“ਸੰਸਾਰ ਦੇ ਚੌਧਰੀ ਜੋ ਅੱਜਕੱਲ੍ਹ ਸੱਤਾ ਵਿੱਚ ਹਨ, ਜੰਗਾਂ ਘਟਾਉਣ ਵਾਲੇ ਘੱਟ, ਜੰਗਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਵੱਧ ...”
(25 ਨਵੰਬਰ 2024)
ਬਹੁਤ ਸਿਆਣੇ ਅਤੇ ਮਹਾਪੁਰਸ਼ ਝੂਠ ਆਖਦੇ ਰਹਿੰਦੇ ਹਨ ਕਿ ਬਿਨਾਂ ਆਤਮਾ ਮਨੁੱਖ ਜਿਊਂਦਾ ਨਹੀਂ ਰਹਿ ਸਕਦਾ। ਇਸ ਕਰਕੇ ਅਸੀਂ ਆਪਣੇ ਪਾਠਕਾਂ ਨੂੰ ਬਿਨਾਂ ਆਤਮਾ ਹੀ ਨਹੀਂ ਬਲਕਿ ਬਿਨਾਂ ਸਿਰ ਉਨ੍ਹਾਂ ਮਹਾਨ ਨੇਤਾਵਾਂ ਦੇ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਪਰ ਸ਼ਰਤ ਇਹ ਰਹੇਗੀ ਕਿ ਪਾਠਕਾਂ ਨੂੰ ਵੀ ਸਮਝਣ ਵਿੱਚ ਆਪ ਮਿਹਨਤ ਕਰਨੀ ਪਵੇਗੀ। ਮੈਂ ਅਜੇ ਗੱਲ ਸ਼ੁਰੂ ਹੀ ਕਰਨ ਵਾਲਾ ਸੀ ਤਾਂ ਕੰਗਣਾ ਰਣੌਤ ਦਾ ਚਿਹਰਾ ਇਕਦਮ ਮੇਰੀਆਂ ਅੱਖਾਂ ਸਾਹਮਣੇ ਘੁੰਮਣ ਲੱਗਾ। ਉਹ ਇਸ ਕਰਕੇ ਕਿ ਕਦੇ ਕੰਗਣਾ ਇੱਕ ਫਿਲਮ ਵਿੱਚ ਝਾਂਸੀ ਦੀ ਰਾਣੀ ਬਣੀ ਸੀ। ਝਾਂਸੀ ਸ਼ਬਦ ਨੇ ਕੁਝ ਦਿਨਾਂ ਤੋਂ ਬੜਾ ਬੇਅਰਾਮ ਕੀਤਾ ਹੋਇਆ ਹੈ। ਹੁਣ ਵੀ ਨਵਜਾਤ ਬੱਚਿਆਂ ਅਤੇ ਬੱਚੀਆਂ ਦੀਆਂ ਉਹ ਚੀਕਾਂ ਸੁਣਾਈ ਦੇ ਰਹੀਆਂ ਹਨ, ਜਿਨ੍ਹਾਂ ਅਜੇ ਆਪਣੇ ਮਾਂ-ਪਿਓ ਦੇ ਪਿਆਰ ਖ਼ਜ਼ਾਨੇ ਮਾਣਨੇ ਸੀ। ਜਿਨ੍ਹਾਂ ਦੇ ਆਖਰੀ ਚੀਕ-ਦਿਹਾੜੇ ਤੋਂ ਇਹ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਹਾਏ ਬੀਬੀ, ਹਾਏ ਮਾਂ, ਹਾਏ ਬਾਬਾ ਜਾਂ ਹਾਏ ਭਾਪਾ ਆਖ ਰਹੇ ਸਨ। ਨਾ ਹੀ ਇਸ ਆਖਰੀ ਸਮੇਂ ਉੱਥੇ ਮੌਜੂਦ ਮਾਂ-ਪਿਓ ਜਾਂ ਹੋਰ ਪਰਿਵਾਰਕ ਮੈਂਬਰ ਆਪਣੇ ਜਿਗਰੀ ਟੁਕੜਿਆਂ ਦੀ ਅਵਾਜ਼ ਪਛਾਣ ਸਕੇ।
ਸੰਬੰਧਤ ਮੰਦਭਾਗਾ ਭਾਣਾ ਬੀਤੇ ਦਿਨੀਂ ਅਚਾਨਕ ਬਿਜਲੀ ਦੇ ਸਪਾਰਕ ਨਾਲ ਵਾਪਰਿਆ, ਜਿਸ ਨੂੰ ‘ਐਕਟ ਆਫ ਗਾਡ’ ਕਹਿ ਸਕਦੇ ਹੋ। ਪਰ ਬਿਜਲੀ ਦੇ ਚੰਗਿਆੜਿਆਂ ਨਾਲ ਲੱਗੀ ਅੱਗ ਤੋਂ ਇਲਾਵਾ ਬਾਕੀ ਸਭ ਕੁਦਰਤੀ ਨਹੀਂ, ਬਲਕਿ ਅਣਗਹਿਲੀ ਹੈ। ਜਾਣਨ ਲਈ ਜ਼ਰਾ ਸੋਚੋ ਜਿਸ ਕਮਰੇ ਵਿੱਚ ਬੱਚਿਆਂ ਨਾਲ ਇਹ ਕਾਂਡ ਵਾਪਰਿਆ, ਉਹ ਕਮਰਾ ਸਿਰਫ਼ 18 ਬੱਚਿਆਂ ਵਾਸਤੇ ਸੀ, ਜਿਸ ਵਿੱਚ ਅਗਨੀ ਕਾਂਡ ਵਾਲੇ ਦਿਨ ਉਣੰਜਾ (49) ਬੱਚੇ ਡੱਕੇ ਹੋਏ ਸਨ। ਇਨ੍ਹਾਂ ਬੱਚਿਆਂ ਵਿੱਚ ਦਸ ਬੱਚੇ (ਮੇਲ ਤੇ ਫੀਮੇਲ) ਤਾਂ ਇਸ ਸੂਬੇ ਦੇ ਡੀਂਗਾਂ ਮਾਰਨ ਵਾਲੇ ਆਪ ਬੇਔਲਾਦ ਮੁੱਖ ਮੰਤਰੀ ਦੇ ਅਖੌਤੀ ਪ੍ਰਬੰਧਾਂ ਕਰਕੇ ਆਪਣੇ ਮਾਪਿਆਂ ਸਮੇਤ ਇਸ ਸੰਸਾਰ ਨੂੰ ਬਿਨਾਂ ਦੇਖਿਆਂ, ਮਾਣਿਆਂ ਅਲਵਿਦਾ ਆਖ ਗਏ, ਬਾਕੀ ਝੁਲਸੇ ਤੇ ਜ਼ਖ਼ਮੀ ਬੱਚੇ ਉਸੇ ਹਸਪਤਾਲ ਦੇ ਰਹਿਮੋ-ਕਰਮ ’ਤੇ ਇਲਾਜ ਅਧੀਨ ਹਨ।
ਮਰਨ ਵਾਲਿਆਂ ਵਿੱਚ ਇੱਕ ਉਹ ਨਿਰਕਰਮਾ ਬੱਚਾ ਵੀ ਸੀ ਜੋ ਜਲਦੀ ਇਸ ਸੰਸਾਰ ਦੇ ਦਰਸ਼ਨ ਕਰਨ ਲਈ ਆਪਣੀ ਮਾਂ ਪਾਸ ਪਹਿਲਾਂ ਹੀ ਆ ਗਿਆ ਸੀ, ਜਿਸ ਨੂੰ ਮਾਂ ਰੋਜ਼ ਦੇਖਿਆ ਕਰਦੀ ਸੀ। ਇਸੇ ਤਰ੍ਹਾਂ ਇੱਕ ਯਾਕੂਬ ਨਾਂ ਦੇ ਬਾਪ ਦੀਆਂ ਦੋ ਜੁੜਵੀਆਂ ਧੀਆਂ ਨੇ ਜਨਮ ਲਿਆ ਸੀ, ਜਿਸ ਕਰਕੇ ਉਹ ਅੱਲ੍ਹਾ ਅੱਗੇ ਧਰਤ ਲਿਸ਼ਕਾਰਦਾ ਸੀ। ਪਰ ਇਸ ਬੱਚੇ-ਖਾਣੀ ਘਟਨਾ ਨੇ ਉਨ੍ਹਾਂ ਨੂੰ ਵੀ ਨਿਗਲ ਲਿਆ। ਜਿਸ ਯਾਕੂਬ ਬਾਪ ਨੇ ਅੱਗ ਲੱਗਣ ’ਤੇ ਆਪਣੇ ਜ਼ੋਰ ਨਾਲ ਖਿੜਕੀ ਨੂੰ ਤੋੜ ਕੇ ਆਪ ਅਤੇ ਬਾਕੀ ਲੋਕਾਂ ਨੂੰ ਹਨੇਰੇ ਵਿੱਚ ਫੈਲੇ ਧੂੰਏਂ ਤੋਂ ਬਾਹਰ ਕੱਢਣ ਦੀ ਮਦਦ ਕੀਤੀ। ਇਸ ਘਟਨਾ ਤੋਂ ਬਾਅਦ ਸੰਬੰਧਤ ਸੂਬੇ ਦੇ ਮੁੱਖ ਮੰਤਰੀ ਨੇ ਦੁਖੀ ਹਿਰਦੇ ਨਾਲ ਪੰਜ-ਪੰਜ ਲੱਖ ਦੀ ਮਦਦ ਕਰਨ ਅਤੇ ਇੱਕ ਪੰਜ-ਮੈਂਬਰੀ ਪੜਤਾਲ ਕਮੇਟੀ ਬਣਾ ਕੇ ਆਪਣੇ ਮਨ ਦਾ ਭਾਰ ਹਲਕਾ ਕੀਤਾ। ਆਪਣੀ ਜਨਤਾ ਦੇ ਵੱਧ ਫਿਕਰਮੰਦ ਮੁੱਖ ਮੰਤਰੀ ਨੇ ਬਿਨਾਂ ਕੋਈ ਸਮਾਂ ਗੁਆਏ ਵੋਟਾਂ ਕਰਕੇ ਨਾਲ ਦੇ ਸ਼ਹਿਰ ਵਿੱਚ ਲਗਭਗ ਦੋ ਕਿਲੋਮੀਟਰ ਲੰਬਾ ਪ੍ਰਭਾਵਸ਼ਾਲੀ ਰੋਡ-ਸ਼ੋ ਕੱਢਿਆ। ਰੋਡ-ਸ਼ੋ ਕੱਢਣ ਤਕ ਸਭ ਬੱਚਿਆਂ ਦਾ ਅਜੇ ਸਸਕਾਰ ਨਹੀਂ ਸੀ ਹੋਇਆ। ਰੋਡ-ਸ਼ੋ ਵਿੱਚ ਪੂਰੀ ਯੂਪੀ ਗੂੰਜ ਰਹੀ ਸੀ ਕਿ “ਬਟੋਗੇ ਤੋਂ ਕਟੋਗੇ।” ਇਸ ਨਾਅਰੇ ਦੇ ਡਰਾਵੇ ਨਾਲ ‘ਭਗਵਾਂਧਾਰੀ’ ਇੱਕ ਤਰ੍ਹਾਂ ਦੇ ਲੋਕਾਂ ਨੂੰ ਜ਼ਿਮਨੀ ਚੋਣਾਂ ਵਿੱਚ ਵੋਟਾਂ ਪਾਉਣ ਲਈ ਤਿਆਰ ਕਰ ਰਿਹਾ ਸੀ। “ਕੌਣ ਜਾਣੇ ਪੀੜ ਪਰਾਈ” ਵਾਲੀ ਕਹਾਵਤ ਅਤੇ ਗਾਣਾ ਠੀਕ ਜਾਪ ਰਿਹਾ ਸੀ। ਉਂਜ ਵੀ ਝਾਂਸੀ ਤੇ ਦੁਖੀ ਪਰਿਵਾਰਾਂ ਦੇ ਘਰ ਕਿਹੜੇ ਬਹੁਤ ਦੂਰ ਹਨ, ਸਭ ਨੇਤਾ ਜੀ ਦੀ ਪਹੁੰਚ ਵਿੱਚ ਹਨ। ਜਦੋਂ ਮਨ ਕਰੇਗਾ, ਫੇਰਾ ਪਾ ਆਉਣਗੇ। ਲੋਕਾਂ ਦਾ ਕੰਮ ਰੌਲਾ ਪਾਉਣਾ, ਉਹ ਪਾਈ ਜਾਣ। ਉਨ੍ਹਾਂ ਦੇ ਰੌਲਾ ਪਾਉਣ ਨਾਲ ਯੋਗੀ ਜੀ ਦਾ ਕੀ ਵਿਗੜਦਾ ਹੈ। ਵਿਰੋਧੀਆਂ ਦਾ ਜੋ ਕੰਮ ਹੁੰਦਾ ਹੈ, ਉਹ ਕਰੀ ਜਾਣ।
ਡਾਕਟਰ ਲੋਕ ਆਖਦੇ ਹਨ ਕਿ ਇੱਕ ਮਨੁੱਖ ਦੀਆਂ ਹਰਕਤਾਂ ਉਸ ਦੇ ਦਿਮਾਗ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ। ਮਨੁੱਖ ਦਿਨ ਭਰ ਉਹ ਕੁਝ ਕਰਦਾ ਹੈ, ਜਿਸਦਾ ਦਿਮਾਗ ਹੁਕਮ ਕਰੇ। ਦਿਮਾਗ ਮਨੁੱਖ ਨੂੰ ਸੁੱਤੇ ਪਏ ਨੂੰ ਵੀ ਸੰਕੇਤ ਦਿੰਦਾ ਰਹਿੰਦਾ ਹੈ, ਜਿਸ ਕਰਕੇ ਮਨੁੱਖ ਖੱਬੇ-ਸੱਜੇ ਪਾਸੇ ਵੱਟਦਾ ਹੈ। ਸਰੀਰ ਦੇ ਕਿਸੇ ਭਾਗ ’ਤੇ ਲੋੜ ਪੈਣ ’ਤੇ ਹੱਥਾਂ ਨੂੰ ਹਰਕਤ ਵਿੱਚ ਲਿਆ ਕੇ ਖਾਜ ਕਰਦਾ ਹੈ। ਭਾਵ ਇੱਕ ਸਰੀਰ ਦੇ ਮਾਲਕ ਨੂੰ ਸਭ ਕੁਝ ਕਰਨ ਲਈ ਦਿਮਾਗ ਹੀ ਹੁਕਮ ਕਰਦਾ ਹੈ। ਫਿਰ ਜਿਸਦੀ ਡਿਊਟੀ ਝਾਂਸੀ ਜਾਣ ਦੀ ਹੋਵੇ, ਹੁਕਮ ਆਵੇ ਨਾ ਤਾਂ ਸੋਚਿਆ ਜਾ ਸਕਦਾ ਹੈ ਕਿ ਉਹ ਵਿਅਕਤੀ ਭਾਵੇਂ ਕਿਸੇ ਪਦ ’ਤੇ ਵੀ ਹੋਵੇ, ਆਪਣਾ ਫਰਜ਼ ਕਿਵੇਂ ਪਛਾਣ ਸਕਦਾ ਹੈ। ਜਿਵੇਂ ਸਿਆਣੇ ਕਹਿੰਦੇ ਹਨ- “ਜਾਨ ਹੈ ਤਾਂ ਜਹਾਨ ਹੈ” ਮੁਤਾਬਕ ਅਗਰ ਨੇਤਾ ਜੀ ਜ਼ਿਮਨੀ ਚੋਣਾਂ ਵਿੱਚ ਨੱਕ ਬਚਾ ਸਕਣਗੇ ਤਾਂ ਚੋਣਾਂ ਬਾਅਦ ਵੀ ਜਾਇਆ ਜਾ ਸਕਦਾ ਹੈ। ਉਦੋਂ ਤਕ ਮਰਨ ਵਾਲੇ ਬੱਚਿਆਂ ਦੇ ਮਾਪਿਆਂ ਦਾ ਦੁੱਖ ਕਿਹੜਾ ਘਟ ਜਾਣਾ ਹੈ? ਆਤਮਾ ਵੀ ਦਿਮਾਗ਼ ਦੀ ਭੈਣ ਹੋਣ ਕਰਕੇ ਦੋਵੇਂ ਇੱਕੋ ਜਿਹਾ ਹੀ ਸੋਚਦੇ ਹਨ। ਕਿਤੇ ਦਸ ਬੱਚਿਆਂ ਦੀ ਮੌਤ ਦਾ ਦੁੱਖ ਸਮੁੱਚੀ ਯੂ ਪੀ ਦੇ ਦੁੱਖ ਤੋਂ ਵੱਡਾ ਤਾਂ ਨਹੀਂ? ਸਗੋਂ ਉਲਟਾ ਹੈ। ਇਹ ਦੁੱਖ ਦਿਨੋ-ਦਿਨ ਘਟਣਾ ਹੈ ਪਰ ਯੂ ਪੀ ਦਾ ਫਿਕਰ ਚੋਣ ਨਤੀਜੇ ਨੇੜੇ ਆਉਣ ਕਰਕੇ ਵਧਣਾ ਹੈ।
ਹੁਣ ਦੂਜੀ ਵੰਨਗੀ ਦੇਖੋ। ਦੇਸ਼ ਦੇ ਸਿਖਰਲੇ ਨੇਤਾ ਦਾ ਦੇਸ਼ ਦਿਨੋ-ਦਿਨ ਵੱਧ ਕਰਜ਼ਾਈ ਹੋਣ ਦੇ ਬਾਵਜੂਦ ਅੱਸੀ ਤੋਂ ਪਚਾਸੀ ਲੱਖ ਲੋਕਾਂ ਨੂੰ ਸਰਕਾਰੀ ਰੋਟੀ ਵੰਡਣ, ਪੈਸਾ ਗਲਫ ਦੇਸ਼ਾਂ ਤੋਂ ਥੱਲੇ ਹੋਣ, ਦੁਨੀਆਂ ਦੀਆਂ ਲੱਗੀਆਂ ਵੱਖ-ਵੱਖ ਦੇਸ਼ਾਂ ਵਿਚਕਾਰ ਜੰਗਾਂ ਨੂੰ ਖ਼ਤਮ ਕੀਤੇ ਵਾਅਦਿਆਂ ਨੂੰ ਨਾ ਨਿਭਾਉਣ ਵਾਲਾ, ਡਿਗਰੀ ਛੁਪਾਉਣ ਵਾਲਾ, ਅੱਜ ਵਿਸ਼ਵ ਗੁਰੂ ਅਤੇ ਸੰਸਾਰ ਦੀ ਤੀਜੀ ਅਰਥ-ਵਿਵਸਥਾ ਬਣਾਉਣ ਦੀਆਂ ਡੀਂਗਾਂ ਮਾਰਨ ਵਾਲਾ, ਜਿਸ ਨੇ ਆਪਣੇ ਇੱਕ ਭਾਸ਼ਨ ਵਿੱਚ ਪਹਿਲਾਂ ਆਖਿਆ ਸੀ, ਜਿਸ ਦਿਨ ਮੇਰੀ ਜ਼ੁਬਾਨ ਵਿੱਚੋਂ ਹਿੰਦੂ-ਮੁਸਲਮਾਨ ਨਿਕਲੇਗਾ, ਉਸ ਦਿਨ ਮੈਨੂੰ ਸਰਵਜਨਕ ਜੀਵਨ ਵਿੱਚ ਵਿਚਰਨ ਦਾ ਕੋਈ ਹੱਕ ਨਹੀਂ ਹੋਵੇਗਾ। ਪਰ ਇਹ ਸ਼ਬਦ ਆਖਣ ਵਾਲਾ ਰੋਜ਼ ਵਰਦੀ ਬਦਲ ਕੇ ਵਿਚਰ ਰਿਹਾ ਹੈ। ਅੱਜ ਦੇ ਦਿਨ ਅਜਿਹੇ ਮਹਾਪੁਰਸ਼ ਨੂੰ ਉਦੋਂ ਤਕ ਰੋਟੀ ਨਹੀਂ ਪਚਦੀ ਜਦੋਂ ਤਕ ਉਹ ਹਿੰਦੂ-ਮੁਸਲਮਾਨ ਦਾ ਜਾਪ ਨਹੀਂ ਕਰਦਾ। ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚ ਕਰਨ ਵਾਲੇ ਅਤੇ ਪਹੁੰਚਣ ਵਾਲੇ ਭੱਦਰ ਪੁਰਸ਼ ਕੋਲ ਪਿੱਛੇ ਪੌਣੇ ਦੋ ਸਾਲ ਤੋਂ ਦੇਸ਼ ਦੇ ਅਤਿ ਸੰਵੇਦਨਸ਼ੀਲ ਮਣੀਪੁਰ ਸੂਬੇ ਵਿੱਚ ਜਾਣ ਦਾ ਸਬੱਬ ਨਹੀਂ ਬਣਿਆ, ਜਾਂ ਉਸ ਮੁਤਾਬਕ ਉਸ ਸੂਬੇ ਵਿੱਚ ਅਜੇ ਨਿਰਦੋਸ਼ਾਂ ਦਾ ਓਨਾ ਖੂਨ ਨਹੀਂ ਡੁੱਲ੍ਹਿਆ, ਜਿੰਨਾ ਉਸ ਮੁਤਾਬਕ ਡੁੱਲ੍ਹਣਾ ਚਾਹੀਦਾ ਹੈ। ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਦਿਮਾਗੋਂ ਅਜੇ ਹੁਕਮ ਨਾ ਮਿਲਿਆ ਹੋਵੇ। ਹੁੰਦਾ ਤਾਂ ਮਿਲ ਜਾਣਾ ਚਾਹੀਦਾ ਸੀ। ਉਂਜ ਸਮੁੱਚੇ ਸੰਸਾਰ ਦੇ ਲੋਕ ਸਮਝ ਚੁੱਕੇ ਹਨ ਕਿ ਸੰਸਾਰ ਦੇ ਚੌਧਰੀ ਜੋ ਅੱਜਕੱਲ੍ਹ ਸੱਤਾ ਵਿੱਚ ਹਨ, ਜੰਗਾਂ ਘਟਾਉਣ ਵਾਲੇ ਘੱਟ, ਜੰਗਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਵੱਧ ਹਨ। ਸਭ ਆਪੋ-ਆਪਣੇ ਮੁਨਾਫ਼ੇ ਲਈ ਕਿਸੇ ਹੱਦ ਤਕ ਵੀ ਜਾ ਸਕਦੇ ਹਨ। ਵਰਨਾ ਫਲਸਤੀਨ ਦੀ ਜੰਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਅੱਧੇ ਕਰੋੜ ਤੋਂ ਨਾ ਵਧਦੀ। ਅਸਲ ਵਿੱਚ ਅਜਿਹੇ ਸੰਸਾਰੀ ਚੌਧਰੀ ਕਈ ਵਾਰ ਕਈ ਗੱਲਾਂ ਤੋਂ ਪੈਦਲ ਹੀ ਹੁੰਦੇ ਹਨ। ਬੇਔਲਾਦ ਹੋਣਾ ਵੀ ਆਪਣੇ ਆਪ ਵਿੱਚ ਇੱਕ ਅਵਗੁਣ ਹੈ। ਜੋ ਬਿਨਾਂ ਕਸੂਰੋਂ ਮਾਰੇ ਜਾਂਦੇ ਹਨ, ਉਨ੍ਹਾਂ ਦੇ ਦਰਦ ਨੂੰ ਬੇਔਲਾਦੇ ਸਮਝਣ ਵਿੱਚ ਸੱਚੀਂ-ਮੁੱਚੀਂ ਦੇਰੀ ਕਰ ਜਾਂਦੇ ਹਨ। ਉਂਜ ਮਣੀਪੁਰ ਵੀ ਭਾਰਤੀ ਸੂਬਾ ਹੈ ਅਤੇ ਭਾਰਤੀ ਹੱਦਾਂ ਅੰਦਰ ਸਥਿਤ ਹੈ। ਦਿਮਾਗੋਂ ਸੁਨੇਹੇ ਦੀ ਘਾਟ ਕਰਕੇ ਅਜਿਹਾ ਹੋ ਰਿਹਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5475)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)