“ਸੋਸ਼ਲ ਮੀਡੀਆ ’ਤੇ ਦਿਸ ਰਹੀਆਂ ਤਸਵੀਰਾਂ ਨੇ ਮੈਨੂੰ ਪਿਛਲੀ ਸਦੀ ਦੇ ਅੱਧ ਵਿੱਚ ਲਿਜਾ ਖੜ੍ਹਾ ਕੀਤਾ ਜਦੋਂ ਮੈਂ ਪਿੰਡ ਦੇ ...”
(20 ਜੂਨ 2024)
ਇਸ ਸਮੇਂ ਪਾਠਕ: 965.
7 ਜਨਵਰੀ 2022 ਨੂੰ ਪੰਜਾਬੀ ਟ੍ਰਿਬਿਊਨ ਵਿੱਚ ਮੇਰਾ ਮਿਡਲ ‘ਥੱਪੜਾਂ ਦੇ ਰੰਗ’ ਛਪਿਆ। ਬਹੁਤ ਪਾਠਕਾਂ ਨੇ ਪ੍ਰਸ਼ੰਸਾ ਦੇ ਫੋਨ ਕੀਤੇ। ਸਿਫ਼ਤ ਦਾ ਕਾਰਨ ਸ਼ੈਲੀ ਨਹੀਂ, ਬਿਰਤਾਂਤ ਸੀ। ਭਾਵੇਂ ਇਹ ਮੇਰੇ ਨਿੱਜ ਨਾਲ ਜੁੜਿਆ ਹੋਇਆ ਸੀ ਪਰ ਦੁਖਾਂਤ ਸਭ ਦਾ ਸੀ। ਲੇਖ ਦੇ ਅੰਤ ’ਤੇ ਲਿਖਿਆ ਸੀ --- ਹੁਣ ਸੋਚੀਦਾ ਹੈ ਕਿ ਉਹ ਬੇਅਵਾਜ਼ ਥੱਪੜ ਮੇਰੇ ਪਿੰਡ, ਸਮਾਜ ਅਤੇ ਮੁਲਕ ਨੂੰ ਕਿੰਨਾ ਮਹਿੰਗਾ ਪਿਆ ਹੋਵੇਗਾ।
ਮੇਰੇ ਵਰਗਿਆਂ ਕਰੋੜਾਂ ਦੇ ਪਏ ਥੱਪੜਾਂ ਦੀ ਆਵਾਜ਼ ਕੌਣ ਸੁਣਦਾ ਸੀ/ਹੈ ਪਰ ਇਸ ਲੇਖ ਦੇ ਛਪਣ ਤੋਂ ਠੀਕ ਦੋ ਸਾਲ ਪੰਜ ਮਹੀਨੇ ਪਿੱਛੋਂ ਅਰਥਾਤ 7 ਜੂਨ 2024 ਨੂੰ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇੱਕ ਥੱਪੜ ਦੀ ਅਜਿਹੀ ਗੂੰਜ ਪਈ, ਜਿਹੜੀ ਦੁਨੀਆਂ ਦੇ ਕੋਨੇ ਕੋਨੇ ਵਿੱਚ ਸੁਣਾਈ ਦਿੱਤੀ। ਭਾਣਾ ਇੰਝ ਵਰਤਿਆ ਦੱਸਿਆ ਜਾ ਰਿਹਾ ਹੈ ਕਿ ਫਿਲਮੀ ਅਦਾਕਾਰ ਤੋਂ ਸਿਆਸੀ ਆਗੂ ਬਣੀ ਇੱਕ ਮਹਿਲਾ ਲੋਕ ਸਭਾ ਚੋਣ ਜਿੱਤ ਕੇ (ਹਾਲੇ ਉਸ ਨੇ ਮੈਂਬਰ ਪਾਰਲੀਮੈਂਟ ਹੋਣ ਦੀ ਸਹੁੰ ਨਹੀਂ ਚੁੱਕੀ ਸੀ) ਹਵਾਈ ਜਹਾਜ਼ ਰਾਹੀਂ ਦਿੱਲੀ ਜਾ ਰਹੀ ਸੀ। ਸਕਿਉਰਟੀ ਚੈੱਕ ਵੇਲੇ ਉਸ ਦੀ ਸੁਰੱਖਿਆ ਕਰਮੀ ਮਹਿਲਾ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ, ਜਿਸ ਦੌਰਾਨ ਸੁਰੱਖਿਆ ਕਰਮੀ ਨੇ ਮਹਿਲਾ ਦੇ ਥੱਪੜ ਜੜ ਦਿੱਤਾ। ਜਨਤਕ ਸਥਾਨ ’ਤੇ ਇੱਕ ਮਸ਼ਹੂਰ ਫਿਲਮੀ ਕਲਾਕਾਰ ਅਤੇ ਹੁਣ ਸਿਆਸੀ ਲੀਡਰ ਦੇ ਪਏ ਅਜਿਹੇ ਥੱਪੜ ਦੀ ਗੂੰਜ ਦੇਸ਼-ਵਿਦੇਸ਼ ਵਿੱਚ ਸੁਣਾਈ ਦੇਣੀ ਸੁਭਾਵਿਕ ਸੀ, ਮੱਧਮ ਜਿਹੀ ਆਵਾਜ਼ ਹਾਲੇ ਵੀ ਆ ਰਹੀ ਹੈ। ਘਟਨਾ ਘਟਦਿਆਂ ਹੀ ਵੱਖ ਵੱਖ ਸਿਆਸੀ ਪਾਰਟੀਆਂ, ਧਾਰਮਿਕ-ਜਥੇਬੰਦੀਆਂ ਅਤੇ ਦੋਹਾਂ ਮਹਿਲਾਵਾਂ ਦੇ ਪਰਿਵਾਰਕ ਮੈਂਬਰਾਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ। ਥੱਪੜ ਤਕ ਨੌਬਤ ਆਉਣ ਦੀ ਪਿੱਠ-ਭੂਮੀ ਦਾ ਬਿਰਤਾਂਤ ਪ੍ਰਾਂਤਿਕ ਅਤੇ ਕੌਮੀ ਅਖਬਾਰਾਂ, ਬਿਜਲਈ ਮਾਧਿਅਮ ਅਤੇ ਸੋਸ਼ਲ ਮੀਡੀਆ ਆਦਿ ’ਤੇ ਨਸ਼ਰ ਹੋਣ ਨੂੰ ਸਕਿੰਟ ਨਾ ਲੱਗਿਆ। ਅੰਤਰ-ਰਾਸ਼ਟਰੀ ਪੱਧਰ ’ਤੇ ਵੀ ਇਸ ਮਾੜੀ ਘਟਨਾ ਦਾ ਜ਼ਿਕਰ ਹੋਇਆ। ਇੱਕ ਕੈਨੇਡਾ ਵਾਸੀ ਨੇ ਤਾਂ ਸੋਸ਼ਲ ਮੀਡੀਆ ’ਤੇ ਥੱਪੜ ਮਰਨ ਵਾਲੀ ਸੁਰੱਖਿਆ ਕਰਮੀ ਨੂੰ ਪੰਜ ਲੱਖ ਨਕਦ ਇਨਾਮ ਦੇਣ ਦਾ ਐਲਾਨ ਵੀ ਕਰ ਮਾਰਿਆ। ਦੋਹਾਂ ਪਾਸਿਆਂ ਤੋਂ ਚੰਗੀ-ਮਾੜੀ ਭਾਸ਼ਾ ਦਾ ਵਰਤਿਆ ਜਾਣਾ ਵੀ ਕੁਦਰਤੀ ਵਰਤਾਰਾ ਹੀ ਸੀ।
ਸੋਸ਼ਲ ਮੀਡੀਆ ’ਤੇ ਦਿਸ ਰਹੀਆਂ ਤਸਵੀਰਾਂ ਨੇ ਮੈਨੂੰ ਪਿਛਲੀ ਸਦੀ ਦੇ ਅੱਧ ਵਿੱਚ ਲਿਜਾ ਖੜ੍ਹਾ ਕੀਤਾ ਜਦੋਂ ਮੈਂ ਪਿੰਡ ਦੇ ਅੱਠ-ਦਸ ਮੁੰਡਿਆਂ ਨਾਲ ਸੰਗਰੂਰ ਪੜ੍ਹਨ ਜਾਂਦਾ ਸੀ। ਇੱਕੋ ਹੀ ਰਸਤਾ ਹੋਣ ਕਰਕੇ ਸਾਰੇ ਮੁੰਡੇ ਅੱਗੇ ਪਿੱਛੇ ਹੀ ਸਕੂਲ ਜਾਂਦੇ-ਆਉਂਦੇ ਸਨ। ਕਈ ਅਣਸੁਖਾਵੀਂਆਂ ਘਟਨਾਵਾਂ ਘਟਦੀਆਂ ਹੀ ਰਹਿੰਦੀਆਂ ਸਨ। ਚੰਡੀਗੜ੍ਹ ਵਾਲੀ ਇਸ ਘਟਨਾ ਨੇ ਮੇਰੇ ਜ਼ਿਹਨ ਵਿੱਚ ਇੱਕ ਦੁਖਦਾਈ ਯਾਦ ਨੂੰ ਤਾਜ਼ਾ ਕਰ ਦਿੱਤਾ। ਪਿੰਡ ਦੇ ਤਕੜੇ ਜਿਮੀਂਦਾਰ ਦਾ ਮੁੰਡਾ ਅਕਸਰ ਮੇਰੇ ਨਾਲ ਬਿਨਾਂ ਗੱਲ ਤੋਂ ਹੀ ਖਹਿਬੜ ਪੈਂਦਾ ਅਤੇ ਧੱਕਾ-ਮੁੱਕੀ ਕਰਦਾ। ਹੈ ਤਾਂ ਉਹ ਮਾੜਚੂ ਜਿਹਾ ਸੀ ਪਰ ਨਿਡਰ ਅਤੇ ਦਲੇਰ ਸੀ, ਹੁੰਦਾ ਵੀ ਕਿਉਂ ਨਾ ਬਾਪੂ ਕੋਲ ਤਕੜਾ ਖਤਾਨਾ ਜੁ ਸੀ। ਉੱਚਾ ਸਮਾਜਿਕ ਰੁਤਬਾ ਅਤੇ ਚੰਗੀ ਮਾਇਕ ਹਾਲਤ ਉਸ ਨੂੰ ਤਾਕਤ ਬਖਸ਼ ਰਹੇ ਸਨ। ਕਈ ਵਾਰ ਉਸ ਨੇ ਮੈਨੂੰ ਕੁੱਟਿਆ ਅਤੇ ਉਸ ਸਮੇਂ ਦੂਸਰੇ ਮੁੰਡੇ ਘੁਸਰ ਮੁਸਰ ਵਿੱਚ ਸੁਣਾਈ ਦਿੰਦਾ, “ਚੰਗਾ ਹੋਇਆ ਸਾਲ਼ਾ ਕੁੱਟਤਾ ---।” ਪੰਜਾਬ ਵਿੱਚ ਕਿਸੇ ਨੂੰ ‘ਸਾਲ਼ਾ’ ਕਹਿ ਦੇਣਾ ਆਪਣੇ ਆਪ ਵਿੱਚ ਗਾਲ੍ਹ ਕੱਢੀ ਮੰਨਿਆ ਜਾਂਦਾ ਹੈ। ਅਜਿਹੀ ਭਾਸ਼ਾ ਆਮ ਵਰਤਾਰਾ ਸੀ ਅਤੇ ਹੁਣ ਵੀ ਅਸੀਂ ਗੱਲ ਗੱਲ ਵਿੱਚ ਗਾਲ੍ਹ ਸੁਭਾਵਿਕ ਹੀ ਕੱਢ ਰਹੇ ਹਾਂ। ਸਾਡੇ ਸਮਾਜ ਨੂੰ ਅਜਿਹੀ ਬਦਜ਼ੁਬਾਨੀ ਕੋਈ ਅਜੀਬ ਨਹੀਂ ਲਗਦੀ।
ਮਾਰ ਖਾ ਕੇ ਵੀ ਮੈਂ ਘਰ ਕੋਈ ਜ਼ਿਕਰ ਨਾ ਕਰਦਾ ਪਰ ਘਰ ਵਾਲਿਆਂ ਨੂੰ ਪਤਾ ਲੱਗ ਜਾਂਦਾ ਕਿ ਅੱਜ ਕੁਛ ਹੋਇਆ ਜ਼ਰੂਰ ਹੈ। ਇੱਕ ਦਿਨ ਇਸਦਾ ਕਾਰਨ ਪਤਾ ਲੱਗ ਹੀ ਗਿਆ। ਪਿਤਾ ਜੀ ਬਹੁਤ ਹੀ ਸਵੈ-ਅਭਿਮਾਨੀ ਇਨਸਾਨ ਸਨ। ਉਹ ਮੈਨੂੰ ਹੱਲਾਸ਼ੇਰੀ ਦੇਣ ਲੱਗੇ ਕਿ ਤੂੰ ਵੀ ਕਦੇ ਛੁੜਕਾ ਦੇ ਉਹਨੂੰ, ਬਾਕੀ ਮੈਂ ਦੇਖ ਲਉਂ ...। ਫਿਰ ਇੱਕ ਦਿਨ ਪਤਾ ਨਹੀਂ ਮੇਰੇ ਅੰਦਰ ਕਿਹੜਾ ਜਿੰਨ ਆ ਵੜਿਆ ਕਿ ਮੈਂ ਸੱਚਮੁੱਚ ਹੀ ਉਸ ਉੱਤੇ ਭਾਰੂ ਪੈ ਗਿਆ। ਉਸ ਦੀਆਂ ਨਾਸਾਂ ਵਿੱਚੋਂ ਖੂਨ ਵਹਿ ਤੁਰਿਆ। ਸ਼ਾਮ ਨੂੰ ਜਿਮੀਂਦਾਰ ਘਰੇ ਉਲਾਮਾ ਦੇਣ ਆ ਧਮਕਿਆ। ਬਾਪੂ ਜੀ ਦੇ ਲਫਜ਼ ਕੰਨਾਂ ਵਿੱਚ ਆ ਗੂੰਜੇ ਹਨ, “ਤੈਨੂੰ ਪਤੈ, ਤੇਰਾ ਮੁੰਡਾ ਮੇਰੇ ਮੁੰਡੇ ਨੂੰ ਰੋਜ਼ ਕੁੱਟਦਾ ਤੀ, ਮੈਂ ਤਾਂ ਕਦੇ ਲਾਂਭਾ ਲੈ ਕੇ ਨਹੀਂ ਆਇਆ। ਜੇ ਅੱਜ ਤੇਰਾ ਇਹਨੇ ਕੁੱਟਤਾ ਤੂੰ ਉਲਾਮਾਂ ਦੇਣ ਭੱਜਿਆ ਆਇਐਂ! ਜਾਹ ਕਰ ਲੈ ਜਿਹੜਾ ਕੁਛ ਤੈਂ ਕਰਨੈ ...।”
ਜਿਮੀਂਦਾਰ ਕੁਝ ਹੈਂਕੜ ਜਿਹੀ ਦਿਖਾਉਣ ਲੱਗਿਆ ਤਾਂ ਬਾਪੂ ਜੀ ਨੇ ਕਿਹਾ, “ਔਹ ਖੜ੍ਹੈ ਮੇਰਾ ਮੁੰਡਾ, ਹਿੰਮਤ ਐ ਤਾਂ ਲਾ ਕੇ ਦਿਖਾ ਹੱਥ ...” ਅਤੇ ਅੰਦਰੋਂ ਫੁਰਤੀ ਨਾਲ ਬਰਛਾ ਕੱਢ ਲਿਆਇਆ। ਰੌਲਾ ਪਿਆ ਤਾਂ ਇਕੱਠ ਨੇ ਸੁਲ੍ਹਾ ਕਰਾ ਦਿੱਤੀ। ਮੇਰੇ ਘਸੁੰਨ-ਮੁੱਕੀ ਪੈਣੀ ਬੰਦ ਹੋ ਗਈ।
ਹੁਣ ਜਦੋਂ ਮੈਂ ਇਸ ਘਟਨਾ ਨੂੰ ਚੰਡੀਗੜ੍ਹ ਵਾਲੀ ਵਾਰਦਾਤ ਦੇ ਪਿਛੋਕੜ ਦੀ ਚਾਨਣੀ ਵਿੱਚ ਦੇਖਦਾ ਹਾਂ ਅਤੇ ਇਸਦਾ ਮੁਲਾਂਕਣ ਕਰਦਾ ਹਾਂ ਤਦ ਮੇਰੀ ਸਮਝ ਕਹਿੰਦੀ ਹੈ ਕਿ ਇਹ ਵਰਤਾਰਾ ਰੂੜ੍ਹੀਵਾਦੀ ਸੋਚ ਤੋਂ ਪ੍ਰੇਰਿਤ ਸੀ। ਮੇਰੇ ਪੈਂਦੀ ਮਾਰ ਅਸਲ ਵਿੱਚ ਦੋ ਵਿਚਾਰਧਾਰਾਵਾਂ ਵਿੱਚ ਜ਼ੋਰ ਅਜਮਾਈ ਸੀ। ਉਸ ਵੇਲੇ ਦੇ ਰਾਜ-ਪ੍ਰਮੁੱਖ ਮਹਾਰਾਜਾ ਯਾਦਵਿੰਦਰ ਸਿੰਘ ਨੇ (1955 ਜਾਂ 56) ਸਰਕਾਰੀ ਪ੍ਰਾਇਮਰੀ ਸਕੂਲ ਉਭਾਵਾਲ ਦਾ ਉਦਘਾਟਨ ਕੀਤਾ ਸੀ। ਉਸ ਵੇਲੇ ਮੈਂ ਪੰਜਵੀਂ ਜਮਾਤ ਦਾ ਵਿਦਿਆਰਥੀ ਸੀ। ਜਵਾਨ ਹੋਣ ’ਤੇ ਬਾਪੂ ਜੀ ਤੋਂ ਪਤਾ ਚੱਲਿਆ ਕਿ ਸਮਾਰੋਹ ਦੌਰਾਨ ਪਿੰਡ ਦੇ ਜਿਮੀਦਾਰਾਂ ਨਾਲ ਗੱਲਬਾਤ ਕਰਦੇ ਸਮੇਂ ਮਹਾਰਾਜਾ ਨੇ ਕਿਹਾ ਸੀ, “ਜੇਕਰ ਪਿੰਡ ਦਸਵੀਂ ਦਾ ਸਕੂਲ ਬਣਾ ਦਿੱਤਾ ਤਾਂ ਕੰਮੀਆਂ ਦੇ ਜੁਆਕ ਪੜ੍ਹ ਜਾਣਗੇ, ਫਿਰ ਥੋਡੇ ਡੰਗਰ ਕੌਣ ਚਾਰੂਗਾ।” ਹੋ ਸਕਦਾ ਹੈ ਉਨ੍ਹਾਂ ਨੇ ਮਹਾਰਾਜੇ ਦੇ ਸ਼ਬਦਾਂ ਦਾ ਇਸ਼ਾਰਾ ਇੰਝ ਸਮਝਿਆ ਹੋਵੇ ਕਿ ਮੈਂ ਤਾਂ ਬੇਵੱਸ ਹਾਂ ਕਿਉਂਕਿ ਨਵੀਂ ਵਿਚਾਰਧਾਰਾ ਤਹਿਤ ਸਭ ਜਾਤਾਂ ਨੂੰ ਬਰਾਬਰੀ ਦੇ ਹੱਕ ਦੇਣ ਦੀ ਕੋਸ਼ਿਸ਼ ਵਿੱਚ ਸਰਕਾਰੀ ਤੰਤਰ ਅਖੌਤੀ ਨੀਵੀਂਆਂ ਜਾਤਾਂ ਦੇ ਬੱਚਿਆਂ ਨੂੰ ਵੀ ਵਿੱਦਿਆ ਦੇਣ ਲਈ ਪੂਰਾ ਜ਼ੋਰ ਲਾ ਰਿਹਾ ਹੈ ਪਰ ਤੁਸੀਂ ਇਨ੍ਹਾਂ ਦੀ ਮਾਰ-ਕੁੱਟ ਕਰਕੇ ਸਕੂਲ ਹੀ ਨਾ ਜਾਣ ਦਿਓ। ਮਚਲਾ ਵਿਅਕਤੀ ਕੁਝ ਵੀ ਕਰ ਸਕਦਾ ਹੈ। ਮਹਾਰਾਜਾ ਭਾਵੇਂ ਨਵੀਂ ਵਿਚਾਰਧਾਰ ਅਧੀਨ ਉਦਘਾਟਨ ਸਰਕਾਰੀ ਸਕੂਲ ਦਾ ਕਰ ਰਹੇ ਸਨ ਪਰ ਪ੍ਰਚਾਰ ਮੰਨੂਵਾਦੀ ਵਿਚਾਰਧਾਰਾ ਦਾ ਕਰ ਰਹੇ ਸਨ। ਰੂੜ੍ਹੀਵਾਦੀ ਸਮਾਜ ਤਾਂ ਪਹਿਲਾਂ ਹੀ ਮੰਨੂ (Manu) ਦੇ ਦਿਖਾਏ ਰਸਤੇ ’ਤੇ ਚੱਲ ਰਿਹਾ ਸੀ। ਉਹ ਸਮਝਦੇ ਸਨ ਕਿ ਸਾਨੂੰ ਤਾਂ ਵਿੱਦਿਆ ਦਾ ਅਧਿਕਾਰ ਹੀ ਨਹੀਂ ਹੈ। ਮਹਾਰਾਜੇ ਨੇ ਭੋਲੇ ਭਾਲੇ ਲੋਕਾਂ ਦੇ ਮਨਾਂ ਵਿੱਚ ਇਸ ਵਿਚਾਰਧਾਰਾ ਦੀ ਚਿਣਗ ਨੂੰ ਹਵਾ ਦੇ ਦਿੱਤੀ ਸੀ। ਜੱਟ ਜਿਮੀਂਦਾਰ ਸੋਚਣ ਲੱਗ ਗਏ ਹੋਣਗੇ ਕਿ ਅਸੀਂ ਕੰਮੀਆਂ ਦੇ ਨਿਆਣਿਆਂ ਨੂੰ ਪੜ੍ਹਨ ਹੀ ਨਾ ਦੇਈਏ। ਕਮ-ਅਕਲ ਨੂੰ ਕੋਈ ਵੀ ਕਿਸੇ ਵੇਲੇ ਉਕਸਾ ਸਕਦਾ ਸੀ ਹੈ।
ਹੁਣ ਹਵਾਈ ਅੱਡੇ ’ਤੇ ਥੱਪੜ ਪੈਣ ਦੀ ਪਿੱਠ-ਭੂਮੀ ਵੱਲ ਝਾਤੀ ਮਾਰਦੇ ਹਾਂ। ਬਹਾਦਰਗੜ੍ਹ ਜੰਡੀਆਂ ਪਿੰਡ ਦੀ ਇੱਕ ਬਿਰਧ ਔਰਤ ਮਹਿੰਦਰ ਕੌਰ ਨੇ 2020 ਵਿੱਚ ਹੋਏ ਕਿਸਾਨ ਅੰਦੋਲਨ ਵਿੱਚ ਹਿੱਸਾ ਲਿਆ ਸੀ। ਚੇਤੇ ਰਹੇ ਕਿ ਕਿਸਾਨ ਅੰਦੋਲਨ ਦੇ ਸੰਦਰਭ ਵਿੱਚ ‘ਟਾਈਮ ਮੈਗਜ਼ੀਨ’ ਨੇ ਮਹਿੰਦਰ ਕੌਰ ਅਤੇ ਬਿਲਕਿਸ ਬਾਨੋ ਦੀ ਤਸਵੀਰ ਛਾਪੀ ਸੀ। ਸ਼ਾਇਦ ਇਸ ਫਿਲਮੀ ਕਲਾਕਾਰ ਦਾ ਪ੍ਰਤੀਕਰਮ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹੀ ਹੋਇਆ ਹੋਵੇ। ਫਿਲਮੀ ਕਲਾਕਾਰ (ਅਤੇ ਹੁਣ ਚੁਣੀ ਹੋਈ ਮੈਂਬਰ ਲੋਕ ਸਭਾ) ਨੇ ਇਸੇ ਬਿਰਧ ਨੂੰ ਸੋਸ਼ਲ ਮੀਡੀਆ ’ਤੇ ਨਿਸ਼ਾਨਾ ਬਣਾ ਕੇ ਕਿਹਾ ਸੀ ਕਿ ਬਜ਼ੁਰਗ ਔਰਤਾਂ ਸੌ-ਸੌ ਰੁਪਏ ਲੈ ਕੇ ਅੰਦੋਲਨ ਵਿੱਚ ਆਉਣ ਵਾਲੀਆਂ ਔਰਤਾਂ ਹਨ। ਇੱਥੇ ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਥੱਪੜ ਮਾਰਨ ਵਾਲੀ ਸੁਰੱਖਿਆ ਕਰਮੀ ਦੀ ਮਾਂ ਵੀਰ ਕੌਰ ਵੀ ਕਿਸਾਨ ਮੋਰਚੇ ਵਿੱਚ ਸ਼ਾਮਲ ਰਹੀ ਹੈ। ਫਿਲਮੀ ਕਲਾਕਾਰ ਵੱਲੋਂ ਬੋਲੇ ਅਜਿਹੇ ਸ਼ਬਦ ਜ਼ਰੂਰ ਹੀ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਵਾਲੀਆਂ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਦਿਲੋ-ਦਿਮਾਗ ਤੇ ਉੱਕਰੇ ਗਏ ਰਹੇ ਹੋਣਗੇ। ਕਿਸੇ ਨੂੰ ਨੀਚਾ ਦਿਖਾਉਣ ਲਈ ਵਰਤੇ ਗਏ ਅਪਸ਼ਬਦ ਉਸ ਦੀ ਗ਼ੈਰਤ ਨੂੰ ਲਲਕਾਰ ਹੁੰਦੇ ਹਨ। ਇਨ੍ਹਾਂ ਦਾ ਪ੍ਰਭਾਵ ਡੂੰਘਾ ਅਤੇ ਦੂਰਗਾਮੀ ਹੁੰਦਾ ਹੈ। ਜਾਪਦਾ ਹੈ ਕਿ ਫਿਲਮੀ ਅਦਾਕਾਰ ਦਾ ਮਨਸ਼ਾ ਵੀ ਇੱਕ ਖਾਸ ਵਿਚਾਰਧਾਰਾ ਤੋਂ ਪ੍ਰੇਰਿਤ ਸੀ ਕਿਉਂਕਿ ਉਸ ਦਾ ਸਿਆਸਤ ਵਿੱਚ ਆਉਣਾ ਲਗਭਗ ਤੈਅ ਹੀ ਸੀ। ਕਿਸਾਨ ਅੰਦੋਲਨ ਇੱਕ ਸਿਆਸੀ ਮਸਲਾ ਸੀ ਇਸ ਲਈ ਕਹੇ ਗਏ ਸ਼ਬਦਾਂ ਨੂੰ ਇੱਕ ਵਿਚਾਰਧਾਰਕ ਸੰਦਰਭ ਵਿੱਚ ਕਹੇ ਗਏ ਮੰਨਿਆ ਜਾ ਸਕਦਾ ਹੈ।
ਥੱਪੜ ਕਾਂਡ ਤੋਂ ਮਗਰੋਂ ਮਹਿੰਦਰ ਕੌਰ ਨੇ ਕਿਹਾ, “ਕੰਗਨਾਂ ਨੂੰ ਬੋਲਣ ਦੀ ਤਹਿਜ਼ੀਬ ਨਹੀਂ ਹੈ ਅਤੇ ਉਸ ਵਿੱਚ ਚੰਗੇ ਸੰਸਕਾਰਾਂ ਦੀ ਕਮੀ ਹੈ। ਉਸ ਦੀ ਬਦਜ਼ੁਬਾਨੀ ਦੀ ਸਜ਼ਾ ਹੀ ਉਸ ਨੂੰ ਮਿਲੀ ਹੈ ਅਤੇ ਉਨ੍ਹਾਂ ਦਾ ਪਰਿਵਾਰ ਪੂਰੀ ਤਰ੍ਹਾਂ ਨਾਲ ਕੁਲਵਿੰਦਰ ਕੌਰ ਦੇ ਨਾਲ ਖੜ੍ਹਾ ਹੈ। ਉਸ ਦੇ ਇਨਸਾਫ਼ ਲਈ ਉਹ ਹਰ ਕੁਰਬਾਨੀ ਕਰਨ ਨੂੰ ਤਿਆਰ ਹਨ।
ਦੂਸਰੇ ਪਾਸੇ ਕੁਲਵਿੰਦਰ ਕੌਰ ਦੀ ਮਾਂ ਵੀਰ ਕੌਰ ਨੇ ਆਪਣੀ ਧੀ ਨੂੰ ਸੰਸਕਾਰੀ ਦੱਸਿਆ। ਸਮੂਹਿਕ ਤੌਰ ’ਤੇ ਕਿਸਾਨ ਜਥੇਬੰਦੀਆਂ ਦਾ ਥੱਪੜ ਮਾਰਨ ਵਾਲੀ ਦਾ ਪੱਖ ਲੈਣਾ ਕੁਦਰਤੀ ਹੈ। ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਨੇ ਥੱਪੜ ਪੈਣ ਵਾਲੇ ਦਿਨ ਹੀ ਐਲਾਨ ਕਰ ਦਿੱਤਾ ਕਿ ਉਹ ਕੁਲਵਿੰਦਰ ਕੌਰ ਦੀ ਹਿਮਾਇਤ ਕਰਦੇ ਹਨ ਅਤੇ 9 ਜੂਨ ਨੂੰ ਮੁਹਾਲੀ ਵਿੱਚ ਇਨਸਾਫ਼ ਮਾਰਚ ਕਰਨਗੇ। ਇਸੇ ਹੀ ਦਿਨ ਦੇ ਅਖਬਾਰ ਮੁਤਾਬਿਕ ਬੀਕੇਯੂ (ਕਾਦੀਆਂ) ਅਤੇ ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਕੰਗਣਾ ਰਣੌਤ ’ਤੇ ਕੇਸ ਦਰਜ ਕਰਨ ਦੀ ਮੰਗ ਰੱਖ ਦਿੱਤੀ। 10 ਜੂਨ 2024 ਦੇ ਪੰਜਾਬੀ ਟ੍ਰਿਬਿਊਨ ਮੁਤਾਬਿਕ ਕਾਮਾਗਾਟਾਮਾਰੂ ਕਮੇਟੀ ਦੀ ਲੁਧਿਆਣਾ ਇਕਾਈ ਨੇ ਕੰਗਣਾ ਰਣੌਤ ਵੱਲੋਂ ਪੰਜਾਬ ਅਤੇ ਕਿਸਾਨ ਵਿਰੋਧੀ ਮਾੜੀ ਸ਼ਬਦਾਵਲੀ ਵਰਤਣ ਦੀ ਨਖੇਧੀ ਕੀਤੀ ਅਤੇ ਕੁਲਵਿੰਦਰ ਕੌਰ ਵੱਲੋਂ ਪੰਜਾਬੀ ਅਤੇ ਕਿਸਾਨੀ ਅਣਖ ਤੇ ਗ਼ੈਰਤ ਦੇ ਪ੍ਰਗਟਾਵੇ ਦੀ ਸ਼ਲਾਘਾ ਕੀਤੀ। ਉਨ੍ਹਾਂ ਵੀ ਕੰਗਨਾ ਖਿਲਾਫ ਭੜਕਾਊ ਬਿਆਨਬਾਜ਼ੀ ਲਈ ਕੇਸ ਦਰਜ ਕਰਨ ਦੀ ਮੰਗ ਕੀਤੀ। ਕੰਗਨਾ ਦੇ ਹੱਕ ਵਿੱਚ ਵੀ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਈਆਂ ਗਈਆਂ। ਇਸ ਸਾਰੇ ਕੁਝ ਤੋਂ ਮੈਨੂੰ ਉਹ ਦ੍ਰਿਸ਼ ਯਾਦ ਆ ਗਿਆ ਜਦੋਂ ਬਾਪੂ ਜੀ ਦੇ ਹਿਮਾਇਤੀ ਇੱਕ ਪਾਸੇ ਗਰੀਬ ਮਜ਼ਦੂਰ ਸਨ ਅਤੇ ਦੂਸਰੇ ਪਾਸੇ ਜੱਟ-ਜਿਮੀਂਦਾਰਾਂ ਦਾ ਜਮਘਟਾ ਸੀ। ਅਸਲ ਵਿੱਚ ਦੋ ਵਿਚਾਰਧਾਰਾਵਾਂ ਆਹਮੋ ਸਾਹਮਣੇ ਆ ਖੜ੍ਹੀਆਂ ਸਨ।
ਕਈਆਂ ਨੇ ਕੁਲਵਿੰਦਰ ਕੌਰ ਨੂੰ ਡਿਊਟੀ ’ਤੇ ਜਜ਼ਬਾਤ ਨੂੰ ਕਾਬੂ ਵਿੱਚ ਰੱਖਣ ਦੀ ਸਲਾਹ ਵੀ ਦਿੱਤੀ ਹੈ। ਡਿਊਟੀ ਅਤੇ ਜਜ਼ਬਾਤ ਬਾਰੇ ਬੜਾ ਕੁਝ ਕਿਹਾ ਜਾ ਸਕਦਾ ਹੈ। ਸਵਾਲ ਇਹ ਹੈ ਕਿ ਕੀ ਸਰਕਾਰੀ ਡਿਊਟੀ ਕਰਦਾ ਵਿਅਕਤੀ ਭਾਵਨਾਵਾਂ ਰਹਿਤ ਹੁੰਦਾ ਹੈ ਜਾਂ ਹੋ ਸਕਦਾ ਹੈ? ਕੀ ਭਾਵਨਾਵਾਂ ਸਿਰਫ ਅਮੀਰਾਂ, ਸਿਆਸੀ ਆਗੂਆਂ, ਫਿਲਮੀ ਅਦਾਕਾਰਾਂ, ਧਾਰਮਿਕ-ਰਹਿਬਰਾਂ, ਉਦਯੋਗਪਤੀਆਂ, ਜਗੀਰਦਾਰਾਂ, ਉੱਚ-ਜਾਤੀਆਂ ਆਦਿ ਦੀਆਂ ਹੀ ਹੁੰਦੀਆਂ ਹਨ? ਕੀ ਇਨ੍ਹਾਂ ਨੂੰ ਪੂਰਾ ਹੱਕ ਹੈ ਕਿ ਉਹ ਆਪਣੀਆਂ ਚੰਗੀਆਂ-ਮੰਦੀਆਂ ਭਾਵਨਾਵਾਂ ਨੂੰ ਕਿਤੇ ਵੀ ਅਤੇ ਕਦੇ ਵੀ ਬੇ-ਕਾਬੂ ਕਰ ਸਕਦੇ ਹਨ? ਕੀ ਆਪਣੇ ਮਨ ਦੀ ਗੱਲ ਕਰਨ ਦਾ ਹੱਕ ਸਿਰਫ ਇਨ੍ਹਾਂ ਕੋਲ ਹੀ ਗਿਰਵੀ ਹੈ? ਅਤੇ ਹੋਰ ਬੜਾ ਕੁਝ ਕਿਹਾ ਜਾ ਸਕਦਾ ਹੈ।
ਕੋਈ ਤੀਹ ਕੁ ਸਾਲ ਪਹਿਲਾਂ ਦਾ ਵਾਕਿਆ ਹੈ ਕਿ ਡਿਊਟੀ ਸਮੇਂ ਮੈਨੂੰ ਇੱਕ ਸਿਆਸੀ ਪਿਆਦੇ ਦਾ ਫੋਨ ਆਇਆ। ਮੈਂ ਫਲਾਂ ਫਲਾਂ ਬੋਲਦਾ ਹਾਂ ਮੇਰਾ ਕੰਮ ਕਰ ਦੇਣਾ। ਮੈਂ ਦਫਤਰ ਆ ਕੇ ਮਿਲਣ ਦੀ ਸਲਾਹ ਦੇ ਕੇ ਫੋਨ ਰੱਖ ਦਿੱਤਾ। ਮੇਰੇ ਇੰਨਾ ਹੀ ਕਹਿਣ ’ਤੇ ਸਾਹਿਬ ਦੀਆਂ ਭਾਵਨਾਵਾਂ ਭੜਕ ਗਈਆਂ। ਵੀਹ ਕੁ ਬੰਦੇ ਲਿਆ ਕੇ, ਚਪੜਾਸੀ ਨੂੰ ਧੱਕੇ ਮਾਰ ਉਸਨੇ ਗਰੀਬ ਅਫਸਰ ਨੂੰ ਆ ਘੇਰਾ ਪਾਇਆ। ਹੁਣ ਇਹ ਵਿਚਾਰਾ ਅਫਸਰ ਕੀ ਕਰਦਾ? ਆਪਣੇ ਅਹੁਦੇ ਦੀ ਲਾਜ ਰੱਖਦਾ ਜਾਂ ਉਸ ਬੰਦੇ ਅੱਗੇ ਗੋਡੇ ਟੇਕ ਦਿੰਦਾ? ਆਪਣੇ ਜਜ਼ਬਾਤ ਕਾਬੂ ਕਰਦਾ ਜਾਂ ਉਸ ਨੂੰ ਬੋਲਣ ਦੀ ਤਹਿਜ਼ੀਬ ਸਿਖਾਉਂਦਾ? ਆਪਣੇ ਸਵੈ-ਮਾਣ ਨੂੰ ਦਾਅ ਤੇ ਲਾਉਂਦਾ ਅਤੇ ਬੇਇੱਜ਼ਤ ਹੁੰਦਾ? ਕਾਨੂੰਨ ਮੁਤਾਬਿਕ ਕੰਮ ਕਰਦਾ ਜਾਂ ਉਸ ਧਾੜਵੀ ਦੇ ਕਹਿਣ ’ਤੇ ਗੈਰ-ਕਾਨੂੰਨੀ ਕੰਮ ਕਰਦਾ? ਹਰ ਰੋਜ਼ ਲੱਖਾਂ ਹੀ ਸਰਕਾਰੀ, ਗੈਰ-ਸਰਕਾਰੀ ਕਰਮਚਾਰੀ, ਅਫ਼ਸਰ ਅਜਿਹੀ ਦੁਚਿੱਤੀ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਦਾ ਪ੍ਰਤੀਕਰਮ ਉਨ੍ਹਾਂ ਦੇ ਵਿਚਾਰਧਾਰਕ ਦ੍ਰਿਸ਼ਟੀਕੋਣ ’ਤੇ ਨਿਰਭਰ ਕਰਦਾ ਹੈ। ਆਪਣਾ ਮਾਨਸਿਕ ਸੰਤੁਲਨ ਕਾਇਮ ਕਰਕੇ ਮੈਂ ਅਫਸਰੀ ਲਹਿਜ਼ੇ ਵਿੱਚ ਉਸ ਨੂੰ ਆਪਣਾ ਦਫਤਰ ਖਾਲੀ ਕਰ ਕੇ ਦੋ ਬੰਦਿਆਂ ਨਾਲ ਅੰਦਰ ਆਉਣ ਦਾ ਫਰਮਾਨ ਸੁਣਾ ਦਿੱਤਾ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਸ ਨੂੰ ਪੁਲੀਸ ਹਵਾਲੇ ਕਰਨ ਦਾ ਇਰਾਦਾ ਵੀ ਜ਼ਹਿਰ ਕਰ ਦਿੱਤਾ। ਉਸ ਨੇ ਸਿਆਣਪ ਵਰਤੀ। ਫਿਰ ਸ਼ਬਦੀ ਬਹਿਸ ਸ਼ੁਰੂ ਹੋ ਗਈ ਅਤੇ ਅੰਤ ਨੂੰ ਮੈਨੂੰ ਕਹਿਣਾ ਪਿਆ, “ਨੇਤਾ ਜੀ! ਜਦੋਂ ਪਬਲਿਕ ਵਿੱਚ ਭਾਸ਼ਣਬਾਜ਼ੀ ਕਰਦੇ ਹੋ ਤਾਂ ਕਹਿੰਦੇ ਹੋ ਕਿ ਅਫਸਰ ਬੇਈਮਾਨ ਹਨ, ਕਾਨੂੰਨ ਮੁਤਾਬਿਕ ਕੰਮ ਨਹੀਂ ਕਰਦੇ, ਅਸੀਂ ਕੀ ਕਰੀਏ? ਤੁਸੀਂ ਮੈਨੂੰ ਸ਼ਰੇਆਮ ਫੋਨ ’ਤੇ ਕਹਿ ਰਹੇ ਹੋ ਮੇਰਾ ਕੰਮ ਕਰੋ, ਘੇਰ ਕੇ ਡਰਾ ਧਮਕਾਅ ਵੀ ਰਹੇ ਹੋ ਜਦੋਂ ਕਿ ਮੇਰਾ ਅਫਸਰ ਕਾਨੂੰਨ ਮੁਤਾਬਿਕ ਸਹੀ ਹੈ।”
ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਮੈਂ ਉਸ ਵਿਅਕਤੀ ਨੂੰ ਆਰਜ਼ੀ-ਰਾਹਤ ਦੇ ਸਕਦਾ ਸੀ ਅਤੇ ਵਕਤ ਦੀ ਨਜ਼ਾਕਤ ਦੇਖਦੇ ਹੋਏ ਦੇ ਵੀ ਦਿੱਤੀ।
ਇਸੇ ਰੋਸ਼ਨੀ ਵਿੱਚ ਦੇਖੀਏ ਤਾਂ ਸਰਕਾਰੀ ਡਿਊਟੀ ਕਰਦੀ ਮਹਿਲਾ ਤਾਂ ਆਰਜ਼ੀ ਰਾਹਤ ਵੀ ਨਹੀਂ ਦੇ ਸਕਦੀ ਸੀ ਪਰ ਸਿਆਸੀ ਤਾਕਤ ਚਾਹੁੰਦੀ ਸੀ ਕਿ ਉਸ ਨੂੰ ਕੋਈ ਸਵਾਲ ਹੀ ਨਾ ਕੀਤਾ ਜਾਵੇ। ਮੇਰੇ ਸਾਹਮਣੇ ਆਏ ਭੱਦਰਪੁਰਸ਼ ਨਾਲ ਮੇਰੀ ਕੋਈ ਨਿੱਜੀ ਰੰਜਿਸ਼ ਨਹੀਂ ਸੀ ਪਰ ਸੁਰੱਖਿਆ ਕਰਮੀ ਸਾਹਮਣੇ ਇੱਕ ਵਿਚਾਰਧਾਰਾ ਦੀ ਪ੍ਰਤੀਕ ਮੂਰਤੀ ਆ ਖੜ੍ਹੀ ਹੋਈ ਜਿਸ ਨੇ ਉਸ ਦੀ ਮਾਂ ਸਮੇਤ ਹੋਰ ਔਰਤਾਂ ਨੂੰ ਜ਼ਲੀਲ ਕਰਨਾ ਚਾਹਿਆ ਸੀ। ਨੈਤਿਕਤਾ ਮੰਗ ਕਰਦੀ ਸੀ ਕਿ ਉਹ ਜਜ਼ਬਾਤ ਕਾਬੂ ਵਿੱਚ ਰੱਖਦੀ ਪਰ ਅਜਿਹਾ ਸ਼ਾਇਦ ਇਸ ਲਈ ਨਾ ਹੋ ਸਕਿਆ ਕਿ ਉਸ ਕੋਲ ਕਿਸੇ ਨੂੰ ਵੀ ਸਰੀਰਿਕ ਤੌਰ ’ਤੇ ਛੂਹਣ ਦਾ ਹੱਕ ਵੀ ਸੀ। ਨੈਤਿਕਤਾ ਸਿਆਸੀ ਆਗੂ ਤੋਂ ਵੀ ਉਹੀ ਮੰਗ ਕਰਦੀ ਸੀ ਕਿ ਉਹ ਵੀ ਆਪਣੇ ਜਜ਼ਬਾਤ ਨੂੰ ਕਾਬੂ ਵਿੱਚ ਰੱਖ ਕੇ ਵਿਵਹਾਰ ਕਰਦੀ। ਖ਼ੈਰ ਦੋ ਵਿਚਾਰਧਾਰਾਵਾਂ ਦੇ ਟਕਰਾਅ ਵਿੱਚ ਜੋ ਕੁਦਰਤੀ ਤੌਰ ’ਤੇ ਘਟਣਾ ਸੀ, ਉਹ ਸਪਸ਼ਟ ਰੂਪ ਲੈ ਚੁੱਕਾ ਸੀ। ਉਂਝ ਅੱਜ ਨੈਤਿਕਤਾ ਦੀ ਗੱਲ ਕਰਨੀ ਸੋਭਾ ਨਹੀਂ ਦਿੰਦੀ ਕਿਉਂਕਿ ਪੂੰਜੀਵਾਦੀ ਨਿਜ਼ਾਮ ਹੀ ਨਹੀਂ ਬਲਕਿ ਕਿਸੇ ਵੀ ਨਿਜ਼ਾਮ ਵਿੱਚ ਨੈਤਿਕਤਾ ਸਿਰਫ ਆਮ ਜਨਤਾ ਲਈ ਹੀ ਰਹਿ ਜਾਂਦੀ ਹੈ।
ਪੂਰਨ ਸਿੰਘ ਰਚਿਤ ਕਿਤਾਬ ‘ਸੁੰਦਰਤਾ ਅਤੇ ਆਨੰਦ’ ਵਿਚਲੇ ਲੇਖ ‘ਨਾਚ’ ਸਫ਼ਾ 108-09 ਦਾ ਹਵਾਲਾ ਦਿੰਦਾ ਹਾਂ; “ਬਰਤਾਨਵੀ ਫਿਲਾਸਫਰ ਬਰਟਰੈਂਡ ਰੱਸਲ (1872-1970) ਨੈਤਿਕਤਾ ਨੂੰ ਬੇਲੋੜੀ ਹੀ ਨਹੀਂ ਸਗੋਂ ਦੁਖਦਾਈ ਵੀ ਕਹਿਣ ਲੱਗ ਪਿਆ ਸੀ। ਉਸ ਦਾ ਖਿਆਲ ਸੀ ਕਿ ਮਸ਼ੀਨੀ ਸੱਭਿਅਤਾ ਨੂੰ ਸਰਕਾਰੀ ਨੈਤਿਕਤਾ ਜਾਂ ਕਾਨੂੰਨ ਦੀ ਲੋੜ ਤਾਂ ਹੈ ਪਰ ਵਿਅਕਤੀਗਤ ਨੈਤਿਕਤਾ ਦੀ ਲੋੜ ਨਹੀਂ ਹੈ।
ਰੱਸਲ ਤੋਂ ਸੌ ਸਾਲ ਪਹਿਲਾਂ ਦੇ ਅਮਰੀਕੀ ਵਿਚਾਰਵਾਨ ਵੈਬਲਿਨ ਦਾ ਖਿਆਲ ਸੀ- “ਨੈਤਿਕਤਾ ਦਾ ਸਤਿਕਾਰ ਕਰਨ ਵਾਲਾ ਭਲਾ ਪੁਰਸ਼ ਇਸ ਸੰਘਰਸ਼ ਭਰਪੂਰ ਜੀਵਨ ਵਿੱਚ ਇੱਕ ਬੇਲੋੜੀ ਚੀਜ਼ ਹੈ।”
ਅਮਰੀਕਾ ਅਤੇ ਇੰਗਲੈਂਡ ਵਿੱਚ ਮਸ਼ੀਨੀ ਯੁਗ ਤਕਰੀਬਨ ਦੋ ਸੌ ਸਾਲ ਪਹਿਲਾਂ ਸ਼ੁਰੂ ਹੋ ਚੁੱਕਾ ਹੈ। ਸਾਡੇ ਦੇਸ਼ ਵਿੱਚ ਤਾਂ ਹਾਲੇ ਮਸ਼ੀਨੀ ਯੁਗ ਜੰਮਿਆ ਹੀ ਹੈ। ਹਵਾਈ ਅੱਡੇ ’ਤੇ ਦੋ ਵਿਚਾਰਧਾਰਵਾਂ ਆਹਮੋ-ਸਾਹਮਣੇ ਆ ਖੜ੍ਹੀਆਂ ਸਨ। ਥੱਪੜ ਮਾਰਨ ਵਾਲੀ ਮਹਿਲਾ ਅਤੇ ਜਿਸ ਮਹਿਲਾ ਦੇ ਥੱਪੜ ਵੱਜਿਆ, ਇਨ੍ਹਾਂ ਵਿਚਾਰਧਾਰਾਵਾਂ ਦੇ ਵਜੂਦ ਦੀਆਂ ਪ੍ਰਤੀਕ ਹਨ। ਇਹ ਤਾਂ ਵਕਤ ਹੀ ਦੱਸੇਗਾ ਕਿ ਇਸ ਥੱਪੜ ਦੀ ਗੂੰਜ ਮੇਰੇ ਪਿੰਡ, ਸਮਾਜ, ਦੇਸ਼ ਅਤੇ ਪ੍ਰਦੇਸ਼ ਵਿੱਚ ਕਦੋਂ ਤਕ ਗੂੰਜਦੀ ਰਹੇਗੀ ਅਤੇ ਇਸ ਗੂੰਜ ਦੇ ਸਾਡੇ ਨਿੱਜੀ ਅਤੇ ਸਮਾਜਿਕ ਜੀਵਨ ’ਤੇ ਕੀ ਪ੍ਰਭਾਵ ਹੋਣਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5067)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)