“ਮੇਰੀ ਬਦਲੀ ਹੀ ਕਰਵਾ ਦਿਓ, ਮੇਰਾ ਬੋਰੀਆ-ਬਿਸਤਰਾ ਹਾਲੇ ਬੰਨ੍ਹਿਆ ਹੀ ...”
(1 ਜੁਲਾਈ 2026)

ਇਹ ਪੜ੍ਹਦਿਆਂ ਸੁਣਦਿਆਂ ਬੜਾ ਅਜੀਬ ਲਗਦਾ ਹੈ ਕਿ ਕੌਕਰੋਚ ਦੇ ਥੱਪੜ ਵੱਜਿਆ ਹੈ। ਅਜੋਕਾ ਯੁਗ ਮਸਨੂਈ ਬੁੱਧੀ (ਆਰਟੀਫਿਸ਼ਲ ਇੰਟੈਲੀਜੈਂਸ) ਦਾ ਹੈ, ਕੁਝ ਵੀ ਮੁਮਕਿਨ ਹੈ। ਮਈ 2026 ਦੇ ਮਹੀਨੇ ਭਾਰਤ ਦੇ ਚੀਫ ਜਸਟਿਸ ਵੱਲੋਂ ਇੱਕ ਬੇਰੁਜ਼ਗਾਰ ਜਾਂ ਘੱਟ ਰੁਜ਼ਗਾਰ ਕਮਾਉਣ ਵਾਲੇ ਵਕੀਲ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ‘ਕੌਕਰੋਚ’ ਕਹਿਣ ’ਤੇ ਨੌਜਵਾਨਾਂ ਵਿੱਚ ਰੋਸ ਉਪਰੰਤ ‘ਕੌਕਰੋਚ ਜਨਤਾ ਪਾਰਟੀ’ ਹੋਂਦ ਵਿੱਚ ਆ ਗਈ ਸੀ। ਇਸ ਪਾਰਟੀ ਨੇ ਪਹਿਲਾ ਪ੍ਰਦਰਸ਼ਨ ਦਿੱਲੀ ਦੇ ਜੰਤਰ-ਮੰਤ੍ਰ ਵਿਖੇ 6 ਜੂਨ 2026 ਨੂੰ ਕੀਤਾ, ਜਿਹੜਾ ਸਾਰੇ ਲੇਖਿਆਂ ਜੋਖਿਆਂ ਤੋਂ ਸ਼ਾਂਤਮਈ ਕਿਹਾ ਜਾ ਸਕਦਾ ਸੀ। ਫਿਰ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਸ਼ੁਰੂ ਹੋਇਆ।
3 ਮਈ 2026 ਨੂੰ ਨੀਟ-ਯੂ ਜੀ ਦੀ ਪ੍ਰੀਖਿਆ ਹੋਈ, ਜਿਸ ਨੂੰ 12 ਮਈ ਨੂੰ ਕੈਂਸਲ ਕਰ ਦਿੱਤਾ ਗਿਆ ਕਿਉਂਕਿ ਪ੍ਰਸ਼ਨ ਪੱਤਰ ਇਮਿਤਹਾਨ ਤੋਂ ਪਹਿਲਾਂ ਹੀ ਕੁਝ ਲੋਕਾਂ ਨੂੰ ਪਤਾ ਲੱਗ ਗਿਆ ਸੀ, ਇਹ ਲੀਕ ਹੋ ਗਿਆ ਸੀ। ਕੌਕਰੋਚ ਪਾਰਟੀ ਨੇ 13 ਜੂਨ ਨੂੰ ਅੰਮ੍ਰਿਤਸਰ ਵਿਖੇ ਆਪਣੇ ਪ੍ਰਦਰਸ਼ਨ ਵਿੱਚ ਐਲਾਨਿਆ ਕਿ ਨੀਟ ਪੇਪਰ, 2026 ਲੀਕ ਨਾਲ ਤਕਰੀਬਨ ਇੱਕ ਕਰੋੜ ਵਿਦਿਆਰਥੀ ਪ੍ਰਭਾਵਿਤ ਹੋਏ। ਇਹ ਦਾਅਵਾ ਕੁਝ ਵੱਡਾ ਲਗਦਾ ਹੈ। ਉਨ੍ਹਾਂ ਕੇਂਦਰੀ ਸਿੱਖਿਆ ਮੰਤਰੀ ਨੂੰ ਲੀਕ ਦੀ ਜ਼ਿੰਮੇਵਾਰੀ ਲੈਣ ਲਈ ਕਿਹਾ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ। ਦੇਸ਼ ਨੂੰ ਅਜ਼ਾਦੀ ਦਿਵਾਉਣ ਵਿੱਚ ਪੰਜਾਬੀਆਂ ਦੇ ਯੋਗਦਾਨ ਤੋਂ ਸਭ ਵਾਕਫ ਹਨ। ਪੰਜਾਬੀ ਮਾਨਸਿਕਤਾ ਨੂੰ ਹਲੂਣਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਪੰਜਾਬੀ ਨੌਜਵਾਨਾਂ ਤੋਂ ਬਿਨਾਂ ਕਾਮਯਾਬ ਨਹੀਂ ਹੋ ਸਕਦਾ। ਉਹ ਪੰਜਾਬੀ ਕਿਸਾਨਾਂ ਦੀ ਤਾਰੀਫ ਕਰ ਰਹੇ ਸਨ ਕਿ ਉਹ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਡਟੇ ਰਹੇ ਅਤੇ 2019-20 ਦੇ ਕਿਸਾਨ ਅੰਦੋਲਨ ਵਿੱਚ 800 ਕਿਸਾਨਾਂ ਦੀ ਹੋਈ ਮੌਤ ਵੀ ਯਾਦ ਕਰਵਾਈ।
ਇਸ ਤੋਂ ਅਗਲੇ ਹੀ ਦਿਨ, 14 ਜੂਨ 2026, ਨੂੰ ਕੌਕਰੋਚ ਪਾਰਟੀ ਜੈਪੁਰ (ਰਾਜਸਥਾਨ) ਵਿੱਚ ਪ੍ਰਦਰਸ਼ਨ ਕਰ ਰਹੀ ਸੀ। ਅੰਮ੍ਰਿਤਸਰ ਵਿਚਲੇ ਵਿਰੋਧ ਪ੍ਰਦਰਸ਼ਨ ‘ਵਿੱਚ ਕਿਸਾਨਾਂ ਦੇ ਮਰਨ ਦਾ ਜ਼ਿਕਰ ਸ਼ਾਇਦ ਕਈ ਲੋਕਾਂ ਨੂੰ ਪਸੰਦ ਨਹੀਂ ਆਇਆ। ਇਸ ਲਈ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੂੰ ਭੀੜ ਵਿੱਚੋਂ ਇਸ ਦਿਨ ਕਿਸੇ ਨੇ ਕਈ ਥੱਪੜ ਜੜ ਦਿੱਤੇ।
ਥੱਪੜ ਮਾਰਨ ਵਾਲੇ ਰਾਕੇਸ਼ ਗੁੱਜਰ ਨੇ ਆਪਣੇ ਆਪ ਨੂੰ ‘ਰਾਸ਼ਟਰਵਾਦੀ’ ਅਤੇ ਕੌਕਰੋਚ ਦੀਪਕੇ ਨੂੰ ‘ਜਹਾਦੀ ਮਾਨਸਿਕਤਾ’ ਵਾਲਾ ਦੱਸ ਕੇ ਖੁਲਾਸਾ ਕਰ ਦਿੱਤਾ ਕਿ ‘ਲਾਠੀਆਂ ਅਤੇ ਥੱਪੜ ਖਾਣ ਵਾਲਿਆਂ ਦੀ’ ਅਤੇ ‘ਲਾਠੀਆਂ ਅਤੇ ਥੱਪੜ ਮਾਰਨ ਵਾਲਿਆਂ ਦੀ’ ਮਾਨਸਿਕਤਾ ਵਿੱਚ ਕੀ ਫਰਕ ਹੁੰਦਾ ਹੈ। ਵਿਰੋਧ ਦੀ ਮਾਨਸਿਕਤਾ ਉਦੋਂ ਜਨਮ ਲੈਂਦੀ ਹੈ ਜਦੋਂ ਜਾਗਦੀ ਜ਼ਮੀਰ ਮਹਿਸੂਸ ਕਰਦੀ ਹੈ ਕਿ ਜਨ-ਸਮੂਹ ਨਾਲ ਅਨਿਆਂ ਹੋ ਰਿਹਾ ਹੈ ਅਤੇ ਇਸਦਾ ਵਿਰੋਧ ਕਰਨਾ ਜ਼ਰੂਰੀ ਹੈ। ਕੌਕਰੋਚਾਂ ਦਾ ਕਹਿਣਾ ਹੈ ਕਿ ‘ਉਹ ਅਜਿਹੇ ਹਥਕੰਡਿਆਂ (ਥੱਪੜ ਮਾਰਨ ਵਾਲਿਆਂ) ਤੋਂ ਨਹੀਂ ਡਰਦੇ।
ਸਤਯੁਗੀ ਰਾਮ-ਰਾਜ ਵਿੱਚ ਸੰਭੂਕ (ਸ਼ੂਦਰ) ਨੂੰ ਰਾਜ ਅਤੇ ਸਮਾਜ ਦੇ ਅਨੁਕੂਲ ਵਿਚਾਰਧਾਰਾ ਨਾ ਰੱਖਣ ’ਤੇ ਰਾਜਾ ਰਾਮ ਨੇ ਬਿਨਾਂ ਕੁਝ ਪੁੱਛੇ-ਗਿੱਛੇ ਹੀ ਕਤਲ ਕਰ ਦਿੱਤਾ ਸੀ। ਅਸੀਂ ਚੌਥੇ ਯੁਗ ਕਲਯੁਗ ਵਿੱਚ ਪਹੁੰਚ ਗਏ ਹਾਂ। ਰਾਜਾਸ਼ਾਹੀ ਦੀ ਥਾਂ ਲੋਕਤੰਤਰ ਨੇ ਲੈ ਲਈ ਹੈ। ਕੁਝ ਸਾਲ ਪਹਿਲਾਂ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਯੂਨੀਅਨਾਂ ਨੇ ਸ਼ਾਂਤਮਈ ਲੋਕਤੰਤਰਿਕ ਤਰੀਕੇ ਨਾਲ ਅੰਦੋਲਨ ਕੀਤਾ ਸੀ। ਇਸ ਵਿੱਚ ਔਰਤਾਂ ਵੀ ਹਿੱਸਾ ਲੈ ਰਹੀਆਂ ਸਨ। ਕੰਗਣਾ ਰਣੌਤ ਸਰਕਾਰ ਦਾ ਸਮਰਥਨ ਕਰਦੀ ਹੋਈ ਪੰਜਾਬ ਦੀਆਂ ਬਜ਼ੁਰਗ ਔਰਤਾਂ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਰਤ ਗਈ ਸੀ। ਔਰਤ ਦਾ ਅਪਮਾਨ ਬਰਦਾਸ਼ਤ ਨਾ ਕਰਦੀ ਹੋਈ ਹਵਾਈ ਅੱਡੇ ’ਤੇ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਨੇ ਕੰਗਣਾ ਰਣੌਤ (ਹੁਣ ਮੈਂਬਰ ਪਾਰਲੀਮੈਂਟ) ਦੇ ਥੱਪੜ ਜੜ੍ਹ ਦਿੱਤਾ ਸੀ। ਬਿਲਕੁਲ ਸਾਫ ਨਜ਼ਰ ਆਉਂਦਾ ਸੀ ਕਿ ਥੱਪੜ ਮਾਰਨ ਵਾਲੀ ਮਹਿਲਾ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਨਾਲ ਖੜ੍ਹੀ ਸੀ ਅਤੇ ਥੱਪੜ ਖਾਣ ਵਾਲੀ ਰਣੌਤ ਸਰਕਾਰ ਨਾਲ ਖੜ੍ਹੀ ਸੀ। ਇਹ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਵਿਚਾਰਧਾਰਕ ਟਕਰਾਅ ਹੁਣ ਸਬਦਾਂ ਜਾਂ ਲਿਖਤਾਂ ਰਾਹੀਂ ਨਹੀਂ ਬਲਕਿ ਥੱਪੜਾਂ ਰਾਹੀਂ ਪ੍ਰਗਟ ਹੋਣ ਲੱਗਿਆ ਹੈ।
ਦੀਪਕੇ ਦਾ ਕਹਿਣਾ ਹੈ ਕਿ ਉਸਦੇ ਥੱਪੜ ਮਾਰਨ ਵਾਲੇ ਆਰ ਐੱਸ ਐੱਸ ਦੇ ਸਮਰਥਕ ਸਨ। ਕੌਕਰੋਚ ਦੇ ਥੱਪੜ ਮਾਰਨ ਵਾਲਾ ਜ਼ਰੂਰ ਹੀ ਸਰਕਾਰ ਦੀਆਂ ਨੀਤੀਆਂ ਦਾ ਸਮਰਥਕ ਹੋਣਾ ਹੈ। ਭਾਰਤੀ ਸੰਵਿਧਾਨ ਦੇ ਆਰਟੀਕਲ 19 ਤੋਂ 22 ਆਪਣੇ ਵਿਚਾਰ ਸੁਤੰਤਰਤਾ ਨਾਲ ਕਹਿਣ ਦੀ ਅਜ਼ਾਦੀ ਅਤੇ ਹੋਰ ਮੁਢਲੇ ਅਧਿਕਾਰਾਂ ਦੀ ਰਾਖੀ ਦੀ ਗਰੰਟੀ ਦਿੰਦੇ ਹਨ। ਸਟੇਟ ਵੱਲੋਂ ਧੱਕੇ ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ। ਇਹ ਵਿਰੋਧ ਪ੍ਰਦਰਸ਼ਨ ਵੀ ਕਿਸਾਨ ਅੰਦੋਲਨ ਵਾਂਗ ਸ਼ਾਂਤਮਈ ਸੀ।
21 ਜੂਨ ਨੂੰ ਨੀਟ-ਯੂ ਜੀ ਪ੍ਰੀਖਿਆ ਦੁਬਾਰਾ ਹੋਈ। ਬਿਹਾਰ ਵਿੱਚ ਪ੍ਰੀਖਿਆ ਦੌਰਾਨ ਕਥਿਤ ਗੜਬੜ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਪੁਲਿਸ ਨੇ ਘੱਟੋ-ਘੱਟ 30 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਬਾਇਓਮੈਟ੍ਰਿਕ ਵੈਰੀਫਿਕੇਸ਼ਨ ਸਿਸਟਮ ਨਾਲ ਜੁੜੇ 18 ਸਟਾਫ ਮੈਂਬਰਾਂ ਨੂੰ ਕਥਿਤ ਤੌਰ ’ਤੇ ਵੈਰੀਫਿਕੇਸ਼ਨ ਪ੍ਰਕਿਰਿਆ ਨਾਲ ਸਮਝੌਤਾ ਕਰ ਕੇ ਨਕਲੀ ਉਮੀਦਵਾਰਾਂ ਅਤੇ ਵਿਚੋਲਿਆਂ ਨਾਲ ਮਿਲੀਭੁਗਤ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਕੌਕਰੋਚ ਜਨਤਾ ਪਾਰਟੀ 20 ਜੂਨ ਤੋਂ ਦਿੱਲੀ ਦੇ ਜੰਤਰ-ਮੰਤਰ ’ਤੇ ਰੋਸ ਪ੍ਰਦਰਸ਼ਨ ਕਰਕੇ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫਾ ਮੰਗ ਰਹੀ ਹੈ। ਅਭਿਜੀਤ ਦੀਪਕੇ ਕਿਸਾਨਾਂ ਤੋਂ ਸਮਰਥਨ ਮੰਗ ਰਹੇ ਹਨ ਕਿਉਂਕਿ ਵਿਦਿਆਰਥੀ ਕਿਸਾਨ ਮੋਰਚੇ ਵੇਲੇ ਉਨ੍ਹਾਂ ਨਾਲ ਖੜ੍ਹੇ ਸਨ। ਪ੍ਰਦਰਸ਼ਨ ਵਾਲੀ ਜਗ੍ਹਾ ’ਤੇ ਬਣਾਈ ਮੁਫਤ ਲਾਇਬਰੇਰੀ ਇਸ ਅੰਦੋਲਨ ਦੀ ਵਿਲੱਖਣ ਵਿਸ਼ੇਸ਼ਤਾ ਬਣ ਕੇ ਉੱਭਰੀ ਹੈ। ਧਰਨਾਕਾਰੀ ਧਰਨੇ ’ਤੇ ਬੈਠੇ ਸਮੇਂ ਆਪਣੇ ਗਿਆਨ ਵਿੱਚ ਵਾਧਾ ਕਰ ਸਕਣਗੇ। ਧਰਨੇ ਦਾ ਸਿੱਟਾ ਕੁਝ ਵੀ ਹੋਵੇ ਪਰ ਚੀਫ ਜਸਟਿਸ ਸੂਰਿਆ ਕਾਂਤ ਵੱਲੋਂ ਨੌਜਵਾਨਾਂ ਨੂੰ ‘ਕੌਕਰੋਚ’ ਕਹੇ ਜਾਣ ਦੇ ਰੋਸ ਵਜੋਂ ਹੋਂਦ ਵਿੱਚ ਆਈ ‘ਕੌਕਰੋਚ ਜਨਤਾ ਪਾਰਟੀ’ ਵੱਲੋਂ ਮੁਕਾਬਲੇ ਦੇ ਅਤੇ ਹੋਰ ਪ੍ਰੀਖਿਆਵਾਂ ਦੇ ਪ੍ਰਬੰਧ ਨੂੰ ਲੈ ਕੇ ਉਠਾਏ ਜਾ ਰਹੇ ਸਵਾਲਾਂ ਨੂੰ ਅੱਖੋਂ ਪਰੋਖੇ ਕਿਵੇਂ ਕੀਤਾ ਜਾ ਸਕਦਾ ਹੈ? ਹਾਲਾਂ ਕਿ ਇਸ ਬਦਇੰਤਜ਼ਾਮੀ ਦਾ ਪੂਰੇ ਦੇਸ਼ ਦੇ ਸਾਰੇ ਨੌਜਵਾਨਾਂ ਦੇ ਭਵਿੱਖ ’ਤੇ ਅਸਰ ਪੈਂਦਾ ਹੈ ਪਰ ਅਜਿਹੇ ਸਵਾਲਾਂ ਦਾ ਇੱਕ ਦਲਿਤ ਵੱਲੋਂ ਉਠਾਏ ਜਾਣਾ ਮਨੂੰਵਾਦੀ ਮਾਨਸਿਕਤਾ ਨੂੰ ਹਜ਼ਮ ਨਹੀਂ ਹੋ ਰਿਹਾ। ਥੱਪੜ ਮਾਰਨ ਵਾਲਿਆਂ ਦੀ ਇਹ ਮਾਨਸਿਕਤਾ ਉਦੋਂ ਸਾਫ ਦਿਸਦੀ ਹੈ ਜਦੋਂ ਉਨ੍ਹਾਂ ਦਾ ਸੰਬੰਧ ਰੂੜ੍ਹੀਵਾਦੀ ਹਿੰਦੂਤਵੀ ਵਿਚਾਰਧਾਰਾ ਵਾਲੇ ਸੰਗਠਨ ਨਾਲ ਦੱਸਿਆ ਜਾ ਰਿਹਾ ਹੈ।
ਦਰਅਸਲ ਦੇਸ਼ ਨੂੰ ਅਜ਼ਾਦੀ ਮਿਲਣ ਤੋਂ ਬਾਅਦ ਹੀ ਇਹ ਫਿਰਕੂ ਸੋਚ ਹੌਲੀ ਹੌਲੀ ਸਾਰੇ ਸਮਾਜਿਕ ਅਤੇ ਰਾਜਸੀ ਤੰਤਰ ਵਿੱਚ ਰਸਣੀ ਸ਼ੁਰੂ ਹੋ ਗਈ ਸੀ। ਮਨੁੱਖੀ ਮਨ ਅੰਦਰ ਚੱਲ ਰਹੇ ਵਿਚਾਰਧਾਰਕ ਦਰਿਆ ਦਾ ਪ੍ਰਗਟਾਵਾ ਉਸਦੇ ਵਿਵਹਾਰ ਵਿੱਚ ਹੁੰਦਾ ਹੈ। ਇਸ ਵਿਵਹਾਰ ਦਾ ਸਮੂਹਿਕ ਰੂਪ ਸਮਾਜ ਦੀ ਦਿਸ਼ਾ ਅਤੇ ਦਸ਼ਾ ਬਦਲਣ ਦੇ ਸਮਰੱਥ ਹੁੰਦਾ ਹੈ। ਅਜਿਹਾ ਵਰਤਾਰਾ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹੁਣ ਵੇਲੇ ਦਿਸਿਆ। ਹਿੰਦੂ-ਮੁਸਲਿਮ ਵਿਚਾਰਧਾਰਕ ਟਕਰਾਅ ਦਾ ਭਿਅੰਕਰ ਰੂਪ ਉਸ ਵੇਲੇ ਦੇਸ਼ ਭਰ ਵਿੱਚ ਹੋਏ ਫਿਰਕੂ ਦੰਗਿਆਂ ਵਿੱਚ ਦੇਖਣ ਨੂੰ ਮਿਲਿਆ। ਉਸ ਵਕਤ ਮੇਰੀ ਤਾਇਨਾਤੀ ਸੂਰਤ (ਗੁਜਰਾਤ) ਸੀ, ਜਿੱਥੇ ਭਿਅੰਕਰ ਫਸਾਦ ਹੋਏ ਸਨ। ਇਸ ਘਟਨਾ ਤੋਂ ਬਾਅਦ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਅਤੇ ਦਸ਼ਾ ਦੋਵੇਂ ਬਦਲੇ ਹਨ।
ਕੁਝ ਸਾਲਾਂ ਬਾਅਦ ਮੈਂ ਪੰਜਾਬ ਆ ਗਿਆ। ਆਪਣੇ ਨਵੇਂ ਬਾਸ ਨਾਲ ਸ਼ਿਸ਼ਟਤਾ ਮਿਲਣੀ ’ਤੇ ਮੇਰੇ ਜ਼ਿਹਨ ਵਿੱਚ ਉਨ੍ਹਾਂ ਦੀ ਦਸ ਸਾਲ ਪਹਿਲਾਂ ਅਜਿਹੀ ਮਿਲਣੀ ਘੁੰਮਣ ਲੱਗੀ ਸੀ ਜਦੋਂ ਉਨ੍ਹਾਂ ਮੈਨੂੰ ਕੋਈ ਭਾਅ ਨਹੀਂ ਦਿੱਤਾ ਸੀ। ਇੱਕ ਘ੍ਰਿਣਾ ਭਰੀ ਤਿਰਛੀ ਜਿਹੀ ਨਜ਼ਰ ਨਾਲ ਦੇਖ ਕੇ ਮਿਲਣੀ ਸਮਾਪਤ ਕਰ ਦਿੱਤੀ ਸੀ। ਉਹ ਸਾਡੇ ਸਮਾਜ ਦੀ ਅਖੌਤੀ ਉੱਤਮ ਸ਼੍ਰੇਣੀ ਨਾਲ ਸਬੰਧਤ ਅਤੇ ਮੰਨੂਵਾਦ ਦੇ ਪੱਕੇ ਸਮਰਥਕ ਸਨ। ਪਰੰਪਰਾਗਤ ਬ੍ਰਹਮਣਵਾਦੀ ਸੋਚ ਮੇਰੀ ਸ਼੍ਰੇਣੀ ਦੇ ਲੋਕਾਂ ਨੂੰ ਕੀੜੇ ਮਕੌੜੇ, ਕੌਕਰੋਚ ਆਦਿ ਹੀ ਸਮਝਦੀ ਆਈ ਹੈ। ਅਗਲੇ ਹੀ ਦਿਨ ਸ਼੍ਰੀ ਮਾਨ ਜੀ ਨੇ ਆਪਣਾ ਰੰਗ ਦਿਖਾ ਦਿੱਤਾ ਸੀ। ਦਫਤਰ ਤੋਂ ਬਾਅਦ ਉਨ੍ਹਾਂ ਦਾ ਝੋਲੀ ਚੁੱਕ ਅਫਸਰ ਸ਼ਾਮ ਨੂੰ ਮੇਰੇ ਹੱਥ ਇੱਕ ਫਾਈਲ ਫੜਾ ਕੇ ਕਹਿਣ ਲੱਗਾ, “ਸਾਈਨ ਕਰ ਦਿਓ, ਸਾਹਿਬ ਨੇ ਕਿਹਾ ਹੈ।” ਉਨ੍ਹਾਂ ਸੋਚ ਹੀ ਰੱਖਿਆ ਹੋਵੇਗਾ ਕਿ ਇਹ ਲੋਕ ਕਿਤੇ ਅਫਸਰੀ ਦੇ ਕਾਬਿਲ ਹੁੰਦੇ ਹਨ, ਇਹ ਤਾਂ ਰਿਜ਼ਰਵ ਕੋਟੇ ਕਰਕੇ ਬਣ ਗਏ। ... ਤੇ ਹੋਰ ਪਤਾ ਨਹੀਂ ਉਨ੍ਹਾਂ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੋਵੇਗਾ। ਦਰਅਸਲ ਉਹ ਇੱਕ ਆਰਡਰ ਸੀ ਜਿਸ ਨੂੰ ਪਾਸ ਕਰਨ ਦਾ ਅਧਿਕਾਰ-ਖੇਤਰ ਮੇਰਾ ਸੀ ਜਿਸ ’ਤੇ ਉਹ ਕਾਬਜ਼ ਹੋਣਾ ਚਾਹੁੰਦੇ ਸਨ। ਉਹ ਮੇਰੇ ਮਤਹਿਤਾਂ ਦੀ ਤਾਇਨਾਤੀ ਆਪਣੀ ਮਰਜ਼ੀ ਨਾਲ ਕਰਕੇ ਪੂਰਾ ਕੰਟਰੋਲ ਆਪਣੇ ਹੱਥ ਲੈਣਾ ਚਾਹੁੰਦੇ ਸਨ। ਮੈਂ ਸਾਈਨ ਕਰਨ ਤੋਂ ਨਾਂਹ ਕਰ ਦਿੱਤਾ। ਜਾਣ ਲੱਗਿਆਂ ਮਤਹਿਤ ਮੈਨੂੰ ਲੁਕਵਾਂ ਡਰਾਵਾ ਦੇ ਗਿਆ, “ਸਾਹਿਬ ਨਰਾਜ਼ ਹੋ ਜਾਣਗੇ, ਦੇਖ ਲਓ!” ਜ਼ਰੂਰ ਜਾ ਕੇ ਉਸਨੇ ਵਧਾ ਚੜ੍ਹਾ ਕੇ ਮੇਰੇ ਵਿਰੁੱਧ ਸਾਹਿਬ ਦੇ ਕੰਨ ਭਰੇ ਹੋਣਗੇ।
ਦੋ ਚਾਰ ਦਿਨ ਹੋਰ ਲੰਘ ਗਏ। ਮੈਂ ਬਿਲਡਿੰਗ ਦਾ ਇੰਚਾਰਜ ਵੀ ਸਾਂ। ਪਹਿਲਾਂ ਕਿਤੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਡਰਾਈਵਰ ਦਾ ਝਗੜਾ ਹੋਇਆ ਹੋਣਾ ਹੈ। ਉਸ ਤੋਂ ਸਰਕਾਰੀ ਰਿਹਾਇਸ਼ ਖਾਲੀ ਕਰਵਾ ਲਈ ਸੀ ਪਰ ਉਹ ਟ੍ਰਿਬਿਊਨਲ ਤੋਂ ਕੇਸ ਜਿੱਤ ਗਿਆ ਸੀ। ਹੁਕਮ ਦੀ ਤਾਮੀਲ ਲਈ ਫਾਈਲ ਸਾਹਿਬ ਸਾਹਮਣੇ ਰੱਖੀ ਗਈ। ਉਨ੍ਹਾਂ ਸਾਈਨ ਨਾ ਕੀਤੀ। ਮੈਨੂੰ ਸੰਭਲ ਕੇ ਚੱਲਣ ਦਾ ਇਸ਼ਾਰਾ ਮਿਲ ਗਿਆ ਸੀ। 28 ਸਾਲ ਪਹਿਲਾਂ ਦੀ ਸਾਂਭੀ ਹੋਈ ਉਹ ਆਰਡਰ ਸ਼ੀਟ ਅੱਜ ਵੀ ਜਦੋਂ ਕਦੇ ਕਾਗਜ਼ਾਂ ਵਿੱਚੋਂ ਝਾਕਦੀ ਹੈ, ਮੈਨੂੰ ਉਨ੍ਹਾਂ ਦੀ ਤੰਗ ਸੋਚ ਤੰਗ ਕਰਦੀ ਹੈ।
ਉਨ੍ਹੀਂ ਦਿਨੀਂ ਹੀ ਦਫਤਰ ਵਿੱਚ ਇੱਕ ਛੋਟੀ ਜਿਹੀ ਚੋਰੀ ਹੋ ਗਈ। ਬਿਲਡਿੰਗ ਇੰਚਾਰਜ ਦੇ ਨਾਤੇ ਮੇਰੇ ਕੋਲੋਂ ਰਿਪੋਰਟ ਮੰਗੀ ਗਈ। ਕੋਈ ਸੌ ਕੁ ਰੁਪਏ ਦਾ ਸਮਾਨ ਚੋਰੀ ਹੋਇਆ ਹੋਣਾ ਹੈ। ਮੈਂ ਇੱਕ ਆਮ ਜਿਹੀ ਸਰਕਾਰੀ ਰਿਪੋਰਟ ਭੇਜ ਦਿੱਤੀ। ਇੰਨੀ ਛੋਟੀ ਰਕਮ ਲਈ ਕਿਸ ਨੂੰ ਫਾਹੇ ਲਾ ਦਿੰਦਾ? ਭਰੇ-ਪੀਤੇ ਸਾਹਿਬ ਨੂੰ ਤਾਂ ਬਹਾਨਾ ਚਾਹੀਦਾ ਸੀ। “ਜਗਰੂਪ ਸਿੰਘ ਹਾਜ਼ਰ ਹੋ” ਦੇ ਹੁਕਮ ਦੀ ਮੈਂ ਉਡੀਕ ਕਰ ਰਿਹਾ ਸੀ। ਮੈਨੂੰ ਦੇਖਦਿਆਂ ਹੀ ਸਾਹਿਬ ਕਹਿਣ ਲੱਗੇ, “ਜੇਕਰ ਤੁਹਾਡੀ ਰਿਪੋਰਟਾਂ ਦੀ ਗੁਣਵੱਤਾ ਇਹੋ ਜਿਹੀ ਹੈ, ਮੈਨੂੰ ਤੁਹਾਡੀ ਬਦਲੀ ਕਰਵਾਉਣੀ ਪਵੇਗੀ।” ਮੈਨੂੰ ਅਜਿਹਾ ਸੁਣ ਕੇ ਕੋਈ ਹੈਰਾਨੀ ਨਾ ਹੋਈ। ਮੈਂ ਕਿਹਾ, “ਸਰ! ਤੁਸੀਂ ਕਹਿੰਦੇ ਹੋ ਮੇਰੀ ਰਿਪੋਰਟ ਦੀ ਗੁਣਵੱਤਾ ਘਟੀਆ ਹੈ ਪਰ ਮੇਰੀ ਸਾਖ-ਧਾਕ ਇਹੋ ਜਿਹੀ ਰਹੀ ਹੈ ਕਿ ਮੇਰੇ ਉੱਚ-ਅਧਿਕਰਿਆਂ ਨੇ ਆਪਣੇ ਦਫਤਰ ਕਹਿ ਰੱਖਿਆ ਸੀ ਕਿ ਜੇਕਰ ਭਾਵਨਗਰ (ਗੁਜਰਾਤ) ਵਾਲੇ ਡੀ ਸੀ ਦੀ ਰਿਪੋਰਟ ਆ ਜਾਵੇ ਤਾਂ ਉਸ ਤਰਜ਼ ’ਤੇ ਹੀ ਦਿੱਲੀ ਰਿਪੋਰਟ ਭੇਜ ਦਿੱਤੀ ਜਾਵੇ, ਦੂਸਰਿਆਂ ਦੀ ਰਿਪੋਰਟ ਦੀ ਉਡੀਕ ਨਾ ਕੀਤੀ ਜਾਵੇ। ਤੁਸੀਂ ਕਹਿੰਦੇ ਹੋ ਮੈਨੂੰ ਰਿਪੋਰਟ ਹੀ ਲਿਖਣੀ ਨਹੀਂ ਆਉਂਦੀ। ਮੈਂ ਤੁਹਾਡੇ ਹੇਠ ਕੰਮ ਨਹੀਂ ਕਰਾਂਗਾ, ਮੇਰੀ ਬਦਲੀ ਹੀ ਕਰਵਾ ਦਿਓ, ਮੇਰਾ ਬੋਰੀਆ-ਬਿਸਤਰਾ ਹਾਲੇ ਬੰਨ੍ਹਿਆ ਹੀ ਪਿਆ ਹੈ।” ਇੱਥੇ ਇਹ ਦੱਸਣਾ ਚਾਹਾਂਗਾ ਕਿ ਸਾਰੇ ਬ੍ਰਾਹਮਣ ਕੱਟੜ ਮੰਨੂਵਾਦੀ ਸੋਚ ਦੇ ਧਾਰਨੀ ਨਹੀਂ ਹਨ। ਬਾਸ ਰਹਿ ਚੁੱਕੇ ਸੁਹਿਰਦ ਬ੍ਰਾਹਮਣ ਅਫਸਰਾਂ ਨੇ ਹੀ ਰਿਪੋਰਟ ਲਿਖਣ ਦੀ ਕਲਾ ਮੈਨੂੰ ਸਿਖਾਈ ਸੀ।
ਦਫਤਰ ਦੀ ਬਿਲਡਿੰਗ ’ਤੇ ਮਿਉਰਲ ਲਾਉਣ ਦਾ ਮਸਲਾ ਲਟਕਿਆ ਹੋਇਆ ਸੀ। ਸਾਹਿਬ ਕੰਵਲ ਦਾ ਫੁੱਲ ਲਾਉਣ ਦੇ ਹੱਕ ਵਿੱਚ ਸਨ ਪਰ ਅਸੀਂ ਦੋ ਮਤਹਿਤ ਇਸ ਵਿਚਾਰ ਦੇ ਸੀ ਕਿ ਸਰਕਾਰੀ ਦਫਤਰ ’ਤੇ ਕਿਸੇ ਸਿਆਸੀ ਪਾਰਟੀ ਦੇ ਨਿਸ਼ਾਨ ਨੂੰ ਮਿਊਰਲ ਵੱਲੋਂ ਲਾਉਣਾ ਸੰਵਿਧਾਨ ਦੀ ਉਲੰਘਣਾ ਹੋਵੇਗਾ ਅਤੇ ਅਸੀਂ ਸਰਕਾਰੀ ਅਫਸਰ ਅਜਿਹਾ ਕਰਕੇ ਸਰਵਿਸ ਨਿਯਮਾਂ ਦੀ ਉਲੰਘਣਾ ਕਰ ਰਹੇ ਹੋਵਾਂਗੇ। ਵਿਚਾਰਧਾਰਕ ਟਕਰਾਅ ਸਾਹਮਣੇ ਆ ਰਿਹਾ ਸੀ। ਪਵਿੱਤਰ ਬਾਣੀ ਦੀ ਤੁਕ ‘ਜਿਸ ਹੱਥ ਜ਼ੋਰ ਕਰ ਦੇਖੇ ਸੋਇ’ ਮੁਤਾਬਿਕ ਉਨ੍ਹਾਂ ਆਪਣੀ ਮਰਜ਼ੀ ਕੀਤੀ।
ਉਹ ਮੇਰੀ ਬਦਲੀ ਨਾ ਕਰਵਾ ਸਕੇ ਪਰ ਜਦੋਂ ਮੰਨੂਵਾਦੀ ਵਿਚਾਰਧਾਰਾ ਦੀ ਸਰਕਾਰ ਆਈ ਤਦ ਮੈਨੂੰ ਤਿੰਨ ਹਜ਼ਾਰ ਕਿਲੋਮੀਟਰ ’ਤੇ ਬਦਲ ਦਿੱਤਾ ਗਿਆ ਸੀ। ਮੈਨੂੰ ਇਉਂ ਲੱਗਿਆ ਜਿਵੇਂ ਉਹ ਮੈਨੂੰ ਆਪਣੇ ਸੂਪ ਵਿੱਚ ਡਿਗਿਆ ‘ਕੌਕਰੋਚ’ ਸਮਝਦੇ ਹੋਣ। ਕੌਕਰੋਚ ਜਨਤਾ ਪਾਰਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਸਰਕਾਰ ਦੇ ਸਮਰਥਕ ਸ਼ਾਇਦ ਸਮਝਦੇ ਹੋਣ ਕਿ ਦੀਪਕੇ ਨਾਂ ਦਾ ‘ਕੌਕਰੋਚ’ ਉਹਨਾਂ ਦੇ ਰੰਗ ਵਿੱਚ ਭੰਗ ਪਾ ਰਿਹਾ ਹੈ ਅਤੇ ਇਸਦੇ ਥੱਪੜ ਜੜਨਾ ਹੀ ਠੀਕ ਹੈ।
ਕੌਕਰੋਚ ਦੇ ਥੱਪੜ ਵੱਜਣ ਦੀ ਖਬਰ ਸੁਣਦਿਆਂ ਹੀ ਮੈਨੂੰ ਸਾਈਮਨ ਕਮਿਸ਼ਨ ਦੀ ਭਾਰਤ ਫੇਰੀ ਯਾਦ ਆ ਗਈ ਸੀ। ਅਸੀਂ ਪੜ੍ਹਦੇ ਆਏ ਹਾਂ ਕਿ ਕਮਿਸ਼ਨ ਦਾ ਵਿਰੋਧ ਕਰਦੇ ਜਲੂਸ ਦੀ ਅਗਵਾਈ ਕਰਦੇ ਲਾਲਾ ਲਾਜਪਤ ਰਾਏ ਜੀ ਉੱਤੇ ਅੰਗਰੇਜ਼ ਸਰਕਾਰ ਨੇ ਡਾਂਗਾਂ ਦੀ ਬੁਸ਼ਾੜ ਕਰ ਦਿੱਤੀ ਸੀ। ਇਸ ਘਟਨਾ (ਦਾ ਜ਼ਿਕਰ ਇਸਦੇ ਚਸ਼ਮਦੀਦ ਗਵਾਹ ਸਿਰਦਾਰ ਕਪੂਰ ਸਿੰਘ ਆਪਣੀ ਕ੍ਰਿਤ ਸਾਚੀ-ਸਾਖੀ ਵਿੱਚ ਵੱਖਰਾ ਬਿਰਤਾਂਤ ਲਿਖਦੇ ਹਨ) ਤੋਂ ਬਾਅਦ ਲਾਲਾ ਜੀ ਨੇ ਕਿਹਾ, “ਮੇਰੇ ਬਦਨ ’ਤੇ ਪਈ ਲਾਠੀ ਦੀ ਇੱਕ ਇੱਕ ਹੁੱਝ ਅੰਗਰੇਜ਼ ਹਕੂਮਤ ਦੇ ਤਾਬੂਤ ਵਿੱਚ ਇੱਕ ਇੱਕ ਕਿੱਲ ਸਾਬਤ ਹੋਵੇਗੀ।” ਕੁਝ ਦਿਨ ਬਾਅਦ ਲਾਲਾ ਜੀ ਦੀ ਮੌਤ ਹੋ ਗਈ ਸੀ। ਜਦੋਂ ਵੀ ਮੈਂ ਕੌਕਰੋਚ ਜਨਤਾ ਪਾਰਟੀ ਬਾਰੇ ਕੋਈ ਖਬਰ ਪੜ੍ਹਦਾ-ਸੁਣਦਾ ਹਾਂ, ਮੇਰੇ ਜ਼ਿਹਨ ਵਿੱਚ ਲਾਲਾ ਜੀ ਦੇ ਇਹ ਸ਼ਬਦ ਵੀ ਗੂੰਜਣ ਲੱਗ ਜਾਂਦੇ ਹਨ। ਕੌਕਰੋਚ ਦੇ ਥੱਪੜ ਵੀ ਅੱਖਾਂ ਅੱਗੇ ਘੁੰਮਣ ਲਗਦੇ ਹਨ। ਮੈਂ ਸੋਚਣ ਲੱਗ ਜਾਂਦਾ ਹਾਂ ਕਿ ਕਿਤੇ ‘ਕੌਕਰੋਚ’ ਦੇ ਪਿਆ ਇਹ ਥੱਪੜ ਸਾਡੇ ਗਣਤੰਤਰ ਵਿੱਚ ਕੋਈ ਕਿੱਲ ਤਾਂ ਨਹੀਂ ਠੋਕ ਦੇਵੇਗਾ? ਇਸਦਾ ਹਾਂ-ਪੱਖੀ ਉੱਤਰ ਮੈਨੂੰ ਝੰਜੋੜ ਕੇ ਰੱਖ ਦਿੰਦਾ ਹੈ ਕਿਉਂਕਿ ਲਾਲਾ ਜੀ ਅਤੇ ਹੋਰਾਂ ਅਨੇਕਾਂ ਦੇਸ਼ ਵਾਸੀਆਂ ਨੇ ਕੁਰਬਾਨੀਆਂ ਦੇ ਕੇ ਦੇਸ਼ ਅਜ਼ਾਦ ਕਰਵਾਇਆ ਸੀ ਅਤੇ ਅਜ਼ਾਦੀ ਤੋਂ ਬਾਅਦ ਇੱਕ ਚੰਗਾ ਗਣਤੰਤਰ ਸਿਰਜਣ ਵਿੱਚ ਵੀ ਬਹੁਤ ਜਾਨਾਂ ਚਲੀਆਂ ਗਈਆਂ ਹਨ। ਲਾਲਾ ਜੀ ‘ਵਿਦੇਸ਼ੀ ਹਕੂਮਤ’ ਦਾ ਵਿਰੋਧ ਕਰ ਰਹੇ ਸਨ ਅਤੇ ‘ਕੌਕਰੋਚ’ ਸਾਡੀ ਆਪਣੀ ਹਕੂਮਤ ਦੀਆਂ ਨੀਤੀਆਂ ਦਾ ਵਿਰੋਧ ਕਰ ਰਿਹਾ ਹੈ। ਸਮੇਂ ਦੇ ਗਰਭ ਵਿੱਚ ਪਣਪ ਰਿਹਾ ਕੌਕਰੋਚ ਦੇ ਪਿਆ ਥੱਪੜ ਕਿਹੋ ਜਿਹੀ ਮਾਨਸਿਕਤਾ ਨੂੰ ਜਨਮ ਦੇਵੇਗਾ, ਵਕਤ ਹੀ ਦੱਸੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)




















































































































