“ਏਕਲਵਿਆ ਨੂੰ ਦਿੱਤੇ ਜਾ ਰਹੇ ਮਿਹਣੇ, ਉਸਦੇ ਅੰਗੂਠੇ ਦੀ ਕਟਾਈ ਦੇ ਸ਼ਿਕਵੇ ਅਤੇ ...”
(24 ਅਗਸਤ 2026)
ਪਿਛਲੇ ਦਿਨੀਂ ਇੱਕ ਮਿੱਤਰ ਕਹਿਣ ਲੱਗਾ; ਯਾਰ ਸੁਣਿਆ ਹੈ ਇੱਕ ਅਮਰੀਕਨ ਲੇਖਕ ਨੇ ਹਿੰਦੂ ਕੌਮ ਦੇ ਇਤਿਹਾਸ ਦਾ ਬਦਲਵਾਂ ਪੱਖ ਪੇਸ਼ ਕੀਤਾ ਹੈ, ਉਹ ਪੜ੍ਹ ਅਤੇ ਮੈਨੂੰ ਦੱਸ, ਉਸਨੇ ਕੀ ਕਿਹਾ ਹੈ। ਮੈਂ ਤੈਨੂੰ ਇਸ ਲਈ ਕਹਿ ਰਿਹਾ ਹਾਂ ਕਿ ਮੇਰਾ ਅਗਰੇਜ਼ੀ ਭਾਸ਼ਾ ਵਿੱਚ ਹੱਥ ਤੰਗ ਹੈ ਪਰ ਤੇਰਾ ਮੇਰੇ ਨਾਲੋਂ ਕਾਫੀ ਖੁੱਲ੍ਹਾ ਹੈ ਅਤੇ ਨਾਲੇ ਤੁਹਾਨੂੰ ਪੜ੍ਹਨ ਦਾ ਸ਼ੌਕ ਹੈ। ਮੈਂ ਕਿਹਾ, ਦੇਖ ਲੈਨੇਂ ਆਂ। ਅਤੇ ਨਾਲ ਹੀ ਮੈਂ ਇਹ ਵੀ ਕਿਹਾ, ਯਾਰ ਆਪਾਂ ਫਿਜ਼ਿਕਸ-ਮੈਥੇਮੈਟਿਕਸ ਪੜ੍ਹਨ ਵਾਲੇ ਸਮਾਜਿਕ-ਧਾਰਮਿਕ ਵਿਸ਼ਿਆਂ ਬਾਰੇ ਸਤਹੀ ਗਿਆਨ ਰੱਖਦੇ ਹਾਂ, ਕਾਹਨੂੰ ਪੰਗਾ ਲੈਣਾ ਹੈ। ਫਿਰ ਵੀ ਕੁਝ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਕਹਿਣ ਲੱਗੇ, ਕਿਤਾਬ ਮਹਿੰਗੀ ਹੈ, ਮੈਂ ਮੰਗਵਾ ਲੈਨਾ, ਤੁਸੀਂ ਪੜ੍ਹ ਲੈਣਾ। ਅਸੀਂ ਦੋਵਾਂ ਨੇ ਕਿਤਾਬ ਦਾ ਆਰਡਰ ਕਰ ਦਿੱਤਾ, ਦੋਵੇਂ ਹੀ ਹਜ਼ਾਰ-ਹਜ਼ਾਰ ਖਰਚ ਬੈਠੇ।
ਕਿਤਾਬ ਦੇਖਣ ਸਾਰ ਮੇਰੇ ਸਾਹ ਸੂਤੇ ਗਏ। ਅੱਠ ਸੌ ਦੇ ਕਰੀਬ ਬਰੀਕ ਪ੍ਰਿੰਟ ਪੰਨਿਆਂ ਵਾਲੀ ਅੰਗਰੇਜ਼ੀ ਦੀ ਕਿਤਾਬ ਕੌਣ ਪੜ੍ਹੇਗਾ? ਕਿੰਨਾ ਕੁ ਪੱਲੇ ਪਵੇਗਾ ਤੇ ਅੱਗੇ ਕਿੰਨਾ ਕੁ ਦੱਸ ਸਕਾਂਗਾ? ਖੈਰ, ਮੈਂ ਹਿੰਮਤ ਜੁਟਾਈ ਤੇ ਪ੍ਰਸਤਾਵਨਾ (Preface) ਪੜ੍ਹਨੀ ਸ਼ੁਰੂ ਕੀਤੀ। ਪਹਿਲੇ ਹੀ ਸਫੇ ਦੇ ਅਖੀਰ ਤੇ ਲਿਖਿਆ ਸੀ, “ਮੇਰੇ ਬਦਲਵਾਂ ਇਤਿਹਾਸ ਲਿਖਣ ਦੇ ਏਜੰਡੇ ਦਾ ਇੱਕ ਮਕਸਦ ਇਹ ਦਿਖਾਉਣਾ ਵੀ ਹੈ ਕਿ ਪਰੰਪਰਾਗਤ ਸਿਆਣਪ ਮੁਤਾਬਿਕ ਜਿਨ੍ਹਾਂ ਸਮੂਹਾਂ (ਔਰਤਾਂ, ਅਛੂਤਾਂ ਆਦਿ) ਦਾ ਸ਼ੋਸ਼ਣ ਹੋਇਆ ਅਤੇ ਉਨ੍ਹਾਂ ਨੂੰ ਚੁੱਪ ਕਰਵਾਇਆ ਗਿਆ ਅਤੇ ਇਨ੍ਹਾਂ ਸਮੂਹਾਂ ਦਾ ਹਿੰਦੂ ਰਵਾਇਤ ਦੇ ਵਿਕਾਸ ਵਿੱਚ ਕੋਈ ਰੋਲ ਨਹੀਂ ਸੀ, ਦਰਅਸਲ ਉਨ੍ਹਾਂ ਨੇ ਵੀ ਹਿੰਦੂਇਜ਼ਮ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਇਆ।” ਇਹ ਪੜ੍ਹਦਿਆਂ ਹੀ ਮੇਰੀ ਉਤਸੁਕਤਾ ਵਧ ਗਈ। ਬੱਸ ਫਿਰ ਪੰਜਾਬੀ ਯੂਨੀਵਰਸਟੀ ਦਾ ਅੰਗਰਜੀ-ਪੰਜਾਬੀ ਕੋਸ਼ ਅਤੇ ਗੂਗਲ ਦੇ ਸਹਾਰੇ ਪਾਠ ਅਰੰਭ ਦਿੱਤਾ। ਇਸ ਸੰਬੰਧ ਵਿੱਚ ਪੇਂਡੂ ਪਿੱਠ-ਭੂਮੀ ਦੇ ਨੀਵੀਂਆਂ ਜਾਤਾਂ ਦੇ ਸੰਤ ਕਬੀਰ (ਜੁਲਾਹਾ), ਰਵਿਦਾਸ (ਚਮਾਰ), ਦਾਦੂ (ਕਪਾਹ ਵਿਕਰੇਤਾ), ਸੈਨ (ਨਾਈ) ਆਦਿ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨੇ ਬ੍ਰਾਹਮਣਵਾਦ ਦੀ ਜਾਤੀ ਵਿਵਸਥਾ ਅਤੇ ਮਿੱਥ ਅਧਾਰਤ ਵਿਚਾਰਧਾਰਾ ਦਾ ਖੰਡਣ ਕਰਕੇ ਹਿੰਦੂਇਜ਼ਮ ਦੀ ਨਿਰਗੁਣ-ਧਾਰਾ ਦੀ ਹਾਮੀ ਭਰੀ। ਲੇਖਕ ਦਾ ਮੱਤ ਹੈ ਕਿ ਉਨ੍ਹਾਂ ਹਿੰਦੂ ਪਰੰਪਰਾ ਨੂੰ ਅਮੀਰ ਬਣਾਇਆ ਹੈ। ਇਸ ਸੰਬੰਧ ਵਿੱਚ ਗੁਰੂ ਨਾਨਕ ਦਾ ਜ਼ਿਕਰ ਵੀ ਕੀਤਾ ਗਿਆ ਹੈ। ਹਿੰਦੂ ਵਿਚਾਰਧਾਰਾ ਦੇ ਵਿਕਾਸ ਦੇ ਇਤਿਹਾਸ ’ਤੇ ਇਸਦਾ ਪ੍ਰਭਾਵ ਕਿਤੇ ਕਿਤੇ ਕੇਂਦਰੀ ਧੁਰਾ ਬਣਿਆ ਹੈ।
ਹਿੰਦੂ ਰਵਾਇਤ ਦੇ ਵਿਕਾਸ ਨੂੰ ਪੱਛਮ ਦੇ ਫਲਸਫੇ ਦੀ ਐਨਕ ਵਿੱਚੋਂ ਦੇਖਿਆਂ ਬਦਲਵਾਂ ਦ੍ਰਿਸ਼ਟੀਕੋਣ ਵੀ ਸਾਡੇ ਗਿਆਨ ਵਿੱਚ ਵਾਧਾ ਕਰਦਾ ਹੈ। ਸਾਡਾ ਆਪਣਾ ਸੋਚਣ ਢੰਗ ਬਦਲ ਸਕਦਾ ਹੈ। ਕਿਤਾਬ ਦੇਵੀ-ਦੇਵਤਿਆਂ ਬਾਰੇ ਵੱਖਰਾ ਪੱਖ ਪੇਸ਼ ਕਰਕੇ ਸਮਾਜ ਵਿੱਚ ਔਰਤ ਦੀ ਸਥਿਤੀ ਅਤੇ ਉਨ੍ਹਾਂ ਦੇ ਯੋਗਦਾਨ ਦੀ ਗੱਲ ਕਰਦੀ ਹੈ। ਦੇਵਤਿਆਂ-ਰਾਖਸ਼ਾਂ ਦੇ ਪ੍ਰਸੰਗ ਅਖੌਤੀ ਉੱਚ-ਜਾਤੀ ਬ੍ਰਾਹਮਣ ਅਤੇ ਅਖੌਤੀ ਨੀਵੀਂ ਜਾਤ ਦੇ ਸ਼ੂਦਰਾਂ ਦੇ ਸਬੰਧਾਂ ਬਾਰੇ ਬਦਲਵਾਂ ਪੱਖ ਦਿੱਤਾ ਹੈ। ਕਿਵੇਂ ਆਦਿ-ਵਾਸੀਆਂ ਅਤੇ ਅਛੂਤਾਂ ਨੇ ਪਰੰਪਰਾਵਾਂ ਦੇ ਵਿਕਸਿਤ ਹੋਣ ਵਿੱਚ, ਜਾਣੇ-ਅਣਜਾਣੇ, ਯੋਗਦਾਨ ਪਾਇਆ, ਉਸਦੀ ਇੱਕ ਵੰਨਗੀ ਏਕਲਵਿਆ ਦੇ ਮਿੱਥ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।
(Eka। avya) ਮਹਾਭਾਰਤ ਦੀ ਕਹਾਣੀ ਦੇ ਇੱਕ ਪ੍ਰਸੰਗ ਦਾ ਨਾਇਕ ਹੈ। ਉਸ ਨੂੰ ਕੌਰਵਾਂ-ਪਾਂਡਵਾਂ ਦੇ ਗੁਰੂ ਦਰੋਣਾਚਾਰੀਆ ਨੇ ਸ਼ਸਤਰ-ਸਿੱਖਿਆ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਪਰ ਏਕਲਵਿਆ ਨੇ ਦ੍ਰੋਣ ਦੀ ਮੂਰਤੀ ਨੂੰ ਗੁਰੂ ਮੰਨ ਕੇ ਆਪ ਹੀ ਤੀਰ-ਅੰਦਾਜ਼ੀ ਵਿੱਚ ਮੁਹਾਰਤ ਹਾਸਲ ਕਰ ਲਈ ਸੀ। ਜਦੋਂ ਇਸ ਮੁਹਾਰਤ ਦਾ ਦਰੋਣਾਚਾਰੀਆ ਨੂੰ ਪਤਾ ਲੱਗਾ ਤਾਂ ਉਸਨੇ ਏਕਲਵਿਆ ਨੂੰ ਆਪਣੀ ਤੀਰ-ਅੰਦਾਜ਼ੀ ਤੋਂ ਵਾਂਝੇ ਕਰਨ ਲਈ ਗੁਰੂ-ਦਕਸ਼ਿਨਾ ਵਿੱਚ ਉਸਦਾ ਅੰਗੂਠਾ ਮੰਗ ਲਿਆ ਸੀ ਅਤੇ ਏਕਲਵਿਆ ਨੇ ਬਿਨਾਂ ਵਿਰੋਧ ਕੀਤੇ ਆਪਣਾ ਅੰਗੂਠਾ ਕੱਟ ਕੇ ਦੇ ਦਿੱਤਾ ਸੀ। ਉਸਨੇ ਵਿਰੋਧ ਨਹੀਂ ਕੀਤਾ ਬਲਕਿ ਗੁਰੂ ਦੀ ਆਗਿਆ ਪਾਲਣ ਅਤੇ ਸਹਿਣਸ਼ੀਲਤਾ ਦੀ ਪਰੰਪਰਾ ਦਾ ਆਦਰ ਕੀਤਾ। ਸੰਭੂਕ ਰਿਸ਼ੀ ਨੇ ਰਾਮ-ਰਾਜ ਸਮੇਂ ਪ੍ਰਭੂ ਦਾ ਗਿਆਨ ਹਾਸਲ ਕਰਕੇ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਨਾ ਵੀ ਸਿਖਾਇਆ ਕਿਉਂਕਿ ਬ੍ਰਾਹਮਣਵਾਦੀ ਪਰੰਪਰਾ ਸੀ ਕਿ ਸ਼ੂਦਰ ਰੱਬ ਦੀ ਭਗਤੀ ਨਹੀਂ ਕਰ ਸਕਦੇ, ਵੇਦ ਨਹੀਂ ਪੜ੍ਹ ਸਕਦੇ ਸਨ।
ਇਤਿਹਾਸਕਾਰਾਂ, ਵਿਦਵਾਨਾਂ, ਚਿੰਤਕਾਂ ਦਾ ਵਿਚਾਰ ਹੈ ਕਿ ਸਾਡੇ ਮਹਾਂਕਾਵਿ ਮਹਾਂਭਾਰਤ ਅਤੇ ਰਮਾਇਣ ਮਿੱਥਕ ਕਥਾਵਾਂ ਹਨ ਪਰ ਇਨ੍ਹਾਂ ਦਾ ਸਾਡੀ ਸੱਭਿਅਤਾ ਦੇ ਜਨ-ਜੀਵਨ ’ਤੇ ਵੱਡਾ ਪ੍ਰਭਾਵ ਹੈ। ਸਾਡਾ ਜਨ-ਸਮੂਹ ਮਿਥਿਹਾਸ ਨੂੰ ਹੀ ਇਤਿਹਾਸ ਸਮਝਣ ਲੱਗ ਪਿਆ ਹੈ। ਇਨ੍ਹਾਂ ਮਹਾਂਕਾਵਾਂ ਦੇ ਪਾਤਰ ਵੀ ਮਿੱਥਕ ਹੀ ਹਨ ਪਰ ਹਿੰਦੂ ਮੱਤ ਦੇ ਪੈਰੋਕਾਰਾਂ ਨੇ ਇਨ੍ਹਾਂ ਨੂੰ ਅਜਿਹਾ ਪ੍ਰਦਰਸ਼ਿਤ ਕੀਤਾ ਕਿ ਉਹ ਜਿਊਂਦੇ ਜਾਗਦੇ ਅਸਲੀ ਜੀਵਨ ਜਿਊਂਦੇ ਲਗਦੇ ਹਨ। ਕਿਤਾਬ ਦੇ ਲੇਖਕ ਨੇ ਅਜੋਕੇ ਦਲਿਤ ਸਮਾਜ ਦੀ ਜ਼ਿੰਦਗੀ ਵਿੱਚ ਏਕਲਵਿਆ ਦੇ ਮਿੱਥ ਨੂੰ ਮਹੱਤਵਪੂਰਨ ਦੱਸਿਆ ਹੈ। ਸਵਾਲ ਪੈਦਾ ਹੁੰਦਾ ਹੈ ਕਿ ਇਸ ਮਿੱਥ ਪਿੱਛੇ ਲੁਕੇ ਸੰਵੇਦਨਸ਼ੀਲ ਸਮਾਜਿਕ ਮੁੱਦੇ ਅਤੇ ਇਨਸਾਨੀ ਵਲਵਲਿਆਂ ਨੂੰ ਸਮਝਣ ਦੇ ਕਾਬਲ ਦਲਿਤਾਂ ਨੂੰ ਕਿਸਨੇ ਬਣਾਇਆ ਹੈ? ਇਹ ਇਤਿਹਾਸਕ ਤੱਥ ਹੈ ਕਿ ਅੰਗਰੇਜ਼ਾਂ ਦੀ ਆਮਦ ਨੇ ਅਖੌਤੀ ਅਛੂਤਾਂ ਲਈ ਸਕੂਲੀ ਸਿੱਖਿਆ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ। ਫਲਸਰੂਪ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜਿਹੇ ਵਿਦਵਾਨ ਅਛੂਤਾਂ ਵਿੱਚੋਂ ਪੈਦਾ ਹੋਣ ਲੱਗੇ। ਅਜ਼ਾਦੀ ਮਿਲਣ ਉਪਰੰਤ ਭਾਰਤੀ ਸੰਵਿਧਾਨ ਨੇ, ਸਣੇ ਦਲਿਤ ਸਮਾਜ ਦੇ ਸਭ ਨੂੰ ਬਰਾਬਰ ਦੇ ਅਧਿਕਾਰ ਦੇ ਕੇ ਸਭ ਵਰਗਾਂ ਦੀ ਸਮਾਜਿਕ ਚੇਤਨਾ ਵਿੱਚ ਵਾਧਾ ਕੀਤਾ। ਸੰਵਿਧਾਨ ਰਚੈਤਾ ਬਾਬਾ ਸਾਹਿਬ ਨੇ ਦਲਿਤ ਸਮਾਜ ਨੂੰ ਸੁਨੇਹਾ ਦਿੱਤਾ ਕਿ ਆਪਣੇ ਹੱਕਾਂ ਦੀ ਰਾਖੀ ਲਈ ਸੰਵਿਧਾਨ ਤਹਿਤ ਸ਼ਾਂਤਮਈ ਅੰਦੋਲਨ ਕਰ ਕੇ ਆਪਣੀ ਅਵਾਜ਼ ਬੁਲੰਦ ਕਰੋ। ਅਜਿਹੀਆਂ ਅਵਾਜ਼ਾਂ ਪਰਗਟ ਵੀ ਹੋ ਰਹੀਆਂ ਹਨ, ਉਹ ਵੀ ਵਿਦੇਸ਼ੀ ਭਾਸ਼ਾ ਵਿੱਚ।
ਚਿਤੰਨ ਦਲਿਤ ਏਕਲਵਿਆ ਦੇ ਅੰਗੂਠੇ ਵਿੱਚੋਂ ਵਹੇ ਖੂਨ ਦੀ ਕੀਮਤ ਸਮਝਣ ਲੱਗੇ ਹਨ। ਉਸਦੇ ਅੰਗੂਠਾ ਕੱਟੇ ਜਾਣ ਦੇ ਅਰਥ ਸਮਝਣ ਲੱਗੇ ਹਨ ਤੇ ਉਸ ਵੱਲੋਂ ਵਿਰੋਧ ਨਾ ਕੀਤੇ ਜਾਣ ਬਾਰੇ ਸੋਚਣ ਲੱਗੇ ਹਨ। ਉਸ ਤੋਂ ਸਬਕ ਸਿੱਖਣ ਲੱਗੇ ਹਨ। ਅੰਬੇਡਕਰ ਬੋਧੀ ਸੁਰੇਖਾ ਭਗਤ ਨੇ (ਇਸੇ ਕਿਤਾਬ ਵਿੱਚ) ਏਕਲਵਿਆ ਰਾਹੀਂ ਦਲਿਤਾਂ ਦੇ ਬਗਾਵਤੀ ਰੁਖ ਨੂੰ ਅੰਗਰੇਜ਼ੀ ਵਿੱਚ ਕਵਿਤਾ ਲਿਖ ਕੇ ਪ੍ਰਗਟ ਕੀਤਾ ਹੈ। ਅੰਗਰੇਜ਼ੀ ਕਵਿਤਾ ਇਸ ਤਰ੍ਹਾਂ ਹੈ:
THE LESSON
First he was flayed
Then he took a chisel in his hand
Knowing that each blow
Would chisel a stanza
And so he learned it all
Not needing any Dronacharya
Using his own brain
To become Eklavya
Since then no one knew
Quite how
To ask for tuition fees
So the custom
Of asking for remuneration
(in honeyed words)
Stopped, but s। owly.
ਪੰਜਾਬੀ ਅਨੁਵਾਦ
ਸਬਕ
ਉਸ ਨੂੰ ਛਿੱਲਿਆ ਜਾ ਰਿਹਾ ਸੀ
ਸਦੀਆਂ ਤੋਂ
ਫਿਰ ਉਸਨੇ ਛੈਣੀ ਫੜ ਲਈ।
ਉਹ ਜਾਣਦਾ ਸੀ
ਹਰ ਸੱਟ
ਇੱਕ ਸ਼ਲੋਕ ਘੜ ਦੇਵੇਗੀ।
ਤੇ ਇੰਝ
ਉਹ ਆਪਣਾ ਦਿਮਾਗ ਵਰਤ ਕੇ
ਸਭ ਸਿੱਖ ਗਿਆ।
ਬਿਨਾਂ ਕਿਸੇ ਦਰੋਨਾ ਦੇ
ਇਕਲਵਿਆ ਹੋ ਜਾਣ ਲਈ।
ਉਦੋਂ ਤੋਂ
ਕਿਸੇ ਨੂੰ ਜਾਚ ਨਾ ਆਈ
ਬੋਲ ਕੇ ਮਿੱਠੇ ਮਿੱਠੇ ਬੋਲ
ਕਿਵੇਂ ਨਿਭਾਵੇ
ਗੁਰੂ-ਦਕਸ਼ਿਨਾ ਮੰਗਣ ਦੀ ਰਸਮ।
ਤੇ
ਹੌਲੀ ਹੌਲੀ
ਸਮੇਂ ਨਾਲ ਭਸਮ ਹੋ ਗਈ
ਇਹ ਫਿਰੌਤੀ ਦੀ ਰਸਮ।
ਗੰਗਾ ਦਰਿਆ ਦੇ ਪਾਣੀਆਂ ’ਤੇ ਦਲਿਤਾਂ ਦੇ ਹੱਕਾਂ ਲਈ ਅੰਦੋਲਨ ਦੌਰਾਨ ਏਕਲਵਿਆ ਦੇ ਚਿੰਨ੍ਹ ਨੂੰ ਵਰਤਿਆ ਗਿਆ। ਕਿਹਾ ਗਿਆ ਕਿ ਜੇਕਰ ਉਸਨੇ ਬਗਾਵਤੀ ਰੁਖ ਇਖਤਿਆਰ ਕੀਤਾ ਹੁੰਦਾ ਤਾਂ ਇਤਿਹਾਸ ਹੋਰ ਹੋਣਾ ਸੀ। ਇੱਕ ਕਵੀ ਦੀ ਅੰਗਰੇਜ਼ੀ ਕਵਿਤਾ ਇੰਝ ਸੀ:
If you had kept your thumb
History would have happened
Somewhat differently.
But … You gave your thumb
And history also
Became theirs.
Ekalavya,
Since that day they
Had not even given you a glance.
Forgive me, Eklaya, I won’t be fooled now
By their sweet words.
My thumb
Will never be broken.
ਪੰਜਾਬੀ ਅਨੁਵਾਦ;
ਜੇ ਤੈਂ ਆਪਣਾ ਅੰਗੂਠਾ ਰੱਖਿਆ ਹੁੰਦਾ
ਇਤਿਹਾਸ ਰਚਿਆ ਜਾਣਾ ਸੀ
ਕੁਝ ਵੱਖਰੀ ਕਿਸਮ ਦਾ।
ਪਰ … ਤੁਸੀਂ ਆਪਣਾ ਅੰਗੂਠਾ ਦੇ ਦਿੱਤਾ
ਇਤਿਹਾਸ ਵੀ ਉਨ੍ਹਾਂ ਦਾ ਹੋ ਗਿਆ।
ਏਕਲਵਿਆ!
ਉਸ ਦਿਨ ਤੋਂ
ਉਨ੍ਹਾਂ ਤੇਰੇ ਵੱਲ ਤੱਕਿਆ ਤਕ ਵੀ ਨਹੀਂ।
ਏਕਲਵਿਆ ਵੀਰ!
ਮੁਆਫ ਕਰਨਾ ਮੈਨੂੰ
ਉਨ੍ਹਾਂ ਦੇ ਮਿੱਠੇ ਬੋਲਾਂ ਦਾ ਝਾਂਸਾ
ਮੈਨੂੰ ਮੂਰਖ ਨਹੀਂ ਬਣਾ ਸਕੇਗਾ।
ਕੋਈ ਸ਼ੱਕ ਨਹੀਂ
ਮੇਰਾ ਅੰਗੂਠਾ
ਕਦੇ ਨਹੀਂ ਕਟੇਗਾ।
ਤਰਯੰਬਕ ਸਪਕਾਲ (Tryambak Sapkale) ਨੇ ਪ੍ਰਾਚੀਨ ਯੂਨਾਨੀ ਫਿਲਾਸਫਰ ਆਰਕਿਮੇਡੇਜ (Archimedes) ਦੀ Lever (ਤੁਲ) ਅਤੇ Fu। crum (ਟੇਕ) ਤੋਂ ਬਣੀ ਕਹਾਵਤ ‘ਮੈਨੂੰ ਖੜ੍ਹੇ ਹੋਣ ਲਈ ਥਾਂ ਦੇ ਦਿਓ, ਮੈਂ ਧਰਤੀ ਹਿਲਾ ਸਕਦਾ ਹਾਂ’ ਨੂੰ ਚਿੰਤਨ ਦਾ ਧੁਰਾ ਬਣਾ ਕੇ ਅੰਗਰੇਜ਼ੀ ਭਾਸ਼ਾ ਵਿੱਚ ਏਕਲਵਿਆ ਨੂੰ ਸ਼ਗਿਰਦ ਅਤੇ ਨਾਇਕ ਵਜੋਂ ਸਿਰਜਿਆ;
Eklavya!
The round earth.
A steel lever
In my hand.
But no leverage?
O Eklavya,
You ideakl disciple!
Give me the finger you cut off;
That will be my fulcrum.
ਪੰਜਾਬੀ ਰੂਪਾਂਤਰ ;
ਏਕਲਵਿਆ!
ਤੂੰ ਜਾਣਦਾ ਹੈਂ
ਧਰਤੀ ਗੋਲ ਹੈ।
ਮੇਰੇ ਹੱਥ ਸਟੀਲ ਦਾ ਲੀਵਰ ਤਾਂ ਹੈ
ਟੇਕ ਨਹੀਂ।
ਹੇ ਆਦਰਸ਼ ਸ਼ਾਗਿਰਦ
ਏਕਲਵਿਆ!
ਅੰਗੂਠਾ ਜੋ ਕੱਟਿਆ ਤੈਂ
ਮੈਨੂੰ ਦੇਦੇ ਓਹ
ਓਹੀ ਮੇਰੀ ਟੇਕ ਹੋਵੇਗਾ।
ਏਕਲਵਿਆ ਨੂੰ ਦਿੱਤੇ ਜਾ ਰਹੇ ਮਿਹਣੇ, ਉਸਦੇ ਅੰਗੂਠੇ ਦੀ ਕਟਾਈ ਦੇ ਸ਼ਿਕਵੇ ਅਤੇ ਉਸ ਤੋਂ ਸਿੱਖੇ ਸਬਕ ਨੂੰ ਇੱਕ ਵਿਦੇਸ਼ੀ ਭਾਸ਼ਾ ਵਿੱਚ ਪ੍ਰਗਟ ਕਰਨ ਦੀ ਸਮਰੱਥਾ ਦਲਿਤ ਸਮਾਜ ਦੇ ਲੋਕਾਂ ਨੂੰ ਕਿਸਨੇ ਦਿੱਤੀ? ਨਿਰਸੰਦੇਹ ਇਸ ਵਿੱਚ ਉਨ੍ਹਾਂ ਤਾਕਤਾਂ ਦਾ ਹੱਥ ਹੈ ਜਿਹੜੀਆਂ ਸਿੱਖਿਆ ਦੇ ਮਾਮਲੇ ਵਿੱਚ ਭੇਦ-ਭਾਵ ਨਹੀਂ ਕਰਦੀਆਂ ਸਨ। 1930 ਵਿੱਚ ਜੰਮਿਆ ਤਰਯੰਬਕ ਸਪਕਲੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੇ ਸਮਕਾਲੀ ਸਨ। ਏਕਲਵਿਆ ਨੂੰ ਬਗਾਵਤੀ ਰੁਖ ਵਿੱਚ ਦੇਖਣ ਵਾਲੇ ਸੰਘਰਸ਼ਸ਼ੀਲ ਲੋਕ ਜ਼ਰੂਰ ਹੀ ਡਾਕਟਰ ਸਾਹਿਬ ਤੋਂ ਪ੍ਰਭਾਵਿਤ ਹੋਏ ਹੋਣਗੇ। ਇਸ ਜਾਗਰੂਕਤਾ ਲਈ ਦਲਿਤ ਸਮਾਜ ਨੂੰ ਡਾਕਟਰ ਬਾਬਾ ਸਾਹਿਬ ਦਾ ਰਿਣੀ ਰਹਿਣਾ ਹੋਵੇਗਾ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ “ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ।”
ਇਨ੍ਹਾਂ ਕਵਿਤਾਵਾਂ ਵਿੱਚ ਸਮਾਜ ਨੂੰ ਜੋੜਨ ਦੀ ਸਮਰੱਥਾ ਦੇ ਨਾਲ ਨਾਲ ਇਸ ਨੂੰ ਜਾਗ੍ਰਿਤ ਕਰਨ ਦੀ ਸਮਰੱਥਾ ਹੋਣ ਕਰਕੇ ਇਨ੍ਹਾਂ ਦਾ ਪੰਜਾਬੀ ਅਨੁਵਾਦ ਕੀਤਾ ਗਿਆ ਹੈ। ਏਕਲਵਿਆ ਦਾ ਮਿੱਥ ਇਤਿਹਾਸ ਦੇ ਬਦਲਾਅ ਵਿੱਚ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਨਜ਼ਰ ਆ ਰਿਹਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































