“ਵਿਸ਼ਵ ਗੁਰੂ ਵੀਹ ਸੌ ਸਤਾਈ ਵਿੱਚ ਆਪਣੇ ਕਹੇ ਸ਼ਬਦਾਂ ਵਿੱਚ ਆਪ ਹੀ ਘਿਰਦੇ ਦਿਖਾਈ ਦੇਣਗੇ ...”
(3 ਅਪਰੈਲ 2025)
ਦੇਖੋ ਭਾਰਤ ਕਿੰਨਾ ਵਿਕਾਸ ਕਰ ਰਿਹਾ ਹੈ!
ਕਥਾ, ਪ੍ਰਥਾ, ਮਿਥਿਹਾਸ ਅਤੇ ਇਤਿਹਾਸ ਮੁਤਾਬਕ ਸਮੁੱਚੀ ਹਿੰਦ ਦੀ ਧਰਤੀ ਜਾਂ ਫਿਰ ਸਿੰਧੂ ਨਦੀ ਦੇ ਇਲਾਕੇ ਦੀ ਧਰਤੀ ਨੂੰ ਹਿੰਦੁਸਤਾਨ ਕਹਿਣ ਦਾ ਰਿਵਾਜ਼ ਚੱਲਿਆ। ਪੁਰਾਣੇ ਤੋਂ ਪੁਰਾਣੇ ਸਮੇਂ ਵਿੱਚ ਇਸ ਇਲਾਕੇ ਨੂੰ ਸਿੰਧੂ ਕਿਹਾ ਜਾਂਦਾ ਸੀ। ਇਸਦਾ ਇੱਕ ਕਾਰਨ ਇਹ ਵੀ ਸੀ ਕਿ ਫਾਰਸੀ ਲੋਕ ਆਪਣੀ ਜ਼ੁਬਾਨ ਵਿੱਚ ‘ਸ’ ਨੂੰ ‘ਹ’ ਨੂੰ ਬੋਲਦੇ ਸਨ, ਜਿਸ ਕਰਕੇ ਸਿੰਧ ਤੋਂ ਹਿੰਦ ਤਕ ਦਾ ਸਫ਼ਰ ਤੈਅ ਹੋਇਆ। ਇਸ ਕਰਕੇ ਹਿੰਦ ਦੀ ਧਰਤੀ ਨੂੰ ਹਿੰਦੋਸਤਾਨ ਵੀ ਕਿਹਾ ਜਾਂਦਾ ਸੀ, ਜਿਸਦਾ ਸਾਫ਼ ਸਾਫ਼ ਮਤਲਬ ਇਹ ਹੈ ਕਿ ਹਿੰਦੋਸਤਾਨ ਹੀ ਭਾਰਤ ਸੀ ਅਤੇ ਭਾਰਤ ਹੀ ਹਿੰਦੋਸਤਾਨ ਸੀ, ਜਿਸ ਨੂੰ ਅੰਗਰੇਜ਼ੀ ਵਿੱਚ ਇੰਡੀਆ ਕਹਿਣਾ ਵੀ ਪ੍ਰਚਲਤ ਹੋਇਆ। ਜਦੋਂ ਤੋਂ ਦੇਸ਼ ਦੀਆਂ ਵਿਰੋਧੀ ਪਾਰਟੀਆਂ ਨੇ ਰਲ ਕੇ ਇੱਕ ‘ਇੰਡੀਆ’ ਨਾਮ ਦਾ ਗਠਜੋੜ ਬਣਾਇਆ ਹੈ, ਉਦੋਂ ਤੋਂ ਦੇਸ਼ ਵਿੱਚ ਰਾਜ ਕਰਦੀ ਪਾਰਟੀ ਨੂੰ ਇਸ ਨਾਮ ਨਾਲ ਨਫ਼ਰਤ ਜਿਹੀ ਹੋ ਗਈ ਲਗਦੀ ਹੈ। ਉਹ ਇਸ ਸ਼ਬਦ ਨੂੰ ਜਿੰਨੀ ਮਰਜ਼ੀ ਨਫ਼ਰਤ ਕਰੇ ਪਰ ਉਸਦਾ ਵੀ ਇਸ ਨਾਮ ਤੋਂ ਬਗੈਰ ਸਰਨਾ ਨਹੀਂ।
ਪਾਠਕ ਜਾਣਦੇ ਹੋਣਗੇ ਕਿ ਕਿਸੇ ਦੇਸ਼ ਦਾ ਰਾਜਾ ਉਸ ਦੇਸ਼ ਦੇ ਲੋਕਾਂ ਪ੍ਰਤੀ ਉੰਨਾ ਜਵਾਬਦੇਹ ਨਹੀਂ ਹੁੰਦਾ, ਜਿੰਨਾ ਇੱਕ ਚੁਣਿਆ ਹੋਇਆ ਦੇਸ਼ ਦਾ ਮੁਖੀ ਹੁੰਦਾ ਹੈ। ਰਾਜੇ ਨੂੰ ਘੱਟ ਸਵਾਲ ਕੀਤੇ ਜਾਂਦੇ ਹਨ ਜਦੋਂ ਕਿ ਇੱਕ ਮੁਖੀ ਨੂੰ ਵੱਧ ਤੋਂ ਵੱਧ ਸਵਾਲ ਕੀਤੇ ਜਾ ਸਕਦੇ ਹਨ। ਅੱਜ ਦੇ ਦਿਨ ਇਹ ਬਹੁਤ ਸੱਚ ਹੈ ਕਿ ਸਵਾਲ ਪੁੱਛਣ ਅਤੇ ਕਰਨ ਦਾ ਵੱਧ ਅਧਿਕਾਰ ਵਿਰੋਧੀ ਧਿਰ ਜਾਂ ਵਿਰੋਧੀਆਂ ਪਾਸ ਹੁੰਦਾ ਹੈ, ਜਿਸਦਾ ਕਈ ਵਾਰ ਰਾਜ ਕਰਦੇ ਮੁਖੀ ਗੁੱਸਾ ਕਰ ਬੈਠਦੇ ਹਨ। ਉਂਜ ਇਤਿਹਾਸ ਗਵਾਹ ਹੈ ਕਿ ਬਾਬੇ ਨਾਨਕ ਨੇ ਵੀ ਆਪਣੇ ਸਮੇਂ ਮੌਕੇ ਦੇ ਰਾਜੇ ਬਾਬਰ ਨੂੰ ਜਾਬਰ ਕਹਿ ਕੇ ਪੁਕਾਰਿਆ ਸੀ, ਜਿਸ ਤੋਂ ਬਾਬੇ ਦੀ ਨਿਡਰਤਾ ਦਾ ਸਹੀ ਸਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜਾਂ ਉਨ੍ਹਾਂ ਲੋਕਾਂ ਦਾ ਭਰਮ ਘੱਟੋ-ਘੱਟ ਟੁੱਟਣਾ ਚਾਹੀਦਾ ਹੈ ਜਿੰਨਾ ਸਿਰਫ਼ ਬਾਬੇ ਨਾਨਕ ਨੂੰ ਮਾਲਾ ਫੜੀ ਜਾਂ ਮਾਲਾ ਜਪਦਿਆਂ ਦੀ ਸੋਹਣੀ ਸੁੰਦਰ ਪੌਸ਼ਾਕ ਵਿੱਚ ਫੋਟੋ ਦੇਖੀ ਹੈ। ਅਸੀਂ ਅੱਜ ਦੇ ਦਿਨ ਅਜੇ ਤਕ ਇਹ ਫੈਸਲਾ ਨਹੀਂ ਕਰ ਸਕੇ ਕਿ ਅਸੀਂ ਮੌਕੇ ਦੀ ਸਰਕਾਰ ਨੂੰ ਸਵਾਲ ਨਾ ਕਰਕੇ ਖੁਸ਼ਕਿਸਮਤ ਹਾਂ ਜਾਂ ਬਦਕਿਸਮਤ ਹਾਂ। ਸਮਾਜ ਦਾ ਬਹੁਤਾ ਹਿੱਸਾ ਚੁੱਪ ਰਹਿਣ ਵਿੱਚ ਹੀ ਆਪਣਾ ਭਲਾ ਸਮਝਦਾ ਹੈ। ‘ਸਾਨੂੰ ਕੀ-ਸਾਨੂੰ’ ਕੀ ਕਹਿੰਦਿਆਂ-ਕਹਿੰਦਿਆਂ ਸਭ ਦੀ ਵਾਰੀ ਆ ਜਾਂਦੀ ਹੈ। ਅਜਿਹੇ ਬੰਦਿਆਂ ਵਿੱਚ ਬਾਬੇ ਦੇ ਪੈਰੋਕਾਰ ਵੀ ਸ਼ਾਮਲ ਹੁੰਦੇ ਹਨ, ਜੋ ਬਿਨਾਂ ਕੁਝ ਕੀਤਿਆਂ ਕੁਝ ਪਾਉਣਾ ਚਾਹੁੰਦੇ ਹਨ।
ਜਿਵੇਂ ਸਭ ਜਾਣਦੇ ਹਨ ਕਿ ਭਾਰਤ ਇੱਕ ਰਿਸ਼ੀਆਂ ਮੁਨੀਆਂ ਦਾ ਭਾਗਾਂ ਵਾਲਾ ਦੇਸ਼ ਹੈ। ਉਸ ਦਿਨ ਤੋਂ ਕਈ ਸ਼ਰਧਾਲੂਆਂ ਦੇ ਪੈਰ ਭੁੰਜੇ ਨਹੀਂ ਲਗਦੇ ਜਦੋਂ ਤੋਂ ਦੇਸ਼ ਦੇ ਫਕੀਰ ਮੁਖੀ ਨੇ ਆਪਣੇ ਆਪ ਨੂੰ ਵਿਸ਼ਵ ਗੁਰੂ ਅਲਾਪਣਾ ਸ਼ੁਰੂ ਕਰਵਾ ਦਿੱਤਾ ਹੈ। ਭਾਰਤ ਦੀ ਅਨਪੜ੍ਹ ਅਤੇ ਅੰਧਵਿਸ਼ਵਾਸੀ ਜਨਤਾ ਨੂੰ ਹੋਰ ਕੀ ਚਾਹੀਦਾ ਹੈ ਕਿ ਉਨ੍ਹਾਂ ਦਾ ਮੁਖੀ ਵਿਸ਼ਵ ਗੁਰੂ ਬਣ ਰਿਹਾ। ਉਹ ਉਦੋਂ ਦੇ ਧਨ-ਧਨ ਕਰਦੇ ਹਨ। ਦੇਸ਼ ਦਾ ਫਕੀਰ ਮੁਖੀ ਵਿਸ਼ਵ ਗੁਰੂ ਅਖਵਾਉਣ ਦੇ ਨਾਲ-ਨਾਲ ਵਿਸ਼ਵ ਚੌਧਰੀ ਵੀ ਅਖਵਾਉਂਦਾ ਹੈ। ਇਹ ਅਲੱਗ ਗੱਲ ਹੈ ਕਿ ਇਸ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਿਸੇ ਕੋਸ਼ਿਸ਼ ਨੂੰ ਅਜੇ ਤਕ ਬੂਰ ਨਹੀਂ ਪਿਆ। ਇੱਕ ਦੂਜੇ ਦੇ ਮਹਾਨ ਦੋਸਤ ਹੋਣ ਦੀ ਰਟ ਵਿਸ਼ਵ ਗੁਰੂ ਅਤੇ ਟਰੰਪ ਵੱਲੋਂ ਦਿਨ-ਰਾਤ ਲਾਈ ਜਾ ਰਹੀ ਹੈ। ਪਰ ਦੋਹਾਂ ਦੇ ਵੱਖ-ਵੱਖ ਬੋਲ ਕਸੌਟੀ ’ਤੇ ਪੂਰੇ ਉੱਤਰਦੇ ਦਿਖਾਈ ਨਹੀਂ ਦੇ ਰਹੇ।
ਦੂਜੇ ਪਾਸੇ ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਚੀਨ ਨੇ ਆਪਣੇ ਇੱਕ ਧਮਾਕੇ ਰਾਹੀਂ ਸੰਦੇਸ਼ ਦੇ ਦਿੱਤਾ ਕਿ ਸਾਡੇ ਪਾਸ ਵੀ ਕਿਸੇ ਨਾਲੋਂ ਕੁਝ ਘੱਟ ਨਹੀਂ। ਅਗਰ ਅਮਰੀਕਾ ਲੜਨਾ ਚਾਹੁੰਦਾ ਹੈ ਤਾਂ ਅਸੀਂ ਉਸ ਲਈ ਵੀ ਤਿਆਰ ਹਾਂ। ਆਮ ਦੇਖਣ ਵਿੱਚ ਆਉਂਦਾ ਰਹਿੰਦਾ ਹੈ ਕਿ ਮਨੁੱਖ ਅਕਸਰ ਜ਼ਿੰਦਗੀ ਵਿੱਚ ਝੂਠ ਦਾ ਸਹਾਰਾ ਵੀ ਲੈਂਦਾ ਰਹਿੰਦਾ ਹੈ। ਪਰ ਜਿਸ ਮਨੁੱਖ ਅੱਗੇ ਸਾਧੂ-ਸੰਤ-ਗੁਰੂ ਆਦਿ ਲੱਗ ਜਾਵੇ ਉਹ ਪ੍ਰਾਣੀ ਅਜਿਹਾ ਨਹੀਂ ਕਰਦਾ। ਅਗਰ ਕਰਦਾ ਹੈ ਤਾਂ ਲੋਕ ਯਕੀਨ ਕਰਨੋਂ ਹਟ ਜਾਂਦੇ ਹਨ। ਪਰ ਵਿਸ਼ਵ ਗੁਰੂ ਦਾ ਝੂਠ ਵੀ ਵਿਸ਼ਵ ਪੱਧਰ ਦਾ ਹੁੰਦਾ ਹੈ। ਸਭ ਤਰ੍ਹਾਂ ਦੀਆਂ ਚੋਣਾਂ ਤੋਂ ਬਾਅਦ ਇਹ ਸਾਬਤ ਹੋਣਾ ਸ਼ੁਰੂ ਹੋ ਗਿਆ ਹੈ ਕਿ ‘… ਹੈ ਤਾਂ ਮੁਮਕਿਨ ਹੈ’ ਦਾ ਨਾਅਰਾ ਨਿਰਾ ਝੂਠ ਸਾਬਤ ਹੋਇਆ।
ਵਿਸ਼ਵ ਪੱਧਰ ਦੇ ਜੋਤਸ਼ੀਆਂ ਦੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਧਿਆਨ ਵਿੱਚ ਆਇਆ ਹੈ ਕਿ ਵੀਹ ਸੌ ਸਤਾਈ ਵਿਸ਼ਵ ਗੁਰੂ ਜੀ ਦੇ ਲਈ ਕੋਈ ਸ਼ੁਭ ਸਨੇਹਾ ਲੈ ਕੇ ਨਹੀਂ ਆਵੇਗਾ। ਉਨ੍ਹਾਂ ਲਈ ਵੱਧ ਤੋਂ ਵੱਧ ਪ੍ਰੇਸ਼ਾਨੀਆਂ ਲੈ ਕੇ ਆਵੇਗਾ। ਵਿਸ਼ਵ ਗੁਰੂ ਦੀਆਂ ਡਿਗਰੀਆਂ ਦਾ ਰੌਲਾ, ਜੋ ਵੀਹ ਸੌ ਸੋਲਾਂ ਤੋਂ ਸ਼ੁਰੂ ਹੋ ਕੇ ਠੰਢੇ ਬਸਤੇ ਵਿੱਚ ਪੈ ਚੁੱਕਾ ਸੀ, ਉਹ ਮੁੜ ਖੁੱਲ੍ਹਦਾ ਦਿਖਾਈ ਦੇ ਰਿਹਾ ਹੈ। ਜਿਹੜੀਆਂ ਡਿਗਰੀਆਂ ਬਾਰੇ ਵੀਹ ਸੌ ਸੌਲਾਂ ਵਿੱਚ ਅਮਿਤ ਸ਼ਾਹ ਨੇ ਜਨਤਕ ਕਰਕੇ ਪ੍ਰਾਪਤ ਕੀਤੀ ਸੀ। ਵੀਹ ਸੌ ਸਤਾਈ ਦੀਆਂ ਚੋਣਾਂ ਦਾ ਲਗਨ ਸਾਹਿਬ ਜੀ ਲਈ ਸ਼ੁਭ ਦਿਖਾਈ ਨਹੀਂ ਦਿੰਦਾ। ਸਤਾਈ ਦਾ ਰਸਤਾ ਰਾਹੂ-ਕੇਤੂ ਰੋਕੀ ਦਿਖਾਈ ਦੇ ਰਹੇ ਹਨ। ਇਸ ਕਰਕੇ ਸਤਾਈ ਵੱਲ ਪੈਰ ਪੁੱਟਣ ਲੱਗਿਆਂ ਹਜ਼ਾਰ ਵਾਰ ਸੋਚਣਾ ਪੈਣਾ ਹੈ।
ਵਿਸ਼ਵ ਗੁਰੂ ਵੀਹ ਸੌ ਸਤਾਈ ਵਿੱਚ ਆਪਣੇ ਕਹੇ ਸ਼ਬਦਾਂ ਵਿੱਚ ਆਪ ਹੀ ਘਿਰਦੇ ਦਿਖਾਈ ਦੇਣਗੇ। ਅਗਰ ਆਪਣੇ ਜ਼ੋਰ-ਦਬਾਅ ਕਾਰਨ ਉਹ ਅੱਗੇ ਵਧਦੇ ਹਨ ਤਾਂ ਫਿਰ ਚੌਥੀ ਵਾਰ ਪ੍ਰਧਾਨ ਮੰਤਰੀ ਬਣਨ ਲਈ ਜਿਉਂ ਹੀ ਫਾਰਮ ਭਰਨਗੇ ਤਾਂ ਇਨ੍ਹਾਂ ਖ਼ਿਲਾਫ਼ ਕੋਈ ਰਾਹੂ-ਕੇਤੂ ਖੜ੍ਹਾ ਹੋ ਕੇ ਮੁੜ ਫਾਰਮ ਵਿੱਚ ਭਰੀਆਂ ਡਿਗਰੀਆਂ ਬਾਬਤ ਪੁੱਛ-ਦੱਸ ਕਰ ਸਕਦਾ ਹੈ, ਜਿਨ੍ਹਾਂ ਵਿੱਚ ਅਜੇ ਤਕ ਏਕ ਨਹੀਂ ਅਨੇਕ ਗਲਤੀਆਂ ਹਨ। ਜੋ ਉਹ ਪਹਿਲਾਂ ਨਹੀਂ ਸਾਬਤ ਕਰ ਸਕੇ, ਉਹ ਹੁਣ ਕਿਵੇਂ ਸਾਬਤ ਕਰਨਗੇ? ਮੰਨ ਲਵੋ ਸਾਹਿਬ ਵਿੱਦਿਆ ਸੰਬੰਧੀ ਖਾਨਾ ਖਾਲੀ ਛੱਡਦੇ ਹਨ ਤਾਂ ਫਿਰ ਪਿਛਲਾ ਰਿਕਾਰਡ ਰਾਹ ਰੋਕੇਗਾ। ਅਜਿਹੇ ਇਤਰਾਜ਼ ਸਿਰਫ਼ ਵਿਰੋਧੀ ਹੀ ਉਠਾਉਣਗੇ। ਉਂਜ ਮੌਕੇ ਦਾ ਅਫਸਰ ਵੀ ਨੋਟਿਸ ਲੈ ਸਕਦਾ ਹੈ। ਸਭ ਜਾਣਦੇ ਹਨ ਸੰਬੰਧਤ ਧਿਰ, ਜਿਹੜੀ ਪਿਛਲੇ ਨੌ ਸਾਲਾਂ ਵਿੱਚ ਸਾਬਤ ਨਹੀਂ ਕਰ ਸਕੀ, ਉਹ ਉਸ ਮੌਕੇ ਕਿਵੇਂ ਸਾਬਤ ਕਰ ਸਕੇਗੀ? ਅਗਰ ਕੋਈ ਅਧਿਕਾਰੀ ਦਲੇਰੀ ਕਰਕੇ ਮਦਦ ਕਰਨੀ ਚਾਹੇਗਾ, ਆਪਣਾ ਭਵਿੱਖ ਖਰਾਬ ਕਰੇਗਾ। ਅਜਿਹੀ ਸਥਿਤੀ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਕਹਾਵਤ ਜ਼ਰੂਰ ਢੁਕੇਗੀ। ਅਜਿਹੀਆਂ ਅਣਚਾਹੀਆਂ ਨੌਬਤਾਂ ਰਸਤੇ ਦਾ ਰੋੜਾ ਨਾ ਬਣਨ, ਸਾਹਿਬ ਨੇ ਬਹੁਤ ਚਿਰ ਪਹਿਲਾਂ ਹੀ ਜ਼ੋਰ ਲਾ ਕੇ ਦੇਖ ਲਿਆ। ਜਦੋਂ ਸਾਹਿਬ ਦੀ ਪਾਰਟੀ ਨੇ ਸੰਘ ਪਾੜ-ਪਾੜ ਹਰ ਸਟੇਜ ਤੇ ਅਖਿਆ ਸੀ ‘ਅੱਬ ਕੀ ਬਾਰ ਚਾਰ ਸੌ ਪਾਰ’ ਇਹ ਨਾਅਰਾ, ਨਾਅਰਾ ਹੀ ਰਹਿ ਗਿਆ। ਸਿਆਣੇ ਆਖਦੇ ਹਨ, ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ।
ਇਸ ਕਰਕੇ ਅਸੀਂ ਅਖੀਰ ਵਿੱਚ ਮਹਿੰਗਾਈ ਤੋਂ ਪਿਸ ਰਹੇ ਲੋਕਾਂ ਨੂੰ ਹਿੰਦੂ-ਮੁਸਲਮਾਨ ਨਾਅਰੇ ਤੋਂ ਤੰਗ ਆਏ ਲੋਕਾਂ ਨੂੰ ਇੱਕ ਅਪੀਲ ਕਰਾਂਗੇ ਕਿ ਅਗਰ ਸਭ ਨੇ ਭਰਾ ਮਾਰੂ ਜੰਗ ਤੋਂ ਛੁਟਕਾਰਾ ਪਾਉਣ ਵਲ ਵਧਣਾ ਹੈ ਤਾਂ ਇੱਕ ਦੂਜੇ ਦਾ ਹੱਥ ਅਜਿਹਾ ਫੜੋ, ਜਿਸ ਨੂੰ ਦੁਸ਼ਮਣ ਆਪਣੀਆਂ ਚਾਲਾਂ ਨਾ ਢਿੱਲਾ ਨਾ ਕਰ ਸਕੇ। ਜਾਤ-ਪਾਤ ਭੁਲਾ ਦਿਓ। ਸਭ ਦੁਖੀ ਲੋਕਾਈ ਆਪਣੇ ਵਿੱਚ ਭੈਣ-ਭਾਈ ਹਨ। ਪਾੜਾ ਪਾਉਣ ਵਾਲੇ ਨੂੰ ਦੁਸ਼ਮਣ ਸਮਝੋ। ਵਕਤੀ ਲਾਭ ਤੋਂ ਛੁਟਕਾਰਾ ਪਾਓ। ਯਾਦ ਰੱਖੋ, ਨਫ਼ਰਤ ਨੂੰ ਨਫ਼ਰਤ ਨਾਲ ਨਹੀਂ, ਸਿਰਫ਼ ਪਿਆਰ ਦੇ ਏਕੇ ਨਾਲ ਮੁਕਾਇਆ ਜਾ ਸਕਦਾ ਹੈ। ਕਦੇ ਹਿੰਸਾ ਦਾ ਪੱਲਾ ਨਾ ਫੜੋ। ਹਿੰਸਾ ਦੇ ਸਾਧਨ ਹਮੇਸ਼ਾ ਰਾਜ ਕਰਦੀ ਧਿਰ ਪਾਸ ਹੁੰਦੇ ਹਨ। ਸਮਾਂ ਬਹੁਤ ਵੀ ਹੈ ਤੇ ਬਹੁਤ ਘੱਟ ਵੀ, ਰਹਿੰਦੇ ਸਮੇਂ ਦੀ ਯੋਗ ਵਰਤੋਂ ਅਜਿਹੀ ਕਰੋ ਕਿ ਨਾ ਮਸਜਿਦਾਂ ਢਕਣੀਆਂ ਪੈਣ, ਨਾ ਥਾਂ ਥਾਂ ਕਰਫਿਊ ਲਾਉਣ ਦੀ ਨੌਬਤ ਆਵੇ। ਯਾਦ ਰੱਖੋ ਜਮਹੂਰੀਅਤ ਵਿੱਚ ਜੋ ਤੁਸੀਂ ਵੋਟ ਨਾਲ ਕਰ ਸਕਦੇ ਹੋ, ਉਹ ਕੁਝ ਵੱਡੇ ਤੋਂ ਵੱਡੇ ਹਥਿਆਰ ਵੀ ਨਹੀਂ ਕਰ ਸਕਦੇ। ਆਸ ਹੈ ਕਿ ਸਤਾਈ ਦੀ ਭਵਿੱਖ ਬਾਣੀ ਠੀਕ ਨਿਕਲੇਗੀ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (