਕਲੇ ਅਤੇ ਹੁੰਦੇ ਵੀ ਹਨ।
ਭਗਵਾਨ-ਭਗਵਾਨ ਕਰਕੇ ਜੋ ਵੱਖ-ਵੱਖ ਮੰਦਰ ਬਣਾ ਕੇ ਸਧਾਰਨ ਅਨਪੜ੍ਹ ਗਰੀਬਾਂ ਦਾ ਸਮੇਂ-ਸਮੇਂ ਸ਼ੋਸ਼ਣ ਕੀਤਾ ਜਾਂਦਾ ਹੈ, ਅਜਿਹੇ ਅਖੌਤੀ ਭਗਵਾਨਾਂ ਬਾਰੇ ਸਰਦਾਰ ਭਗਤ ਸਿੰਘ, ਜੋ ਆਪਣੀ ਉਮਰ ਦੇ ਸਾਢੇ ਤੇਈ ਸਾਲ ਪੂਰੇ ਕਰਨ ਤੋਂ ਚਾਰ ਦਿਨ ਪਹਿਲਾਂ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਝੂਲ ਗਿਆ ਸੀ, ਨੇ ਆਪਣੀ ਛੋਟੀ ਉਮਰੇ ਗਿਆਨ ਸਦਕਾ ਕਿਹਾ, “ਇਕ ਵਿਚਾਰ ਹੈ, ਇੱਕ ਕਲਪਨਾ ਹੈ, ਇੱਕ ਅਨੁਮਾਨ ਹੈ, ਇੱਕ ਪਰਿਕਲਪਨਾ ਹੈ, ਪਰ ਵਾਸਵਿਕਤਾ ਨਹੀਂ ਹੈ।”
ਪ੍ਰਧਾਨ ਮੰਤਰੀ ਜੀ ਦੇ ਲੰਗੋਟੀਏ ਯਾਰ, ਜਿਹੜੇ ਵਿਓਪਾਰੀ ਹਨ, ਜਨਤਾ ਦਾ ਵਿਸ਼ਵਾਸ ਜਿੱਤ ਕੇ ਸਭ ਸੌਦਾ ਵੇਚ ਰਹੇ ਹਨ। ਪਤੰਜਲੀ ਗਊ ਦੇ ਘਿਓ ਦਾ ਸੈਂਪਲ ਵੀ ਫੇਲ ਨਿਕਲਦਾ ਹੈ, ਜਿਹੜਾ ਕਈ ਵਾਰ ਸਿਖਰਲੀ ਅਦਾਲਤ ਦੇ ਕਹਿਣ ’ਤੇ ਵੀ ਜੁਰਮਾਨਾ ਭਰ ਚੁੱਕਾ ਹੈ, ਜਿਸਦੀ ਦਵਾਈ ਹਰ ਬਿਮਾਰੀ ਦੀ ਗਰੰਟੀ ਕਰਦੀ ਹੈ, ਪਰ ਆਪ ਆਪਣੇ ਗੋਡੇ ਦਾ ਅਪਰੇਸ਼ਨ ਕਰਾਉਣ ਲਈ ਆਪਣੇ ਨਾਨਕੀਂ ਅਮਰੀਕਾ ਭੱਜ ਜਾਂਦਾ ਹੈ।
ਲਿਖਦੇ-ਲਿਖਦੇ ਵਿਸ਼ਵ ਗੁਰੂ ਦੀ ਖ਼ਬਰ ਆ ਰਹੀ ਹੈ ਕਿ ਜਿੱਥੋਂ ਤਕ ਜੀਵਨ ਨਾਲ ਸੰਬੰਧਤ ਦਵਾਈਆਂ ਦੀ ਕਹਾਣੀ ਹੈ, ਉਸ ਬਾਰੇ ਇੱਕ ਰਿਪੋਰਟ ਮੁਤਾਬਕ ਸਣੇ ਪੈਰਾਸਿਟਾਮੋਲ ਦਵਾਈ ਦੇ ਕੁੱਲ ਪੈਂਤੀ ਦਵਾਈਆਂ ਦਾ ਸੈਂਪਲ ਫੇਲ ਹੋ ਗਿਆ ਹੈ। ਜਿਹੜਾ ਦੇਸ਼ ਵਿਸ਼ਵ ਦੀ ਪੰਜਵੀਂ ਸ਼ਕਤੀ ਬਣ ਰਿਹਾ ਹੈ, ਇਹ ਅਜਿਹਾ ਹਾਲ ਉਸ ਦੇਸ਼ ਦਾ ਹੈ। ਅਜਿਹੇ ਵਿੱਚ ਪ੍ਰਸ਼ਾਦੀ ਲੱਡੂ ਦੀ ਕੀ ਮਜ਼ਾਲ ਹੈ ਕਿ ਉਸ ਦੇ ਹੰਝੂ ਅਤੇ ਅੰਧ-ਭਗਤਾਂ ਦਾ ਰੌਲ਼ਾ ਅਸਲ ਦੋਸ਼ੀ ਜਨਤਾ ਸਾਹਮਣੇ ਨੰਗੇ ਹੋ ਸਕਣ ਅਤੇ ਸਜ਼ਾ ਦੇ ਭਾਗੀ ਬਣ ਸਕਣ। ਇਹ ਅਲੱਗ ਗੱਲ ਹੈ ਕਿ ਅਖੀਰ ਲੱਡੂ ਦੀ ਕੁਰਬਾਨੀ ਦੁਆ ਕੇ ਇਸਦੀ ਜਗਾ ਕਿਸੇ ਇਲਾਇਚੀ ਨੂੰ ਮਿਲ ਜਾਵੇ। ਕਾਰਨ “ਮੋਦੀ ਹੈ ਤਾਂ ਸਭ ਮੁਮਕਿਨ ਹੈ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5325)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.