“ਜਦੋਂ ਵੀ ਵੋਟਾਂ ਦਾ ਮੌਸਮ ਆਵੇਗਾ ਲੋਕ ਸਭਾ ਵਿੱਚ ਹੰਗਾਮਾ ਕਰਵਾਉਣ ...”
(15 ਜਨਵਰੀ 2025)
ਸਾਲ 2024 ਦੇ ਲੋਕ ਸਭਾ ਦੇ ਆਖਰੀ ਇਜਲਾਸ ਵਿੱਚ ਸੰਵਿਧਾਨ ਦੇ 75 ਸਾਲ ਪੂਰੇ ਹੋਣ ’ਤੇ ਬਹਿਸ ਹੋ ਰਹੀ ਸੀ। ਜਿਉਂ ਹੀ ਕੇਂਦਰੀ ਗ੍ਰਹਿ ਮੰਤਰੀ ਨੇ ਅੰਬੇਡਕਰ! ਅੰਬੇਡਕਰ!! ਅੰਬੇਡਕਰ!!! … ਸ਼ਬਦ ਬੋਲੇ ਤਾਂ ਸੰਸਦ ਵਿੱਚ ਇੱਕ ਦਮ ਹੰਗਾਮਾ ਹੋ ਗਿਆ। ਇਹ ਲਫਜ਼ ਕਹਿਣ ਦੇ ਅੰਦਾਜ਼ ਨੇ ਸ਼ਾਇਦ ਇਸ ਹੰਗਾਮੇ ਨੂੰ ਜਨਮ ਦਿੱਤਾ। ਸੋਸ਼ਲ ਮੀਡੀਆ ਅਤੇ ਹੋਰ ਸੰਚਾਰ ਸਾਧਨਾਂ ਰਾਹੀਂ ਜਦੋਂ ਇਹ ਗੂੰਜ ਸੰਸਾਰ ਭਰ ਦੇ ਕੰਨ ਖਾਣ ਲੱਗੀ ਤਦ ਮੈਂ ਵੀ ਕਲਪਨਾ ਕਰਦਾ ਹੋਇਆ ਕਿਆਸ ਅਰਾਈਆਂ ਲਾਉਣ ਲੱਗਾ ਕਿ ਇਹ ਸ਼ਬਦ ਉਚਾਰਨ ਵਾਲੇ ਦਾ ਮਕਸਦ ਕੀ ਹੋਵੇਗਾ? ਉਹ ਕਿਸ ਮੁਦਰਾ ਵਿੱਚ ਖੜ੍ਹਾ ਹੋਵੇਗਾ? ਬੋਲਣ ਵੇਲੇ ਕਿਸ ਅੰਦਾਜ਼ ਨਾਲ ਸੰਬੋਧਨ ਕਰ ਰਿਹਾ ਹੋਵੇਗਾ? ਇਹ ਸੋਚਦਾ ਸੋਚਦਾ ਮੈਂ ਇੱਕ ਦਮ ਪੰਜਾਹ ਸਾਲ ਪਿੱਛੇ ਚਲਾ ਗਿਆ। ਮਕਸਦ ਪੱਖੋਂ ਸਕੂਲ ਦੇ ਦਿਨਾਂ ਦਾ ‘ਪੰਨੂ ਮੁਨਿਆਦੀ ਵਾਲਾ’ ਇੱਕ ਦਮ ਮੇਰੇ ਦਿਮਾਗ ਵਿੱਚ ਘੁੰਮ ਗਿਆ। ਉਹ ਫਿਲਮ ਦੀ ਮੁਨਿਆਦੀ ਕਰਦਾ ਹੁੰਦਾ ਸੀ ਅਤੇ ਇੰਝ ਬੋਲਿਆ ਕਰਦਾ ਸੀ, “ਦੇਖੀਏ, ਦੇਖੀਏ, ਦੇਖੀਏ ... ਮੋਤੀ ਮੇਂ ... ਤਾਜ ਮਹਲ, ਤਾਜ ਮਹਲ, ਤਾਜ ਮਹਲ।” ਉਸ ਦਾ ਮਕਸਦ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਫਿਲਮ ਦੇਖਣ ਲਈ ਉਕਸਾਉਣਾ ਹੁੰਦਾ ਸੀ। ਉਸ ਦੇ ਬੋਲਣ ਦਾ ਅੰਦਾਜ਼ ਸਭ ਦਾ ਧਿਆਨ ਖਿੱਚਦਾ ਸੀ ਅਤੇ ਇਸ ਨਾਲ ਹੀ ਉਸ ਦਾ ਮਕਸਦ ਹੱਲ ਹੋ ਜਾਂਦਾ ਸੀ। ਕੇਂਦਰੀ ਗ੍ਰਹਿ ਮੰਤਰੀ ਜੀ ਦੇ ਅੰਦਾਜ਼ ਨੇ ਵੀ ਸਭ ਦਾ ਧਿਆਨ ਖਿੱਚ ਲਿਆ ਸੀ। ਸੱਤਾਧਾਰੀ ਧਿਰ ਦੇ ਸੰਸਦ ਮੇਜ਼ ਥਪਥਪਾਉਣ ਲੱਗੇ ਅਤੇ ਵਿਰੋਧੀ ਧਿਰ ਦੇ ਸੰਸਦ ਮੇਜਾਂ ’ਤੇ ਚੜ੍ਹਨ ਲੱਗੇ। ਦੋਹਾਂ ਧਿਰਾਂ ਦੀਆਂ ਨਜ਼ਰਾਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਦਾ ਅੰਦਾਜ਼ੇ-ਬਿਆਂ ਡਾ. ਅੰਬੇਡਕਰ ਬਾਰੇ ਵੱਖ ਵੱਖ ਮਾਅਨੇ ਰੱਖਦਾ ਸੀ। ਕੇਂਦਰੀ ਗ੍ਰਹਿ ਮੰਤਰੀ ਜੀ ਦਾ ਮਕਸਦ ਪੂਰਾ ਹੋਇਆ ਕਿ ਨਹੀਂ, ਕਹਿ ਨਹੀਂ ਸਕਦਾ ਪਰ ਮੈਨੂੰ ਇੰਝ ਲੱਗਿਆ ਜਿਵੇਂ ਉਹ ਵੀ ‘ਪੰਨੂ’ ਵਾਂਗ ਕੋਈ ਮੁਨਿਆਦੀ ਹੀ ਕਰਨ ਲੱਗੇ ਸਨ।
ਦੂਸਰਾ ਦ੍ਰਿਸ਼ ਜਿਹੜਾ ਮੇਰੇ ਮਨ ਦੇ ਚਿੱਤਰਪਟ ’ਤੇ ਉੱਤਰਿਆ, ਉਹ 1972 ਵਿੱਚ ਹੋਏ ਇੱਕ ਮਿੱਤਰ ਦੇ ਨਿੱਜੀ ਸਮਾਜਿਕ ਫੰਕਸ਼ਨ ਦਾ ਸੀ। ਖੁਸ਼ੀ ਦੇ ਮਾਹੌਲ ’ਤੇ ਮੈਂ ਕੁਝ ਸ਼ਿਅਰ ਬੋਲ ਰਿਹਾ ਸੀ ਤਦ ਪਿੰਡ ਦੇ ਨੰਬਰਦਾਰ ਲਾਣੇ ਵਿੱਚੋਂ ਇੱਕ ਨੇ ਮੇਰੇ ਲਈ ਲਫਜ਼ ਬੋਲੇ, ‘ਕਿੱਥੇ ਚਮਾਰ ਲਚੜ੍ਹਾਇਐ’, ਹਾਲਾਂ ਕਿ ਮੈਂ ਉਨ੍ਹਾਂ ਸਭ ਨਾਲੋਂ ਵੱਧ ਯੋਗਤਾ ਰੱਖਦਾ ਸੀ। ਉਸ ਦੇ ਬੋਲਾਂ ਦੇ ਅੰਦਾਜ਼ ਵਿੱਚ ਅਖੌਤੀ ਛੋਟੀਆਂ ਜਾਤਾਂ ਪ੍ਰਤੀ ਅਥਾਹ ਨਫਰਤ ਸੀ। ਸ਼ਰੇਆਮ ਭਰੀ ਮਹਿਫ਼ਲ ਵਿੱਚ ਕਿਸੇ ਨੂੰ ਜਾਤੀ-ਸੂਚਕ ਲਫਜ਼ ਵਰਤ ਕੇ ਬੇਇੱਜ਼ਤ ਕੀਤਾ ਜਾਵੇ ਤਾਂ ਗੁੱਸਾ ਆਉਣਾ ਕੁਦਰਤੀ ਹੈ, ਮੇਰੇ ਵਿਰੋਧ ’ਤੇ ਹੰਗਾਮਾ ਹੋ ਗਿਆ ਸੀ। ਇਸ ਪਿੱਠਭੂਮੀ ਦੇ ਮੱਦੇਨਜ਼ਰ ਅਤੇ ‘ਮਹਾਰ’ ਤੇ ‘ਚਮਾਰ’ ਦੇ ਉਚਾਰਨ ਵਿੱਚ ਕੋਈ ਖਾਸ ਅੰਤਰ ਨਾ ਹੋਣ ਕਰਕੇ ਮੈਨੂੰ ਲੱਗਿਆ ਜਿਵੇਂ ਕੇਂਦਰੀ ਗ੍ਰਹਿ ਮੰਤਰੀ ਆਪਣੇ ਅੰਦਾਜ਼ ਰਾਹੀਂ ਅੰਬੇਡਕਰ, ਅੰਬੇਡਕਰ, ਅੰਬੇਡਕਰ ਕਹਿ ਕੇ ਅਸਲ ਵਿੱਚ ਕਹਿਣਾ ਚਾਹੁੰਦੇ ਹੋਣ, ‘ਕਿੱਥੇ ਮਾਹਰ ਲਚੜ੍ਹਾਇਐ’। ਹੰਗਾਮਾ ਤਾਂ ਹੋਣਾ ਹੀ ਸੀ ਕਿਉਂਕਿ ਉਹ ‘ਮਾਹਰ’ ਕੋਈ ਆਮ ਵਿਅਕਤੀ ਨਹੀਂ ਸੀ ਬਲਕਿ ਸਾਡੇ ਗਣਤੰਤਰ ਦੇ ਸੰਵਿਧਾਨ ਦਾ ਰਚੇਤਾ ਸੀ। ਕਿਸੇ ਨੂੰ ਵੀ ਸੰਵਿਧਾਨ ਰਚੇਤਾ ਨਾਲ ਅਜਿਹਾ ਕੋਝਾ ਮਜ਼ਾਕ ਸ਼ੋਭਾ ਨਹੀਂ ਦਿੰਦਾ, ਉਹ ਵੀ ਸੰਸਦ ਵਿੱਚ, ਜਦੋਂ ਸੰਵਿਧਾਨ ’ਤੇ ਹੀ ਬਹਿਸ ਹੋ ਰਹੀ ਹੋਵੇ।
ਮੇਰੇ ਬਾਰੇ ਵਰਤੀ ਗਈ ਭਾਸ਼ਾ ਅਤੇ ਡਾ. ਬਾਬਾ ਸਾਹਿਬ ਅੰਬੇਡਕਰ ਬਾਰੇ ਬੋਲਣ ਦਾ ਅੰਦਾਜ਼ ਕੀ ਮਾਇਨੇ ਰੱਖਦਾ ਹੈ, ਵਿਚਾਰ ਦੀ ਮੰਗ ਕਰਦਾ ਹੈ। ਇਹ ਪੱਖ ਸਾਹਮਣੇ ਉੱਘੜ ਕੇ ਆਉਂਦਾ ਹੈ ਕਿ ਅਖੌਤੀ ਨੀਵੀਂਆਂ ਜਾਤਾਂ ਦੇ ਲੋਕ ਭਾਵੇਂ ਕਿੰਨੇ ਵੀ ਪੜ੍ਹ-ਲਿਖ ਜਾਣ ਅਖੌਤੀ ਉੱਚ ਜਾਤਾਂ ਉਨ੍ਹਾਂ ਨੂੰ ਸੂਝਵਾਨ ਮੰਨਣ ਤੋਂ ਇਨਕਾਰੀ ਹਨ। ਉਨ੍ਹਾਂ ਨੂੰ ਟਿੱਚ ਹੀ ਨਹੀਂ ਸਮਝਦੀਆਂ, ਬਲਕਿ ਮਖੌਲ ਉਡਾਉਣ ਤੋਂ ਵੀ ਸੰਕੋਚ ਨਹੀਂ ਕਰਦੀਆਂ।
ਦੂਸਰਾ ਇਹ ਕਿ ਜਦੋਂ ਲੋੜ ਹੁੰਦੀ ਹੈ ਤਾਂ ਇਨ੍ਹਾਂ ਲੋਕਾਂ ਨੂੰ ਵਰਤ ਲਿਆ ਜਾਂਦਾ ਹੈ। ਡਾ. ਬਾਬਾ ਸਾਹਿਬ ਅੰਬੇਡਕਰ ਨੂੰ ਮੰਨੇ ਪਰਮੰਨੇ ਵਿਦਵਾਨ ਅਤੇ ਚਿੰਤਕ ਹੋਣ ਕਰਕੇ ਹੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਨ੍ਹਾਂ ਖਰੜਾ ਤਿਆਰ ਕੀਤਾ, ਸੋਧਾਂ ਪ੍ਰਵਾਨ ਅਤੇ ਅਪ੍ਰਵਾਨ ਕੀਤੀਆਂ। 26 ਜਨਵਰੀ 1953 ਨੂੰ ਪ੍ਰਵਾਨਿਤ ਸੰਵਿਧਾਨ ਲਾਗੂ ਕਰ ਦਿੱਤਾ ਗਿਆ। ਇਸ ਸੰਦਰਭ ਵਿੱਚ ਮੇਰਾ ਨਿੱਜੀ ਤਜਰਬਾ ਕੁਝ ਇਸ ਤਰ੍ਹਾਂ ਹੈ, ਮੇਰੀ ਸਰਵਿਸ ਦਾ ਆਖਰੀ ਵਰ੍ਹਾ ਸੀ। ਜੂਨ ਵਿੱਚ ਰਿਟਾਇਰਮੈਂਟ ਸੀ। ਮਾਰਚ ਮਹੀਨੇ ਬੱਜਟ ਸੰਬੰਧੀ ਚੀਫ-ਕਮਿਸ਼ਨਰ ਦੇ ਦਫਤਰ ਮੀਟਿੰਗ ਹੋਈ। ਬੱਜਟ ਕਾਫ਼ੀ ਘਟ ਰਿਹਾ ਸੀ। ਸਾਥੀ ਅਫਸਰ ਕਹਿਣ ਲੱਗੇ ‘ਜਗਰੂਪ, ਜੇ ਤੂੰ ਫੇਲ ਹੋ ਗਿਆ ਤਾਂ ਅਸੀਂ ਸਭ ਫੇਲ ਹੋ ਜਾਵਾਂਗੇ।’ ਬੱਜਟ ਪੂਰਾ ਕਰ ਦਿੱਤਾ ਗਿਆ ਸੀ। ਅਜਿਹਾ ਵੀ ਨਹੀਂ ਹੈ ਕਿ ਅਖੌਤੀ ਉੱਚ ਜਾਤੀਆਂ ਵਿੱਚ ਕਾਬਲ ਅਤੇ ਆਹਲਾ ਇਨਸਾਨ/ਅਫਸਰ ਨਹੀਂ ਹਨ, ਸਮੱਸਿਆ ਜਾਤੀ ਆਧਾਰਿਤ ਭੇਦ-ਭਾਵ ਕਰਨ ਦੀ ਮਾਨਸਿਕਤਾ ਦੀ ਹੈ।
ਜਦੋਂ ਵੀ ਵੋਟਾਂ ਦਾ ਮੌਸਮ ਆਵੇਗਾ ਲੋਕ ਸਭਾ ਵਿੱਚ ਹੰਗਾਮਾ ਕਰਵਾਉਣ ਵਾਲੇ ਵੀ ਅਤੇ ਹੰਗਾਮਾ ਕਰਨ ਵਾਲੇ ਵੀ ਕਿਸੇ ‘ਪੰਨੂ ਮੁਨਿਆਦੀ ਵਾਲੇ’ ਨੂੰ ਅੰਬੇਡਕਰ, ਅੰਬੇਡਕਰ, ਅੰਬੇਡਕਰ … ਦਾ ਹੋਕਾ ਦੇਣ ਲਈ ਕਿਰਾਏ ’ਤੇ ਰੱਖ ਲੈਣਗੇ, ਉਸ ਮਹਾਨ ਚਿੰਤਕ ਦੇ ਨਾਂ ’ਤੇ ਤਾਕਤ ਹਥਿਆਉਣ ਦੀ ਖੇਡ ਖੇਡੀ ਜਾਵੇਗੀ ਅਤੇ ਫਿਰ ਸੰਸਦ ਵਿੱਚ ਹੰਗਾਮੇ ਹੁੰਦੇ ਰਹਿਣਗੇ। ਡਾ. ਅੰਬੇਡਕਰ ਜਾਤ-ਵਿਵਸਥਾ ਦਾ ਮੁੱਢੋਂ ਖਾਤਮਾ ਚਾਹੁੰਦੇ ਸਨ ਪਰ ਅਜਿਹਾ ਹੋਣਾ ਸ਼ਾਇਦ ਸੰਭਵ ਹੀ ਨਹੀਂ ਹੈ। ਸੰਭਵ ਇਹ ਹੈ ਕਿ ਅਸੀਂ ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ-75 ਮਨਾਉਂਦੇ ਹੋਏ ਸੰਕਲਪ ਕਰੀਏ ਕਿ ਜਾਤ ਅਧਾਰਤ ਭੇਦ-ਭਾਵ ਨਾ ਕਰੀਏ ਅਤੇ ਸਭ ਮਿਲ ਕੇ ਦੇਸ਼ ਨੂੰ ਵਿਕਸਿਤ ਦੇਸ਼ਾਂ ਦੀ ਕਤਾਰ ਵਿੱਚ ਖੜ੍ਹਾ ਕਰੀਏ, ਅੰਬੇਡਕਰ ਦਾ ਲਿਖਿਆ ਸੰਵਿਧਾਨ ਕਦੇ ਫੇਲ ਨਹੀਂ ਹੋਵੇਗਾ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5619)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)