JagroopSingh3ਚੋਰੀ ਸਿਰਫ ਧਨ ਦੀ ਹੀ ਨਹੀਂ ਬਲਕਿ ਜ਼ਿੰਦਗੀ ਦੀਆਂ ਹੋਰ ਅਹਿਮ ਚੀਜ਼ਾਂ ਦੀ ਵੀ ਹੁੰਦੀ ਸੀ ਇਸਦਾ ...
(16 ਮਾਰਚ 2025)

 

ਮਾਨਸਿਕ ਬਿਰਤੀਆਂ ਕਾਰਨ ਹੀ ਮਨੁੱਖ ਇੱਕ ਦੂਸਰੇ ਨਾਲੋਂ ਵੱਖਰੇ ਹਨ ਹਰ ਚੰਗੀ-ਮਾੜੀ ਬਿਰਤੀ ਸਾਡੇ ਅੰਦਰ ਮੌਜੂਦ ਹੈ ਉੱਭਰਵੀਂ ਬਿਰਤੀ ਮਨੁੱਖ ਦੀ ਸ਼ਖਸੀਅਤ ਬਣ ਜਾਂਦੀ ਹੈ ਸਾਡੇ ਸਭ ਅੰਦਰ ਹਰ ਸਮੇਂ ਇੱਕ ਨਿੱਕਾ ਜਿਹਾ ਚੋਰ ਵੀ ਬਿਰਾਜਮਾਨ ਹੁੰਦਾ ਹੈ ਇਹ ਉਦੋਂ ਮੈਦਾਨ ਵਿੱਚ ਆ ਜਾਂਦਾ ਹੈ ਜਦੋਂ ਲਾਲਚ, ਰੀਸ, ਈਰਖਾ ਆਦਿ ਦੀਆਂ ਬਿਰਤੀਆਂ ਭਾਰੂ ਹੋ ਜਾਂਦੀਆਂ ਹਨ ਜਾਂ ਸਮਾਜਿਕ, ਆਰਥਿਕ ਅਤੇ ਹੋਰ ਹਾਲਾਤ ਮਜਬੂਰ ਕਰ ਦਿੰਦੇ ਹਨ

ਬਚਪਨ ਵਿੱਚ ਅਧਿਆਪਕ ਸਾਡੇ ਕੋਲੋਂ ਸਕੂਲ ਦੀਆਂ ਦੀਵਾਰਾਂ ’ਤੇ ਖੁਸ਼ਖਤ ਲਿਖਾਈ ਵਿੱਚ ਲਿਖੇ ਪੋਸਟਰ - ਚੋਰੀ ਕਰਨਾ ਪਾਪ ਹੈ ... ਕੰਮ ਹੀ ਪੂਜਾ ਹੈ, ਆਦਿ ਲਗਵਾਇਆ ਕਰਦੇ ਸਨ ਮਕਸਦ ਸ਼ਾਇਦ ਇਹ ਸੀ ਕਿ ਇਹ ਲਿਖੀਆਂ ਨਸੀਹਤਾਂ ਸਾਡੇ ਦਿਲੋ-ਦਿਮਾਗ ’ਤੇ ਉੱਕਰੀਆਂ ਜਾਣ ਅਤੇ ਅਸੀਂ ਇਨ੍ਹਾਂ ਨੂੰ ਆਪਣੇ ਜੀਵਨ ਵਿੱਚ ਆਪਣਾ ਕੇ ਚੰਗੇ ਇਨਸਾਨ ਬਣ ਸਕੀਏ ਬੱਚੇ ਮਨ ਨੂੰ ਪਾਪ-ਪੁੰਨ ਦੀ ਤਾਂ ਕੋਈ ਸਮਝ ਨਹੀਂ ਸੀ ਪਰ ਐਨਾ ਜ਼ਰੂਰ ਲਗਦਾ ਸੀ ਕਿ ਚੋਰੀ ਕਰਨਾ ਚੰਗਾ ਨਹੀਂ ਹੁੰਦਾ ਇੱਕ ਦੂਸਰੇ ਦੀ ਪੈਂਸਿਲ, ਰਬੜ, ਸਿਆਹੀ, ਕਾਪੀ ਆਦਿ ਚੁੱਕ ਲੈਂਦੇ ਸਾਂ ਪਰ ਸ਼ਾਇਦ ਉਸ ਨੂੰ ਚੋਰੀ ਨਹੀਂ ਮੰਨਿਆ ਜਾਂਦਾ ਸੀ ਬਚਪਨ ਦੀ ਸ਼ਰਾਰਤ ਕਹਿ ਕੇ ਮੁਆਫ ਕਰ ਦਿੱਤਾ ਜਾਂਦਾ ਜਾਂ ਤਾੜਨਾ ਕਰ ਕੇ ਛੱਡ ਦਿੱਤਾ ਜਾਂਦਾ ਸੀ ਸਾਡਾ ਅਧਿਆਪਕ ਭੁੱਲ ਕਰ ਰਿਹਾ ਸੀ ਉਹ ਅਜਿਹੇ ਬੱਚੇ ਦੀ ਬਿਰਤੀ ਨੂੰ ਅੱਖੋਂ ਪਰੋਖੇ ਕਰ ਰਿਹਾ ਸੀ ਖੈਰ ਉਨ੍ਹਾਂ ਪੋਸਟਰਾਂ ’ਤੇ ਲਿਖੀਆਂ ਸਿੱਖਿਆਵਾਂ ਦਾ ਅਸਰ ਹੁੰਦਾ ਜ਼ਰੂਰ ਸੀ

ਬਚਪਨ ਵਿੱਚ ਹੀ ਕ੍ਰਿਸ਼ਨ-ਭਗਵਾਨ ਦੇ ਮਟਕੀ ਵਿੱਚੋਂ ਮੱਖਣ ਖਾਣ ਦੇ ਪੋਸਟਰ ਵੀ ਦੇਖਦੇ ਰਹਿੰਦੇ ਸੀ ਹਿੰਦੀ ਭਾਸ਼ਾ ਵਾਲੀਆਂ ਤਸਵੀਰਾਂ ’ਤੇ ਤਾਂ ‘ਮਾਖਨ-ਚੋਰ ‘ਲਿਖਿਆ ਵੀ ਪੜ੍ਹਿਆ ਕਰਦੇ ਸੀ ਪਰ ਇਹ ਸਮਝ ਨਹੀਂ ਆਉਂਦਾ ਸੀ ਕਿ ਕ੍ਰਿਸ਼ਨ ਜੀ ਨੂੰ ਚੋਰ ਕਿਉਂ ਕਿਹਾ ਜਾ ਰਿਹਾ ਸੀ ਵੱਡੇ ਹੋ ਕੇ ਹੀ ਸਮਝ ਆਇਆ ਕਿ ਇਹ ਤਾਂ ਭਗਵਾਨ ਦੇ ਕੌਤਕ ਦਿਖਾਉਣ ਦੀ ਤਸਵੀਰ ਸੀ ਇਸ ਧਾਰਮਿਕ ਪੋਸਟਰ ਦਾ ਬੱਚੇ ਦੇ ਮਨ ’ਤੇ ਜ਼ਰੂਰ ਅਸਰ ਹੁੰਦਾ ਹੋਵੇਗਾ ਕਿ ਜੇਕਰ ਭਗਵਾਨ ਮੱਖਣ ਚੋਰੀ ਕਰਕੇ ਖਾ ਸਕਦੇ ਹਨ ਤਾਂ ਉਹ ਕਿਉਂ ਨਹੀਂ ਖਾ ਸਕਦਾ? ਉਹ ਅਜਿਹੀ ਚੋਰੀ ਨੂੰ ਪਾਪ ਨਾ ਸਮਝਣ ਦੀ ਬਿਰਤੀ ਪਾਲਣ ਲੱਗ ਸਕਦਾ ਹੈ

ਵੱਡਾ ਹੋਇਆ ਤਾਂ ਪਿੰਡ ਤੋਂ ਸ਼ਹਿਰ ਦੇ ਸਕੂਲ ਜਾਣ ਲੱਗਿਆ ਉਨ੍ਹਾਂ ਵੇਲਿਆਂ ਦੇ ਸ਼ਹਰੀ ਵਾਤਾਵਰਣ ਅਤੇ ਪਿੰਡ ਦੇ ਮਾਹੌਲ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਬਜ਼ਾਰ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਦੇਖ ਕੇ ਖਾਣ ਨੂੰ ਜੀਅ ਲਲਚਾਉਂਦਾ, ਬਿਜਲੀ ਦੇ ਜੰਤਰ ਦੇਖ ਕੇ ਹੈਰਾਨ ਹੋਈ ਜਾਣਾ, ਫਿਲਮਾਂ ਦੇ ਪੋਸਟਰ ਅਤੇ ਸਕੂਲ ਵਾਲੇ ਪੋਸਟਰਾਂ ਦਾ ਫ਼ਰਕ ਸਾਨੂੰ ਕਿਸੇ ਹੋਰ ਹੀ ਦੁਨੀਆ ਵਿੱਚ ਲੈ ਜਾਂਦਾ ਉਸ ਉਮਰੇ ਖਾਣ-ਪੀਣ ਅਤੇ ਪਹਿਨਣ ਵੱਲ ਹੀ ਜ਼ਿਆਦਾ ਧਿਆਨ ਖਿੱਚਿਆ ਜਾਂਦਾ ਹੈ ਜੇਬ ਖਾਲੀ ਹੋਵੇ ਤਾਂ ਚੋਰੀ ਦੀ ਬਿਰਤੀ ਉਤਪੰਨ ਹੋਣ ਦੀ ਸੰਭਾਵਨਾ ਪ੍ਰਬਲ ਹੋ ਜਾਂਦੀ ਹੈ ਮੌਕਾ ਮਿਲਦੇ ਹੀ ਪ੍ਰਤੱਖ ਰੂਪ ਧਾਰਨ ਕਰ ਲੈਂਦੀ ਹੈ 1961 ਦੀ ਗੱਲ ਹੈ, ਚਾਚਾ ਜੀ ਨੇ ਸਾਡੇ ਫੁੱਫੜ ਜੀ ਨਾਲ ਮਿਲ ਕੇ ਸ਼ਹਿਰ ਸਬਜ਼ੀ ਦੀ ਦੁਕਾਨ ਕਰ ਲਈ ਇਸ ਦੌਰਾਨ ਉਨ੍ਹਾਂ ਨੂੰ ਇੱਕ ਮਹੀਨੇ ਲਈ ਫੌਜ ਦੀ ਰਿਜ਼ਰਵ ਡਿਊਟੀ ਕਰਨ ਲਈ ਜਾਣਾ ਪਿਆ ਉਨ੍ਹਾਂ ਮੈਨੂੰ ਦੁਕਾਨ ’ਤੇ ਮਦਦ ਲਈ ਛੱਡ ਦਿੱਤਾ ਦੁਕਾਨ ਚੰਗੀ ਚੱਲ ਪਈ ਸੀ ਫੁੱਫੜ ਜੀ ਜਦੋਂ ਇੱਧਰ ਉੱਧਰ ਹੁੰਦੇ ਤਾਂ ਆਨਾ-ਦੁਆਨੀ ਜੇਬ ਵਿੱਚ ਪਾ ਲੈਣੀ ਅੱਧੀ ਛੁੱਟੀ ਵੇਲੇ ਮਨ ਪਸੰਦ ਦੀ ਚੀਜ਼ ਖਾ ਲੈਣੀ ਕਾਫ਼ੀ ਦਿਨ ਇਹ ਸਿਲਸਿਲਾ ਚੱਲਿਆ ਪਰ ਇੱਕ ਦਿਨ ਸਕੂਲ ਦਾ ਪੋਸਟਰ ਅੱਖਾਂ ਅੱਗੇ ਆ ਗਿਆ, ‘ਚੋਰੀ ਕਰਨਾ ਪਾਪ ਹੈ’ ਹੁਣ ਤਕ ਇਹ ਵੀ ਪਤਾ ਲੱਗ ਗਿਆ ਸੀ ਕਿ ਪਾਪ ਕਰਨ ਵਾਲਾ ਨਰਕ ਵਿੱਚ ਜਾਂਦਾ ਹੈ ਨਰਕ ਵਿੱਚ ਚਲਦੇ ਆਰੇ, ਉੱਬਲ਼ਦੇ ਕੜਾਹੇ ਦਿਵਾਲੀ ਵੇਲੇ ਦੇ ਪੋਸਟਰਾਂ ਵਿੱਚ ਦੇਖ ਚੁੱਕਿਆ ਸੀ ਸਕੂਲ ਦੇ ਪੋਸਟਰ ਨੇ ਮੇਰੀ ਇਹ ਆਦਤ ਇੱਕ ਝਟਕੇ ਵਿੱਚ ਛੁਡਾ ਦਿੱਤੀ ਮਨ ਹੀ ਮਨ ਚੋਰੀ ਨਾ ਕਰਨ ਦਾ ਅਹਿਦ ਕਰ ਲਿਆ

ਅਗਲੇ ਛੇ ਕੁ ਸਾਲ ਪੜ੍ਹਾਈ ਪੂਰੀ ਕਰਨ ਵਿੱਚ ਨਿਕਲ ਗਏ ਸਾਇੰਸ ਦਾ ਵਿਦਿਆਰਥੀ ਤਾਂ ਫਾਰਮੂਲਿਆਂ ਵਿੱਚ ਹੀ ਉਲਝਿਆ ਰਹਿੰਦਾ ਹੈ, ਮਨੁੱਖੀ ਬਿਰਤੀਆਂ ਬਾਰੇ ਜਾਣਨ ਦਾ ਸਮਾਂ ਹੀ ਨਹੀਂ ਹੁੰਦਾ ਉਸ ਨੂੰ ਥੋੜ੍ਹਾ ਬਹੁਤਾ ਗਿਆਨ ਲਾਇਬ੍ਰੇਰੀ ਵਿੱਚ ਆਉਂਦੇ ਅਖਬਾਰ, ਰਸਾਲੇ ਹੀ ਪ੍ਰਦਾਨ ਕਰਦੇ ਸਨ ਇਨ੍ਹਾਂ ਵਰ੍ਹਿਆਂ ਦੀ ਇੱਕ ਘਟਨਾ ਹਾਲੇ ਵੀ ਯਾਦ ਆਉਂਦੀ ਰਹਿੰਦੀ ਹੈ 1965 ਦੇ ਲਗਭਗ ਦੇਸ਼ ਵਿੱਚ ਕਾਲ ਪੈ ਗਿਆ ਸੀ ਭੁੱਖਮਰੀ ਦਾ ਸਾਹਮਣਾ ਕਰਨ ਲਈ ਸਰਕਾਰ ਨੇ ਪੀ ਐੱਲ-480 ਸਮਝੌਤੇ ਤਹਿਤ ਅਮਰੀਕਾ ਤੋਂ ਮੈਕਸੀਕਨ ਕਣਕ ਬਰਾਮਦ ਕੀਤੀ ਇਸਦਾ ਆਟਾ ਅਜਿਹਾ ਸੀ ਕਿ ਰੋਟੀ ਗਰਮ ਗਰਮ ਹੀ ਖਾਧੀ ਜਾ ਸਕਦੀ ਸੀ ਜ਼ਰਾ ਕੁ ਠੰਢੀ ਹੋਈ ਰੋਟੀ ਲੱਕੜ ਵਰਗੀ ਹੋ ਜਾਂਦੀ ਸੀ ਕਰੜੇ ਤੋਂ ਕਰੜੇ ਦੰਦਾਂ ਵਾਲੇ ਵੀ ਖਾਣ ਤੋਂ ਤੌਬਾ ਕਰਦੇ ਸਨ ਹਾਲਾਤ ਇਹੋ ਜਿਹੇ ਸਨ ਕਿ ਸਭ ਭਾਈਚਾਰਿਆਂ ਦੇ ਗਰੀਬ ਵਿਦਿਆਰਥੀ ਇਕੱਠੇ ਕਿਰਾਏ ਦੇ ਕਮਰਿਆਂ ਵਿੱਚ ਰਹਿ ਰਹੇ ਸਨ ਸਖ਼ਤ ਰੋਟੀ ਅਤੇ ਥੋੜ੍ਹੀ ਚੀਨੀ ਦੇ ਦਾਣੇ ਰੱਖ ਕੇ ਪੰਡਿਤ ਜੀ ਬੁਰਕੀ ਤੋੜਨ ਲੱਗੇ ਕਿ ਚੀਨੀ ਦੇ ਦਾਣੇ ਡੇਲਿਆਂ ਵਾਂਗ ਫ਼ਰਸ਼ ’ਤੇ ਖਿੰਡ ਗਏ ਨਾ ਹੀ ਉਹ ਚੀਨੀ ਇਕੱਠੀ ਕਰ ਸਕਦੇ ਸਾਂ ਤੇ ਨਾ ਹੀ ਰੋਟੀ ਖਾਧੀ ਜਾ ਸਕਦੀ ਸੀ ਸਭ ਰੋਣ ਹਾਕੇ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਸਨ ਇਸ ਲਾਚਾਰੀ ਨੇ ਸਾਨੂੰ ਗੋਭੀ ਚੋਰੀ ਕਰਨ ਲਈ ਮਜਬੂਰ ਕਰ ਦਿੱਤਾ ਚੋਰੀ ਦੀ ਗੋਭੀ ਘਰ ਆਉਣ ’ਤੇ ਪੰਡਿਤ ਜੀ ਦੇ ਚਿਹਰੇ ਦੀ ਚਮਕ ਦਾ ਮੈਂ ਚਸਮਦੀਦ ਗਵਾਹ ਗੋਭੀ-ਚੋਰ ਟੀਮ ਦਾ ਮੈਂਬਰ ਵੀ ਸੀ

ਚੋਰੀ ਸਿਰਫ ਧਨ ਦੀ ਹੀ ਨਹੀਂ ਬਲਕਿ ਜ਼ਿੰਦਗੀ ਦੀਆਂ ਹੋਰ ਅਹਿਮ ਚੀਜ਼ਾਂ ਦੀ ਵੀ ਹੁੰਦੀ ਸੀ ਇਸਦਾ ਗਿਆਨ ਉਦੋਂ ਹੋਣਾ ਸ਼ੁਰੂ ਹੁੰਦਾ ਹੈ ਜਦੋਂ ਤੁਸੀਂ ਜ਼ਿੰਦਗੀ ਵਿੱਚ ਵਿਚਰਨਾ ਸ਼ੁਰੂ ਕਰਦੇ ਹੋ ਜ਼ਿੰਦਗੀ ਨਾਲ ਮੇਰਾ ਵਾਹ ਪ੍ਰੋਫੈਸਰ ਲੱਗਣ ’ਤੇ ਪਿਆ ਯੂਨੀਵਰਸਟੀ ਦੀਆਂ ਸਲਾਨਾ ਪ੍ਰੀਖਿਆਵਾਂ ਵਿੱਚ ਡਿਊਟੀ ਲੱਗਾ ਦਿੱਤੀ ਗਈ ਦੇਖਿਆ ਤਾਂ ਵਿਦਿਆਰਥੀ ਚੋਰੀ-ਚੋਰੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਹ ਗਿਆਨ ਦੀ ਚੋਰੀ ਸੀ ਵੱਡੇ ਹੋ ਕੇ ਪਤਾ ਲੱਗਿਆ ਕਿ ਇਹ ਤਾਂ ਕੋਈ ਖਾਸ ਗੱਲ ਨਹੀਂ ਸੀ ਸਾਹਿਤ ਦੇ ਖੇਤਰ ਵਿੱਚ ਤਾਂ ਲੋਕ ਦੂਸਰਿਆਂ ਦੀਆਂ ਕਿਰਤਾਂ ਨਕਲ ਕਰਕੇ ਇਨਾਮ ਤਕ ਲੈ ਜਾਂਦੇ ਹਨ ਖੋਜ-ਪੱਤਰ ਚੋਰੀ ਕਰਕੇ ਡਾਕਟਰੇਟ ਦੀਆਂ ਡਿਗਰੀਆਂ ਹਾਸਲ ਕਰ ਲੈਂਦੇ ਹਨ ਵਿੱਦਿਅਕ ਖੇਤਰ ਵਿੱਚ ਇੱਕ ਹੋਰ ਚੋਰੀ ਅਦਿੱਖ ਹੈ ਵਿਦਿਆਰਥੀਆਂ ਦਾ ਪੜ੍ਹਾਉਣ-ਸਮਾਂ ਚੋਰੀ ਕਰਨਾ ਆਮ ਗੱਲ ਸੀ ਆਪਣਾ ਪੀਰੀਅਡ ਨਾ ਲਾਉਣਾ, ਲੇਡੀ ਟੀਚਰਾਂ ਦਾ ਕਰੋਸ਼ੀਏ ਨਾਲ ਉੱਨ ਦੇ ਸਵੈਟਰ ਬੁਣੀ ਜਣਾ ਅਤੇ ਅਧਿਆਪਕਾਂ ਦਾ ਵਿਹਲੇ ਬੈਠੇ ਚੁਗਲੀਆਂ ਕਰਦੇ ਰਹਿਣਾ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ ਉੱਧਰ ਵਿਹਲੀ ਕਲਾਸ ਦਾ ਰੌਲਾ ਦੂਸਰੀ ਜਮਾਤ ਨੂੰ ਵਿਸ਼ੇ ਤੋਂ ਧਿਆਨ ਹਟਾਉਣ ਵਿੱਚ ਮਦਦ ਕਰਦਾ ਸੀ ਅਕਾਦਮਿਕ ਖੇਤਰ ਦੀਆਂ ਅਜਿਹੀਆਂ ਚੋਰੀਆਂ ਦੇਸ਼ ਅਤੇ ਸਮਾਜ ਲਈ ਘਾਤਕ ਸਿੱਧ ਹੋ ਰਹੀਆਂ ਹਨ

ਚੋਰ-ਬਿਰਤੀ ਦਾ ਜਨਮ-ਦਾਤਾ ਸਿਆਸੀ ਖੇਤਰ ਬਹੁਤ ਦਿਲਕਸ਼ ਅਤੇ ਅਜੀਬ ਹੈ ਇਸ ਖੇਤ ਦੀ ਸਿੰਚਾਈ ਧਨ ਰੂਪੀ ਪਾਣੀ ਨਾਲ ਹੁੰਦੀ ਹੈ ਮੂਲ-ਰੂਪ ਵਿੱਚ ਆਰਥਿਕ-ਖੇਤਰ ਹੀ ਸਭ ਬਿਰਤੀਆਂ ਦਾ ਜਨਮ ਦਾਤਾ ਹੈ ਕੋਈ ਅੱਧੀ ਸਦੀ ਪਹਿਲਾਂ ਦੇਸ਼ ਦਾ ਆਰਥਿਕ ਸੰਚਾਲਨ ਬੰਬੇ (ਹੁਣ ਮੁੰਬਈ) ਸ਼ਹਿਰ ਤੋਂ ਹੁੰਦਾ ਸੀ ਇਹ ਦੇਸ਼ ਦਾ ਸਭ ਤੋਂ ਵੱਡਾ ਉਤਪਾਦ ਅਤੇ ਵਪਾਰਕ ਕੇਂਦਰ ਸੀ ਸਾਹਿਤ ਅਤੇ ਕਲਾ ਖੇਤਰ ਵਿੱਚ ਇਸਦਾ ਨਾਮ ਹੋਣ ਕਰਕੇ ਇਹ ਫਿਲਮ ਨਗਰੀ ਵਜੋਂ ਵੀ ਜਾਣਿਆ ਜਾਂਦਾ ਸੀ ਹਰ ਨੌਜਵਾਨ, ਬੁੱਢਾ, ਬੱਚਾ ਇਸ ਸ਼ਹਿਰ ਨੂੰ ਦੇਖਣ ਲਈ ਕਾਹਲਾ ਹੁੰਦਾ ਸੀ ਇੰਡੀਅਨ ਰੈਵਿਨਿਊ ਸਰਵਿਸ ਵਿੱਚ ਮੇਰੀ ਪਹਿਲੀ ਤਾਇਨਾਤੀ ਇੱਥੇ ਹੋ ਗਈ ਆਂਢ-ਗੁਆਂਢ, ਦੋਸਤ ਮਿੱਤਰ, ਰਿਸ਼ਤੇਦਾਰ ਸਭ ਕੱਛਾਂ ਵਜਾਉਣ ਲੱਗੇ ਕਿ ਬੰਬੇ ਦੇਖਣ ਦਾ ਸਬੱਬ ਬਣ ਗਿਆ ਹੈ ਮੈਂ ਨਹੀਂ ਚਾਹੁੰਦਾ ਸੀ ਕਿ ਪਹਿਲੀ ਤਾਇਨਾਤੀ ਉੱਥੇ ਹੋਵੇ ਕਿਉਂਕਿ ਉੱਥੇ ਰਿਹਾਇਸ਼ੀ ਮਕਾਨਾਂ ਦੀ ਬਹੁਤ ਕਮੀ ਸੀਭਾਰਤ ਸਰਕਾਰ ਦੇ ਛੇ ਵੱਡੇ ਅਫਸਰਾਂ ਨੂੰ ਦੋ ਕਮਰਿਆਂ ਦਾ ਇੱਕ ਫਲੈਟ ਦਿਨ ਕਟੀ ਲਈ ਦਿੱਤਾ ਗਿਆ ਸੀ ਤਨਖਾਹ ਵਿੱਚ ਇੱਕ ਨਿੱਕੀ ਜਿਹੀ ‘ਖੋਲੀ’ ਵੀ ਕਿਰਾਏ ’ਤੇ ਨਹੀਂ ਮਿਲ ਸਕਦੀ ਸੀ ਦਰਅਸਲ ਇਹ ਸ਼ਹਿਰ ਚਿੱਟੇ-ਕਾਲਰ ਗੁਨਾਹਾਂ ਦਾ ਸ਼ਹਿਰ ਸੀ ਸਮਗਲਰ, ਕਾਰਖਾਨੇਦਾਰ, ਫ਼ਿਲਮਸਾਜ਼, ਹੀਰਿਆਂ ਦੇ ਵਪਾਰੀ ਸਭ ਇੱਥੇ ਸਨ ਇਸ ਜਮਾਤ ਦਾ ਸਿਆਸੀ ਅਤੇ ਪ੍ਰਬੰਧਕੀ ਤੰਤਰ ਉੱਤੇ ਪੂਰਾ ਕੰਟਰੋਲ ਸੀ ਆਮ ਲੋਕ ਇਨ੍ਹਾਂ ਵੱਲੋਂ ਮੁਹਈਆ ਕਰਵਾਏ ਗਏ ਰੁਜ਼ਗਾਰ ’ਤੇ ਜੀਵਨ ਬਸਰ ਕਰ ਰਹੇ ਸਨ ਸਰਕਾਰੀ ਕਾਰਕੁਨ ਇਸ ਤੰਤਰ ਦੀ ਨਬਜ਼ ਸਮਝਦੇ ਸਨ ਅਤੇ ਭਾਈਵਾਲ ਬਣ ਬੈਠਦੇ ਸਨ ਸਾਡਾ ਕੰਮ ਟੈਕਸ ਉਗਰਾਹੁਣ ਅਤੇ ਇਸਦੀ ਚੋਰੀ ਰੋਕਣਾ ਸੀ ਇੱਕ ਟੈਕਸ-ਚੋਰ ਨੇ ਤਾਂ ਇੱਥੋਂ ਤਕ ਕਹਿ ਦਿੱਤਾ, “ਸਰਕਾਰ ਨੂੰ ਇੱਕ ਧੇਲਾ ਨਹੀਂ ਦਿਆਂਗਾ, ਤੁਸੀਂ ਭਾਵੇਂ ਸਾਰੇ ਦੀ ਸਾਰੀ ਜਬਤੀ ਰੱਖ ਲਓ” ਉਨ੍ਹਾਂ ਦਿਨਾਂ ਦਾ ਨੌਂ ਲੱਖ ਅੱਜ ਦਾ ਨੌਂ ਕਰੋੜ ਸੀ ਉਹ ਜਾਣਦਾ ਸੀ ਕਿ ਸਾਡੇ ਤੰਤਰ ਦੀਆਂ ਤੰਦਾਂ ਤੋੜੀਆਂ ਮਰੋੜੀਆਂ ਜਾ ਸਕਦੀਆਂ ਸਨ ਪਰ ਇਸ ਮਨੁੱਖ ਨੂੰ ਇਹ ਕਹਿਣਾ ਮਹਿੰਗਾ ਪੈ ਗਿਆ ਕਿਉਂਕਿ ਉਹ ਆਪਣੀ ਸੋਚ ਵਿੱਚ ਆਪ ਹੀ ਉਲਝ ਗਿਆ ਸੀ ਸਾਲਾਂ ਬਾਅਦ ਇੱਕ ਦਿਨ ਦੀ ਅਚਾਨਕ ਮੁਲਾਕਾਤ ਵੇਲੇ ਉਸ ਨੇ ਮੈਨੂੰ ਤੰਤਰ ਦੀ ਪਉੜੀ ਦੇ ਹੇਠਲੇ ਡੰਡੇ ਤੋਂ ਉੱਪਰਲੇ ਡੰਡੇ ਤਕ ਦੀ ਕੀਤੀ ‘ਸੇਵਾ’ ਬਾਰੇ ਦੱਸਿਆ ਹਰ ਸ਼ਖਸ ਟੈਕਸ-ਚੋਰ ਦੀ ਮਦਦ ਲਈ ਤਤਪਰ ਸੀ ਸਭ ਮਿਲ ਕੇ ਭਾਰਤ ਸਰਕਾਰ ਦੇ ਖਜ਼ਾਨੇ ਨੂੰ ਸੰਨ੍ਹ ਲਾਉਣ ਦੀ ਤਾਕ ਵਿੱਚ ਸਨ, ਚੋਰ-ਬਿਰਤੀ ਦੇ ਸ਼ਿਕਾਰ ਹੋ ਰਹੇ ਸਨ ਟੈਕਸ ਚੋਰੀ ਰਾਹੀਂ ਇਕੱਠਾ ਕੀਤਾ ਧਨ ਸਮਾਜਿਕ ਅਤੇ ਸਿਆਸੀ ਖੇਤਰ ’ਤੇ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੰਦਾ ਹੈ ਆਮ ਚੋਣਾਂ ਵਿੱਚ ਧਨ-ਸ਼ਕਤੀ ਦਾ ਇਸਤੇਮਾਲ ਕਿਸੇ ਤੋਂ ਛੁਪਿਆ ਨਹੀਂ ਹੈ ਇਹ ਤਾਂ ਵੱਡੇ ਚੋਰਾਂ ਦੀ ਗੱਲ ਸੀ ਮੌਕਾ ਮਿਲਦੇ ਹੀ ਸਾਡੇ ਅੰਦਰਲਾ ਨਿੱਕਾ ਚੋਰ ਵੀ ਝੱਟ ਜਾਗ ਪੈਂਦਾ ਹੈ ਜਦੋਂ ਦੁਕਾਨਦਾਰ ਕਹਿੰਦਾ ਹੈ, “ਬਿੱਲ ਲਓਗੇ ਤਾਂ 18% ਜੀ ਐੱਸ ਟੀ ਲੱਗੇਗਾ” ਪਰ ਅਸੀਂ ਉਹ 18% ਬਚਾਉਣ ਲਈ ਕਹਿ ਦਿੰਦੇ ਹਾਂ, “ਰਹਿਣ ਦਿਓ, ਕੀ ਕਰਨਾ ਹੈ ਬਿੱਲ

ਨਵੀਂ ਤਕਨਾਲੋਜੀ ਦੀ ਇਜਾਦ ਨੇ ‘ਚੋਰ-ਬਿਰਤੀ ‘ਨੂੰ ਬੜ੍ਹਾਵਾ ਦਿੱਤਾ ਹੈ ਸੌਖ ਨਾਲ ਹੀ ਲੋਕਾਂ ਨੂੰ ‘ਡਿਜਿਟਲ ਅਰੈਸਟ’ ਦਾ ਡਰਾਵਾ ਦੇ ਕੇ ਕਰੋੜਾਂ ਰੁਪਏ ਬੈਂਕ ਖਾਤਿਆਂ ਵਿੱਚੋਂ ਚੋਰੀ ਕਰਨ ਦੀਆਂ ਖ਼ਬਰਾਂ ਆਮ ਆ ਰਹੀਆਂ ਹਨ ਅੱਜ ‘ਡਾਟਾ’ ਧਨ ਦਾ ਰੂਪ ਧਾਰਨ ਕਰ ਗਿਆ ਹੈ ਅਤੇ ਇਸਦੀ ਚੋਰੀ ਵੀ ਚੋਰ-ਬਿਰਤੀ ਦੀ ਮਾਰ ਝੱਲ ਰਹੀ ਹੈ ਪਿਛਲੇ ਦਿਨੀਂ ਇੱਕ ਦਿਲਚਸਪ ਫਾਰਵਰਡ ਇਸ ਵਿਸ਼ੇ ’ਤੇ ਆਇਆ ਇਸਦਾ ਪੰਜਾਬੀ ਅਨੁਵਾਦ ਇਸ ਤਰ੍ਹਾਂ ਹੈ,

ਇੱਕ ਅਧਿਆਪਕ ਨੇ ਨੌਂਵੀਂ ਜਮਾਤ ਦੇ ਬੱਚਿਆਂ ਨੂੰ ਚੋਰਾਂ ’ਤੇ ਲੇਖ ਲਿਖਣ ਲਈ ਕਿਹਾ ਇੱਕ ਵਿਦਿਆਰਥੀ ਨੇ ਇੰਝ ਲਿਖਿਆ:

* ਚੋਰ ਦੇਸ਼ ਦੀ ਅਰਥ-ਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ

* ਲੋਕ ਭਾਵੇਂ ਇਸ ਨੂੰ ਮਜ਼ਾਕ ਸਮਝਣ ਜਾਂ ਗਲਤ ਕਹਿਣ ਪਰ ਇਹ ਵਿਸ਼ਾ ਵਿਚਾਰਨਯੋਗ ਹੈ

* ਚੋਰਾਂ ਕਰਕੇ ਅਲਮਾਰੀਆਂ, ਸੇਫ ਅਤੇ ਜਿੰਦਿਆਂ ਦੀ ਲੋੜ ਹੈ ਇਹ ਲੋੜ ਇਨ੍ਹਾਂ ਨੂੰ ਬਣਾਉਣ ਵਾਲੀਆਂ ਕੰਪਨੀਆਂ ਲਈ ਕੰਮ ਪੈਦਾ ਕਰਦੀ ਹੈ

* ਚੋਰਾਂ ਕਰਕੇ ਹੀ ਘਰਾਂ ਦੀਆਂ ਤਾਕੀਆਂ, ਜਾਲੀਆਂ ਅਤੇ ਦਰਵਾਜਿਆਂ ਨੂੰ ਤਾਲੇ ਲਾਏ ਜਾਂਦੇ ਹਨ ਸਿਰਫ ਇਹੀ ਨਹੀਂ ਹੋਰ ਸੁਰੱਖਿਆ ਵਧਾਉਣ ਲਈ ਬਾਹਰ ਵੀ ਦਰਵਾਜੇ ਲਾਏ ਹਨ ਇਸ ਕਰਕੇ ਬਹੁਤ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ

* ਚੋਰਾਂ ਕਰਕੇ ਹੀ ਘਰ, ਦੁਕਾਨ ਅਤੇ ਸੁਸਾਇਟੀ ਦੇ ਦੁਆਲੇ ਚਾਰ ਦੀਵਾਰੀ ਕੀਤੀ ਜਾਂਦੀ ਹੈ ਦਰਵਾਜੇ ’ਤੇ ਚੌਵੀ ਘੰਟੇ ਚੌਕੀਦਾਰ ਬਿਠਾਇਆ ਜਾਂਦਾ ਹੈ, ਜਿਸ ਨੂੰ ਵਰਦੀ ਵੀ ਚਾਹੀਦੀ ਹੁੰਦੀ ਹੈ ਸੋ ਬਹੁਤ ਲੋਕਾਂ ਨੂੰ ਆਮਦਨ ਹੁੰਦੀ ਹੈ

* ਚੋਰਾਂ ਕਰਕੇ ਸਿਰਫ ਸੀ ਸੀ ਟੀਵੀ ਅਤੇ ਮੈਟਲ ਡਿਟੈਕਟਰ ਹੀ ਨਹੀਂ ਬਲਕਿ ਸਾਈਬਰ ਸੈੱਲਾਂ ਦੀ ਹੋਂਦ ਵੀ ਵਜੂਦ ਵਿੱਚ ਆਉਂਦੀ ਹੈ

* ਚੋਰਾਂ ਕਰਕੇ ਹੀ ਪੁਲਿਸ, ਥਾਣੇ, ਚੌਕੀਆਂ, ਪੈਟਰੋਲ ਕਾਰਾਂ, ਸੋਟੀਆਂ-ਡੰਡੇ, ਰਾਇਫਲਾਂ, ਪਿਸਤੌਲ ਅਤੇ ਬਰੂਦ ਬਣਾਏ ਜਾਂਦੇ ਹਨ ਕਿੰਨੇ ਹੀ ਲੋਕਾਂ ਦੀ ਰੋਜ਼ੀ ਦਾ ਸਾਧਨ ਬਣ ਜਾਂਦਾ ਹੈ

* ਚੋਰਾਂ ਕਰਕੇ ਹੀ ਕਚਹਿਰੀਆਂ, ਜੱਜ, ਵਕੀਲ, ਕਲਰਕ ਅਤੇ ਕੋਰਟ ਵਿੱਚ ਜ਼ਮਾਨਤੀ ਬਾਂਡ ਦੇਣ ਵਾਲੇ ਹਨ ਕਿੰਨੇ ਲੋਕਾਂ ਨੂੰ ਨੌਕਰੀ ਮਿਲਦੀ ਹੈ

* ਚੋਰਾਂ ਕਰਕੇ ਹੀ ਜੇਲ੍ਹਾਂ, ਜੇਲ੍ਹਰ ਅਤੇ ਜੇਲ੍ਹ ਦੀ ਪੁਲਿਸ ਹੁੰਦੀ ਹੈ

* ਜਦੋਂ ਮੋਬਾਇਲ ਫੋਨ, ਲੈਪਟਾਪ, ਇਲੈਕਟ੍ਰੌਨਿਕ ਜੰਤਰ, ਬਾਈਕ, ਸਾਇਕਲ ਚੋਰੀ ਹੋ ਜਾਂਦੇ ਹਨ ਤਾਂ ਲੋਕ ਇਹੋ ਚੋਰੀ ਹੋਏ ਸਮਾਨ ਨੂੰ ਖਰੀਦਦੇ ਹਨ ਵੇਚ-ਖਰੀਦ ਦੀ ਲੜੀ ਸ਼ੁਰੂ ਹੋ ਜਾਂਦੀ ਹੈ

* ਜੇਕਰ ਚੋਰ ਮਸ਼ਹੂਰ ਅਤੇ ਜਾਣਿਆ ਪਛਾਣਿਆ ਹੋਵੇ ਤਾਂ ਦੇਸੀ ਅਤੇ ਵਿਦੇਸ਼ੀ ਮੀਡੀਆ ਨੂੰ ਵੀ ਜੀਵਿਕਾ ਮਿਲਦੀ ਹੈ

* ਇਹ ਸਾਰਾ ਕੁਝ ਪੜ੍ਹ ਕੇ ਤੁਹਾਨੂੰ ਵੀ ਨਿਸਚਾ ਹੋ ਗਿਆ ਹੋਵੇਗਾ ਕਿ ਚੋਰ ਪੂਰੇ ਸਰਕਾਰੀ ਤੰਤਰ ਦੀ ਰੀੜ੍ਹ ਦੀ ਹੱਡੀ ਹਨ ਅਤੇ ਸਮਾਜ ਦੇ ਲੋਕਾਂ ਦੀ ਰੋਜ਼ੀ-ਰੋਟੀ ਦਾ ਜ਼ਰੀਆ ਬਣਦੇ ਹਨ

ਬੱਚਾ ਲੇਖ ਦੇ ਅੰਤ ’ਤੇ ਜ਼ੋਰ ਦੇ ਕੇ ਲਿਖਦਾ ਹੈ ਕਿ ਕੁਝ ਦੇਸ਼ਾਂ ਵਿੱਚ ਤਾਂ ਲੋਕ ਚੋਰਾਂ ਨੂੰ ਆਪਣੇ ’ਤੇ ਰਾਜ ਕਰਨ ਲਈ ਵੀ ਚੁਣ ਲੈਂਦੇ ਹਨ ਅਤੇ ਅਜਿਹਾ ਉਹ ਉਨ੍ਹਾਂ ਪ੍ਰਤੀ ਆਪਣੀ ਸਤਕਾਰ ਦੀ ਭਾਵਨਾ ਦਿਖਾਉਣ ਲਈ ਕਰਦੇ ਹਨ

ਨੌਂਵੀਂ ਦੇ ਵਿਦਿਆਰਥੀ ਤੋਂ ਅਜਿਹੇ ਲੇਖ ਦੀ ਉਮੀਦ ਤਾਂ ਨਹੀਂ ਕਰ ਸਕਦੇ ਪਰ ਜੋ ਲਿਖਿਆ ਹੈ ਉਸ ਵਿੱਚ ਸਚਾਈ ਦੇ ਅੰਸ਼ ਤੋਂ ਇਨਕਾਰ ਕਰਨਾ ਮੁਸ਼ਕਿਲ ਹੈ

ਜਿਵੇਂ ਸਕੂਲ ਦੇ ਪੋਸਟਰ ਉੰਨਾ ਨਹੀਂ ਸਿਖਾਉਂਦੇ ਜਿੰਨਾ ਜੀਵਨ ਸਿਖਾਉਂਦਾ ਹੈ, ਉਵੇਂ ਹੀ ਇਸ ਮੀਡੀਆ ਪੋਸਟ ਨੇ ਵੀ ਸਾਡੀ ਮਾਨਸਿਕਤਾ ਨੂੰ ਕੋਈ ਜ਼ਿਆਦਾ ਪ੍ਰਭਾਵਿਤ ਨਹੀਂ ਕਰਨਾ ਕਿਉਂਕਿ ਸਾਡੀ ਕਹਿਣੀ ਅਤੇ ਕਰਨੀ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਹੈ ਇਹ ਅੰਤਰ ਚਿੱਟੇ ਦਿਨ ਵਾਂਗ ਕਿਸੇ ਤੋਂ ਲੁਕਿਆ ਵੀ ਨਹੀਂ ਬੱਚਿਆਂ ਨੂੰ ਅਮਲੀ ਜੀਵਨ ਬਾਰੇ ਸਿੱਖਿਆ ਦੇਣਾ ਹੀ ਇਸ ਬਿਰਤੀ ਨੂੰ ਠੱਲ੍ਹ ਪਾ ਸਕਦਾ ਹੈ, ਫਲਸਫੇ ਉਹ ਆਪਣੇ ਆਪ ਪੜ੍ਹਦੇ ਰਹਿਣਗੇ ਕਾਮਯਾਬੀ ਨੂੰ ਪੈਸਿਆਂ ਨਾਲ ਨਾ ਤੋਲਿਆ ਜਾਵੇ, ਨੈਤਿਕਤਾ ਦੀ ਤੱਕੜੀ ਦਾ ਇਸਤੇਮਾਲ ਬਿਹਤਰ ਸਿੱਧ ਹੋਵੇਗਾ ਸਾਡੀ ਹਾਲਤ ਕੁਝ ਇਸ ਤਰ੍ਹਾਂ ਦੀ ਹੈ,

ਚਿਹਰੇ ਸੇ ਨਕਾਬ ਤਬ ਉਤਰਤੀ ਹੈ
ਜਬ ਚੋਰੀ ਪਕੜੀ ਜਾਤੀ ਹੈ

ਵਰਨਾ

ਤੁਮ ਭੀ ਸ਼ਰੀਫ ਹੋ,
ਹਮ ਭੀ ਸ਼ਰੀਫ ਹੈਂ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author