JagroopSingh3ਯਾਰ ਬਹੁਤ ਭੁੱਖ ਲੱਗੀ ਐ, ਜਾਨ ਨਿਕਲ ਰਹੀ ਐ। ਹੈ ਕੋਈ ਚੁਆਨੀ-ਠਿਆਨੀ? ...
(9 ਦਸੰਬਰ 2024)

 

ਇੱਕ ਦਿਨ ਮੋਬਾਇਲ ’ਤੇ ਸੁਨੇਹਾ ਆਇਆ ਕਿ ਤੁਹਾਡੇ ਗੈਸ ਸਿਲੰਡਰ ਦਾ ਵਾਉਚਰ ਜਾਰੀ ਹੋ ਚੁੱਕਿਆ ਹੈl ਮੈਂ ਸ਼੍ਰੀਮਤੀ ਜੀ ਨੂੰ ਕਿਹਾ, ਅੱਜ ਗੈਸ ਆ ਜਾਵੇਗੀ, ਇਸ ਲਈ ਅੱਠ ਸੌ ਬਾਰਾਂ ਰੁਪਏ ਪੰਜਾਹ ਪੈਸੇ ਤਿਆਰ ਰੱਖਣਾ ਉਹ ਕਹਿਣ ਲੱਗੇ ਕਿ ਸਰਕਾਰ ਮਹਿੰਗਾਈ ਤੇ ਕੰਟਰੋਲ ਕਿਉਂ ਨਹੀਂ ਕਰਦੀ, ਹਰ ਚਾਰ ਮਹੀਨਿਆਂ ਬਾਅਦ ਵਧਾ ਦਿੰਦੇ ਨੇ, ਮੈਂ ਇਹ ਪੰਜਾਹ ਪੈਸੇ ਕਿੱਥੋਂ ਲਿਆਵਾਂਗੀ? ਅੱਜ ਕੱਲ੍ਹ ਠਿਆਨੀ-ਠਿਊਨੀ ਤਾਂ ਦੇਖਣ ਨੂੰ ਨਹੀਂ ਮਿਲਦੀ ਮੈਂ ਕਿਹਾ, ਪੂਰਾ ਰੁਪਇਆ ਦੇ ਦੇਣਾ ਜੀ

‘ਅਠਿਆਨੀ’ ਦਾ ਇਹ ਰੇੜਕਾ ਮੈਨੂੰ 60-70 ਵਰ੍ਹੇ ਪਿਛਾਂਹ ਵੱਲ ਲੈ ਗਿਆ, ਜਦੋਂ ਸਿੱਕਿਆਂ ਦਾ ਰਾਜ ਹੁੰਦਾ ਸੀ ਤਾਂਬੇ ਦਾ ਧੇਲਾ, ਮੁੰਦਰੀ ਵਾਲਾ ਪੈਸਾ, ਡਬਲ ਪੈਸਾ, ਗੋਲ ਕਿਨਾਰਿਆਂ ਵਾਲਾ ਆਨਾ, ਚੌਰਸ ਆਨਾ, ਪਿੱਤਲ ਦੀ ਦੁਆਨੀ, ਚਾਂਦੀ ਵਰਗੇ ਧਾਤ ਦੀ ਚੁਆਨੀ, ਅਠਿਆਨੀ ਅਤੇ ਇੱਕ ਰੁਪਏ ਦੇ ਸਿੱਕੇ ਆਮ ਹੁੰਦੇ ਸਨ ਨੋਟ ਤਾਂ ਦੇਖਣ ਨੂੰ ਮਸੀਂ ਮਿਲਦਾ ਸੀ ਸੁਣਿਆ ਕਰਦਾ ਸੀ ਕਿ ਫਲਾਂ-ਫਲਾਂ ਬਾਬੇ ਨੇ ਚਾਂਦੀ ਦੇ ਰੁਪਏ ਸਾਂਭ ਕੇ ਰੱਖੇ ਹੋਏ ਨੇ ਅਤੇ ਉਹ ਕਿਸੇ ਨੂੰ ਦਿਖਾਉਂਦਾ ਵੀ ਨਹੀਂ, ਆਪਣੇ ਪੋਤੇ ਦੀ ਬਰਾਤ ਤੋਂ ਸੁੱਟੇਗਾ ਉਨ੍ਹੀਂ ਦਿਨੀਂ ਵਿਆਹ-ਸ਼ਾਦੀਆਂ ’ਤੇ ਬਰਾਤ ਚੜ੍ਹਨ ਵੇਲੇ ਅਤੇ ਡੋਲੀ ਦੀ ਵਿਦਾਈ ਵੇਲੇ ਸਾਕ-ਸਬੰਧੀਆਂ ਵੱਲੋਂ ਆਪਣੀ ਹੈਸੀਅਤ ਤੋਂ ਵੱਧ ਸਿੱਕਿਆਂ ਦਾ ਮੀਂਹ ਵਰਸਾਇਆ ਜਾਂਦਾ ਸੀ ਦੇਖਣ ਵਾਲੇ ਵੱਡੇ ਛੋਟੇ ਤਮਾਸ਼ਬੀਨ ਮੁੰਦਰੀ, ਡਬਲੀ, ਚੁਆਨੀ, ਅਠਿਆਨੀ ... ਸਭ ਚੁੱਕਣ ਲਈ ਟੁੱਟ ਕੇ ਪੈ ਜਾਂਦੇ ਸਨ ਰਥ ਅੱਗੇ ਜੁੜੇ ਬਲਦਾਂ ਨੂੰ ਰੋਕ ਰੋਕ ਕੇ ਤੋਰਿਆ ਜਾਂਦਾ ਤਾਂ ਕਿ ਕਿਸੇ ਬੱਚੇ ਬੁੱਢੇ, ਗੀਤ ਗਾਉਂਦੀਆਂ ਕੁੜੀਆਂ ਦੇ ਰਥ ਥੱਲੇ ਆ ਕੇ ਕਿਤੇ ਵਿਆਹ ਦੇ ਰੰਗ ਵਿੱਚ ਭੰਗ ਨਾ ਪੈ ਜਾਵੇ ਅੱਜ ਸਿੱਕਿਆਂ ਦੀ ਥਾਂ ਨੋਟਾਂ ਨੇ ਅਤੇ ਰਥਾਂ ਦੀ ਥਾਂ ਕਾਰਾਂ ਦੇ ਕਾਫਲਿਆਂ ਨੇ ਲੈ ਲਈ ਹੈ

ਇਨ੍ਹਾਂ ਸਿੱਕਿਆਂ ਦੀ ਖਰੀਦ ਸ਼ਕਤੀ ਬਹੁਤ ਹੁੰਦੀ ਸੀ ਦੁਸਹਿਰੇ ਦਾ ਮੇਲਾ ਦੇਖਣ ਲਈ ਬਾਪੂ ਨੇ ਇੱਕ ਵਾਰ ਮੇਰੇ ਹੱਥ ’ਤੇ ਪਿੱਤਲ ਦੀ ਦੁਆਨੀ (ਦੋ ਆਨੇ) ਧਰ ਕੇ ਕਿਹਾ, ‘ਜਾ ਐਸ਼ ਕਰ ਪੁੱਤਰਾ, ਮੇਲਾ ਦੇਖ ਆ।’ ਯਾਦਦਾਸ਼ਤ ਦੀ ਪਟਾਰੀ ਵਿੱਚ ਪਿਆ ਉਹ ਦੁਸਹਿਰੇ ਦਾ ਮੇਲਾ ਫਿਰ ਰੂਹ ਤਾਜ਼ਾ ਕਰ ਗਿਆ ਹੈ ਉਸ ਮੇਲੇ ’ਤੇ ਮੈਂ ਇੱਕ ਆਨਾ ਖਰਚਿਆ ਚਾਰ ਧੇਲਿਆਂ ਦਾ ਇੱਕ ਆਨਾ ਹੁੰਦਾ ਸੀ ਇਸ ਆਨੇ ਨਾਲ ਮੈਂ ਰੱਜ ਕੇ ਮਨਮਾਨੀ ਕੀਤੀ। ਪਕੌੜੇ, ਜਲੇਬੀਆਂ, ਬਰਫੀ ਤੇ ਹੋਰ ਯਾਦ ਨਹੀਂ ਕੀ ਕੁਝ ਖਾਧਾ, ਉਸ ਉਮਰ ਦਾ ਖਿਡੌਣਾ ਖਰੀਦਿਆ ਅਤੇ ਘਰ ਮੁੜਦੇ ਵੇਲੇ ਭੈਣ-ਭਾਈਆਂ ਲਈ ਰਿਉੜੀਆਂ, ਪਤਾਸੇ ਆਦਿ ਥੈਲਾ ਭਰ ਕੇ ਲਿਆਇਆ ਆਨਾ ਬਾਪੂ ਨੂੰ ਵਾਪਸ ਕਰ ਦਿੱਤਾ ਸਾਰੇ ਮੇਲੇ ਵੇਲੇ ਦੁਆਨੀ ਅਤੇ ਆਉਂਦੇ ਵੇਲੇ ਆਨਾ ਇਉਂ ਸਾਂਭਿਆ ਜਿਵੇਂ ਅੱਜ ਕੋਈ ਆਪਣਾ ਮਹਿੰਗਾ ਮੋਬਾਇਲ ਸਾਂਭਦਾ ਹੈ

ਫਿਰ ਹਾਣੀਆਂ ਦੀ ਢਾਣੀ ਕਾਲਜ ਜਾਣ ਲੱਗ ਪਈ ਪੇਂਡੂਆਂ ਦੀ ਜੇਬ ਵਿੱਚ ਪੈਸਾ ਧੇਲਾ ਘੱਟ ਹੀ ਹੁੰਦਾ ਸੀ ਮੇਰੇ ਇੱਕ ਮਿੱਤਰ ਦੀ ਮਾਇਕ ਹਾਲਤ ਸਾਡੇ ਨਾਲੋਂ ਵੀ ਪਤਲੀ ਸੀ ਉਸ ਜ਼ਮਾਨੇ ਵਿੱਚ ਦੋਸਤੀ ਦੇ ਰਿਸ਼ਤੇ ਜਾਤ-ਪਾਤ, ਅਮੀਰੀ-ਗਰੀਬੀ ਦੇ ਬੰਧਨ ਤੋਂ ਬਹੁਤ ਹੱਦ ਤਕ ਮੁਕਤ ਸਨ ਮੇਰਾ ਮਿੱਤਰ ਦੂਰੋਂ ਦੌੜਦਾ ਆ ਰਿਹਾ ਸੀ, ਉਸ ਨੂੰ ਪੂਰਾ ਭਰੋਸਾ ਸੀ ਕਿ ਮੈਂ ਜ਼ਰੂਰ ਉਸ ਦੀ ਮਦਦ ਕਰ ਸਕਾਂਗਾ ਮੈਂ ਹੱਸਦੇ ਨੇ ਕਿਹਾ, “ਪੰਡਤਾ, ਕਿਉਂ ਸਾਹ ਚੜ੍ਹਾਇਐ! ਕੀ ਆਫ਼ਤ ਆ ਪਈ ਐ?”

ਉਹ ਕਹਿਣ ਲੱਗਾ, “ਯਾਰ ਬਹੁਤ ਭੁੱਖ ਲੱਗੀ ਐ, ਜਾਨ ਨਿਕਲ ਰਹੀ ਐ। ਹੈ ਕੋਈ ਚੁਆਨੀ-ਠਿਆਨੀ?”

ਇਤਫਾਕਨ ਉਸ ਦਿਨ ਮੇਰੀ ਜੇਬ ਵਿੱਚ ਅਠਿਆਨੀ ਸੀ ਮੈਂ ਕਿਹਾ, “ਆਹ ਫੜ ਅਠਿਆਨੀ, ਕੰਟੀਨ ’ਤੇ ਜਾ ਕੇ ਦੋ ਸਮੋਸੇ ਤੇ ਕੱਪ ਚਾਹ ਪੀ ਆ, ਚੁਆਨੀ ਮੋੜ ਕੇ ਲਿਆ ਦੀਂ

ਸਮਾਂ ਆਪਣੀ ਚਾਲ ਚਲਦਾ ਗਿਆ ਚੁਆਨੀਆਂ-ਅਠਿਆਨੀਆਂ ਵੀ ਆਪਣੀ ਠੁੱਕ ਬਣਾਈ ਰੱਖਣ ਲਈ ਜੱਦੋਜਹਿਦ ਕਰਦੀਆਂ ਰਹੀਆਂ

ਦੋ ਕੁ ਦਹਾਕੇ ਬੀਤ ਗਏ ਅਫਸਰੀ ਹੱਥ ਲੱਗ ਗਈ ਅਤੇ ਤਕਦੀਰ ਨੇ ਦੇਸ਼ ਦੀ ਫਾਇਨੈਂਸਲ ਰਾਜਧਾਨੀ ਵਿੱਚ ਲਿਜਾ ਸੁੱਟਿਆ, ਜਿੱਥੇ ਨੋਟਾਂ ਵਾਲਿਆਂ ਦੀ ਭਰਮਾਰ ਸੀ। ਪਰ ਹਾਲੇ ਵੀ ਚੁਆਨੀਆਂ-ਅਠਿਆਨੀਆਂ ਆਪਣਾ ਵਕਾਰ ਬਣਾਈ ਰੱਖਣ ਲਈ ਡਟੀਆਂ ਹੋਈਆਂ ਸਨ ਮੇਰੇ ਵਰਗੇ ਇਨ੍ਹਾਂ ਦੇ ਚਹੇਤੇ ਇੱਥੇ ਹਾਲੇ ਵੀ ਬਹੁਤ ਸਨ ਅਸੀਂ ਇੱਕ ਦੁਕਾਨ ਤੋਂ ਬੁਨੈਣ ਖਰੀਦਣ ਗਏ ਮੈਂ ਜ਼ਿਦ ਕਰ ਰਿਹਾ ਸੀ ਕਿ ਦੁਕਾਨਦਾਰ ਇੱਕ ਰੁਪਇਆ ਘੱਟ ਕਰੇ ਪਰ ਉਸ ਨੇ ਅਠਿਆਨੀ ਦੀ ਰਿਆਇਤ ਕਰਨਾ ਹੀ ਮੰਨਿਆ ਅਤੇ ਅਠਿਆਨੀ ਮੇਰੇ ਵੱਲ ਵਧਾ ਦਿੱਤੀ ਮੇਰੇ ਅੰਦਰ ਬੈਠਾ ਅਫਸਰ ਝਿੜਕਾਂ ਦੇਣ ਲੱਗਾ ... ਛਡਾਉਣਾ ਹੈ ਤਾਂ ਰੁਪਇਆ ਤਾਂ ਛਡਾ, ਅਠਿਆਨੀ? ... ਅਠਿਆਨੀ ਦੀ ਵੁੱਕਤ ਕਹੇ, ਰੱਖ ਲੈ, ਸਬਜ਼ੀ ਖਰੀਦ ਲਿਓ ਰੱਖਾਂ ਕਿ ਨਾ ਰੱਖਾਂ ਦੀ ਜੱਕੋ-ਤੱਕੀ ਚੱਲ ਰਹੀ ਸੀ ਕਿ ਅਫਸਰ ਨੇ ਠਿਆਨੀ ਦੁਕਾਨਦਾਰ ਦੇ ਹਵਾਲੇ ਕਰਵਾ ਦਿੱਤੀ ਉਸ ਨੇ ਗੱਲੇ ਵਿੱਚ ਬੜੇ ਆਰਾਮ ਨਾਲ ਰੱਖ ਲਈ ਬੁਨੈਣ ਵਾਲਾ ਡੱਬਾ ਹੱਥ ਵਿੱਚ ਫੜੀ ਤੁਰਦਾ ਤੁਰਦਾ ਮੈਂ ਸੋਚਦਾ ਰਿਹਾ ਅਠਿਆਨੀ ਚਾਹੀਦੀ ਤਾਂ ਮੈਨੂੰ ਵੀ ਸੀ ਪਰ ਉਹ ਸਿਆਣਾ ਰਿਹਾ, ਉਹ ਵਾਪਾਰੀ ਸੀ, ਮੈਂ ਸਧਾਰਨ ਪੇਂਡੂ ...

ਕੋਈ ਪੰਤਾਲੀ ਕੁ ਸਾਲ ਬਾਅਦ ਵੀ ਮਾਇਆ ਨਗਰੀ ਜਾਣ ਦਾ ਮੇਰਾ ਸਬੱਬ ਬਣਦਾ ਹੀ ਰਹਿੰਦਾ ਹੈ ਇੱਕ ਸ਼ਾਮ ਨੂੰ ਮੈਂ ਉਪ-ਨਗਰ ਵਿੱਚ ਘੁੰਮ ਰਿਹਾ ਸੀ ਇੱਕ ਅਪਾਹਜ ਕੋਲੋਂ ਲੰਘਣ ਲੱਗਾ ਤਾਂ ਮੈਂ ਸੋਚਿਆ, ਇਸ ਗਰੀਬ ਦੀ ਕੁਝ ਮਦਦ ਕਰ ਦਿੰਦਾ ਹਾਂ ਜੇਬ ਵਿੱਚ ਦਸ ਦਾ ਸਿੱਕਾ ਸੀ ਇਹ ਸਿੱਕਾ ਮੈਂ ਉਸ ਕੋਲ ਪਏ ਠੂਠੇ ਵਿੱਚ ਰੱਖਣ ਹੀ ਲੱਗਾ ਸੀ ਕਿ ਉਹ ਬੋਲ ਪਿਆ, “ਮੈਂ ਸਿੱਕਾ ਨਹੀਂ ਲੈਂਦਾ, ਦੇਣਾ ਹੈ ਤਾਂ ਨੋਟ ਦਿਓ।” ਉਸ ਨੇ ਕੋਲ ਪੇ ਟੀ ਐੱਮ ਵਾਲਾ ਫੱਟਾ ਜਿਹਾ ਵੀ ਰੱਖ ਛੱਡਿਆ ਸੀ ਉਸ ਦੇ ਬੋਲ ਮੈਨੂੰ ਸਿੱਕੇ ਦੀ ਖਰੀਦ ਸ਼ਕਤੀ ਦੀ ਯਾਦ ਕਰਵਾ ਗਏ, ਤੇ ਮੈਂ ਉਹ ਸਿੱਕਾ ਆਪਣੀ ਜੇਬ ਵਿੱਚ ਪਾ ਕੇ ਮੈਂ ਅੱਗੇ ਤੁਰ ਪਿਆ

ਪਿਛਲਝਾਤ ਮਾਰਦਿਆਂ ਸੋਚੀਦਾ ਹੈ ਕਿ ਚੁਆਨੀ-ਅਠਿਆਨੀ, ਜਿਹੜੀ ਕਿਸੇ ਵੇਲੇ ਚੰਗਾ ਰਾਸ਼ਨ-ਪਾਣੀ ਖਰੀਦ ਸਕਦੀ ਸੀ, ਮੇਲੇ ਦਿਖਾ ਸਕਦੀ ਸੀ, ਅੱਜ ਉਸ ਨੂੰ ਕੋਈ ਮੰਗਤਾ ਤਕ ਲੈ ਕੇ ਰਾਜ਼ੀ ਨਹੀਂ ਹੈ ਕੀ ਮਹਿਸੂਸ ਕਰਦੇ ਹੋਣਗੇ ਸਾਡੇ ਉਹ ਸਿੱਕੇ ਜਿਨ੍ਹਾਂ ਨੇ ਸਾਨੂੰ ਨੋਟਾਂ ਦੀਆਂ ਥਹੀਆਂ ਤਕ ਪਹੁੰਚਾਇਆl ਨੋਟਾਂ ਨਾਲ ਖਰੀਦਿਆ ਸਮਾਨ ਅਸੀਂ ਸਿੱਕਿਆਂ ਦੀ ਤਰ੍ਹਾਂ ਜੇਬ ਵਿੱਚ ਪਾ ਲਿਆਉਂਦੇ ਹਾਂ ਤੇ ਕਿਸੇ ਸਮੇਂ ਸਿੱਕਿਆਂ ਦਾ ਖਰੀਦਿਆ ਨੋਟਾਂ ਦੇ ਥੱਬਿਆਂ ਦੇ ਭਾਰ ਤੋਂ ਕਿਤੇ ਵੱਧ ਚੁੱਕ ਕੇ ਲਿਆਉਂਦੇ ਸੀ ਮਹਿੰਗਾਈ ਦੀ ਮਾਰ ਕਦੇ ਕਦੇ ਇਨ੍ਹਾਂ ਚੁਆਨੀਆਂ-ਅਠਿਆਨੀਆਂ ਨੂੰ ਯਾਦ ਕਰਵਾ ਜਾਂਦੀ ਹੈ, ਜਿਵੇਂ ਅੱਜ ਗੈਸ ਸਿਲੰਡਰ ਦੇ ਆਉਣ ’ਤੇ ਹੋਇਆ ਇਨ੍ਹਾਂ ਦੀ ਯਾਦ ਨੇ ਜੋ ਸਕੂਨ ਦਿੱਤਾ, ਉਸ ਦਾ ਤਾਂ ਮੁੱਲ ਹੀ ਕੋਈ ਨਹੀਂ ਪਾਇਆ ਜਾ ਸਕਦਾ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5516)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author